ਖਾਸ ਲੇਖੇ/ਰਿਪੋਰਟਾਂ

ਫਿਲਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਮਤਾ – ਸਿੱਖ ਜਥਾ ਮਾਲਵਾ ਦਾ ਪ੍ਰਤੀਕਰਮ

February 15, 2023 | By

ਲੰਘੇ ਨਵੰਬਰ ਦੇ ਅੱਧ ਵਿੱਚ ਜਦੋਂ ਫਿਲਮ ‘ਦਾਸਤਾਨ-ਏ-ਸਰਹੰਦ’ ਦੀ ਝਲਕ ਤੇ ਇਸ ਦਾ ਇਸ਼ਤਿਹਾਰ ਬਿਜਲ ਸੱਥ (ਸੋਸ਼ਲ ਮੀਡੀਆ) ਰਾਹੀਂ ਸਿੱਖ ਸੰਗਤ ਦੇ ਧਿਆਨ ‘ਚ ਆਇਆ ਤਾਂ ਉਦੋਂ ਹੀ ਫਿਲਮ ਦਾ ਵਿਰੋਧ ਸ਼ੁਰੂ ਹੋ ਗਿਆ। ਸੰਗਤਾਂ ਨੇ ਵੱਖ-ਵੱਖ ਤਰੀਕੇ ਇਸ ਫਿਲਮ ਦਾ ਵਿਰੋਧ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਫਿਲਮ ਨੂੰ ਤੁਰੰਤ ਰੋਕਣ ਲਈ ਕਿਹਾ ਅਤੇ ਜਥੇਦਾਰ ਸ੍ਰੀ ਅਕਾਲ ਸਾਹਿਬ ਨੂੰ ਇਸ ਰੁਝਾਨ ਨੂੰ ਪੱਕੀ ਠੱਲ੍ਹ ਪਾਉਣ ਲਈ ਹੁਕਮਨਾਮਾ ਜਾਰੀ ਕਰਨ ਲਈ ਕਿਹਾ। ਵੱਖ-ਵੱਖ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਸਿੱਖ ਨੌਜਵਾਨ ਜਥਿਆਂ ਨੇ ਇਸ ਫਿਲਮ ਵਿਰੁੱਧ ਮਤੇ ਪਾਏ, ਵਿਚਾਰ ਗੋਸ਼ਟੀਆਂ ਕੀਤੀਆਂ, ਬਿਆਨ ਦਿੱਤੇ, ਪ੍ਰਦਰਸ਼ਨ ਕੀਤੇ, ਸ਼੍ਰੋਮਣੀ ਗੁ:ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਮੁਲਾਕਾਤਾਂ ਕੀਤੀਆਂ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਨਾਮ ਖੁੱਲ੍ਹੀ ਚਿੱਠੀ ਲਿਖੀ ਗਈ ਅਤੇ ਸਿਨੇਮਾ ਘਰਾਂ ਨੂੰ ਸੰਗਤਾਂ ਦੇ ਹੁਕਮ ਦੀਆਂ ਕਾਪੀਆਂ ਦਿੱਤੀਆਂ ਜਿਸ ਵਿੱਚ ਫਿਲਮ ਨੂੰ ਨਾ ਚਲਾਉਣ ਲਈ ਕਿਹਾ ਗਿਆ ਸੀ।

ਫਿਲਮ ਦੇ ਵਿਰੋਧ ਦਾ ਕਾਰਨ, ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀਆਂ ਨਕਲਾਂ ਲਾਹੁਣ, ਸਵਾਂਗ ਰਚਣ ਅਤੇ ਗੁਰੂ ਬਿੰਬ ਦੀ ਪੇਸ਼ਕਾਰੀ/ਪਰਦੇਕਾਰੀ ਦੀ ਸਖਤ ਮਨਾਹੀ ਦਾ ਹੈ।

23 ਨਵੰਬਰ 2022 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅੰਮ੍ਰਿਤਸਰ ਸਥਿਤ ਮੁੱਖ ਦਫਤਰ ਤੋਂ ਇਸ ਫਿਲਮ ਨੂੰ ਮਨਜੂਰੀ ਨਾ ਦਿੱਤੇ ਹੋਣ ਬਾਰੇ ਇਕ ਲਿਖਤੀ ਬਿਆਨ ਜਾਰੀ ਕੀਤਾ ਗਿਆ। ਕੁਝ ਦਿਨ ਬਾਅਦ ਸੰਗਤ ਦੇ ਲਗਾਤਾਰ ਵਿਰੋਧ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਆਖਿਆ ਕਿ ਸੰਗਤ ਦੀਆਂ ਭਾਵਨਾਵਾਂ ਤੋਂ ਵੱਡਾ ਕੋਈ ਨੀ ਹੈ ਜਿਸਦੀ ਤਰਜ਼ਮਾਨੀ ਕਰਦਿਆਂ ਇਸ ਫਿਲਮ ਦੇ ਰਿਲੀਜ਼ ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।

ਇਸ ਸਭ ਦੇ ਚਲਦਿਆਂ ਫਿਲਮ 2 ਦਸੰਬਰ 2022 ਨੂੰ ਜਾਰੀ ਨਹੀਂ ਹੋਈ। ਯੂਟਿਊਬ ਤੋਂ ਵੀ ਫਿਲਮ ਦੀ ਝਲਕ (ਟ੍ਰੇਲਰ) ਅਤੇ ਜਾਰੀ ਕੀਤਾ ਗਿਆ ਗੀਤ ਹਟਾ ਦਿੱਤਾ ਗਿਆ।

ਹੁਣ ਕੁਝ ਦਿਨ ਪਹਿਲਾਂ 7 ਫਰਵਰੀ 2023 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਦਸੰਬਰ (2022) ਮਹੀਨੇ ਦਾ ਮਤਾ ਜਨਤਕ ਕੀਤਾ ਗਿਆ ਜਿਸ ਵਿੱਚ ਲਿਖਿਆ ਹੈ ਕਿ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਗੁਰੂ ਸਾਹਿਬਾਨ ਅਤੇ ਓਹਨਾ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ’ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ।

ਸਿੱਖ ਜਥਾ ਮਾਲਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਮਤੇ ਦਾ ਸੁਆਗਤ ਕਰਦਾ ਹੈ। ਵੱਖ-ਵੱਖ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਸਿੱਖ ਨੌਜਵਾਨ ਜੱਥਿਆਂ ਅਤੇ ਹੋਰ ਸਭ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕੁਰਾਹੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਇਸ ਫਿਲਮ ਨੂੰ ਜਾਰੀ ਹੋਣ ਤੋਂ ਰੋਕਣ ਲਈ ਆਪਣਾ ਯੋਗਦਾਨ ਪਾਇਆ।

ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਲਗਾਤਾਰ ਅਜਿਹੀ ਹੀ ਇੱਕ ਫਿਲਮ ‘ਚਾਰ ਸਾਹਿਬਜਾਦੇ’ ਥਾਂ-ਥਾਂ ’ਤੇ ਪੈਸੇ ਖਰਚ ਕਰਕੇ ਵਿਖਾ ਰਹੀ ਹੈ, ਨੂੰ ਚਾਹੀਦਾ ਹੈ ਕਿ ਉਸ ਫਿਲਮ ਨੂੰ ਵਿਖਾਉਣਾ ਤੁਰੰਤ ਬੰਦ ਕੀਤਾ ਜਾਵੇ। ਸਿੱਖ ਸੰਗਤ ਦਾ ਵਿਰੋਧ ਕਿਸੇ ਖਾਸ ਫਿਲਮ ਨਾਲ ਨਹੀਂ ਬਲਕਿ ਇਸ ਸਿਧਾਂਤਕ ਕੁਰਾਹੇ ਨਾਲ ਹੈ। ਨਾ ਹੀ ਸੰਗਤ ਦਾ ਵਿਰੋਧ ਮਹਿਜ ਕਿਸੇ ਫ਼ਿਲਮੀ ਕਲਾਕਾਰ ਜਾਂ ਫਿਲਮ ਬਣਾਉਣ ਵਾਲਿਆਂ ਨਾਲ ਹੈ, ਸਗੋਂ ਵਿਰੋਧ ਮਨਜ਼ੂਰੀਆਂ ਦੇਣ ਵਾਲੇ ਅਤੇ ਫਿਲਮ ਦਿਖਾਉਣ ਵਾਲਿਆਂ ਨਾਲ ਵੀ ਓਨਾ ਹੀ ਹੈ। ਸੋ, ਮਤੇ ਵਿੱਚ ਇਹ ਲਿਖ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ ਕਿ ਸੰਗਤ ਨੇ ਉਸ ਫਿਲਮ ਨੂੰ ਸਰਾਹਿਆ। ਸੋ ਹੁਣ ਬਿਨਾਂ ਦੇਰੀ ਕੀਤਿਆਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਪਿਛਲੇ ਗਲਤ ਹੋਏ ਫੈਸਲਿਆਂ ਨੂੰ ਵੀ ਦਰੁੱਸਤ ਕਰ ਲੈਣਾ ਚਾਹੀਦਾ ਹੈ।

ਸਿੱਖ ਜਥਾ ਮਾਲਵਾ ਇਹ ਵੀ ਮਹਿਸੂਸ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਲਈ ਹੈ ਅਤੇ ਅਜਿਹੇ ਮਸਲਿਆਂ ’ਤੇ ਫੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣੇ ਚਾਹੀਦੇ ਹਨ।

ਗੁਰੂ ਪਾਤਿਸਾਹ ਮਿਹਰ ਕਰਨ ਅਸੀਂ ਗੁਰੂ ਦੇ ਅਦਬ ਲਈ ਨਿਸ਼ਕਾਮ ਰਹਿ ਕੇ, ਗੁਰੂ ਦੇ ਆਸ਼ੇ ਅਨੁਸਾਰ, ਆਪਣੇ ਰੁਤਬੇ ਨੂੰ ਪਛਾਣ ਕੇ, ਆਪਸੀ ਤਾਲਮੇਲ ਸਦਕਾ ਸੰਘਰਸ਼ ਕਰਦੇ ਰਹੀਏ, ਪਾਤਿਸਾਹ ਫਤਿਹ ਬਖਸ਼ਿਸ਼ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,