
June 21, 2022 | By ਸਿੱਖ ਸਿਆਸਤ ਬਿਊਰੋ
ਨੀਂਦਾਂ ਦਾ ਕਤਲ ਅਤੇ ਸ਼ਹੀਦਾਂ ਦਾ ਗ਼ਜ਼ਬ …
ਕਵੀ: ਪ੍ਰੋ. ਹਰਿੰਦਰ ਸਿੰਘ ਮਹਿਬੂਬ
ਕੌਮ ਸ਼ਹੀਦ ਗੁਰੂ ਦੇ ਬੂਹੇ
ਕਰ ਸੁੱਤੀ ਅਰਦਾਸਾਂ।
ਡੈਣ ਸਰਾਲ ਚੋਰ ਜਿਉਂ ਸਰਕੀ
ਲੈ ਕੇ ਘੋਰ ਪਿਆਸਾਂ।
ਹੱਥ ਬੇਅੰਤ ਸਮੇਂ ਦੇ ਡਾਢੇ,
ਕੋਹਣ ਕੁਪੱਤੀਆਂ ਡੈਣਾਂ,
ਲਹੂ ਸ਼ਹੀਦ ਦਾ ਲਟ-ਲਟ
ਬਲਿਆ ਕਾਲ ਦੇ ਕੁਲ ਆਗਾਸਾਂ।
ਮੇਰੇ ਸ਼ਹੀਦ ਮਾਹੀ ਦੇ ਦਿਨ ਤੰੂ
ਸੁਣੀਂ ਕੁਪੱਤੀਏ ਨਾਰੇ।
ਕੌਮ ਮੇਰੀ ਦੇ ਬੱਚੜੇ ਭੋਲੇ
ਡੰੂਘੀ ਨੀਂਦ ’ਚ ਮਾਰੇ।
ਜੋ ਜਰਨੈਲ ਮਾਹੀ ਦੇ ਦਰ ’ਤੇ
ਪਹਿਰੇਦਾਰ ਪੁਰਾਣਾ,
ਮਹਾਂ ਬਲੀ ਸਮੇਂ ’ਤੇ ਬੈਠਾ
ਉਹ ਅਸਵਾਰ ਨਾਂ ਹਾਰੇ।
ਨੀਂਦ ’ਚ ਨੀਂਦ ਜਹੇ ਬੱਚੜੇ ਖਾਵੇਂ ਸੁਣ ਬੇਕਿਰਕ ਚੜੇਲੇ
ਸਮਾਂ ਪੁਰਸਲਾਤ ਜਿਉਂ, ਹੇਠਾਂ ਦਗੇਬਾਜ਼ ਨੈਂ ਮੇ੍ਹਲੇ!
ਸੁੱਟ ਦੇਵੇਗਾ ਕੀਟ ਜਿਉਂ ਤੈਨੂੰ ਕਹਿਰ ਬੇਅੰਤ ਦਾ ਝੁੱਲੇ।
ਤੋੜ ਤੇਰੇ ਰਾਜ ਦੇ ਬੂਹੇ ਨਰਕ-ਨ੍ਹੇਰ ਵਿੱਚ ਠ੍ਹੇਲੇ।
ਕਟਕ ਅਕ਼੍ਰਿਤਘਣਾਂ ਦੇ ਧਮਕੇ
ਹਰਿਮੰਦਰ ਦੇ ਬੂਹੇ।
ਮੀਆਂ ਮੀਰ ਦਾ ਖੂਨ ਵੀਟ ਕੇ
ਕਰੇ ਸਰੋਵਰ ਸੂਹੇ।
ਦੂਰ ਸਮੇਂ ਦੇ ਗਰਭ ’ਚ ਸੁੱਤੇ
ਬੀਜ ਮਾਸੂਮ ਵਣਾਂ ਦੇ,
ਲੂਣ-ਹਰਾਮ ਦੀ ਨਜ਼ਰ ਪੈਂਦਿਆਂ
ਗਏ ਪਲਾਂ ਵਿੱਚ ਲੂਹੇ।
ਨਾਰ ਸਰਾਲ ਸਰਕਦਾ ਘੇਰਾ ਹਰਿਮੰਦਰ ਨੂੰ ਪਾਇਆ।
ਰਿਜ਼ਕ ਫਕੀਰਾਂ ਵਾਲਾ ਸੁੱਚਾ ਆ ਤਕਦੀਰ ਜਲਾਇਆ।
ਬੁੱਤ-ਪੂਜਾ ਦੇ ਸੀਨੇ ਦੇ ਵਿਚ ਫਫੇਕੁੱਟਣੀ ਸੁੱਤੀ,
ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ।
ਘਾਇਲ ਹੋਏ ਹਰਿਮੰਦਰ ਕੋਲੇ
ਕਿੜ੍ਹਾਂ ਬੇਅੰਤ ਨੂੰ ਪਈਆਂ।
ਤੱਤੀ ਤਵੀ ਦੇ ਵਾਂਗ ਦੁਪਹਿਰਾਂ
ਨਾਲ-ਨਾਲ ਬਲ ਰਹੀਆਂ।
ਮੀਆਂ ਮੀਰ ਦੇ ਸੁਪਨੇ ਦੇ ਵਿੱਚ
ਵਗੇ-ਵਗੇ ਪਈ ਰਾਵੀ,
ਵਹਿਣ ’ਚ ਹੱਥ ਉੱਠੇ, ਸਭ ਲਹਿਰਾਂ
ਉੱਲਰ ਬੇਅੰਤ ’ਤੇ ਪਈਆਂ।
ਉਪਰੋਕਤ ਲਿਖਤ ਪਹਿਲਾਂ 24 ਜੂਨ 2016 ਨੂੰ ਛਾਪੀ ਗਈ ਸੀ
-0-
Related Topics: Audio Articles on June 1984, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib), ਪ੍ਰੋ. ਹਰਿੰਦਰ ਸਿੰਘ ਮਹਿਬੂਬ (Prof. Harinder Singh Mehboob)