ਖਾਸ ਖਬਰਾਂ » ਸਿਆਸੀ ਖਬਰਾਂ

ਪੰਜਾਬ ‘ਚ ਐਨ.ਆਰ.ਆਈਜ਼ ਦੀਆਂ ਸਿਰਫ 314 ਵੋਟਾਂ ਦਰਜ, ਭਾਰਤ ਦੇ ਚੋਣ ਕਮਿਸ਼ਨਰ ਨੇ ਹੈਰਾਨੀ ਜਾਹਰ ਕੀਤੀ

February 13, 2018 | By

ਚੰਡੀਗੜ: ਭਾਰਤ ਦੇ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਹੈਰਾਨੀ ਜਾਹਰ ਕੀਤੀ ਹੈ ਕੇ ਪੰਜਾਬ ਵਿੱਚ ਬਹੁਤ ਹੀ ਨਾਮਾਤਰ ਐਨ.ਆਰ.ਆਈਜ਼ ਦੀਆਂ ਵੋਟਾ ਦਰਜ ਨੇ ਜਦ ਕੇ ਲੱਖਾਂ ਹੀ ਪੰਜਾਬੀ ਪਰਦੇਸਾਂ ਵਿੱਚ ਵਸਦੇ ਹਨ।ਪੰਜਾਬ ਦੇ ਦੌਰੇ ਤੇ ਆਏ ਅਰੋੜਾ ਨੇ 10 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਇਸ ਗੱਲ ਤੇ ਫਿਕਰਮੰਦੀ ਜਾਹਰ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਐਸ.ਕੇ ਰਾਜੂ ਨੂੰ ਹਦਾਇਤ ਕੀਤੀ ਕੇ ਇਹਦੇ ਕਾਰਨਾਂ ਦੀ ਡੁੰਘਿਆਈ ਨਾਲ ਘੋਖ ਕੀਤੀ ਜਾਵੇ ਕੇ ਜਿਥੇ ਪੰਜਾਬ ਵਿੱਚ ਐਨ.ਆਰ.ਆਈ ਵੋਟਾਂ ਰਜਿਸਟਰੇਸ਼ਨ ਦੈਹ-ਹਜ਼ਾਰਾਂ ਵਿੱਚ ਹੋਣੀ ਚਾਹੀਦੀ ਸੀ ਉਥੇ ਇਹ ਗਿਣਤੀ ਮਹਿਜ਼ 314 ਹੀ ਕਿਓਂ ਹੈ।

ਚੋਣ ਕਮਿਸ਼ਨਰ ਵੱਲੋਂ ਇਸ ਮਾਮਲੇ ਤੇ ਜਾਹਰ ਕੀਤੀ ਗਈ ਹੈਰਾਨੀ ਨੇ ਇਹ ਗੱਲ ਤਸਦੀਕ ਕਰ ਦਿੱਤੀ ਹੈ ਕੇ ਐਨ. ਆਰ.ਆਈਜ਼ ਦੀ ਬਤੌਰ ਭਾਰਤੀ ਵੋਟਰ ਰਜਿਸਟਰੇਸ਼ਨ ਕਰਨ ਵਾਲਾ ਦਫ਼ਤਰੀ ਅਮਲ ਔਖਾ ਤੇ ਅੜਿੱਕਿਆਂ ਭਰਪੂਰ ਹੈ। ਚੋਣ ਕਮਿਸ਼ਨਰ ਵੱਲੋਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਇਹਦੀ ਡੁੰਘਿਆਈ ਨਾਲ ਘੋਖ ਕਰਨ ਬਾਰੇ ਆਖਣਾ ਇਸ ਗੱਲ ਦੀ ਵੀ ਗਵਾਈ ਭਰਦਾ ਹੈ ਕੇ ਹੁਣ ਤੱਕ ਵੋਟ ਰਜਿਸਟਰੇਸ਼ਨ ਅਫ਼ਸਰਾਂ ਨੇ ਦਫ਼ਤਰੀ ਅੜਿੱਕਿਆਂ ਨੂੰ ਦੂਰ ਕਰਾਉਣ ਦੀ ਸੋਚੀ ਹੀ ਨਹੀਂ ਅਤੇ ਨਾ ਹੀ ਇਹਦੇ ਹੱਲ ਬਾਰੇ ਉਪਰਲੇ ਅਫ਼ਸਰਾਂ ਨੂੰ ਕੋਈ ਤਜਵੀਜ ਭੇਜੀ ਹੈ। ਜੇ ਅਜਿਹਾ ਨਾ ਹੁੰਦਾ ਤਾਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਮੌਕੇ ਤੇ ਕੋਈ ਨਾ ਕੋਈ ਜਵਾਬ ਜ਼ਰੂਰ ਅਉੜਦਾ।

ਭਾਰਤ ਵਿੱਚ ਜੋ ਦਫ਼ਤਰੀ ਦਸਤੂਰੇ ਅਮਲ ਹੈ ਉਹਦੇ ਵਿੱਚ ਅਜਿਹਾ ਕੋਈ ਰਿਵਾਜ ਨਹੀਂ ਕੇ ਲੋਕਾਂ ਨੂੰ ਦਰਪੇਸ਼ ਆ ਰਹੀ ਕਿਸੇ ਆਮ ਮੁਸ਼ਕਿਲ ਬਾਬਤ ਕੋਈ ਮੁਤੱਲਕਾ ਹੇਠਲਾ ਅਫ਼ਸਰ ਆਪਦੇ ਉਪਰਲੇ ਦਫ਼ਤਰ ਨੂੰ ਤਜਵੀਜ ਘੱਲੇ। ਜੇ ਅਜਿਹਾ ਹੁੰਦਾ ਹੋਵੇ ਤਾਂ ਚੋਣ ਕਮਿਸ਼ਨਰ ਨੂੰ ਡੁੰਘਿਆਈ ਨਾਲ ਘੋਖ ਕਰਨ ਬਾਰੇ ਆਖਣਾ ਹੀ ਨਹੀਂ ਸੀ ਪੈਣਾ। ਐਨ. ਆਰ.ਆਈਜ਼ ਦੀ ਬਤੌਰ ਭਾਰਤੀ ਵੋਟਰ ਰਜਿਸਟਰੇਸ਼ਨ ਕਰਨ ਬਾਬਤ ਚੋਣ ਕਮਿਸ਼ਨ ਦੇ ਰੂਲਜ਼ ਵਿੱਚ ਦੋ ਵੱਡੀਆਂ ਖਾਮੀਆਂ ਨੇ ਜੀਹਦੇ ਕਰਕੇ ਰਜਿਸਟਰੇਸ਼ਨ ਨਹੀਂ ਹੋ ਰਹੀ ।ਰਜਿਸਟਰੇਸ਼ਨ ਬਾਬਤ ਬਣੇ ਫਾਰਮ 6-ਏ ਦੇ ਰੂਲਜ਼ ਆਖਦੇ ਨੇ ਕੇ ਮੌਜੂਦਾ ਭਾਰਤੀ ਪਾਸਪੋਰਟ ਵਿੱਚ ਲਿਖੇ ਭਾਰਤੀ ਐਡਰੈਸ ਤੇ ਹੀ ਵੋਟ ਬਣੇਗੀ ਦੂਜਾ ਰੂਲ ਇਹ ਹੈ ਕੇ ਮੌਜੂਦਾ ਭਾਰਤੀ ਪਾਸਪੋਰਟ ਤੇ ਲੱਗਿਆ ਵੀਜ਼ਾ ਵੀ ਦਿਖਾਉਣਾ ਪਵੇਗਾ। ਪਹਿਲਾ ਅੜਿੱਕਾ ਇਹ ਪੈਂਦਾ ਹੈ ਕੇ ਵਿਦੇਸ਼ ਵਿੱਚ ਰਿਿਨਊ ਹੋਏ ਪਾਸਪੋਰਟ ਤੇ ਭਾਰਤੀ ਐਡਰੈਸ ਨਹੀਂ ਹੁੰਦਾ। ਰੂਲ ਮੁਤਾਬਿਕ ਭਾਰਤੀ ਐਡਰੈਸ ਵਾਲੇ ਪਤੇ ਤੇ ਹੀ ਵੋਟ ਰਜਿਸਟਰੇਸ਼ਨ ਹੋ ਸਕਦੀ ਹੈ। ਵਿਦੇਸ਼ ਵਿੱਚ ਰਿਿਨਊ ਹੋਏ ਪਾਸਪੋਰਟ ਤੇ ਭਾਰਤੀ ਐਡਰੈਸ ਦੀ ਅਣਹੋਂਦ ਕਰਕੇ ਵੋਟ ਨਹੀਂ ਬਣ ਸਕਦੀ। ਇਹਦਾ ਹੱਲ ਇਹ ਹੈ ਕੇ ਰੂਲ ਵਿੱਚ ਸੋਧ ਕਰਕੇ ਇਹ ਲਿਿਖਆ ਜਾਵੇ ਕੇ ਪਿਛਲੇ ਪਾਸਪੋਰਟ ਤੇ ਲਿਖੇ ਭਾਰਤੀ ਪਤੇ ਨੂੰ ਸਹੀ ਮੰਨ ਲਿਆ ਜਾਵੇ। ਜਾਂ ਭਾਰਤ ਵਿੱਚ ਉਹ ਜਿਥੇ ਵੀ ਵੋਟ ਰਜਿਸਟਰ ਕਰਵਾਉਣਾ ਚਾਹੁੰਦਾ ਹੋਵੇ ਉਥੇ ਕਰਵਾ ਸਕੇ।

ਰੂਲਜ਼ ਦੀ ਦੂਜੀ ਘੁੰਡੀ ਵੀਜ਼ੇ ਤੇ ਆ ਕੇ ਫਸਦੀ ਹੈ। ਰੂਲ ਕਹਿੰਦਾ ਕੇ ਵੀਜ਼ਾ ਦਿਖਾਓ ਪਰ ਜਿਹੜੇ ਭਾਰਤੀ ਬਾਹਰਲੇ ਮੁਲਕਾਂ ਦੇ ਪਰਮਾਨਂੈਟ ਰੈਜ਼ੀਡੈਂਟ (ਪੀ.ਆਰ) ਹੋ ਗਏ ਨੇ ਉਹਨਾਂ ਦੇ ਪਾਸਪੋਰਟ ਤੇ ਵੀਜ਼ਾ ਨਹੀਂ ਹੁੰਦਾ ਸੋ ਵੋਟ ਰਜਿਸਟਰ ਨਹੀਂ ਹੋ ਸਕਦੀ। ਇਥੇ ਇਹ ਚਾਹੀਦਾ ਹੈ ਕੇ ਪੀ.ਆਰ ਕਾਰਡ ਨੂੰ ਵੀ ਵੀਜ਼ੇ ਦੀ ਥਾਂ ਹੀ ਮੰਨ ਕੇ ਵੋਟ ਰਜਿਸਟਰ ਕੀਤੀ ਜਾਵੇ।ਹੁਣ ਤੱਕ ਪੰਜਾਬ ਵਿੱਚ ਹਜਾਰਾਂ ਹੀ ਅਜਿਹੀਆਂ ਅਰਜ਼ੀਆਂ ਇਹਨਾਂ ਦੋਵਾਂ ਘੁੰਡੀਆਂ ਕਰਕੇ ਇਹ ਰੱਦ ਹੋਈਆਂ ਨੇ ਜਦਕੇ ਸਾਰੇ ਸੂਬੇ ਵਿੱਚ ਮਸਾਂ 314 ਦਰਖਸਤਾਂ ਹੀ ਮਨਜੂਰ ਹੋਈਆਂ ਨੇ।ਵੋਟ ਰਜਿਸਟਰੇਸ਼ਨ ਅਫ਼ਸਰ ਆਮ ਤੌਰ’ਤੇ ਮੁਕਾਮੀ ਐਸ.ਡੀ.ਐਮ ਹੀ ਹੁੰਦਾ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋਂ ਚੋਣ ਕਮਿਸ਼ਨਰ ਮੂਹਰੇ ਐਨ.ਆਰ.ਆਈਜ਼ ਵੋਟਾਂ ਦੀ ਨਾਮਾਤਰ ਹਾਜਰੀ ਦਾ ਕਾਰਨ ਨਾ ਬਿਆਨ ਸਕਣਾ ਇਹ ਸਾਬਤ ਕਰਦਾ ਹੈ ਕੇ ਪੰਜਾਬ ਦੇ 117 ਚੋਂ ਕਿਸੇ ਵੀ ਵੋਟ ਰਜਿਸਟਰੇਸ਼ਨ ਅਫ਼ਸਰ ਨੇ ਇਹਦਾ ਕਾਰਨ ਉਹਨਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ। ਲਗਭਗ ਇਕ ਦਹਾਕਾ ਪਹਿਲਾ ਭਾਰਤ ਸਰਕਾਰ ਨੇ ਪਰਦੇਸੀਂ ਵਸਦੇ ਭਾਰਤੀਆਂ ਨੂੰ ਵੋਟਰ ਬਣਨ ਦੀ ਸਹੂਲਤ ਇੱਕ ਨਿਆਮਤ ਦੇ ਤੌਰ ਤੇ ਬੜੀ ਗੱਜ-ਵੱਜ ਕੇ ਐਲਾਨੀ ਸੀ। ਪਰ ਸਿਰਫ 314 ਵੋਟਾਂ ਨੇ ਇਹ ਸਾਬਤ ਕਰ ਦਿੱਤਾ ਹੈ ਕੇ ਸਰਕਾਰ ਨੇ ਇਹਦੀ ਕਾਮਯਾਬੀ ਦਾ ਕਦੇ ਰਿਿਵਊ ਨਹੀਂ ਕੀਤਾ। ਹਰੇਕ ਸਿਆਲ ਵਿੱਚ ਹੁੰਦੇ ਸਰਕਾਰੀ ਸਰਪ੍ਰਸਤੀ ਵਾਲੇ ਐਨ.ਆਰ.ਆਈ ਜਲਸਿਆਂ ਵਿੱਚ ਐਨ.ਆਰ.ਆਈ ਸਭਾਵਾਂ ਦੇ ਪ੍ਰਧਾਨਾਂ ਨੇ ਵੀ ਕਦੇ ਇਹ ਮੁਸ਼ਕਿਲ ਕਦੇ ਸਰਕਾਰ ਦੇ ਧਿਆਨ ਵਿੱਚ ਨਹੀਂ ਲਿਆਂਦੀ। ਪੰਜਾਬ ਸਰਕਾਰ ਦੀ ਐਨ.ਆਰ.ਆਈ ਮਾਮਲਿਆਂ ਦੀ ਵਜਾਰਤ ਵੀ ਇਸ ਵੱਡੀ ਔਕੜ ਤੋਂ ਬੇਖ਼ਬਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,