ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਬਾਦਲਕੇ ਹਿੰਦ ਨਵਾਜ਼ ‘ਆਪ’ ਅਤੇ ਆਜ਼ਾਦੀ-ਪਸੰਦ ਸਿੱਖ ਜਥੇਬੰਦੀਆਂ ਵਿਚਾਲੇ ਫਰਕ ਕਰਨਾ ਸਿੱਖਣ : ਦਲ ਖ਼ਾਲਸਾ

January 30, 2017 | By

ਚੰਡੀਗੜ੍ਹ: ਦਲ ਖ਼ਾਲਸਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਕਿ, “ਆਪ ਅਤੇ ਗਰਮਖਿਆਲੀ ਦੋਵੇਂ ਇੱਕ-ਮਿਕ ਹਨ” ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਪਾਰਟੀ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਇਸ ਬੇਬੁਨਿਆਦ ਦੋਸ਼ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਦਲ ਇਹ ਸਭ ਹਿੰਦੂਆਂ ਦੇ ਮਨਾਂ ਵਿਚ ਡਰ ਪੈਦਾ ਕਰਨ ਲਈ ਕਰ ਰਹੇ ਹਨ। ਉਹਨਾਂ ਕਿਹਾ ਕਿ ਬਾਦਲ ਸ਼ਰਾਰਤ ਵਿਚੋਂ ਆਪ ਅਤੇ ਗਰਮਖਿਆਲੀਆਂ ਨੂੰ ਨੱਥੀ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਫਿਰਾਕ ਵਿੱਚ ਹਨ।

ਉਹਨਾਂ ਕਿਹਾ ਕਿ ਆਪ ਅਤੇ ਸਿੱਖ-ਆਜ਼ਾਦੀ ਪਸੰਦ ਜਥੇਬੰਦੀਆਂ ਜਿਹਨਾਂ ਨੂੰ ਭਾਰਤੀ ਰਾਜ ਅਤੇ ਮੀਡੀਆ “ਗਰਮਖਿਆਲੀ ਜਾਂ ਵੱਖਵਾਦੀ” ਵਜੋਂ ਪੇਸ਼ ਕਰਦਾ ਹੈ ਉਹਨਾਂ ਵਿਚਾਲੇ ਬਹੁਤ ਅੰਤਰ ਹੈ। ਉਹਨਾਂ ਇਸ ਅੰਤਰ ਦਾ ਖੁਲਾਸਾ ਕਰਦਿਆਂ ਕਿਹਾ ਕਿ ਆਪ ਰਾਸ਼ਟਰਵਾਦੀ ਕਿਰਦਾਰ ਵਾਲੀ ਹਿੰਦ ਨਵਾਜ਼ ਪਾਰਟੀ ਹੈ ਜਦਕਿ ਸਿੱਖ ਅਜ਼ਾਦੀ ਪੱਖੀ ਜਥੇਬੰਦੀਆਂ ਭਾਰਤ ਤੋਂ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਪੰਜਾਬ ਸਿਰਜਣ ਲਈ ਸੰਘਰਸ਼ ਕਰ ਰਹੀਆਂ ਹਨ।

ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਮੀਡੀਆ ਨਾਲ ਗੱਲ ਕਰਦੇ  ਹੋਏ (ਫਾਈਲ ਫੋਟੋ)

ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਉਹਨਾਂ ਕਿਹਾ ਕਿ ਅਸੀਂ ਨਾ ਤਾਂ ‘ਆਪ’ ਪਾਰਟੀ ਦੇ ਸਮਰਥਕ ਹਾਂ ਅਤੇ ਨਾ ਹੀ ਇਸ ਨਵੀਂ ਜਨਮੀ ਪਾਰਟੀ ਨੂੰ ਪੰਜਾਬ-ਹਿਤੈਸ਼ੀ ਅਤੇ ਪੰਥ-ਹਿਤੈਸ਼ੀ ਮੰਨਦੇ ਹਾਂ।

ਉਹਨਾਂ ਗੱਲ ਨੂੰ ਹੋਰ ਸਾਫ ਕਰਦਿਆਂ ਕਿਹਾ ਕਿ ਭਾਰਤੀ ਸਟੇਟ ਅਤੇ ਮੁੱਖਧਾਰਾ ਵਾਲੇ ਮੀਡੀਆ ਦੇ ਪੈਮਾਨੇ ਅਨੁਸਾਰ ਅਜ਼ਾਦੀ-ਪਸੰਦ ਧਿਰਾਂ ਦੀ ਸੂਚੀ ਵਿਚ ਸਿਰਫ ਦੋ ਹੀ ਪਾਰਟੀਆਂ ਪ੍ਰਮੁੱਖ ਰੂਪ ਵਿੱਚ ਸ਼ਾਮਿਲ ਹਨ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ। “ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਆਪਣੇ ਪੱਧਰ ‘ਤੇ ਚੋਣਾਂ ਲੜ ਰਹੇ ਹਨ ਜਦਕਿ ਦਲ ਖ਼ਾਲਸਾ ਨੇ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।”

ਉਹਨਾਂ ਕਿਹਾ ਕਿ ਦਲ ਖਾਲਸਾ ਦਾ ਮੰਨਣਾ ਹੈ ਕਿ ਭਾਰਤੀ ਚੋਣ ਪ੍ਰਣਾਲੀ ਇਕ ਛਲਾਵਾ ਹੈ ਅਤੇ ਚੋਣਾਂ ਕਦੇ ਵੀ ਅਜ਼ਾਦੀ ਦੇ ਨਿਸ਼ਾਨੇ ਦਾ ਬਦਲ ਨਹੀਂ ਬਣ ਸਕਦੀਆਂ। ਅਸੀਂ ਸਿਧਾਂਤਕ ਤੌਰ ‘ਤੇ ਭਾਰਤੀ ਨਿਜ਼ਾਮ ਅਧੀਨ ਹੁੰਦੀਆਂ ਪਾਰਲੀਮਾਨੀ ਅਤੇ ਵਿਧਾਨ ਸਭਾ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।

ਉਹਨਾਂ ਦਸਿਆ ਕਿ ‘ਆਪ’ ਅੰਦਰ ਹਾਲ ਹੀ ਵਿੱਚ ਸ਼ਾਮਿਲ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਵਕੀਲ ਜਸਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਭੌਰ ਦੋਵੇਂ ਅਕਾਲੀ ਪਿਛੋਕੜ ਤੋਂ ਹਨ। ਉਹ ਦੋਨੋ ਆਪ ਦੇ ਸਮਰਥਕ ਬਣਨ ਤੋਂ ਪਹਿਲਾਂ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਹਿੱਸਾ ਸਨ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਹੀ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ‘ਆਪ’ ਨਾਲ ਜੁੜੇ ਉਹਨਾਂ ਨੂੰ ਗਰਮਖਿਆਲੀ ਗਰਦਾਨ ਦਿੱਤਾ ਗਿਆ।

ਉਹਨਾਂ ਮੰਨਿਆ ਕਿ ਇਹਨਾਂ ਤੋਂ ਇਲਾਵਾ ਕੁਝ ਹੋਰ ਨਾਮਵਾਰ ਪ੍ਰਚਾਰਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਢਾਹ ਲਾਉਣ ਕਾਰਨ ਬਾਦਲਾਂ ਨੂੰ ਸਬਕ ਸਿਖਾਉਣ ਲਈ ਆਪ ਨੂੰ ਇਕ ਬਦਲ ਵਜੋਂ ਚੁਣਿਆ ਹੈ। ਉਹਨਾਂ ਕਿਹਾ, “ਇਹਨਾਂ ਵਿਅਕਤੀਆਂ ਨੂੰ ਵੱਧ ਤੋਂ ਵੱਧ ਸੁਧਾਰਵਾਦੀ ਜਾਂ ਸਿਦਕੀ ਸਿੱਖ ਕਿਹਾ ਜਾ ਸਕਦਾ ਹੈ ਜਿਨ੍ਹਾਂ ਅੰਦਰ ਪੰਥ ਦਾ ਦਰਦ ਹੈ ਨਾ ਕਿ ਕਿਸੇ ਵੀ ਪੈਮਾਨੇ ਨਾਲ ਗਰਮਖਿਆਲੀ ਜਾਂ ਆਜ਼ਾਦੀ-ਪਸੰਦ”।

ਬਾਦਲਾਂ ਵਲੋਂ ਪ੍ਰਗਟ ਕੀਤੇ ਜਾ ਰਹੇ ਕਾਲਪਨਿਕ ਖਦਸ਼ੇ ਕਿ ਜੇ ਉਹਨਾਂ ਦੀ ਪਾਰਟੀ ਸੱਤਾ ਤੋਂ ਬਾਹਰ ਹੋਈ ਤਾਂ ਪੰਜਾਬ ਮੁੜ ਗੜਬੜ ਵਾਲੇ ਦੌਰ ਵੱਲ ਮੁੜ ਜਾਵੇਗਾ ‘ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਬਾਦਲਾਂ ਦੇ ਕੁਸ਼ਾਸਨ ਵਿਚ ਪਿਛਲੇ ਸਾਲ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਸਮੇਤ ਪੰਜਾਬ ਦੇ ਲੋਕਾਂ ਨੇ ਬਹੁਤ ਮਾੜਾ ਸਮਾਂ ਦੇਖਿਆ ਹੈ ਅਤੇ ਰੱਬ ਨੂੰ ਮੰਨਣ ਵਾਲਾ ਹਰ ਇਨਸਾਨ ਦੁਖੀ ਹੈ।

ਉਹਨਾਂ ਵਿਅੰਗ ਕਸਦਿਆਂ ਬਾਦਲ ਨੂੰ ਪੁਛਿਆ ਕਿ ਉਹ ਦੱਸਣ ਜਦ ਉਹਨਾਂ 1982 ਵਿੱਚ ਸੰਵਿਧਾਨ ਦੀ ਧਾਰਾ 25 ਨੂੰ ਸਾੜਿਆ ਸੀ ਤਾਂ ਕਿ ਉਹਨਾਂ ਦਾ ਕਦਮ ਗਰਮਪੰਥੀ ਵਾਲਾ ਸੀ ਜਾਂ ਨਰਮਪੰਥੀ ਵਾਲਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,