ਲੇਖ

ਭਾਜਪਾ ਦੀ ਜਿੱਤ ਪਿੱਛੇ ਕਾਰਨ -ਮੇਘਾ ਸਿੰਘ (ਡਾ.)

May 18, 2014 | By

– ਮੇਘਾ ਸਿੰਘ (ਡਾ.)

ਸੰਪਰਕ:97800-36137

“ਭਾਜਪਾ ਭਾਵੇਂ ਆਪਣੇ ਇਸ ਮਨਸੂਬੇ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰੇ ਪਰ ਇਸ ਅਸਲੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਭਾਜਪਾ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਰਾਮ ਮੰਦਰ ਬਣਾਉਣ ਦਾ ਅਹਿਦ ਕਰਨਾ ਅਤੇ ਟਿਕਟਾਂ ਦੇਣ ਸਮੇਂ ਘੱਟ ਗਿਣਤੀਆਂ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕਰਨਾ ਇਸ ਦੇ ਹਿੰਦੂਤਵ ਦੇ ਏਜੰਡੇ ਦੇ ਪ੍ਰਤੱਖ ਲੱਛਣ ਹਨ।ਪੰਜਾਬ ਵਿੱਚੋਂ ਬਹੁਗਿਣਤੀ ਸਿੱਖ ਭਾਈਚਾਰੇ ਅਤੇ ਉੱਤਰ ਪ੍ਰਦੇਸ਼ ਵਿੱਚ ਵੱਡੀ ਮੁਸਲਿਮ ਗਿਣਤੀ ਵਾਲੇ ਸੂਬਿਆਂ ਵਿੱਚ ਭਾਜਪਾ ਵੱਲੋਂ ਇਨ੍ਹਾਂ ਦਾ ਕੋਈ ਵੀ ਉਮੀਦਵਾਰ ਨਾ ਬਣਾਉਣਾ ਇਸ ਦੀ ਫ਼ਿਰਕੂ ਪਹੁੰਚ ਦਾ ਸਪਸ਼ਟ ਸਬੂਤ ਹੈ।”

ਵਿਸ਼ਵ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਭਾਰਤੀ ਜਮਹੂਰੀਅਤ ਦੀ ਸੋਲ੍ਹਵੀਂ ਲੋਕ ਸਭਾ ਦੇ ਨਤੀਜੇ ਸਾਧਾਰਨ ਰੂਪ ਵਿੱਚ ਕਾਂਗਰਸ ਦੀ ਕਰਾਰੀ ਹਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਲਾਮਿਸਾਲ ਜਿੱਤ ਦਰਸਾ ਰਹੇ ਹਨ ਪਰ ਇਨ੍ਹਾਂ ਦਾ ਡੂੰਘਾਈ ਵਿੱਚ ਕੀਤਾ ਵਿਸ਼ਲੇਸ਼ਣ ਹੋਰ ਵੀ ਕਾਫ਼ੀ ਕੁਝ ਕਹਿ ਰਿਹਾ ਹੈ। ਇਹ ਗੱਲ ਗੰਭੀਰਤਾ ਨਾਲ ਸੋਚਣ ਵਾਲੀ ਹੈ ਕਿ ਪਿਛਲੇ ਲਗਪਗ ਤਿੰਨ ਦਹਾਕਿਆਂ ਬਾਅਦ ਮੁਲਕ ਅੰਦਰ ਕਿਸੇ ਇੱਕ ਪਾਰਟੀ ਨੂੰ ਇੰਨੀ ਵੱਡੀ ਸਫ਼ਲਤਾ ਮਿਲਣ ਪਿੱਛੇ ਕੀ ਕਾਰਨ ਰਹੇ ਹਨ? ਬਿਨਾਂ ਸ਼ੱਕ ਇਹ ਜਿੱਤ ਭਾਜਪਾ ਤੇ ਮੋਦੀ ਦੀ ਲਹਿਰ ਦੇ ਉਭਾਰ ਕਾਰਨ ਸੰਭਵ ਹੋਈ ਹੈ। ਇਸ ਲਹਿਰ ਦੇ ਉਭਾਰ ਲਈ ਮੁੱਖ ਰੂਪ ਵਿੱਚ ਤਿੰਨ ਕਾਰਕ; ਪਹਿਲਾ, ਭਾਜਪਾ, ਆਰ.ਐੱਸ.ਐੱਸ. ਅਤੇ ਮੋਦੀ ਵੱਲੋਂ ਮਿਥ ਕੇ ਇੱਕ ਨਿਸ਼ਚਿਤ ਵਿਚਾਰਧਾਰਾ ਨੂੰ ਹਵਾ ਦੇਣੀ ਹੈ; ਦੂਜਾ, ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੀਆਂ ਨਾਕਾਮੀਆਂ ਤੇ ਨਾਦਾਨੀਆਂ ਅਤੇ ਤੀਜਾ, ਖੱਬੇ ਪੱਖੀ ਸ਼ਕਤੀਆਂ ਦਾ ਕਮਜ਼ੋਰ ਹੋਣਾ, ਜ਼ਿੰਮੇਵਾਰ ਕਹੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਸਮੁੱਚੇ ਕਾਰਪੋਰੇਟ ਜਗਤ ਵੱਲੋਂ ਕਾਂਗਰਸ ਦੀ ਬਜਾਇ ਭਾਜਪਾ ਨੂੰ ਤਰਜੀਹ ਦੇ ਕੇ ਕਰੋੜਾਂ ਰੁਪਏ ਚੋਣ ਫੰਡ ਵਜੋਂ ਉਸ ਦੀ ਝੋਲੀ ਵਿੱਚ ਪਾਉਣੇ ਵੀ ਅਹਿਮ ਫੈਕਟਰ ਰਿਹਾ ਹੈ। ਇਸ ਨਾਲ ਭਾਜਪਾ ਅਤੇ ਮੋਦੀ ਲਈ ਆਪਣਾ ਫ਼ਿਰਕੂ ਪੱਤਾ ਮੁਲਕ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦਾ ਰਾਹ ਮੋਕਲਾ ਹੋਇਆ। ਇੱਕ ਅੰਦਾਜ਼ੇ ਅਨੁਸਾਰ ਭਾਜਪਾ ਨੇ ਇਸ ਚੋਣ ਸੰਗਰਾਮ ਉੱਤੇ 30 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਹਨ। ਇਸ ਪੈਸੇ ਦੇ ਬਲਬੂਤੇ ਮੋਦੀ ਨੇ ਮੁਲਕ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚ ਲਈ ਲਗਪਗ ਤਿੰਨ ਲੱਖ ਕਿਲੋਮੀਟਰ ਦੇ ਕੀਤੇ ਸਫ਼ਰ ਦੌਰਾਨ 400 ਤੋਂ ਵੱਧ ਕਰੋੜਾਂ ਦੇ ਖ਼ਰਚੇ ਵਾਲੀਆਂ ਬੰਪਰ ਰੈਲੀਆਂ ਨੂੰ ਸੰਬੋਧਨ ਕੀਤਾ।

ਭਾਜਪਾਈ ਵਿਚਾਰਧਾਰਾ ਨੂੰ ਖ਼ੂਬ ਪ੍ਰਚਾਰਿਆ ਅਤੇ ਮੁਲਕ ਦੇ ਭਾਈਚਾਰਕ ਸਾਂਝ ਵਾਲੇ ਲੋਕਾਂ ਵਿੱਚ ਇੱਕ ਸਪਸ਼ਟ ਫ਼ਿਰਕੂ ਲੀਕ ਖਿੱਚਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਨਾਲ ਭਾਜਪਾ ਹਿੰਦੂ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਆਪਣੇ ਵੋਟ ਬੈਂਕ ਵਿੱਚ ਤਬਦੀਲ ਕਰਨ ਵਿੱਚ ਸਫ਼ਲ ਹੋ ਗਈ। ਇੰਨਾ ਹੀ ਨਹੀਂ, ਇਸ ਫ਼ਿਰਕੂ ਪੱਤੇ ਨੇ ਮੁਸਲਿਮ ਘੱਟ ਗਿਣਤੀ ਸਮੇਤ ਹੋਰ ਕਈ ਛੋਟੇ ਫ਼ਿਰਕਿਆਂ ਦੇ ਮਨਾਂ ਵਿੱਚ ਡਰ ਪੈਦਾ ਕਰ ਕੇ ਵੋਟਾਂ ਬਟੋਰਨ ਦਾ ਵੀ ਕੰਮ ਕੀਤਾ।

ਭਾਜਪਾ ਭਾਵੇਂ ਆਪਣੇ ਇਸ ਮਨਸੂਬੇ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰੇ ਪਰ ਇਸ ਅਸਲੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਭਾਜਪਾ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਰਾਮ ਮੰਦਰ ਬਣਾਉਣ ਦਾ ਅਹਿਦ ਕਰਨਾ ਅਤੇ ਟਿਕਟਾਂ ਦੇਣ ਸਮੇਂ ਘੱਟ ਗਿਣਤੀਆਂ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕਰਨਾ ਇਸ ਦੇ ਹਿੰਦੂਤਵ ਦੇ ਏਜੰਡੇ ਦੇ ਪ੍ਰਤੱਖ ਲੱਛਣ ਹਨ।ਪੰਜਾਬ ਵਿੱਚੋਂ ਬਹੁਗਿਣਤੀ ਸਿੱਖ ਭਾਈਚਾਰੇ ਅਤੇ ਉੱਤਰ ਪ੍ਰਦੇਸ਼ ਵਿੱਚ ਵੱਡੀ ਮੁਸਲਿਮ ਗਿਣਤੀ ਵਾਲੇ ਸੂਬਿਆਂ ਵਿੱਚ ਭਾਜਪਾ ਵੱਲੋਂ ਇਨ੍ਹਾਂ ਦਾ ਕੋਈ ਵੀ ਉਮੀਦਵਾਰ ਨਾ ਬਣਾਉਣਾ ਇਸ ਦੀ ਫ਼ਿਰਕੂ ਪਹੁੰਚ ਦਾ ਸਪਸ਼ਟ ਸਬੂਤ ਹੈ।

ਰੈਲੀਆਂ ਵਿੱਚ ਲਗਾਏ ਗਏ ਬੈਨਰਾਂ ਉੱਤੇ ਮੰਦਰਾਂ ਦੀਆਂ ਤਸਵੀਰਾਂ ਅਤੇ ਹਿੰਦੂ ਸੱਭਿਆਚਾਰ ਦਾ ਗੁਣਗਾਣ, ਨਮੋ-ਨਮੋ ਦਾ ਪ੍ਰਚਾਰ, ਮੁਸਲਿਮ ਟੋਪੀ ਪਹਿਨਣ ਤੋਂ ਇਨਕਾਰ ਅਤੇ ਮੁਸਲਮਾਨਾਂ ਨੂੰ ਪਾਕਿਸਤਾਨ ਭੇਜਣ ਦੇ ਡਰਾਵੇ ਆਦਿ ਭਾਜਪਾ ਅਤੇ ਮੋਦੀ ਦੇ ਫ਼ਿਰਕੂ ਪੱਤੇ ਦੇ ਸਪਸ਼ਟ ਸੰਕੇਤ ਹਨ। ਇਸ ਸੰਦਰਭ ਵਿੱਚ ਇਹ ਜੱਗ ਜ਼ਾਹਿਰ ਹੈ ਕਿ ਭਾਜਪਾ ਦੀ ਜਿੱਤ ਕੋਈ ਵਿਅਕਤੀਗਤ ਮੋਦੀ ਲਹਿਰ ਨਹੀਂ ਸੀ ਜਿਵੇਂ ਕਿ ਮੀਡੀਏ ਦੇ ਵੱਡੇ ਹਿੱਸੇ ਵੱਲੋਂ ਪ੍ਰਚਾਰਿਆ ਗਿਆ ਹੈ ਸਗੋਂ ਆਰ.ਐੱਸ.ਐੱਸ., ਭਾਜਪਾ ਅਤੇ ਮੋਦੀ ਵੱਲੋਂ ਮਿਥ ਕੇ ਦ੍ਰਿੜ੍ਹਤਾ ਨਾਲ ਹਿੰਦੂ ਪੱਤਾ ਖੇਡ ਕੇ ਮੁਲਕ ਦੀ ਰਾਜ ਸੱਤਾ ਉੱਤੇ ਕਾਬਜ਼ ਹੋਣ ਦੀ ਸੌੜੀ ਰਣਨੀਤੀ-ਰਾਜਨੀਤੀ ਸੀ।

ਇੱਥੇ ਇਹ ਦੱਸਣਾ ਅਣਉਚਿਤ ਨਹੀਂ ਹੋਵੇਗਾ ਕਿ ਭਾਜਪਾ ਦੀ ਧਾਰਮਿਕ ਤੇ ਸਿਧਾਂਤਕ ਸੰਸਥਾ ਆਰ.ਐੱਸ.ਐੱਸ. ਲੰਮੇ ਸਮੇਂ ਤੋਂ ਇਹ ਪੱਤਾ ਖੇਡਣ ਦੀ ਤਾਕਤ ਵਿੱਚ ਸੀ। ਉਸ ਨੇ ਪਹਿਲਾਂ ਵੀ ਕਈ ਵਾਰ ਇਹ ਕੋਸ਼ਿਸ਼ ਕੀਤੀ ਸੀ, ਖ਼ਾਸਕਰ 1992 ਵਿੱਚ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਦੀ ਉਸਾਰੀ ਕਰਨ ਸਮੇਂ, ਪਰ ਸਫ਼ਲ ਨਹੀਂ ਸੀ ਹੋ ਸਕੀ। ਇੰਨਾ ਹੀ ਨਹੀਂ, ਇਸ ਨੇ ਯੂ.ਪੀ. ਅਤੇ ਬਿਹਾਰ ਵਰਗੇ ਸੂਬਿਆਂ ਵਿੱਚ ਧਰਮ ਅਤੇ ਜਾਤੀ ਆਧਾਰਿਤ ਮਜ਼ਬੂਤ ਸੰਕਲਪਾਂ ਨੂੰ ਵੀ ਇੱਕ ਲਕੀਰ ਖਿੱਚ ਕੇ ਵੋਟਾਂ ਬਟੋਰਨ ਦੀ ਕੋਝੀ ਸਿਆਸਤ ਕੀਤੀ ਹੈ ਪਰ ਪ੍ਰਚਾਰਿਆ ਇਸ ਨੂੰ ਇਹ ਸੰਕਲਪ ਤੋੜਨ ਦੀ ਪ੍ਰਾਪਤੀ ਵਜੋਂ ਜਾ ਰਿਹਾ ਹੈ।

ਭਾਜਪਾ ਅਤੇ ਮੋਦੀ ਲਹਿਰ ਦੀ ਅਸਲੀਅਤ ਸਮਝਣ ਦੇ ਨਾਲ-ਨਾਲ ਇਹ ਜਾਣਨਾ ਜ਼ਰੂਰੀ ਹੈ ਕਿ ਆਖ਼ਰ ਆਰ.ਐੱਸ.ਐੱਸ. ਅਤੇ ਭਾਜਪਾ ਦੀ ਰਣਨੀਤੀ ਅਤੇ ਰਾਜਨੀਤੀ ਨੂੰ ਬੂਰ ਕਿਵੇਂ ਪਿਆ? ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤਕ ਬਹੁਤਾ ਸਮਾਂ ਰਾਜਭਾਗ ‘ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਦੁਆਰਾ ਮੁਲਕ ਦੇ ਆਮ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਵੀ ਪੂਰਤੀ ਨਾ ਕੀਤੇ ਜਾਣ ਕਾਰਨ ਲੋਕਾਂ ਵਿੱਚ ਇਸ ਪ੍ਰਤੀ ਗੁੱਸਾ ਕਾਫ਼ੀ ਸਮੇਂ ਤੋਂ ਸੁਲਗ਼ਦਾ ਆ ਰਿਹਾ ਸੀ।

ਇੱਕ-ਦੋ ਵਾਰ ਲੋਕਾਂ ਨੇ ਕਾਂਗਰਸ ਨੂੰ ਥੋੜ੍ਹਾ-ਬਹੁਤਾ ਝਟਕਾ ਦੇ ਕੇ ਇਹ ਗੱਲ ਮਹਿਸੂਸ ਵੀ ਕਰਵਾਈ ਪਰ ਵੰਸ਼ਵਾਦੀ ਸੱਤਾ ਸੁਖ ਵਿੱਚ ਗ਼ਲਤਾਨ ਇਸ ਦੇ ਆਗੂ ਇਹ ਗੱਲ ਸਮਝਣ ਵਿੱਚ ਅਸਫ਼ਲ ਰਹੇ। ਸਿੱਟੇ ਵਜੋਂ ਇੱਕ ਪਾਸੇ ਲੋਕਾਂ ਵਿੱਚ ਅਸੰਤੋਸ਼ ਵਧਦਾ ਗਿਆ ਤੇ ਦੂਜੇ ਪਾਸੇ ਸੰਪਰਦਾਇਕ ਤਾਕਤਾਂ ਮਜ਼ਬੂਤ ਹੁੰਦੀਆਂ ਗਈਆਂ।

ਭ੍ਰਿਸ਼ਟਾਚਾਰ, ਮਹਿੰਗਾਈ, ਕੁਸ਼ਾਸਨ ਅਤੇ ਲੋਕ ਵਿਰੋਧੀ ਨੀਤੀਆਂ ਨੇ ਪਿਛਲੇ ਸਾਲਾਂ ਵਿੱਚ ਕਾਂਗਰਸ ਦੇ ਆਧਾਰ ਨੂੰ ਵੱਡਾ ਖੋਰਾ ਲਾਇਆ। ਇਸ ਕਰਕੇ ਉਸ ਨੂੰ ਰਾਜ ਸੱਤਾ ‘ਤੇ ਕਾਬਜ਼ ਰਹਿਣ ਲਈ ਗੱਠਜੋੜ ਦੀ ਰਾਜਨੀਤੀ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਪਿਛਲੇ ਦਹਾਕੇ ਵਿੱਚ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਬਹੁ-ਕਰੋੜੀ ਘਪਲਿਆਂ, ਅਸਮਾਨ ਛੂਹ ਰਹੀ ਮਹਿੰਗਾਈ, ਸੋਨੀਆ ਦੀ ਕਮਜ਼ੋਰ ਤੇ ਅਲਪ ਦ੍ਰਿਸ਼ਟੀ ਵਾਲੀ ਲੀਡਰਸ਼ਿਪ, ਘੱਟ-ਗਿਣਤੀਆਂ ਨੂੰ ਨਾਲ ਜੋੜਨ ਵਿੱਚ ਅਸਫ਼ਲਤਾ ਅਤੇ ਖੱਬੀਆਂ ਧਿਰਾਂ ਤੋਂ ਦੂਰੀ ਨੇ ਕਾਂਗਰਸ ਨੂੰ ਹਾਸ਼ੀਏ ਉੱਤੇ ਲਿਆ ਖੜ੍ਹਾ ਕੀਤਾ। ਇਸੇ ਸਮੇਂ ਦੌਰਾਨ ਆਪਣੀਆਂ ਗ਼ਲਤੀਆਂ ਕਾਰਨ ਖੱਬੀਆਂ ਧਿਰਾਂ ਦਾ ਕਮਜ਼ੋਰ ਹੋ ਕੇ ਮੁਲਕ ਵਿੱਚੋਂ ਅਪ੍ਰਸੰਗਕ ਹੋ ਜਾਣਾ ਵੀ ਸੰਪਰਦਾਇਕ ਤਾਕਤਾਂ ਦੇ ਵਧਣ-ਫੁੱਲਣ ਵਿੱਚ ਸਹਾਈ ਹੋਇਆ ਹੈ।

ਪਿਛਲੇ ਕੁਝ ਸਾਲਾਂ ਵਿੱਚ ਦਿੱਲੀ, ਯੂ.ਪੀ., ਬਿਹਾਰ, ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪੱਛਮੀ ਰਾਜਾਂ ਸਮੇਤ ਮੁਲਕ ਦੇ ਕਈ ਸੂਬਿਆਂ ਵਿੱਚ ਹੋਏ ਵੱਖ-ਵੱਖ ਕਿਸਮ ਦੇ ਦੰਗਿਆਂ ਨੇ ਸੰਪਰਦਾਇਕ ਵਿਰੋਧ ਨੂੰ ਹੋਰ ਤਿੱਖਾ ਕਰਨ ਵਿੱਚ ਭੂਮਿਕਾ ਨਿਭਾਈ ਹੈ। ਸਿੱਟੇ ਵਜੋਂ ਫ਼ਿਰਕੂ ਭਾਵਨਾਵਾਂ, ਜਾਤੀ ਅਤੇ ਨਸਲੀ ਸੰਕਲਪਾਂ ਉੱਪਰ ਵੀ ਭਾਰੂ ਪੈ ਗਈਆਂ ਜਿਸ ਦਾ ਭਾਜਪਾ ਨੂੰ ਲਾਭ ਪਹੁੰਚਿਆ।

ਅਰਵਿੰਦ ਕੇਜਰੀਵਾਲ ਵੱਲੋਂ ਸਾਲ ਪਹਿਲਾਂ ਆਮ ਆਦਮੀ ਪਾਰਟੀ ਬਣਾ ਕੇ ਇਸ ਡੂੰਘੇ ਸਿਆਸੀ ਖਲਾਅ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਮਾਂ, ਸਾਧਨਾਂ, ਪੂੰਜੀ ਅਤੇ ਲੋੜੀਂਦੇ ਜਥੇਬੰਦਕ ਢਾਂਚੇ ਦੀ ਘਾਟ ਕਾਰਨ ਉਹ ਇਨ੍ਹਾਂ ਚੋਣਾਂ ਵਿੱਚ ਕੋਈ ਜ਼ਿਕਰਯੋਗ ਭੂਮਿਕਾ ਨਿਭਾਉਣ ਤੋਂ ਅਸਮਰੱਥ ਰਿਹਾ।

ਕੁੱਲ ਮਿਲਾ ਕੇ ਕਾਂਗਰਸ ਵਿੱਚ ਆਏ ਨਿਘਾਰ ਅਤੇ ਖੱਬੀਆਂ ਧਿਰਾਂ ਦੇ ਕਮਜ਼ੋਰ ਹੋਣ ਕਾਰਨ ਫ਼ਿਰਕੂ ਤਾਕਤਾਂ ਨੂੰ ਬਲ ਮਿਲਣ ਕਾਰਨ ਮੁਲਕ ਵਿੱਚ ਪੈਦਾ ਹੋਏ ਸਿਆਸੀ ਖਲਾਅ ਤੇ ਮਾਹੌਲ ਵਿੱਚ ਆਰ.ਐੱਸ.ਐੱਸ. ਆਪਣੀ ਸਿਆਸੀ ਪਾਰਟੀ ਭਾਜਪਾ ਰਾਹੀਂ ਇਨ੍ਹਾਂ ਚੋਣਾਂ ਵਿੱਚ ਹਿੰਦੂਤਵ ਦਾ ਆਪਣਾ ਲੁਕਵਾਂ ਸਿਆਸੀ ਏਜੰਡਾ ਲਾਗੂ ਕਰਨ ਵਿੱਚ ਕਾਮਯਾਬ ਹੋ ਗਈ ਹੈ।

ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਇਸ ਏਜੰਡੇ ਲਈ ਧਨ ਤੇ ਸਾਧਨ ਜੁਟਾਉਣ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਮੰਨਦਿਆਂ ਭਾਜਪਾ ਨੇ ਉਸ ਨੂੰ ਇਸ ਮੁਹਿੰਮ ਦਾ ਸੁਪਰੀਮ ਕਮਾਂਡਰ ਥਾਪ ਦਿੱਤਾ। ਉਸ ਨੇ ਲੋਕ ਹਿੱਤਾਂ ਨੂੰ ਪਾਸੇ ਰੱਖ ਕੇ ਕਾਰਪੋਰੇਟ ਜਗਤ ਨੂੰ ਭਾਰੀ ਰਿਆਇਤਾਂ ਦੇ ਕੇ ਖ਼ੁਸ਼ ਕੀਤਾ ਅਤੇ ਇਵਜ਼ ਵਿੱਚ ਚੋਣ ਮੁਹਿੰਮ ਲਈ ਧਨ ਅਤੇ ਸਾਧਨ ਪ੍ਰਾਪਤ ਕਰ ਲਏ। ਉਸ ਦੇ ਚੋਟੀ ਦਾ ਬੁਲਾਰਾ ਅਤੇ ਕੁਸ਼ਲ ਪ੍ਰਬੰਧਕ ਹੋਣ ਨੇ ਸੋਨੇ ‘ਤੇ ਸੁਹਾਗੇ ਦਾ ਕੰਮ ਕੀਤਾ। ਇਨ੍ਹਾਂ ਸਾਰੇ ਮਹੱਤਵਪੂਰਨ ਕਾਰਕਾਂ ਨੇ ਪੂਰਬ ਤੋਂ ਲੈ ਕੇ ਪੱਛਮ ਅਤੇ ਉੱਤਰ ਤੋਂ ਦੱਖਣ ਤਕ ਭਾਜਪਾ ਦੀ ਚੋਣ ਮੁਹਿੰਮ ਨੂੰ ਇੱਕ ਲਹਿਰ ਵਿੱਚ ਤਬਦੀਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਮੰਜ਼ਿਲ ਸਰ ਕਰ ਲਈ ਹੈ।

ਧਰਮ, ਜਾਤੀ, ਫ਼ਿਰਕੇ ਅਤੇ ਨਸਲੀ ਵਖਰੇਵੇਂ ਸਾਡੇ ਮੁਲਕ ਦੀ ਅਨੇਕਤਾ ਵਿੱਚ ਏਕਤਾ ਦਾ ਵਿਲੱਖਣ ਲੱਛਣ ਹਨ। ਗ਼ਰੀਬੀ, ਅਨਪੜ੍ਹਤਾ ਅਤੇ ਚੇਤਨਾ ਦੀ ਘਾਟ ਕਾਰਨ ਇਹ ਸੰਕਲਪ ਸਾਡੇ ਮੁਲਕ ਦੇ ਬਹੁਗਿਣਤੀ ਲੋਕਾਂ ਦੀਆਂ ਮਾਨਸਿਕ ਡੂੰਘਾਈਆਂ ਵਿੱਚ ਹਾਲੇ ਵੀ ਘਰ ਕਰੀਂ ਬੈਠੇ ਹਨ। ਭਾਜਪਾ, ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੀਆਂ ਪਾਰਟੀਆਂ ਇਨ੍ਹਾਂ ਦਾ ਸਮੇਂ-ਸਮੇਂ ਸਿੱਧੇ ਰੂਪ ਵਿੱਚ ਜਦੋਂਕਿ ਕਾਂਗਰਸ ਸਮੇਤ ਕੁਝ ਹੋਰ ਖੇਤਰੀ ਪਾਰਟੀਆਂ ਅਸਿੱਧੇ ਰੂਪ ਵਿੱਚ ਲਾਭ ਉਠਾਉਂਦੀਆਂ ਆ ਰਹੀਆਂ ਹਨ। ਇਨ੍ਹਾਂ ਸੰਕਲਪਾਂ ਨੂੰ ਹਵਾ ਦੇ ਕੇ ਵੋਟਾਂ ਬਟੋਰਨ ਦਾ ਰੁਝਾਨ ਭਾਰਤੀ ਜਮਹੂਰੀਅਤ ਲਈ ਅਤਿਅੰਤ ਖ਼ਤਰਨਾਕ ਹੈ। ਇਸ ਕੋਝੀ ਅਤੇ ਲੋਕ ਵਿਰੋਧੀ ਸਿਆਸਤ ਦੇ ਸਿੱਟੇ ਭਾਵੇਂ ਹਾਲ ਦੀ ਘੜੀ ਸਪਸ਼ਟ ਨਜ਼ਰ ਨਹੀਂ ਆ ਰਹੇ ਪਰ ਨੇੜਲੇ ਭਵਿੱਖ ਵਿੱਚ ਇਸ ਦੇ ਮਾਰੂ ਨਤੀਜਿਆਂ ਤੋਂ ਦੇਸ਼ ਵਾਸੀਆਂ ਦਾ ਬਚਣਾ ਮੁਸ਼ਕਿਲ ਹੋ ਜਾਵੇਗਾ।

ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਕੀ ਫ਼ਿਰਕੂ ਪੱਤੇ ਜ਼ਰੀਏ ਵੋਟਾਂ ਬਟੋਰ ਕੇ ਰਾਜ-ਸੱਤਾ ‘ਤੇ ਕਾਬਜ਼ ਹੋਣ ਦੀ ਰਾਜਨੀਤੀ ਦਰੁਸਤ ਹੈ। ਕੀ ਮੁਲਕ ਦੇ ਧਰਮ ਨਿਰਪੱਖਤਾ ਦੇ ਸੰਵਿਧਾਨਕ ਅਤੇ ਲੋਕ ਪੱਖੀ ਸੰਕਲਪਾਂ ਨੂੰ ਸੱਤਾ ਪ੍ਰਾਪਤੀ ਲਈ ਤਾਕ ‘ਤੇ ਲਾਉਣਾ ਉਚਿਤ ਹੈ? ਕੀ ਕਾਰਪੋਰੇਟ ਜਗਤ ਤੋਂ ਲਏ ਗਏ ਭਾਰੀ ਫੰਡਾਂ ਨਾਲ ਚੋਣਾਂ ਜਿੱਤ ਕੇ ਸੱਤਾ ‘ਤੇ ਕਾਬਜ਼ ਹੋ ਕੇ ਭਾਜਪਾ ਉਨ੍ਹਾਂ ਦੇ ਹਿੱਤਾਂ ਨੂੰ ਦੁਰਕਾਰ ਕੇ ਲੋਕ ਹਿੱਤਾਂ ਦੀ ਪਹਿਰੇਦਾਰੀ ਕਰ ਸਕੇਗੀ? ਕੀ ਭਾਰਤੀ ਜਮਹੂਰੀਅਤ ਨੂੰ ਦਾਗ਼ੀਆਂ, ਅਪਰਾਧੀਆਂ, ਬਾਹੂਬਲੀਆਂ ਅਤੇ ਧਨ-ਕੁਬੇਰਾਂ ਤੋਂ ਛੁਟਕਾਰਾ ਮਿਲ ਸਕੇਗਾ? ਕੀ ਹਜ਼ਾਰਾਂ ਕਰੋੜਾਂ ਰੁਪਏ ਦੇ ਖ਼ਰਚ ਨਾਲ ਸੰਪੰਨ ਹੋਈਆਂ ਚੋਣਾਂ ਨਾਲ ਹੋਈ ਸੱਤਾ ਤਬਦੀਲੀ ਮੁਲਕ ਦੇ ਆਮ ਲੋਕਾਂ ਦੀ ਹਾਲਤ ਵੀ ਬਦਲੇਗੀ ਅਤੇ ਕੀ ਆਮ ਲੋਕਾਂ ਨੂੰ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਗ਼ਰੀਬੀ ਜਿਹੀਆਂ ਅਲਾਮਤਾਂ ਤੋਂ ਮੁਕਤੀ ਮਿਲ ਸਕੇਗੀ?

ਇਸ ਚੋਣ ਸੰਗਰਾਮ ਦੇ ਸਮੁੱਚੇ ਅਧਿਐਨ ਤੋਂ ਜਾਪਦਾ ਹੈ ਕਿ ਇਹ ਮਹਿਜ਼ ਸੱਤਾ ਤਬਦੀਲੀ ਹੀ ਸਿੱਧ ਹੋਵੇਗੀ ਜਿਸ ਵਿੱਚ ਪਹਿਲਾਂ ਵਾਂਗ ਹੀ ਸਿਆਸੀ ਨੇਤਾ ਜਿੱਤ ਗਏ ਹਨ ਅਤੇ ਆਮ ਲੋਕਾਂ ਦੀ ਹਾਰ ਹੋਈ ਹੈ ਜੋ ਕਿ ਭਾਰਤੀ ਜਮਹੂਰੀਅਤ ਦਾ ਇੱਕ ਨਕਾਰਾਤਮਕ ਪਹਿਲੂ ਹੀ ਕਿਹਾ ਜਾ ਸਕਦਾ ਹੈ। ਇਸ ਤਬਦੀਲੀ ਨਾਲ ਕੌਮੀ ਅਤੇ ਸੂਬਾ ਪੱਧਰ ‘ਤੇ ਕੁਝ ਸਿਆਸੀ ਪਾਰਟੀਆਂ ਵਿੱਚ ਟੁੱਟ-ਭੱਜ ਅਤੇ ਨਵੇਂ ਸਮੀਕਰਨ ਬਣ ਸਕਦੇ ਹਨ ਪਰ ਆਮ ਲੋਕਾਂ ਨੂੰ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਗ਼ਰੀਬੀ ਜਿਹੀਆਂ ਅਲਾਮਤਾਂ ਤੋਂ ਛੁਟਕਾਰਾ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਘੱਟ-ਗਿਣਤੀਆਂ, ਅਮਨ-ਸ਼ਾਂਤੀ ਅਤੇ ਮੁਲਕ ਦੀ ਏਕਤਾ ਤੇ ਅਖੰਡਤਾ ਨੂੰ ਜ਼ਰਬ ਆਉਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਮੁਲਕ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਦੀ ਵਾਗਡੋਰ ਸੌਂਪ ਕੇ ਆਪਣਾ ਫ਼ਰਜ਼ ਨਿਭਾ ਦਿੱਤਾ ਹੈ ਅਤੇ ਹੁਣ ਭਾਜਪਾ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਕਰੇ ਤੇ ਆਸਾਂ ‘ਤੇ ਖ਼ਰੀ ਉਤਰੇ। ਦੂਜੇ ਪਾਸੇ ਇਸ ਸਿਆਸੀ ਜੰਗ ਵਿੱਚ ਹਾਰ ਖਾ ਚੁੱਕੀਆਂ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੂੰ ਸੰਜੀਦਗੀ ਨਾਲ ਆਤਮ ਚਿੰਤਨ ਕਰਨ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਕਿਉਂਕਿ ਬਦਲੇ ਹੋਏ ਹਾਲਾਤ ਵਿੱਚ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,