ਸਿਆਸੀ ਖਬਰਾਂ » ਸਿੱਖ ਖਬਰਾਂ

ਨਵੰਬਰ 1984 : ਸਿੱਖ ਜਥੇਬੰਦੀਆਂ ਵਲੋਂ ਸੰਯੁਕਤ ਰਾਸ਼ਟਰ ਨੂੰ ਚੁੱਪ ਤੋੜਨ ਅਤੇ ਦਖਲਅੰਦਾਜ਼ੀ ਕਰਨ ਦੀ ਅਪੀਲ

November 4, 2016 | By

ਮੋਗਾ: ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਵਿਚ ਨਾਕਾਮਯਾਬ ਰਹੇ ਭਾਰਤੀ ਰਾਜਨੀਤਿਕ ਅਤੇ ਕਾਨੂੰਨੀ ਢਾਂਚੇ ਖਿਲਾਫ 3 ਨਵੰਬਰ ਨੂੰ ਦਲ ਖ਼ਾਲਸਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਯੂਥ ਆਫ ਪੰਜਾਬ ਵਲੋਂ ‘ਨਸਲਕੁਸ਼ੀ ਯਾਦਗਾਰੀ ਮਾਰਚ’ ਕੀਤਾ ਗਿਆ। ਤਿੰਨਾਂ ਜਥੇਬੰਦੀਆਂ ਨੇ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਅਤੇ ਸੰਯੁਕਤ ਰਾਸ਼ਟਰ ਨੂੰ ਇਸ ਮਸਲੇ ‘ਤੇ ਆਪਣੀ ਚੁੱਪ ਤੋੜਨ ਅਤੇ ਇਨਸਾਫ ਲਈ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ।

ਸੜਕਾਂ ‘ਤੇ ਜਜ਼ਬੇ ਭਰਪੂਰ ਰੋਸ ਪ੍ਰਦਰਸ਼ਨ ਕਰਦਿਆਂ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਕਤਲੇਆਮ ਵਿਰੁੱਧ ਆਪਣੇ ਗੁੱਸੇ ਅਤੇ ਦਰਦ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਹੱਥਾਂ ਵਿਚ ਸਿੱਖ ਨਸਲਕੁਸ਼ੀ ਖਿਲਾਫ ਸੁਨੇਹਾ ਦਿੰਦੀਆਂ ਤਖਤੀਆਂ ਅਤੇ ਪੋਸਟਰ ਫੜੇ ਹੋਏ ਸਨ। ਇਨ੍ਹਾਂ ਵਿਚੋਂ ਇਕ ਬੈਨਰ ‘ਤੇ ਲਿਖਿਆ ਹੋਇਆ ਸੀ: “ਦਿੱਲੀ ਚਾਹੁੰਦੀ ਹੈ ਕਿ ਸਿੱਖ 1984 ਭੁੱਲ ਜਾਣ, ਪਰ ਅਸੀਂ ਯਾਦ ਰੱਖਾਂਗੇ ਜਿਨ੍ਹਾਂ ਨੇ ਸਾਡੇ ਨਾਲ ਮੌਤ ਦਾ ਤਾਂਡਵ ਖੇਡਿਆ”।

dal-khalsa-3-november-moga-01

ਦਲ ਖਾਲਸਾ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 32 ਸਾਲ ਪਹਿਲਾਂ 1 ਅਤੇ 2 ਨਵੰਬਰ ਨੂੰ ਭਾਰਤੀ ਲੋਕਾਂ, ਸਿਆਸਤਦਾਨਾਂ, ਪੁਲਿਸ, ਨੀਮ ਫੌਜੀ ਦਸਤਿਆਂ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਿਲ ਕੇ ਸਿੱਖਾਂ ਨੂੰ ਮਾਰਿਆ, ਲੁਟਿਆ ਤੇ ਜ਼ਲੀਲ ਕੀਤਾ ਸੀ, ਸਿੱਖ ਬੀਬੀਆਂ ਨੂੰ ਬੇਪੱਤ ਕੀਤਾ ਅਤੇ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਅਤੇ ਬਾਅਦ ਵਿਚ ਇਸ ਸਾਰੇ ਜ਼ੁਲਮ ਨੂੰ ਹਿੰਦੂ ਬਹੁਗਿਣਤੀ ਦਾ ਗੁੱਸਾ ਦੱਸ ਕੇ ਜਾਇਜ਼ ਠਹਿਰਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਨੂੰ ਛੱਡ ਹਿੰਦੁਸਤਾਨ ਦੀ ਬਹੁਤਾਤ ਸਿਵਲ ਸੁਸਾਇਟੀ ਨੇ ਸਿੱਖਾਂ ਦੇ ਇਸ ਕਤਲੇਆਮ ਨੂੰ ਚੁੱਪ ਕਰਕੇ ਦੇਖਿਆ ਅਤੇ ਸਿੱਖਾਂ ਨੂੰ ਹੋਰ ਨੀਵਾਂ ਦਿਖਾਉਣ ਲਈ ਇਸ ਕਤਲੇਆਮ ਤੋਂ ਕੁਝ ਸਮੇਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿਚ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਨੂੰ ਭਾਰੀ ਬਹੁਮਤ ਦੇ ਕੇ ਜਿਤਾਇਆ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਦੋਸ਼ ਲਾਇਆ ਕਿ ਸਿੱਖ ਕਤਲੇਆਮ ਦੀ ਘਾੜਤ ਅਤੇ ਸਾਜਿਸ਼ ਰਾਜੀਵ ਗਾਂਧੀ ਵਲੋਂ ਘੜੀ ਗਈ ਸੀ ਅਤੇ ਇਸਨੂੰ ਨੇਪਰੇ ਕਮਲ ਨਾਥ, ਜਗਦੀਸ਼ ਟਾਈਟਲਰ, ਅਰਜਨ ਦਾਸ, ਸੱਜਣ ਕੁਮਾਰ ਵਰਗੇ ਕਾਂਗਰਸੀਆਂ ਵਲੋਂ ਚੜ੍ਹਾਇਆ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਅਫਸਰਸ਼ਾਹੀ ਨੇ ਇਸ ਤਾਂਡਵ ਵਿਚ ਸ਼ਾਸਕਾਂ ਦੀ ਪੂਰੀ ਮਦਦ ਕੀਤੀ ਜਿਸ ਤੋਂ ਬਿਨ੍ਹਾਂ ਜਾਨੂੰਨੀ ਤੇ ਫਿਰਕੂ ਹੁਲੜਬਾਜ਼ਾਂ ਲਈ ਆਪਣੇ ਤੌਰ ‘ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨਾ ਮੁਮਕਿਨ ਹੀ ਨਹੀਂ ਸੀ। ਉਹਨਾਂ ਕਿਹਾ ਕਿ ਇਸ ਮਾਰਚ ਦੀ ਰਿਪੋਰਟ ਦਿੱਲੀ ਸਥਿਤ ਯੂ.ਐਨ.ਓ ਦਫਤਰ ਨੂੰ ਅਗਲੀ ਕਾਰਵਾਈ ਲਈ ਸੌਂਪੀ ਜਾਵੇਗੀ।

ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਚੋਣਾਂ ਦਾ ਮੌਸਮ ਹੋਣ ਕਰਕੇ ‘ਆਪ’ ਪਾਰਟੀ ਅਤੇ ਭਾਜਪਾ ਵਰਗੀਆਂ ਹਿੰਦ ਨਵਾਜ਼ ਪਾਰਟੀਆਂ ਸਿੱਖਾਂ ਨੂੰ ਇਨਸਾਫ ਦੇਣ ਦੇ ਮਾਮਲੇ ਵਿੱਚ ਵੱਧ-ਚੜ੍ਹਕੇ ਬਿਆਨਬਾਜ਼ੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਸਿਰਫ ਮਗਰਮੱਛ ਦੇ ਹੰਝੂ ਕੇਰ ਰਹੀਆਂ ਹਨ ਅਤੇ ਅਫਸੋਸ ਦੀ ਗੱਲ ਹੈ ਕਿ ਇਹਨਾਂ ਦੇ ਇਨਸਾਫ ਦੇ ਮਾਇਨੇ ਕੇਵਲ ਮਾਲੀ ਮਦਦ ਤੱਕ ਸੀਮਤ ਹਨ, ਜਿਸ ਨੂੰ ਕਦੇ ਵੀ ਇਨਸਾਫ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਅਤੇ ਸੰਯੁਕਤ ਰਾਸ਼ਟਰ ਦੀ ਇਸ ਮਸਲੇ ‘ਤੇ ਚੁੱਪ ਨੇ ਸਿੱਖਾਂ ਨੂੰ ਡਾਢਾ ਪ੍ਰੇਸ਼ਾਨ ਕੀਤਾ ਹੈ।

ਭਾਜਪਾ ਅਤੇ ‘ਆਪ’ ਵਲੋਂ ਜਾਂਚ ਲਈ “ਸਿੱਟ” (ਵਿਸ਼ੇਸ਼ ਜਾਂਚ ਟੀਮ) (SIT) ਬਣਾਉਣ ਦੀ ਦੌੜ ਉੱਤੇ ਸਖਤ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ 32 ਵਰ੍ਹਿਆਂ ਵਿਚ 9 ਕਮਿਸ਼ਨ ਅਤੇ ਕਮੇਟੀਆਂ ਬਣ ਚੁੱਕੀਆਂ ਹਨ, ਪਰ ਇਹਨਾਂ ਸਾਰਿਆਂ ਨੇ ਇੰਨਸਾਫ ਦਾ ਘਾਣ ਅਤੇ ਗਰਭਪਾਤ ਕੀਤਾ ਹੈ। ਉਨ੍ਹਾਂ ਕਿਹਾ ਸੱਤਾ ਦੇ ਗਲਿਆਰਿਆਂ ਵਿਚ ਜਾ ਪਾਰਟੀ ਹਕੂਮਤ ਕਰ ਰਹੀ ਹੈ ਉਸ ਨੇ ਇਹ ਭਰਮ ਫੈਲਾ ਰੱਖਿਆ ਹੈ ਕਿ ਉਸਦੇ ਫਿਰਕੂ ਕਾਰਕੁੰਨਾਂ ਨੇ ਇਸ ਨਰ-ਸਿੰਗਾਰ ਵਿਚ ਕੋਈ ਸ਼ਮੂਲੀਅਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 32 ਵਰ੍ਹੇ ਪਹਿਲਾਂ ਦਿੱਲੀ ਵਿਚ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਸੀ ਅਤੇ ਦੇਸ਼ ਦੇ ਰਾਜਨੀਤਿਕ ਸਿਸਟਮ ਨੇ ਇਸ ਘਿਨਾਉਣੇ ਜ਼ੁਰਮ ਦੀ ਪੁਸ਼ਤਪਨਾਹੀ ਕੀਤੀ ਸੀ। ਇਸ ਲਈ ਇਸ ਮੌਜੂਦਾ ਭਾਰਤੀ ਸਿਸਟਮ ਤੋਂ ਇਨਸਾਫ ਦੀ ਉਮੀਦ ਰੱਖਣੀ ਆਪਣੇ ਆਪ ਨੂੰ ਧੋਖਾ ਦੇਣਾ ਹੋਵੇਗਾ।

ਬੀਬੀ ਜਗਦੀਸ਼ ਕੌਰ, ਜਿਨ੍ਹਾਂ ਦੇ ਪਤੀ, ਪੁੱਤ ਅਤੇ ਤਿੰਨ ਭਰਾ ਇਸ ਕਤਲੇਆਮ ਵਿਚ ਮਾਰੇ ਗਏ ਸਨ ਉਨ੍ਹਾਂ ਕਿਹਾ ਕਿ ਭਾਰਤੀ ਸਿਸਟਮ ਤੋਂ ਇਨਸਾਫ ਦੀ ਉਮੀਦ ਮਰ ਚੁੱਕੀ ਹੈ।

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਟਾਂਡਾ ਨੇ ਕਾਂਗਰਸ ਅਤੇ ਭਾਜਪਾ ਨੂੰ ਇਕੋ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਕਿਹਾ ਕਿ ਹੁਣ ਤਕ ਹਿੰਦੁਸਤਾਨ ਦੇ ਆਗੂਆਂ ਨੇ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਹੀ ਪਾਇਆ ਹੈ।

ਇਸ ਮੌਕੇ ਸਿੱਖ ਕਤਲੇਆਮ ਦੇ ਪੀੜਤ ਗੁਰਦੀਪ ਸਿੰਘ, ਬੀਬੀ ਗੁਰਦੀਪ ਕੌਰ, ਬੀਬੀ ਮਨਦੀਪ ਕੌਰ, ਬੀਬੀ ਰਜਿੰਦਰ ਕੌਰ ਮੋਗਾ, ਬੀਬੀ ਜਸਬੀਰ ਕੌਰ, ਬੀਬੀ ਪਰਮਜੀਤ ਕੌਰ ਬਟਾਲਾ ਵੀ ਹਾਜ਼ਰ ਸਨ।

ਮਾਰਚ ਵਿਚ ਦਲ ਖਾਲਸਾ ਵਲੋਂ ਸੁਰਜੀਤ ਸਿੰਘ ਖਾਲਿਸਤਾਨੀ, ਅਮਰੀਕ ਸਿੰਘ ਈਸੜੂ, ਜਗਜੀਤ ਸਿੰਘ ਖੋਸਾ, ਰਣਬੀਰ ਸਿੰਘ, ਨੋਬਲਜੀਤ ਸਿੰਘ, ਜਸਬੀਰ ਸਿੰਘ ਖੰਡੂਰ, ਫੈਡਰੇਸ਼ਨ ਆਗੂ ਡਾ. ਕਾਰਜ ਸਿੰਘ ਧਰਮਸਿੰਘ ਵਾਲਾ, ਗੁਰਮੁੱਖ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੇਖੋਂ, ਯੂਥ ਆਗੂ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਗਗਨਦੀਪ ਸਿੰਘ, ਹਰਜੋਤ ਸਿੰਘ ਵੀ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,