ਸਿੱਖ ਖਬਰਾਂ

ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਸਿੱਖ ਨੌਜਵਾਨਾਂ ਦੇ ਘਰਾਂ ਤੇ ਛਾਪੇਮਾਰੀ

November 20, 2018 | By

ਅੰਮ੍ਰਿਤਸਰ: ਸ਼ੁਰੂਆਤੀ ਤੌਰ ਉੱਤੇ ਮਿਲੀ ਜਾਣਕਾਰੀ ਮੁਤਾਬਕ ਅੱਜ (ਨਵੰਬਰ 20) ਸਵੇਰੇ ਤੜਕ ਪੰਜਾਬ ਪੁਲਿਸ ਨੇ ਕਈ ਸਿੱਖ ਨੌਜਵਾਨਾਂ ਦੇ ਘਰਾਂ ਉੱਤੇ ਛਾਪੇ ਮਾਰੀ ਕੀਤੀ।

ਇਸ ਛਾਪੇਮਾਰੀ ਦੌਰਾਨ ਘੱਟੋ-ਘੱਟ ਇਕ ਸਿੱਖ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਸਿੱਖ ਯੂਥ ਆਫ ਪੰਜਾਬ (ਸਿ.ਯੂ.ਆ.ਪੰ) ਦੇ ਅੰਮ੍ਰਿਤਸਰ ਜਿਲ੍ਹੇ ਦੇ ਪ੍ਰਧਾਨ ਸ. ਗੁਰਜੰਟ ਸਿੰਘ ਨੂੰ ਅੱਜ ਸਵੇਰੇ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਦੇ ਘਰ ਛਾਪਾ ਮਾਰ ਕੇ ਹਿਰਾਸਤ ਵਿੱਚ ਲੈ ਲਿਆ।

ਸਿੱਖ ਨੌਜਵਾਨਾਂ ਦੀ ਇਕੱਤਰਤਾ ਦੀ ਇਹ ਇਕ ਪੁਰਾਣੀ ਤਸਵੀਰ ਹੈ।

ਪੁਲਿਸ ਵੱਲੋਂ ਸਿ.ਯੂ.ਆ.ਪੰ. ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਮੰਡ ਦੇ ਘਰ ਵੀ ਛਾਪਾ ਮਾਰਿਆ ਗਿਆ ਪਰ ਉਹ ਘਰ ਨਹੀਂ ਸਨ।

ਇਸ ਤੋਂ ਇਲਾਵਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਸ. ਰਣਜੀਤ ਸਿੰਘ (ਦਮਦਮੀ ਟਕਸਾਲ) ਦੇ ਘਰ ਵੀ ਪੁਲਿਸ ਗਈ ਤੇ ਉਹਨਾਂ ਨੂੰ ਦਿਨੇ ਪੁੱਛਗਿੱਛ ਲਈ ਪੇਸ਼ ਹੋਣ ਵਾਸਤੇ ਕਿਹਾ ਹੈ।

⊕ ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋPOLICE RAID HOUSES OF SIKH YOUTH ACTIVISTS; AT LEAST ONE TAKEN INTO CUSTODY

ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਛਾਪੇਮਾਰ ਬਾਰੇ ਉਹਨਾਂ ਨੂੰ ਕਈ ਥਾਵਾਂ ਤੋਂ ਸੁਨੇਹੇ ਮਿਲ ਰਹੇ ਹਨ ਤੇ ਕਈ ਸਰਗਰਮ ਸਿੱਖ ਨੌਜਵਾਨਾਂ ਦੇ ਘਰੀਂ ਪੁਲਿਸ ਨੇ ਛਾਪੇ ਮਾਰੇ ਹਨ।

ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਜਨਤਕ ਪਿੜ ਵਿੱਚ ਸਰਗਰਮੀ ਕਰਨ ਵਾਲੇ ਨੌਜਵਾਨਾਂ ਨੂੰ ਹੀ ਇਸ ਛਾਪੇਮਾਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿ.ਯੂ.ਆ.ਪੰ. ਜਥੇਬੰਦੀ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਸਰਗਰਮੀ ਕਰ ਰਹੀ ਹੈ ਅਤੇ ਇਸ ਵੱਲੋਂ ਨਸ਼ਿਆਂ ਦੀ ਅਲਾਮਤ, ਕਿਸਾਨਾਂ ਦੀਆਂ ਸਮੱਸਿਆਵਾਂ, ਪੰਜਾਬ ਦੇ ਖੇਤੀ ਸੰਕਟ, ਨੌਜਵਾਨਾਂ ਦੇ ਪਰਵਾਸ, ਪੰਜਾਬੀ ਬੋਲੀ ਤੇ ਸਭਿਆਚਾਰ ਨੂੰ ਲੱਗ ਰਹੇ ਖੋਰੇ, ਪੰਜਾਬ ਦੇ ਪਾਣੀਆਂ ਦੇ ਹੱਕ ਤੇ ਸਵੈ ਨਿਰਣੇ ਦੇ ਹੱਕ ਬਾਰੇ ਸੈਮੀਨਾਰ, ਗੋਸ਼ਟੀਆਂ, ਕਾਨਫਰੰਸਾਂ ਅਤੇ ਕਨਵੈਨਸ਼ਨਾਂ ਆਦਿ ਕਰਵਾਈਆਂ ਜਾਂਦੀਆਂ ਹਨ ਅਤੇ ਸਿੱਖ ਨਸਲਕੁਸ਼ੀ ਦੀ ਸਲਾਨਾ ਯਾਦ ਵਿੱਚ ਯਾਦਗਾਰੀ ਮਾਰਚ ਕੀਤੇ ਜਾਂਦੇ ਹਨ।

ਇਹ ਛਾਪੇਮਾਰੀ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ ਵਿੱਚ ਹੋਏ ਧਮਾਕੇ ਵਿੱਚ ਪੁੱਛਗਿੱਛ ਕਰਨ ਲਈ ਕੀਤੀ ਗਈ ਹੋ ਸਕਦੀ ਹੈ ਪਰ ਇਸ ਬਾਰੇ ਹੋਰ ਵੇਰਵੇ ਦਿਨ ਦੇ ਚੜਾਅ ਨਾਲ ਹੀ ਮਿਲਣ ਦੀ ਆਸ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,