ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਕਾਂਗਰਸ-ਬਾਦਲ ਦਲ ਵਿਚ ਕੋਈ ਫਰਕ ਨਹੀਂ; ਦੋਨਾਂ ਨੇ ਸਿੱਖ ਕਾਤਲਾਂ ਨੂੰ ਕਲਾਵੇ ਵਿਚ ਲੈ ਰੱਖਿਆ: ਦਲ ਖ਼ਾਲਸਾ

June 14, 2016 | By

ਚੰਡੀਗੜ੍ਹ : ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾ ਕੇ ਜਿਵੇਂ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਰਿਸਦੇ ਜ਼ਖਮਾਂ ‘ਤੇ ਲੂਣ ਛਿੜਕਿਆ ਹੈ, ਉਵੇਂ ਹਰ ਇਨਸਾਫ ਪਸੰਦ ਸਿੱਖ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਾਂ ਦੀ ਬਹੁਗਿਣਤੀ ਵਾਲੇ ਸੂਬੇ ਪੰਜਾਬ ਵਿਚ ਕਾਂਗਰਸ ਦੇ ‘ਰਾਜਨੀਤਕ ਅੰਤ’ ਨੂੰ ਯਕੀਨੀ ਬਣਾਵੇ।

ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ (ਫਾਈਲ ਫੋਟੋ)

ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ (ਫਾਈਲ ਫੋਟੋ)

ਇਹ ਸੱਦਾ ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਮਲ ਨਾਥ ਨੂੰ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਏ ਜਾਣ ‘ਤੇ ਪ੍ਰਤੀਕਰਮ ਦਿੰਦਿਆਂ ਦਿੱਤਾ। ਧਾਮੀ ਨੇ ਉਨ੍ਹਾਂ ਸਿੱਖਾਂ ‘ਤੇ ਤੰਜ ਕਸਿਆ, ਜਿਹੜੇ ਉਨ੍ਹਾਂ ਪਾਰਟੀਆਂ ਵੱਲ ਝੁਕਾਅ ਰੱਖਦੇ ਹਨ ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਕੀਤੇ ਗਏ ਇਸ ਤਾਜ਼ੇ ਹਮਲੇ ‘ਤੇ ਰੋਣ ਅਤੇ ਰੋਸੇ ਪ੍ਰਗਟ ਕਰਨ ਨਾਲੋਂ ਉਸਨੂੰ ਢੁਕਵਾਂ ਜਵਾਬ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਨਹੀਂ ਭੁੱਲੇ ਹਾਂ ਕਿ ਨਵੰਬਰ 1984 ਵਿਚ ਉਸ ਸਮੇਂ ਦੀ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਰਾਜੀਵ ਗਾਂਧੀ ਦੀ ਅਗਵਾਈ ਵਿਚ ਦਿੱਲੀ ਅਤੇ ਹੋਰ ਥਾਵਾਂ ‘ਤੇ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ।

ਪ੍ਰਕਾਸ਼ ਸਿੰਘ ਬਾਦਲ ਵਲੋਂ ਦਿੱਤੇ ਗਏ ਬਿਆਨ ਕਿ ਕਾਂਗਰਸ ਦੇ ਇਸ ਫੈਸਲੇ ਨੇ ਸਿੱਖਾਂ ਦੇ ਪੁਰਾਣੇ ਜ਼ਖਮਾਂ ਨੂੰ ਉਧੇੜਿਆਂ ਹੈ, ਬਾਰੇ ਟਿੱਪਣੀ ਕਰਦਿਆਂ ਧਾਮੀ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਵਿਚ ਕੋਈ ਫਰਕ ਨਹੀਂ ਹੈ, ਕਿਉਂਕਿ ਦੋਵੇਂ ਹੀ ਸਿੱਖ ਕਾਤਲਾਂ ਨੂੰ ਆਪਣੇ ਕਲਾਵੇ ਵਿਚ ਲੈ ਕੇ ਰਾਜਨੀਤਕ ਸੁਰੱਖਿਆ ਮੁਹੱਈਆ ਕਰਵਾ ਰਹੇ ਹਨ।

ਉਨ੍ਹਾਂ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਸਾਬਕਾ ਡੀ.ਜੀ.ਪੀ. ਇਜ਼ਹਾਰ ਆਲਮ ਨੂੰ ਆਪਣੀ ਪਾਰਟੀ ਵਿਚ ਕਿਉਂ ਜਗ੍ਹਾ ਦਿੱਤੀ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦਾ ਪੱਕਾ ਮੰਨਣਾ ਹੈ ਕਿ ਜੇਕਰ ਸੇਵਾ-ਮੁਕਤੀ ਤੋਂ ਬਾਅਦ ਡੀ.ਜੀ.ਪੀ. ਸੁਮੇਧ ਸੈਣੀ ਨੇ ਅਕਾਲੀ ਦਲ ਵਿਚ ਕਿਸੇ ਅਹੁਦੇ ਦੀ ਇੱਛਾ ਪ੍ਰਗਟ ਕੀਤੀ ਤਾਂ ਬਾਦਲ ਸੁਖਾਲੇ ਹੀ ਉਸਨੂੰ ਅਹੁਦਾ ਦੇ ਦੇਣਗੇ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਸਿੱਖ, ਦੋਸ਼ੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ। ਧਾਮੀ ਨੇ ਕਿਹਾ ਕਿ ਸਾਡਾ ਭਾਈਚਾਰਾ ਮੌਜੂਦਾ ਸਮੇਂ ਬੜੇ ਔਖੇ ਹਾਲਾਤਾਂ ਵਿਚੋਂ ਲੰਘ ਰਿਹਾ ਹੈ ਅਤੇ ਇਸ ਖਿੱਤੇ ਵਿਚ ਅਨਿਸ਼ਚਿਤ ਅਤੇ ਅਸਥਿਰ ਰਾਜਨੀਤਕ ਹਾਲਾਤ ਬਣੇ ਹੋਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,