ਸਿੱਖ ਖਬਰਾਂ

ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਦੱਸਣ ਦਾ ਦਲ ਖਾਲਸਾ ਨੇ ਸਖਤ ਨੋਟਿਸ ਲਿਆ

January 18, 2020 | By

ਬਠਿੰਡਾ : ਇੱਕ ਨਿੱਜੀ ਚੈੱਨਲ ਵੱਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੇ ਤੌਰ ‘ਤੇ ਦਾਅਵੇ ਦਾ ਦਲ ਖ਼ਾਲਸਾ ਦੇ ਆਗੂਆਂ ਨੇ ਤਿੱਖਾ ਨੋਟਿਸ ਲੈਂਦਿਆ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੀ ਏਕਾ ਅਧਿਕਾਰੀ ਮਲਕੀਅਤ ਤੁਰੰਤ ਬੰਦ ਕਰਨ ਲਈ ਕਿਹਾ। ਸਿੱਖ ਆਗੂਆਂ ਨੇ ਕਿਹਾ ਕਿ ਬਾਦਲਾਂ ਦੀ ਹੱਥਠੋਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਦਲਾਂ ਦੀ ਸਹਿ ‘ਤੇ ਕੇਵਲ ਇੱਕ ਆਪਣੇ ਚਹੇਤੇ ਤੇ ਹਿੱਸੇਦਾਰੀ ਵਾਲੇ ਪੀ. ਟੀ. ਸੀ. ਚੈੱਨਲ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਸਿੱਧੇ ਪ੍ਰਸਾਰਣ ਦਾ ਏਕਾ ਅਧਿਕਾਰ ਦੇਣ ਦੀ ਕੁਨੀਤੀ ਦਾ ਇੱਕ ਮਾਰੂ ਪੜਾਅ ਹੈ।

ਬਠਿੰਡਾ ਤੋਂ ਜਾਰੀ ਪ੍ਰੈਸ ਨੋਟ ਵਿੱਚ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਜਨਰਲ ਸਕੱਤਰ ਭਾਈ ਜੀਵਨ ਸਿੰਘ ਗਿੱਲ ਕਲਾਂ, ਸਿੱਖ ਸਟੂਡੈਂਟਸ ਫੈਡਰੇਸਨ ਦੇ ਮਾਲਵਾ ਆਗੂ ਭਾਈ ਪਰਨਜੀਤ ਸਿੰਘ ਜੱਗੀ ਨੇ ਦੱਸਿਆ ਕਿ ਇੱਕ ਨਿੱਜੀ ਚੈੱਨਲ ਵੱਲੋਂ ਗੁਰਬਾਣੀ ਨੂੰ ਆਪਣੀ ‘ਇੰਨਟਲੈਕਚੂਅਲ ਪ੍ਰੋਪਰਟੀ’ ਦੇ ਤੌਰ ‘ਤੇ ਕੀਤਾ ਜਾ ਰਿਹਾ ਦਾਅਵਾ ਭਵਿੱਖ ਲਈ ਅਤਿ ਘਾਤਕ ਵਰਤਾਰਾ ਹੈ, ਉਹਨਾਂ ਕਿਹਾ ਕਿ ਗੁਰਬਾਣੀ ਪੂਰੀ ਮਨੁੱਖਤਾ ਦਾ ਭਲਾ ਕਰਨ ਵਾਲੀ ਸਿੱਖ ਧਰਮ ਦੇ ਗੁਰੂਆਂ, ਭਗਤਾਂ ਦੀ ਬਾਣੀ ਹੈ ਨਾ ਕਿ ਕਿਸੇ ਨਿੱਜੀ ਚੈੱਨਲ ਦੀ ਕੋਈ ਨਿੱਜੀ ਲਿਖਤ।

 ਇੱਕ ਨਿੱਜੀ ਚੈੱਨਲ ਵੱਲੋਂ ਗੁਰਬਾਣੀ ਨੂੰ ਬੌਧਿਕ ਜਾਇਦਾਦ ਦੇ ਤੌਰ ‘ਤੇ ਦਾਅਵੇ ਵਿਰੁੱਧ ਦਲ ਖ਼ਾਲਸਾ ਦੇ ਆਗੂ ਚੈਨਲ ਦੇ ਏਕਾ ਅਧਿਕਾਰ ਨੂੰ ਖ਼ਤਮ ਕਰਨ ਦੀ ਅਪੀਲ ਕਰਦੇ ਹੋਏ।

ਉਹਨਾਂ ਇਹ ਵੀ ਕਿਹਾ ਕਿ ਗੁਰਬਾਣੀ ਦੇ ਸਾਂਝੀਵਾਲਤਾ ਦੇ ਫ਼ਲਸਫੇ ਤੋਂ ਉਲਟ ਬਾਣੀ ਨੂੰ ਨਿੱਜੀ ਜਗੀਰ ਬਣਾਉਣ ਦੇ ਦਾਅਵੇ ਗੁਰਬਾਣੀ ਦੀ ਬੇਅਦਬੀ ਹੈ, ਜਿਸ ਤਹਿਤ ਇਸ ਨਿੱਜੀ ਚੈੱਨਲ ਦੇ ਮਾਲਕਾਂ ‘ਤੇ ਗੁਰਬਾਣੀ ਦੀ ਬੇਅਦਬੀ ਦਾ ਪਰਚਾ ਦਰਜਾ ਹੋਣਾ ਚਾਹੀਦਾ ਹੈ। ਉਹਨਾਂ ਸਿੱਖ ਜਥੇਬੰਦੀਆਂ ਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਐਸ. ਜੀ. ਪੀ. ਸੀ. ‘ਤੇ ਦਬਾਅ ਬਣਾ ਕੇ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਅਤੇ ਕੀਰਤਨ ਦੇ ਸਿੱਧੇ ਪ੍ਰਸਾਰਣ ਲਈ ਇੱਕ ਚੈੱਨਲ ਦੇ ਕੀਤੇ ਕਬਜੇ ਨੂੰ ਪਾਸੇ ਕਰੇ, ਕਿਉਂਕਿ ਇਹ ਨਿੱਜੀ ਚੈੱਨਲ ਗੁਰਬਾਣੀ ਤੇ ਕੀਰਤਨ ਪ੍ਰਸਾਰਣ ਨੂੰ ਕੇਵਲ ਤੇ ਕੇਵਲ ਆਪਣੇ ਵਪਾਰਕ ਹਿੱਤਾਂ ਲਈ ਵਰਤਦਾ ਹੈ ਅਤੇ ਸਿੱਖ ਭਾਵਨਾਵਾਂ ਦੀ ਕਦਰ ਤੋਂ ਉਕਾ ਕੋਰਾ ਹੈ। ਉਹਨਾਂ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਸਮੇਤ ਹਰ ਇੱਕ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹਰ ਟੀ. ਵੀ. ਚੈੱਨਲ ਲਈ ਖੁੱਲਾ ਹੋਣਾ ਚਾਹੀਦਾ ਹੈ ਤਾਂ ਕਿ ਸਿੱਖ ਸੰਗਤਾਂ ਗੁਰਬਾਣੀ ਸੁਣ ਸਕਣ ਅਤੇ ਕੀਰਤਨ ਦਾ ਅਨੰਦ ਮਾਣ ਸਕਣ।

ਵਰਣਨਯੋਗ ਹੈ ਕਿ ਪਿਛਲੇ ਦਿਨ ‘ਸਿੱਖ ਸਿਆਸਤ’ ਨਾਮੀ ਪੰਥਕ ਵੈਬ ਚੈੱਨਲ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੋਂ ਅਮ੍ਰਿਤ ਵੇਲੇ ਦੇ ਹੁਕਮਨਾਮਾ ਸਾਹਿਬ ਨੂੰ ਆਪਣੀ ਵੈਬ ਚੈੱਨਲ ਰਾਹੀ ਸੰਗਤਾਂ ਤੱਕ ਪਹੁਚਾਇਆ ਸੀ ਜਿਸ ਦਾ ਵਿਰੋਧ ਕਰਦਿਆ ਪੀ. ਟੀ. ਸੀ. ਚੈੱਨਲ ਵੱਲੋਂ ਕਾਨੂੰਨੀ ਕਾਰਵਾਈ ਦਾ ਨੋਟਿਸ ਭੇਜਦਿਆ ਗੁਰਬਾਣੀ ਨੂੰ ਆਪਣੀ ਨਿੱਜੀ ‘ਬੋਧਿਕ ਜਾਇਦਾਦ ਦੱਸਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,