ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਰੈਲੀ ਦੀਆਂ ਤਿਆਰੀਆਂ ਕਰਦੇ ‘ਆਪ’ ਆਗੂਆਂ ਨੂੰ ਅਕਾਲੀਆਂ ਵਲੋਂ ਧਮਕੀਆਂ

December 20, 2016 | By

ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਦੇ ਪਿੰਡ ਸਰਾਵਾਂ ਜੈਲ ਵਿੱਚ ਅਕਾਲੀ ਦਲ ਅਤੇ ‘ਆਪ’ ਵਰਕਰਾਂ ਵਿਚਾਲੇ ਟਕਰਾਅ ਹੋਣ ਤੋਂ ਬਚਾਅ ਹੋ ਗਿਆ। ਆਪ ਆਗੂਆਂ ਵਲੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ ’ਤੇ ਦੋਸ਼ ਲੱਗਿਆ ਹੈ ਕਿ ਰੈਲੀ ਦੀ ਤਿਆਰੀਆਂ ਲਈ ਸਟੇਡੀਅਮ ਦਾ ਮੁਆਇਨਾ ਕਰਨ ਪੁੱਜੇ ‘ਆਪ’ ਦੇ ਸੀਨੀਅਰ ਆਗੂਆਂ ਨੂੰ ਅਕਾਲੀਆਂ ਵਲੋਂ ਧਮਕੀਆਂ ਦਿੱਤੀਆਂ ਗਈਆਂ। ‘ਆਪ’ ਮੁਤਾਬਕ ਔਰਤ ਵਿੰਗ ਦੀ ਉਪ ਪ੍ਰਧਾਨ ਸਿਮਰਤ ਧਾਲੀਵਾਲ ਨਾਲ ਧੱਕਾ-ਮੁੱਕੀ ਵੀ ਕੀਤੀ ਗਈ। ‘ਆਪ’ ਵੱਲੋਂ 28 ਦਸੰਬਰ ਨੂੰ ਪਿੰਡ ਕੋਲਿਆਂਵਾਲੀ ’ਚ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪਾਰਟੀ ਦੇ ਸਾਰੇ ਉਮੀਦਵਾਰ ਵੀ ਮੌਜੂਦ ਰਹਿਣਗੇ। ਆਮ ਆਦਮੀ ਪਾਰਟੀ ਨੇ ਜਥੇਦਾਰ ਕੋਲਿਆਂਵਾਲੀ ਦੀ ਕਾਰਗੁਜ਼ਾਰੀ ਬਾਰੇ ਚੋਣ ਕਮਿਸ਼ਨ, ਆਈਜੀ (ਬਠਿੰਡਾ ਰੇਂਜ) ਅਤੇ ਮੁਕਤਸਰ ਸਾਹਿਬ ਦੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਹੈ।

ਆਮ ਆਦਮੀ ਪਾਰਟੀ ਦੀ ਔਰਤ ਵਿੰਗ ਦੀ ਸੂਬਾ ਪ੍ਰਧਾਨ ਬਲਜਿੰਦਰ ਕੌਰ ਬਠਿੰਡਾ ਵਿੱਚ ਮੀਡੀਆ ਨੂੰ ਸੰਬੋਧਨ ਕਰਦੀ ਹੋਈ

ਆਮ ਆਦਮੀ ਪਾਰਟੀ ਦੀ ਔਰਤ ਵਿੰਗ ਦੀ ਸੂਬਾ ਪ੍ਰਧਾਨ ਬਲਜਿੰਦਰ ਕੌਰ ਬਠਿੰਡਾ ਵਿੱਚ ਮੀਡੀਆ ਨੂੰ ਸੰਬੋਧਨ ਕਰਦੀ ਹੋਈ

ਮਲੋਟ ਹਲਕੇ ਤੋਂ ‘ਆਪ’ ਉਮੀਦਵਾਰ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ, ਪਾਰਟੀ ਅਬਜ਼ਰਵਰ ਰੋਮੀ ਭਾਟੀ ਅਤੇ ਨਰਿੰਦਰ ਸਿੰਘ ਨਾਟੀ ਸਰਪੰਚ ਸਮੇਤ ਦਰਜਨ ਆਗੂਆਂ ਨਾਲ ਬਦਸਲੂਕੀ ਕੀਤੀ ਗਈ। ‘ਆਪ’ ਆਗੂਆਂ ਦਾ ਦੋਸ਼ ਹੈ ਕਿ ਜਥੇਦਾਰ ਕੋਲਿਆਂਵਾਲੀ ਨੇ ਆਪਣੇ ਸੁਰੱਖਿਆ ਅਮਲੇ ਅਤੇ ਲਗਭਗ 200 ਬੰਦਿਆਂ ਸਮੇਤ ਉਥੇ ਪੁੱਜ ਕੇ ਉਨ੍ਹਾਂ ਨੂੰ ਇੱਥੇ ਰੈਲੀ ਨਾ ਹੋਣ ਦੇਣ ਦੀ ਗੱਲ ਆਖ ਕੇ ਚਾਲੇ ਪਾਉਣ ਦੀ ਧਮਕੀ ਦਿੱਤੀ। ਆਜ਼ਾਦ ਨੇ ਜਥੇਦਾਰ ਕੋਲਿਆਂਵਾਲੀ ’ਤੇ ਉਨ੍ਹਾਂ ਦੀ ਕਾਰ ਰੋਕ ਕੇ ਧਮਕਾਉਣ ਦੇ ਦੋਸ਼ ਵੀ ਲਗਾਏ। ਦੂਜੇ ਪਾਸੇ ਜਥੇਦਾਰ ਕੋਲਿਆਂਵਾਲੀ ਨੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ।

ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਨੇ ਦੱਸਿਆ ਕਿ ਜਦੋਂ ਉਹ ਰੈਲੀ ਦੀ ਸਟੇਜ, ਪੰਡਾਲ ਦੇ ਸਾਇਜ਼ ਅਤੇ ਪਾਰਕਿੰਗ ਵਗੈਰਾ ਲਈ ਵਿਉਂਤਬੰਦੀ ਕਰ ਰਹੇ ਸਨ ਤਾਂ ਕੋਲਿਆਂਵਾਲੀ ਨਾਲ ਆਏ ਬੰਦਿਆਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਪ੍ਰਿੰਸੀਪਲ ਆਜ਼ਾਦ ਅਨੁਸਾਰ ਜਥੇਦਾਰ ਕੋਲਿਆਂਵਾਲੀ ਨੇ ਕਿਹਾ, “ਇਹ ਕੋਲਿਆਂਵਾਲੀ ਪਿੰਡ ਐ। ਇੱਥੇ ਸਭ ਠੀਕ-ਠਾਕ ਹੈ, ਤੁਹਾਨੂੰ ਰੈਲੀ ਕਰਨ ਦੀ ਲੋੜ ਨਹੀਂ, ਤੁਸੀਂ ਜਾਓ ਇੱਥੋਂ, ਮੈਂ ਕੋਈ ਰੈਲੀ ਨਹੀਂ ਹੋਣ ਦੇਣੀ।” ਨਾਟੀ ਸਰਪੰਚ ਨੇ ਕਿਹਾ ਕਿ ਘੇਰਾ ਪਾ ਕੇ ਉਨ੍ਹਾਂ ਨੂੰ ਸਟੇਡੀਅਮ ਵਿੱਚੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਗਿਆ।

‘ਆਪ’ ਆਬਜ਼ਰਵਰ ਰੋਮੀ ਭਾਟੀ ਨੇ ਕਿਹਾ ਕਿ ਨਾਟੀ ਸਰਪੰਚ ਅਤੇ ਸਿਮਰਤ ਧਾਲੀਵਾਲ ਨਾਲ ਜਥੇਦਾਰ ਦੇ ਬੰਦਿਆਂ ਨੇ ਧੱਕਾ-ਮੁੱਕੀ ਵੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲਿਆਂਵਾਲੀ ਦੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਗਾਮੀ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਕੇ ਅਜਿਹੀਆਂ ਗੁੰਡਾਗਰਦੀਆਂ ਦਾ ਹਿਸਾਬ ਲੈਣਗੇ। ‘ਆਪ’ ਦੇ ਮੈਂਬਰ ਇੰਦਰਜੀਤ ਡੱਬਵਾਲੀ ਢਾਬ ਨੇ ਦੱਸਿਆ ਕਿ ਮਲੋਟ ਦੇ ਐਸਡੀਐਮ ਕੋਲ ਰੈਲੀ ਦੀ ਮਨਜ਼ੂਰੀ ਲਈ ਦਰਖ਼ਾਸਤ ਦੇ ਦਿੱਤੀ ਗਈ ਹੈ।

ਸੰਗਤ ਦਰਸ਼ਨ ਦੌਰਾਨ ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)

ਸੰਗਤ ਦਰਸ਼ਨ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨਾਲ ਬੈਠੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ (ਫਾਈਲ ਫੋਟੋ)

ਕੋਲਿਆਂਵਾਲੀ ਨੇ ਦੋਸ਼ ਨਕਾਰੇ: ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ‘ਆਪ’ ਆਗੂਆਂ ਨੂੰ ਸਟੇਡੀਅਮ ਵਿੱਚੋਂ ਦਬੱਲੇ ਜਾਣ ਤੋਂ ਮੁਨਕਰ ਹੁੰਦਿਆਂ ਕਿਹਾ ਕਿ ਉਨ੍ਹਾਂ ਖੇਡ ਸਟੇਡੀਅਮ ਵਿੱਚ ਰੈਲੀ ਕਰਨ ਤੋਂ ਕਿਸੇ ਨੂੰ ਨਹੀਂ ਰੋਕਿਆ, ਉਹ ਤਾਂ ਇਸ ਲਈ ਗਏ ਸਨ ਕਿਉਂਕਿ ਸਟੇਡੀਅਮ ਵਿੱਚ ਚਾਰਦੀਵਾਰੀ ਵਗੈਰਾ ਦਾ ਕਾਰਜ ਚੱਲ ਰਿਹਾ ਹੈ। ਰੈਲੀ ਕਰਕੇ ਨਿਰਮਾਣ ਪ੍ਰਭਾਵਿਤ ਹੋਵੇਗਾ ਅਤੇ ਟੁੱਟ-ਭੱਜ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਉਥੇ ਕੋਈ ਬੰਦੇ ਨਹੀਂ ਲੈ ਗਏ, ਕੱਲ੍ਹ ਕ੍ਰਿਕਟ ਟੂਰਨਾਮੈਂਟ ਖ਼ਤਮ ਹੋਣ ਕਰਕੇ ਪਹਿਲਾਂ ਤੋਂ ਪਿੰਡ ਦੇ ਕਾਫ਼ੀ ਨੌਜਵਾਨ ਸਾਮਾਨ ਵਗੈਰਾ ਚੁਕਵਾ ਰਹੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,