ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਸੰਸਦ ਮੈਂਬਰ ਡਾ. ਗਾਂਧੀ ਅਤੇ ਖਾਲਸਾ ਦੀ ਅਗਵਾਈ ਵਿੱਚ ਬਣਿਆ ‘ਆਮ ਆਦਮੀ ਵਲੰਟੀਅਰਜ਼ ਫਰੰਟ’

October 5, 2015 | By

ਜਲੰਧਰ (4 ਅਕਤੂਬਰ, 2015): ਪਟਿਆਲਾ ਤੋਂ ‘ਆਪ’ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸ਼ੁਰੂਆਤੀ ਦੌਰ ਵਿੱਚ ਪੱਕੇ ਪੈਰੀ ਕਰਨ ਵਾਲੇ ਸੂਬੇ ਭਰ ਤੋਂ ਆਏ ਵਾਲੰਟੀਅਰਜ਼ ਨੇ ‘ਆਪ’ ’ਤੇ ਸਿਧਾਂਤਾਂ ਤੋਂ ਭਟਕ ਜਾਣ ਦਾ ਦੋਸ਼ ਲਾਉਂਦਿਆ ਸਥਾਨਕ ਦੇਸ਼ ਭਗਤ ਯਾਦਗਰ ਹਾਲ ਵਿੱਚ ਮੀਟਿੰਗ ਕੀਤੀ।

 'ਆਮ ਆਦਮੀ ਵਲੰਟੀਅਰਜ਼ ਫਰੰਟ' ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ

‘ਆਮ ਆਦਮੀ ਵਲੰਟੀਅਰਜ਼ ਫਰੰਟ’ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ

ਇਹ ਦੋਵੇਂ ਸੰਸਦ ਮੈਂਬਰ ਵੱਖਰਾ ਫਰੰਟ ਬਣਾਉਣ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ’ਚੋਂ ਗੈਰਹਾਜ਼ਰ ਰਹੇ ਪਰ ਜਿਸ ਮੀਟਿੰਗ ਵਿੱਚ ਵੱਖਰਾ ਫਰੰਟ ਬਣਾਉਣ ਦਾ ਫ਼ੈਸਲਾ ਕੀਤਾ ਗਿਆ, ਉਸ ਮੀਟਿੰਗ ਵਿੱਚ ਇਹ ਦੋਵੇਂ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਨੇ ‘ਆਪ’ ਦੀਅਾਂ ਨੀਤੀਆਂ ਦੀ ਅਾਲੋਚਨਾ ਕੀਤੀ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਖੜ੍ਹੀ ਕਰਨ ਵਾਲੇ ਸ਼ੁਰੂਆਤੀ ਦੌਰ ਦੇ ਵਾਲੰਟੀਅਰਜ਼ ਦੇ ਧੜ੍ਹੇ ਨੇ ‘ਆਪ’ ਨਾਲੋਂ ਵੱਖ ਹੋਣ ਦਾ ਫ਼ੈਸਲਾ ਕਰਦਿਅਾਂ ‘ਆਮ ਆਦਮੀ ਵਾਲੰਟੀਅਰਜ਼ ਫਰੰਟ’ ਬਣਾਉਣ ਦਾ ਐਲਾਨ ਕੀਤਾ ਹੈ। ਇਸ ਫਰੰਟ ਨੂੰ ‘ਆਪ’ ਦੇ ਦੋ ਸੰਸਦ ਮੈਂਬਰਾਂ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖ਼ਾਲਸਾ ਨੇ ਹਮਾਇਤ ਦਿੱਤੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਸੁਮਿਤ ਸਿੰਘ ਭੁੱਲਰ, ਸੁਖਵਿੰਦਰ ਸਿੰਘ ਕਾਹਲੋਂ, ਬਿਕਰਮਜੀਤ ਸਿੰਘ, ਮਹਾਂਬੀਰ ਸਿੰਘ, ਭਰਤ ਹਰੀ ਸ਼ਰਮਾ, ਮੇਘਰਾਜ ਮਿੱਤਰ, ਅਮਨਦੀਪ ਕੌਰ ਅਾਦਿ ਨੇ ਦੋਸ਼ ਲਾਇਆ ਕਿ ‘ਆਪ’ ਜਿਹੜੀ ਬਦਲਵੀਂ ਸਿਆਸਤ ਦੇ ਇਰਾਦੇ ਨਾਲ  ਹੋਂਦ ਵਿੱਚ ਆਈ ਸੀ, ਉਸ ਰਸਤੇ ਤੋਂ ਪਾਰਟੀ ਭਟਕ ਚੁੱਕੀ ਹੈ। ਉਨ੍ਹਾਂ ਦੱਸਿਆ ਕਿ  ਫਰੰਟ ਵੱਲੋਂ 101 ਮੈਂਬਰੀ ਸਟੇਟ ਕੌਂਸਲ ਬਣਾਈ ਜਾਵੇਗੀ ਤੇ  11 ਮੈਂਬਰੀ ਸਟੇਟ ਐਗਜ਼ੈਕਟਿਵ ਬਣਾਈ ਜਾਵੇਗੀ।

ਇਸ ਤਰ੍ਹਾਂ ਜ਼ਿਲ੍ਹਾ ਪੱਧਰੀ ਢਾਂਚਾ ਖੜ੍ਹਾ ਕੀਤਾ ਜਾਵੇਗਾ। ਹਰ ਜ਼ਿਲ੍ਹੇ ਵਿੱਚ 11 ਮੈਂਬਰੀ ਤਾਲਮੇਲ ਕਮੇਟੀ ਬਣਾਈ ਜਾਵੇਗੀ। ੳੁਨ੍ਹਾਂ ਕਿਹਾ ਕਿ ਫਰੰਟ ਨੂੰ ਹੇਠਾਂ ਤੋਂ ਉਪਰ ਵੱਲ ਨੂੰ ਮਜ਼ਬੂਤ ਕੀਤਾ ਜਾਵੇਗਾ ਨਾ ਕਿ ‘ਆਪ’ ਵਾਂਗ ਦਿੱਲੀ ਤੋਂ ਆਗੂ ਥੋਪੇ ਜਾਣਗੇ। ਦੇਰ ਸ਼ਾਮ ਤੱਕ ਚੱਲੀ ਇਸ ਮੀਟਿੰਗ ਵਿੱਚ ਪੁਾਰਣੇ ਵਾਲੰਟੀਅਰਜ਼ ਨੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਦੀ ਅਾਲੋਚਨਾ ਕੀਤੀ।

ਉਨ੍ਹਾਂ ਕਿਹਾ ਕਿ ਫਰੰਟ ਆਪਣੇ ਆਪ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰੇਗਾ ਤਾਂ ਜੋ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟੱਕਰ ਦਿੱਤੀ ਜਾ ਸਕੇ। ਇਨ੍ਹਾਂ ਆਗੂਆਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਨ੍ਹਾਂ ਦਾ ਯੋਗੇਂਦਰ ਯਾਦਵ ਦੇ ਸਵਰਾਜ ਨਾਲ ਕੋਈ ਸਬੰਧ ਹੈ। ਉਨ੍ਹਾਂ ਦੱਸਿਆ ਕਿ ਡਾ. ਦਲਜੀਤ ਸਿੰਘ ਦੀ ਸਿਹਤ ਖ਼ਰਾਬ ਹੈ, ਜਿਸ ਕਰ ਕੇ ੳੁਹ ੲਿਥੇ ਨਹੀਂ ਪਹੁੰਚ ਸਕੇ।

ਡਾ. ਸਮੇਲ ਸਿੰਘ ਸਿੱਧੂ ਨੇ ਵੀ ਫਰੰਟ ਨੂੰ ਹਮਾਇਤ ਦੇਣ ਦੀ ਹਾਮੀ ਭਰੀ ਹੈ। ‘ਆਪ’ ਵੱਲੋਂ ਦੂਜੇ ਸੂਬਿਆਂ ਤੋਂ ਅਾਗੂ ਥੋਪੇ ਜਾਣ ਸਬੰਧੀ ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬੀਆਂ ਦੇ ਤਾਂ ਖ਼ੂਨ ਵਿੱਚ ਸਿਆਸਤ ਹੈ  ਤੇ ਇੱਥੋਂ ਦੇ ਲੋਕ ਸੂਝਵਾਨ ਤੇ ਦਲੇਰ ਹਨ।

ਉਨ੍ਹਾਂ ਕਿਹਾ ਕਿ  ਸਾਢੇ ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਮੌਕੇ ਦੇ ਹਾਕਮਾਂ ਵਿਰੁੱਧ ਅਾਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਤਾਂ ਸਿਆਸਤ ਵਿਰਸੇ ’ਚ ਮਿਲੀ ਹੈ। ਸੰਸਦ ਮੈਂਬਰ ਖ਼ਾਲਸਾ ਨੇ ਕਿਹਾ ਕਿ ਕੀ ਹੁਣ ਯੂਪੀ ਜਾਂ ਬਿਹਾਰ ਤੋਂ ਥੋਪੇ ਗਏ ਆਗੂ ਪੰਜਾਬੀਆਂ ਨੂੰ ਸਿਆਸਤ ਕਰਨੀ ਸਿਖਾਉਣਗੇ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਸਤ ਪੱਖੋਂ ਸੁਚੇਤ ਹਨ ਤੇ ਔਖੇ ਵੇਲੇ ਦੌਰਾਨ ਕੰਮ ਕਰਨਾ ਜਾਣਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,