ਚੋਣਵੀਆਂ ਲਿਖਤਾਂ » ਲੇਖ » ਸਿੱਖ ਇਤਿਹਾਸਕਾਰੀ

ਸਾਕਾ ਚਮਕੌਰ ਸਾਹਿਬ – ਪ੍ਰੋ. ਹਰਿੰਦਰ ਸਿੰਘ ਮਹਿਬੂਬ

December 19, 2019 | By

….. (ਆਨੰਦਪੁਰ ਦੀ) ਜੰਗ ਮੁੱਕਣ ਵਿਚ ਨਹੀਂ ਸੀ ਆਉਂਦੀ। ਅੰਤ ਨੂੰ ਤੰਗ ਪੈ ਕੇ ਮੁਗਲਾਂ ਅਤੇ ਪਹਾੜੀਆਂ ਨੇ ਗੁਰੂ ਜੀ ਨੂੰ ਆਨੰਦਪੁਰ ਵਿਚੋਂ ਕੱਢਣ ਲਈ ਇਕ ਚਾਲ ਚੱਲੀ। ਉਹਨਾਂ ਨੇ ਸ਼ਹਿਨਸ਼ਾਹ ਕੋਲੋਂ ਇਕ ਪਰਵਾਨਾ ਲਿਆਂਦਾ, ਕਿ ਜੇ ਗੁਰੂ ਸਾਹਿਬ ਆਨੰਦਪੁਰ ਨੂੰ ਇਕ ਵਾਰ ਛੱਡ ਦੇਣ ਤਾਂ ਉਹਨਾਂ ਨੂੰ ਕੁਝ ਨਹੀਂ ‘ ਕਿਹਾ ਜਾਵੇਗਾ, ਅਤੇ ਉਹਨਾਂ ਨੂੰ ਮਨਮਰਜ਼ੀ ਨਾਲ ਜਿੱਥੇ ਚਾਹੁਣ ਜਾਣ ਦਿੱਤਾ ਜਾਵੇਗਾ…...

ਸਰਹਿੰਦ, ਲਾਹੌਰ ਅਤੇ ਕਸ਼ਮੀਰ ਦੇ ਸੂਬੇਦਾਰਾਂ ਨੇ ਗੁਰੂ ਜੀ ਵੱਲ ਇਹ ਸ਼ਹਿਨਸ਼ਾਹੀ ਪਰਵਾਨਾ ਅਤੇ ਆਪਣੇ ਦਸਤਖਤਾਂ ਹੇਠ ਇਕ ਚਿੱਠੀ ਭੇਜੀ। ਇਸ ਦੇ ਨਾਲ ਹੀ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਉਸ ਨੂੰ ਸਮੇਤ ਇਕ ਲਿਖਤੀ ਸੌਂਹ ਦੇ ਗੁਰੂ ਜੀ ਵੱਲ ਭੇਜਿਆ। ਇਹ ਵੇਖ ਕੇ ਸਿੰਘਾਂ ਨੇ ਕਲਗੀਆਂ ਵਾਲੇ ਨੂੰ ਰਲ ਕੇ ਬੇਨਤੀਆਂ ਕੀਤੀਆਂ ਕਿ ਆਨੰਦਪੁਰ ਨੂੰ ਛੱਡ ਜਾਣਾ ਹੀ ਠੀਕ ਹੈ। ਉਹਨਾਂ ਨੂੰ ਆਪਣਾ ਨਹੀਂ, ਆਪਣੇ ਗੁਰੂ ਦੀ ਸਲਾਮਤੀ ਦਾ ਫਿਕਰ ਸੀ…...

ਗੁਰੂ ਜੀ ਨੇ ਮੁਗਲ ਫੌਜਾਂ ਦੇ ਸਿਪਾਹ ਸਾਲਾਰ ਵੱਲ ਆਪਣੇ ਆਨੰਦਪੁਰ ਛੱਡਣ ਦੀ ‘ਹਾਂ’ ਭੇਜ ਦਿੱਤੀ। ਵੈਰੀ ਨੇ ਸਲਾਹਨਾਮੇ ਅਧੀਨ ਥੋੜਾ ਜਿਹਾ ਦਰਿਆ ਵਾਲਾ ਪਾਸਾ ਅਤੇ ਕਾਫੀ ਸਾਰਾ ਥਾਂ ਕੀਰਤਪੁਰ ਵਾਲੇ ਪਾਸਿਓਂ ਖਾਲੀ ਕਰ ਦਿੱਤਾ।

ਰਾਤ ਦੇ ਪਹਿਲੇ ਪਹਿਰ ਕਲਗੀਆਂ ਵਾਲੇ ਨੇ ਆਨੰਦਪੁਰ ਨੂੰ ਸਦਾ ਲਈ ਛੱਡ ਦਿੱਤਾ। ਜਿਉਂਦੇ ਸਿੰਘਾਂ ਦੀ ਗਿਣਤੀ ਹਜ਼ਾਰ ਨਾਲੋਂ ਕੁਝ ਜ਼ਿਆਦਾ ਸੀ। ਖਾਲਸੇ ਨੇ ਬੰਦੂਕਾਂ, ਤੀਰਾਂ, ਤੇਗਾਂ ਅਤੇ ਬਰਛੀਆਂ ਦੇ ਸਿਵਾ ਹੋਰ ਕੋਈ ਚੀਜ਼ ਆਪਣੇ ਨਾਲ ਨਾਂਹ ਲਈ। ਕੁਝ ਘੋੜ ਸਵਾਰ ਸਨ ਪਰ ਵੱਡੀ ਗਿਣਤੀ ਪੈਦਲ ਸਿੰਘਾਂ ਦੀ ਸੀ। ਕੀਰਤਪੁਰ ਵਾਲੇ ਪਾਸੇ ਦੁਸ਼ਮਣ ਨੇ ਗੁਰੂ ਜੀ ਨੂੰ ਲੰਘਣ ਲਈ ਰਾਹ ਦਿੱਤਾ ਹੋਇਆ ਸੀ। ਗੁਰੂ ਜੀ ਸਿੰਘਾਂ ਦੇ ਵਿਚਕਾਰ ਸਨ ਅਤੇ ਵੱਡੇ ਸਾਹਿਬਜ਼ਾਦੇ ਸਭ ਤੋਂ ਪਿਛਲੇ ਜੱਥੇ ਨਾਲ। ਗੁਰੂ ਜੀ ਅਤੇ ਸਿੰਘਾਂ ਦਾ ਇਹ ਨਿੱਕਾ ਜੇਹਾ ਕਾਫਲਾ ਜਲਦੀ ਹੀ ਮੁਗ਼ਲ ਫੌਜਾਂ ਦੀ ਪਹਿਲੀ ਮਾਰ ਤੋਂ ਅੱਗੇ ਲੰਘ ਗਿਆ। ਦੁਸ਼ਮਣ ਜਾਗ ਰਿਹਾ ਸੀ ਪਰ ਹਮਲਾ ਕਰਨ ਦੇ ਸਮੇਂ ਬਾਰੇ ਸ਼ਸ਼ੋਪੰਜ ਵਿਚ ਸੀ। ਗੁਰੂ ਜੀ ਦੇ ਅੱਗੇ-ਪਿੱਛੇ ਹੋਣ ਦਾ  ਸਹੀ ਪਤਾ ਨਾ ਹੋਣਾ, ਸਿੰਘਾਂ ਦੀ ਗਿਣਤੀ ਅਤੇ ਜੰਗੀ ਤਰਤੀਬ ਦਾ ਠੀਕ ਅਨੁਮਾਨ ਨਾ ਲੱਗ ਸਕਣਾ-ਦੁਸ਼ਮਣ ਦੇ ਦੇਰੀ ਨਾਲ ਹਮਲਾ ਕਰਨ ਦੇ ਕੁਝ ਹੋਰ ਕਾਰਨ ਸਨ ।

ਜਦ ਕਲਗੀਆਂ ਵਾਲੇ ਨੇ ਆਨੰਦਪੁਰ ਛੱਡਿਆ ਸੀ ਉਦੋਂ ਦਸੰਬਰ ਦਾ ਤੀਸਰਾ ਸਾਤਾ ਚੱਲ ਰਿਹਾ ਸੀ, ਅਤੇ ਸਤਾਰਾਂ ਸੌ ਚਾਰ ਈਸਵੀ ਦਾ ਮੀਂਹ ਵਰਿਆ ਸੀ, ਕੋਈ ਠੰਢੀ ਪੌਣ ਜਿਸਮਾਂ ਨੂੰ ਚੀਰਦੀ ਜਾ ਰਹੀ ਸੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਹਨੇਰੇ ਵਿਚ ਨਗਰ ਵੱਲ ਤਿੰਨ ਵਾਰ ਮੁੜ ਕੇ ਵੇਖਿਆ ਸੀ। ਇੱਕ ਸਿੰਘ ਦੇ ਪੁੱਛਣ ਉਤੇ ਉਹਨਾਂ ਕੇਵਲ ਐਨਾ ਹੀ ਆਖਿਆ, “ਮੈਂ ਇਹ ਪਿਆਰੀਆਂ ਥਾਂਵਾਂ ਨੂੰ ਜ਼ਿੰਦਗੀ ਵਿਚ ਫੇਰ ਨਹੀਂ ਵੇਖਣਾ।”

ਗੁਰਦੁਆਰਾ ਗੜੀ ਸਾਹਿਬ( ਚਮਕੌਰ ਸਾਹਿਬ)

ਜਦ ਗੁਰੂ ਜੀ ਮੁਗਲ ਅਤੇ ਪਹਾੜੀ ਲਸ਼ਕਰਾਂ ਨੂੰ ਪਾਰ ਕਰਕੇ ਦੋ ਕੁ ਮੀਲ ਅੱਗੇ ਗਏ, ਤਾਂ ਪਿਛਲੇ ਪਾਸਿਉਂ ਤੋਪਾਂ ਦੇ ਗੋਲੇ ਵਰਨ ਲੱਗੇ। ਵੈਰੀਆਂ ਨੇ ਆਪਣੇ ਸਾਰੇ ਇਕਰਾਰ ਤੋੜ ਕੇ ਹਮਲਾ ਕਰ ਦਿੱਤਾ। ਇਹ ਹਮਲਾ ਭੱਜ-ਦੌੜ ਕਾਹਲ ਅਤੇ ਸ਼ੋਰ-ਸ਼ਰਾਬੇ ਨਾਲ ਭਰਿਆ ਸੀ, ਇਸ ਵਿਚ ਅੱਗੇ ਵਧਣ ਦੀ ਕੋਈ ਤਰਤੀਬ ਨਹੀਂ ਸੀ, ਭਾਵੇਂ ਇਸ ਦੇ ਵੇਗ ਵਿਚ ਆਪਣੀ ਭਾਰੀ ਗਿਣਤੀ ਦਾ ਹੌਸਲਾ, ਜ਼ੋਰ ਅਤੇ ਹੰਕਾਰ ਕੰਮ ਕਰ ਰਿਹਾ ਸੀ। ਪਹਿਲੇ ਹਮਲੇ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੇ ਦੋ ਕੁ ਸੌ ਸਿੰਘਾਂ ਦੀ ਮਦਦ ਨਾਲ ਠੱਲਿਆ। ਸਰਸਾ ਤੱਕ ਜੰਗ ਹੁੰਦੀ ਗਈ। ਕਦਮ-ਕਦਮ ਉਤੇ ਸਿੰਘਾਂ ਨੇ ਵੈਰੀ-ਦਲਾਂ ਦੀ ਕਾਂਗ ਨੂੰ ਆਪਣੀਆਂ ਤੇਗਾਂ ਦੇ ਕਹਿਰ ਨਾਲ ਥੰਮਿਆ। ਠਰੀ ਰਾਤ ਦੇ ਆਸਮਾਨ ਹੇਠ ਸਬਰ ਨੇ ਇਕ ਅਜੀਬ ਹੁਸਨ ਪੈਦਾ ਕੀਤਾ (ਸਿੰਘਾਂ ਦੀ ਰੂਹ ਵਿਚ ਜਿਵੇਂ ਦਸਮੇਸ਼ ਦੇ ਨਸ਼ੇ ਨੇ ਕਮਾਨ ਖਿੱਚੀ ਹੋਵੇ) ਉਹ ਅਕਲ ਅਤੇ ਜੌਹਰ ਦੇ ਕਿਸੇ ਆਖਰੀ ਕਮਾਲ ਨੂੰ ਵਿਖਾ ਰਹੇ ਸਨ। ਸਰਸਾ ਤੱਕ ਪਹੁੰਚਦੇ ਪਹੁੰਚਦੇ ਸੈਂਤੀ ਅਠੱਤੀ ਸਿੰਘਾਂ, ਦੋਵਾਂ ਵੱਡੇ ਸਾਹਿਬਜ਼ਾਦਿਆਂ ਅਤੇ ਗੁਰੂ ਜੀ ਨੂੰ ਛੱਡ ਕੇ ਇਕ ਵਾਰ ਦੁਸ਼ਮਣ ਦੇ ਵੇਗ ਨੂੰ ਪੂਰੀ ਤਰ੍ਹਾਂ ਬੰਨ੍ਹ ਕੇ, ਤੇਗਾਂ ਦੇ ਧਨੀ ਬਾਕੀ ਕੁਲ ਸਿੰਘਾਂ ਨੇ ਸ਼ਹੀਦੀਆਂ ਪਾ ਲਈਆਂ…

ਗੁਰੂ ਜੀ ਚਾਲੀ ਸਿੰਘ ਘੋੜ ਸੁਆਰਾਂ ਸਮੇਤ ਵਜਰ ਵੇਲੇ ਚਮਕੌਰ ਪਿੰਡ ਪਹੁੰਚੇ…. ਪਿੰਡ ਦੇ ਇਕ ਪਾਸੇ ਇਕ ਮਜ਼ਬੂਤ ਹਵੇਲੀ ਸੀ, ਜਿਸਨੂੰ ਲੋਕ ਕੱਚੀ ਗੜ੍ਹੀ ਆਖਦੇ ਸਨ। ਇਸ ਦੇ ਉੱਚੇ ਅਤੇ ਤਗੜੇ ਕੋਟ ਦੇ ਪਿੱਛੇ ਕੁਝ ਹੋਰ ਮਕਾਨ ਸਨ। ਜਿੱਧਰ ਗੜੀ ਦਾ ਦਰਵਾਜ਼ਾ ਖੁੱਲ੍ਹਦਾ ਸੀ ਉਸ ਅੱਗੇ ਮਕਾਨਾਂ ਦੀਆਂ ਦੋ ਕਤਾਰਾਂ ਸਨ, ਜਿਨ੍ਹਾਂ ਅੱਗੋਂ ਦੋ ਭੀੜੀਆਂ ਗਲੀਆਂ ਲੰਘਦੀਆਂ ਸਨ। ਜਦ ਸੂਰਜ ਉੱਚਾ ਹੋਇਆ, ਗੁਰੂ ਜੀ ਨੇ ਇਸ ਦੇ ਮਾਲਕ ਤੋਂ ਗੜੀ ਦਾ ਕਬਜ਼ਾ ਮੰਗਿਆ। ਮਨਜ਼ੂਰੀ ਮਿਲਣ ਉਤੇ ਸਿੰਘਾਂ ਨੇ ਘੋੜਿਆਂ ਸਮੇਤ ਗੜੀ ਦੇ ਵੱਡੇ ਦਰਵਾਜ਼ੇ ਥਾਣੀ ਪਰਵੇਸ਼ ਕੀਤਾ, ਘੋੜਿਆਂ ਤੋਂ ਗੋਲੀ-ਸਿੱਕਾ ਅਤੇ ਤੀਰਾਂ ਨੂੰ ਉਤਾਰਿਆ ਅਤੇ ਲੋੜ ਪੈਣ ਉਤੇ ਗੜੀ ਵਿਚ ਬੈਠ ਕੇ ਜੰਗ ਕਰਨ ਦੀ ਵਿਧੀ ਉਤੇ ਵਿਚਾਰ ਕੀਤੀ।

ਸਰਸਾ ਦੇ ਭਾਰੀ ਘਮਸਾਨ ਤੋਂ ਗੁਰੂ ਜੀ ਦੇ ਬਚ ਨਿਕਲਣ ਦਾ ਪਤਾ ਦੁਸ਼ਮਣਾਂ ਨੂੰ ਆਥਣ ਵੇਲੇ ਤਕ ਲੱਗ ਗਿਆ । ਰਾਹ ਦੇ ਪਿੰਡਾਂ ਤੋਂ ਪੁਛਦਿਆਂ-ਪੁਛਦਿਆਂ ਉਹਨਾਂ ਨੂੰ ਗੁਰੂ ਜੀ ਦੇ ਚਮਕੌਰ ਠਹਿਰੇ ਹੋਣ ਦੀ ਖਬਰ ਵੀ ਪਹੁੰਚ ਗਈ। ਸੋ ਰਾਤ ਦੇ ਸਮੇਂ ਮੁਗ਼ਲ ਅਤੇ ਪਹਾੜੀ ਫੌਜਾਂ ਨੇ ਚਮਕੌਰ ਦਾ ਘੇਰਾ ਮੁਕੰਮਲ ਕਰ ਲਿਆ ਅਤੇ ਫਜ਼ਰ ਹੋਣ ਦੀ ਉਡੀਕ ਕਰਨ ਲੱਗੇ । ਫੌਜ ਦੀ ਅਗਵਾਈ ਨਾਹਰ ਖਾਂ ਅਤੇ ਖੁਆਜਾ ਜਫਰ ਬੇਗ ਕਰ ਰਹੇ ਸਨ।

ਦਿਨ ਚੜ੍ਹਨ ਪਿੱਛੋਂ ਤੇਗਾਂ, ਤੀਰਾਂ ਅਤੇ ਤੁਫੰਗਾਂ ਨਾਲ ਦੁਸ਼ਮਣ ਹਨੇਰੀ ਵਾਂਗ ਗੜੀ ਦੇ ਵੱਡੇ ਦਰਵਾਜ਼ੇ ਵੱਲ ਆਇਆ, ਪਰ ਪਿੰਡ ਦੀਆਂ ਬਾਹਰਲੀਆਂ ਕੰਧਾਂ ਦੇ ਨੇੜੇ ਹੀ ਤੀਰਾਂ ਅਤੇ ਗੋਲੀਆਂ ਦੀ ਇਕ ਤਗੜੀ ਵਾਛੜ ਖਾ ਕੇ ਘਬਰਾ ਕੇ ਪਿੱਛੇ ਨੂੰ ਨੱਸਿਆ। ਗੜ੍ਹੀ ਦੇ ਸਾਹਮਣਿਓ ਦੁਸ਼ਮਨ ਨੇ ਅਜਿਹੇ ਕਈ ਹਮਲੇ ਦੁਪਹਿਰ ਤਕ ਕੀਤੇ, ਪਰ ਹਰ ਵਾਰ ਪਿੱਛੇ ਵੱਲ ਨੱਸਣਾ ਪਿਆ। ਗੜ੍ਹੀ ਦੇ ਪਿਛਲੇ ਪਾਸੇ ਤੋਂ ਮਾਮੂਲੀ ਹਮਲੇ ਹੀ ਹੋਏ। ਨਾਹਰ ਖਾਂ ਗੁਰੂ ਜੀ ਦੇ ਤੀਰ ਨਾਲ ਮਾਰਿਆ ਗਿਆ, ਅਤੇ ਖੁਆਜਾ ਜਫਰ ਬੇਗ ਨੇ ਕੰਧ ਓਹਲੇ ਹੋ ਕੇ ਜਾਨ ਬਚਾਈ। ਗੁਰੂ ਜੀ ਦੇ ਕਰਾਮਾਤੀ ਹੋਣ ਦਾ ਦਹਿਲ ਦੁਸ਼ਮਣ ਦੇ ਦਿਲ ਉਤੇ ਮੁੜ ਅਸਵਾਰ ਹੋ ਗਿਆ । ਮੁਗ਼ਲ ਅਤੇ ਪਹਾੜੀ ਫੌਜਾਂ ਨੂੰ ਸਿੰਘਾਂ ਦੀ ਗਿਣਤੀ ਦਾ ਹਿਸਾਬ ਬਿਲਕੁਲ ਭੁੱਲ ਗਿਆ ਸੀ ।

ਦਿਨ ਢਲੇ ਤੱਕ ਜੰਗ ਨੇ ਕਈ ਸ਼ਕਲਾਂ ਬਦਲੀਆਂ। ਅਖੀਰ ਗੜੀ ਵਿਚ ਤੀਰ ਅਤੇ ਗੋਲੀ ਸਿੱਕਾ ਬਹੁਤ ਥੋੜਾ ਰਹਿ ਗਿਆ। ਸੋ ਫੈਸਲਾ ਹੋਇਆ ਕਿ ਥੋੜੀ ਥੋੜੀ ਗਿਣਤੀ ਵਿਚ ਸਿੰਘ ਗੜੀ ਤੋਂ ਬਾਹਰ ਨਿਕਲਦੇ ਦੁਸ਼ਮਣ ਨੂੰ ਵੰਗਾਰ ਪਾਉਣ। ਸੋ ਵਾਰੋ ਵਾਰੀ ਸਿੰਘ ਗੜੀ ਤੋਂ ਬਾਹਰ ਨਿਕਲਕੇ ਸ਼ਹੀਦੀਆਂ ਪਾਉਣ ਲੱਗੇ ਅਤੇ ਨਾਲੋ ਨਾਲ ਗੜੀ ਉਤੇ ਕਲਗੀਆਂ ਵਾਲੇ ਦੇ ਤੀਰ ਦੁਸ਼ਮਣ ਨੂੰ ਵਿੰਨਦੇ ਰਹੇ। ਅੰਤ ਹਜ਼ੂਰ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੇ ਮੈਦਾਨਿ-ਜੰਗ ਵਿਚ ਜਾਣ ਦੀ ਆਗਿਆ ਮੰਗੀ । ਉਸ ਵੇਲੇ ਸਾਹਿਬਜ਼ਾਦਾ ਜੀ ਦੀ ਉਮਰ ਸਤਾਰਾਂ ਵਰੇ ਦੀ ਸੀ । ਉਹ ਘੋੜੇ ਉਤੇ ਅਸਵਾਰ ਹੋ ਕੇ ਪੰਜ ਸਿੰਘਾਂ ਨੂੰ ਨਾਲ ਲੈ ਕੇ ਜੰਗ ਕਰਨ ਦੀ ਪੂਰੀ ਸਜ-ਧਜ ਨਾਲ ਪਿੰਡ ਤੋਂ ਬਾਹਰ ਨਿਕਲੇ। ਉਹ ਜੰਗਲਾਂ ਨੂੰ ਤੋੜ ਦੇਣ ਵਾਲੇ ਤੇਜ਼ ਤੂਫਾਨ ਵਾਂਗ ਮੈਦਾਨ ਵਿਚ ਵੜੇ, ਲਹੂ-ਲੁਹਾਣ ਧਰਤੀ ਮੌਤ ਦੇ ਕਿਸੇ ਅਲੋਕਿਕ ਸਰੂਰ ਵਿਚ ਕੰਬੀ, ਜਿਵੇਂ ਇਸ ਦੀ ਮਿੱਟੀ ਨੇ ਕੰਬਦੀਆਂ ਬਿਜਲੀਆਂ ਦਾ ਰੂਪ ਧਾਰ ਲਿਆ ਹੋਵੇ। ਫੇਰ ਉਹਨਾਂ ਦੀ ਤੇਗ ਮੈਦਾਨਿ ਜੰਗ ਵਿਚ ਦਰਿਆ ਵਾਂਗ ਫਿਰਨ ਲੱਗੀ, ਜਿਵੇਂ ਮੌਤ ਦੇ ਪਰਬਤ ਨਾਲ ਟਕਰਾ ਰਹੀ ਹੋਵੇ, ਉਹਨਾਂ ਦੀ ਉਚੀ ਸੁਰਤਿ ਜਿੱਤ ਦੇ ਆਖਰੀ ਕੰਢੇ ਉਤੇ ਖੜੀ ਹੋਈ ਦੁਸ਼ਮਣ ‘ਤੇ ਵਾਰ ਕਰ ਰਹੀ ਸੀ। ਜਦ ਉਹ ਸ਼ਹੀਦ ਹੋਏ ਤਾਂ ਦੱਸਣਾ ਮੁਸ਼ਕਿਲ ਹੈ, ਕਿ ਕੀ ਹੋਇਆ ।

ਸਾਹਿਬਜ਼ਾਦਾ ਅਜੀਤ ਸਿੰਘ ਦੇ ਸ਼ਹੀਦ ਹੋਣ ਪਿੱਛੋਂ ਛੋਟਾ ਵੀਰ ਜੁਝਾਰ ਸਿੰਘ ਹਜ਼ੂਰ ਦੇ ਸਾਹਮਣੇ ਆ ਕੇ ਖਲੋ ਗਿਆ ਅਤੇ ਅਰਜ਼ ਕੀਤੀ “ਪਿਤਾ ਜੀ, ਵੱਡੇ ਵੀਰ ਵਾਂਗ ਮੈਂ ਵੀ ਸ਼ਹੀਦ ਹੋਣਾ ਹੈ। ਮੈਨੂੰ ਵੀ ਸ਼ਹੀਦ ਹੋਣ ਦਾ ਹੁਕਮ ਕਰੋ। ਹਜ਼ੂਰ ਨੇ ਆਪਣੇ ਚੌਦਾਂ ਸਾਲ ਦੇ ਬੇਟੇ ਨੂੰ, ਜਿਸਨੇ ਕਿ ਇਸ ਤੋਂ ਪਹਿਲਾਂ ਕਿਸੇ ਜੰਗ ਵਿਚ ਹਿੱਸਾ ਨਹੀਂ ਸੀ ਲਿਆ, ਅਜ਼ਮਾਉਣ ਲਈ ਬਹੁਤ ਪਿਆਰ ਨਾਲ ਆਖਿਆ “ਬੇਟਾ! ਹਾਲੇ ਤੇਰੀ ਉਮਰ ਬਹੁਤ ਛੋਟੀ ਹੈ।” ਛੋਟੇ ਸਾਹਿਬਜ਼ਾਦੇ ਨੇ ਇਸ ਬਚਨ ਨੂੰ ਸੁਣ ਕੇ ਸਿਦਕ ਦੇ ਕਿਸੇ ਆਲੌਕਿਕ ਰਹੱਸ ਵਿਚ ਭਿੱਜ ਕੇ ਪਿਤਾ ਅੱਗੇ ਇਹ ਅਰਜ਼ ਕੀਤੀ: “ਸੱਚੇ ਪਾਤਸ਼ਾਹ ਮੇਰੀ ਉਮਰ ਦਾ ਖਿਆਲ ਨਾ ਕਰੋ। ਜਿਵੇਂ ਖਾਲਸਾ ਸਾਜਣ ਵਾਲੇ ਦਿਨ ਤੁਸੀਂ ਆਪਣੇ ਬੱਚੇ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ, ਅੱਜ ਉਵੇਂ ਹੀ ਸ਼ਹੀਦੀਆਂ ਪਾਉਣ ਦਾ ਹੁਕਮ ਦੇਵੋ।” ਸਿੰਘ-ਬੱਚੇ ਦਾ ਜੰਗ ਲਈ ਇਹ ਸਿਦਕ ਭਰਿਆ ਬਿਹਬਲ ਚਾਅ ਦੇਖ ਕੇ ਗੁਰੂ ਜੀ ਬਹੁਤ ਖੁਸ਼ ਹੋਏ, ਉਸ ਨੂੰ ਆਪਣੇ ਹੱਥੀਂ ਸਜਾਇਆ ਅਤੇ ਮੈਦਾਨਿ ਜੰਗ ਨੂੰ ਤੋਰ ਦਿੱਤਾ।….

ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਪਿੱਛੋਂ ਪੰਜ ਸਿੰਘਾਂ ਦਾ ਇਕ ਹੋਰ ਜੱਥਾ ਵੀ ਜੰਗ ਨੂੰ ਗਿਆ। ਆਖਿਰ ਗੁਰੂ ਜੀ ਕੋਲ ਗਿਆਰਾਂ ਸਿੰਘ ਬਾਕੀ ਰਹਿ ਗਏ। ਇਹਨਾਂ ਦੀ ਮਦਦ ਨਾਲ ਗੁਰੂ ਜੀ ਨੇ ਦੁਸ਼ਮਣ ਦੇ ਆਖਰੀ ਵਾਰ ਨੂੰ ਵੀ ਤੀਰਾਂ ਅਤੇ ਗੋਲੀਆਂ ਦੇ ਜ਼ਬਰਦਸਤ ਨਿਸ਼ਾਨਿਆਂ ਰਾਹੀਂ ਠੱਲ੍ਹ ਪਾ ਦਿੱਤੀ। ਹਨੇਰਾ ਪੈ ਗਿਆ। ਦੁਸ਼ਮਣ ਹੁਣ ਅਜਾਈਂ ਆਦਮੀ ਮਰਵਾਉਣ ਵਿੱਚ ਸਿਆਣਪ ਨਾ ਸਮਝ ਕੇ ਪਿੰਡ ਤੋਂ ਬਾਹਰ-ਬਾਹਰ ਇੱਕ ਰਾਤ ਲਈ ਘੇਰਾ ਪਾ ਕੇ ਬੈਠ ਗਿਆ। ਜਦ ਰਾਤ ਦਾ ਦੂਸਰਾ ਪਹਿਰ ਆਇਆ, ਤਾਂ ਸਿੰਘਾਂ ਨੇ ਗੁਰੂ ਜੀ ਨੂੰ ਚਲੇ ਜਾਣ ਦੀ ਅਰਜ਼ ਕੀਤੀ। ਗੁਰੂ ਜੀ ਨੇ ਆਖਿਆ, “ਖਾਲਸਾ ਜੀ, ਮੈਨੂੰ ਵੀ ਕੱਲ ਨੂੰ ਆਪਣੇ ਨਾਲ ਹੀ ਸ਼ਹੀਦ ਹੋ ਜਾਣ ਦਾ ਹੁਕਮ ਕਰੋਂ ਪਰ ਸਿੰਘ ਜਿਹਨਾਂ ਦੀ ਉੱਚੀ ਸੁਰਤਿ ਉਸ ਛਿਣ ਵਿੱਚ ਗੁਰੂ ਗੋਬਿੰਦ ਸਿੰਘ ਹੀ ਹੋ ਗਈ ਸੀ ਸੱਚਮੁੱਚ ਉਨੀ ਹੀ ਪਾਵਨ, ਉਨੀ ਹੀ ਗੰਭੀਰ, ਜੋ ਖਾਲਸ ਉਹੀ ਰੂਪ ਧਾਰਨ ਕਰ ਗਈ ਸੀ, ਉਹ ਸਿੰਘ ਸਾਕਾਰ ਗੁਰੂ ਹੋ ਕੇ ਗੁਰੂ ਜੀ ਨੂੰ ਕਹਿਣ ਲੱਗੇ, “ਸੱਚੇ ਪਾਤਸ਼ਾਹ ! ਖ਼ਾਲਸਾ ਤੁਹਾਨੂੰ ਗੜੀ ਵਿੱਚੋਂ ਚਲੇ ਜਾਣ ਦਾ ਹੁਕਮ ਦੇ ਰਿਹਾ ਹੈ। ਸਾਡੇ ਪਿਆਰ ਦੇ ਸਦਕੇ ਘੇਰੇ ਵਿੱਚੋਂ ਨਿਕਲ ਜਾਵੇ, ਤੁਸੀਂ ਜ਼ਰੂਰ ਜਾਣਾ ਹੈ, ਤੇ ਇਸ ਵੇਲੇ ਸ਼ਹੀਦ ਨਹੀਂ ਹੋਣਾ। ਕਲਗੀਆਂ ਵਾਲੇ ਨੇ ਖਾਲਸੇ ਦੀ ਮਰਜ਼ੀ ਅੱਗੇ ਸਿਰ ਨਿਵਾਇਆ। ਫਿਰ ਇਹ ਸੁਖਨ ਕੀਤਾ “ਖਾਲਸਾ ਜੀ ! ਏਸ ਵੇਲੇ ਤੁਸੀਂ ਗੁਰੂ ਜੇਡੇ ਹੋ। ਤੁਹਾਡੀ ਆਤਮਾ ਗੁਰੂ ਵਿੱਚ ਅਭੇਦ ਹੈ। ਜਿਸ ਉਚਾਈ ‘ਤੇ ਮੈ ਹਾਂ, ਉਥੇ ਹੀ ਤੁਸੀਂ ਹੋ। ਤੁਸੀਂ ਗੁਰੂ ਹੋ।” ਫੇਰ ਗੁਰੂ ਜੀ ਨੇ ਆਪਣੀ ਚਮਕਦੀ ਹੋਈ ਕਲਗੀ ਉਤਾਰੀ ਅਤੇ ਖਾਲਸੇ ਨੂੰ ਭੇਟ ਕਰ ਦਿੱਤੀ। ਸਿੰਘਾਂ ਨੇ ਇਸ ਬਖਸ਼ਿਸ਼ ਨੂੰ ਚੁੰਮਿਆ, ਅੱਖਾਂ ਨਾਲ ਲਗਾਇਆ ਅਤੇ ਇਸ ਨੂੰ ਸੰਗਤ ਸਿੰਘ ਨਾਂ ਦੇ ਇੱਕ ਸਿੰਘ ਦੇ ਸੀਸ ਉਤੇ ਸਜਾ ਦਿੱਤਾ।

ਗੁਰੂ ਜੀ ਨੇ ਤੀਰ ਕਮਾਨ ਨੂੰ ਸੰਭਾਲਿਆ ਅਤੇ ਗੜ੍ਹੀ ਤੋਂ ਬਾਹਰ ਕਦਮ ਰੱਖਿਆ। ਉਹਨਾਂ ਦੇ ਨਾਲ ਦਇਆ ਸਿੰਘ, ਧਰਮ ਸਿੰਘ ਅਤੇ ਮਾਨ ਸਿੰਘ ਤਿੰਨ ਸਿੰਘ ਸਨ। ਗੁਰੂ ਜੀ ਨੇ ਸਿੰਘਾਂ ਨੂੰ ਅੱਡ ਹੋਣ ਦਾ ਆਦੇਸ਼ ਦਿੱਤਾ, ਅਤੇ ਬਚਨ ਕੀਤਾ, “ਮੈਂ ਇਸ ਤਾਰੇ ਦੀ ਸੇਧ ਉਤੇ ਜਾਵਾਂਗਾ। ਇਸ ਦੇ ਹਿਸਾਬ ਨਾਲ ਤੁਸੀਂ ਮੈਨੂੰ ਢੂੰਡ ਲੈਣਾ।” ਲੋਥਾਂ ਦੇ ਢੇਰ ਵਿੱਚ ਗੁਰੂ ਜੀ ਦਾ ਇੱਕ ਪੈਰ ਉਤਰ ਗਿਆ, ਉਹਨਾਂ ਨੇ ਦੂਸਰਾ ਵੀ ਉਤਾਰ ਦਿੱਤਾ। ਜਦੋਂ ਗੁਰੂ ਜੀ ਕੁੱਝ ਫਾਸਲੇ ਉਤੇ ਗਏ ਤਾਂ ਉਹਨਾਂ ਨੇ ਉੱਚੀ ਆਵਾਜ਼ ਵਿੱਚ ਆਖਿਆ। “ਖਾਲਸੇ ਦਾ ਗੁਰੂ ਜੀ ਰਿਹਾ ਹੈ। ਦੁਸ਼ਮਨ ਵਿਚ ਇਕ ਅਜੀਬ ਡਰਾਉਣਾ ਸ਼ੋਰ ਉਠਿਆ ਅਤੇ ਪਾਗਲਾਂ ਵਾਂਗ ਏਧਰ-ਉਧਰ ਦੌੜ ਭੱਜ ਸ਼ੁਰੂ ਹੋਈ। ਉਸ ਵੇਲੇ ਗੜ੍ਹੀ ਦੇ ਸਿੰਘਾਂ ਨੇ ਧੋਸਾ ਵਜਾਇਆ, ਅਤੇ “ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਏ। ਗੁਰੂ ਜੀ ਅਤੇ ਸਿੰਘ ਘੇਰੇ ਤੋਂ ਬਾਹਰ ਨਿਕਲ ਗਏ ਸਨ।

ਸਿਆਲ ਦੀ ਠਰੀ ਰਾਤ ਵਿੱਚ ਹਜ਼ੂਰ ਕੰਡਿਆਲੇ ਜੰਗਲਾਂ ਵਿੱਚ ਪੈਦਲ ਚੱਲ ਰਹੇ ਸਨ। ਕੰਡਿਆਂ ਨਾਲ ਪੈਰ ਛਿਲੇ ਗਏ ਸਨ, ਜਾਮਾ ਝਰੀਟਿਆ ਗਿਆ ਸੀ।ਟਿੱਬਿਆਂ ਦੀ ਰੇਤ ਲਹੂ ਨੂੰ ਸੁੰਨ ਕਰ ਦੇਣ ਵਾਲੀ ਸੀ। ਹਨੇਰਾ ਸੰਘਣਾ ਪਰ ਛੁਰੀ ਵਾਂਗ ਤਿੱਖਾ ਸੀ।…..ਫਜ਼ਰ ਵੇਲੇ ਹਜ਼ੂਰ ਮਾਛੀਵਾੜੇ ਦੀ ਜੂਹ ਵਿੱਚ ਦਾਖਲ ਹੋਏ। ਨੇੜੇ ਹੀ ਇੱਕ ਖੂਹ ਸੀ, ਜਿਸ ਨੂੰ ਗੇੜ ਕੇ ਪਾਣੀ ਪੀਤਾ। ਫਿਰ ਇਸ ਦੀ ਮਣ ਕੋਲ ਪਈ ਇੱਕ ਖਾਲੀ ਟਿੰਡ ਨੂੰ ਉਠਾਇਆ ਅਤੇ ਸੰਘਣੇ ਬ੍ਰਿਛਾਂ ਦੇ ਝੁੰਡ ਕੋਲ ਪਹੁੰਚੇ ਉਥੇ ਹੀ ਸੁੱਕੇ ਘਾਹ ਦੇ ਸੱਥਰ ‘ਤੇ ਇਕ ਜੰਡ ਥੱਲੇ ਇਕ ਟਿੰਡ ਦਾ ਸਰਾਹਣਾ ਲਾ ਕੇ ਗੂੜੀ ਨੀਂਦ ਵਿਚ ਸੌਂ ਗਏ।

ਧੁੱਪਾਂ ਚੜ੍ਹੀਆਂ ਤੱਕ ਗੁਰੂ ਜੀ ਡੂੰਘੀ ਨੀਂਦ ਵਿਚ ਸੁੱਤੇ ਰਹੇ। ਉਸ ਵੇਲੇ ਉਹਨਾਂ ਦੀ ਰੂਹ ਵਿਚੋਂ ਜੰਗਲ ਦੀ ਫਿਜ਼ਾ ਵਿਚ ਇਕ ਮਿੱਠਾ ਸ਼ਬਦ ਉਤਰ ਰਿਹਾ ਸੀ। “ਮਿਤ੍ਰ ਪਿਆਰੇ ਨੂੰ ਸਾਡਾ ਹਾਲ ਮੁਰੀਦਾਂ ਦਾ ਕਹਿਣਾਂ … ਜਿਸ ਜੰਡ ਹੇਠ ਦਸਮੇਸ਼ ਜੀ ਸੁੱਤੇ ਸਨ ਉਸ ਦੇ ਨੇੜੇ ਹੀ ਅੰਬਾਂ ਦਾ ਇਕ ਸੰਘਣਾ ਬਾਗ ਸੀ। ਇਹ ਬਾਗ ਗਨੀ ਖਾਂ ਅਤੇ ਨਬੀ ਖਾਂ ਦਾ ਸੀ। ਗਨੀ ਖਾਂ ਅਤੇ ਨਬੀ ਖਾਂ ਦੋਵੇਂ ਭਰਾ ਘੋੜਿਆਂ ਦੇ ਸੌਦਾਗਰ ਸਨ। ਉਹ ਗੁਰੂ ਜੀ ਨਾਲੋਂ ਉਮਰ ਵਿਚ ਵੱਡੇ ਪਰ ਉਹਨਾਂ ਦੇ ਮੁਰੀਦ ਸਨ। ਦੋਵੇਂ ਭਰਾ ਸੱਚੇ ਮੁਸਲਮਾਨ ਅਤੇ ਸੂਫੀਆਨਾ ਤਬੀਅਤ ਰੱਖਣ ਵਾਲੇ ਸਨ। ਅੱਜ ਉਹ ਚਮਕੌਰ ਤੋਂ ਆਏ ਸਨ। ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਗੜੀ ਵਿਚ ਪਿੱਛੇ ਰਹੇ ਅੱਠੇ ਦੇ ਅੱਠੇ ਸਿੰਘ ਅੱਜ ਸਵੇਰੇ ਸ਼ਹੀਦੀਆਂ ਪਾ ਗਏ ਹਨ। ਮੁਗ਼ਲਾਂ ਨੇ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਮਝ ਲਿਆ ਸੀ, ਪਰ ਪਹਾੜੀਆਂ ਨੇ ਉਹਨਾਂ ਨੂੰ ਕੁਝ ਸ਼ੱਕ ਵਿਚ ਪਾ ਦਿੱਤਾ। ਉਹਨਾਂ ਨੇ ਇਹ ਵੀ ਦੱਸਿਆ ਕਿ ਸੂਬੇਦਾਰ, ਸਮੇਤ ਲਸ਼ਕਰਾਂ ਦੇ ਆਪੋ-ਆਪਣੇ ਟਿਕਾਣਿਆਂ ਨੂੰ ਮੁੜ ਗਏ ਹਨ ਪਰ ਕੁਝ ਦਸਤਿਆਂ ਨੂੰ ਗੁਰੂ ਜੀ ਨੂੰ ਢੂੰਡਣ ਦੇ ਹੁਕਮ ਵੀ ਦੇ ਗਏ ਹਨ।

…. ਦੋਵਾਂ ਭਰਾਵਾਂ ਨੇ ਗੁਰੂ ਜੀ ਨੂੰ ਅਤੇ ਸਿੰਘਾਂ ਨੂੰ ਘਰ ਚੱਲਣ ਲਈ ਆਖਿਆ। ਰਾਤ ਸਮੇਂ ਗੁਰੂ ਜੀ ਆਪਣੇ ਪੁਰਾਣੇ ਮੁੱਢ-ਕਦੀਮ ਦੇ ਅਤੇ ਸੱਚੇ ਮੁਰੀਦਾਂ ਦੇ ਮਹਿਮਾਨ ਬਣੇ। ਗੁਰੂ ਜੀ ਅਤੇ ਉਹਨਾਂ ਦੇ ਸਿੰਘਾਂ ਲਈ ਨਿੱਕੀ ਜੇਹੀ ਕੋਠੜੀ ਵਿਚ ਬਿਸਤਰੇ ਲਗਾਏ ਗਏ।

ਸਿਆਲ ਦੀ ਲੰਮੀ ਰਾਤ ਬੀਤੀ। ਮਾਛੀਵਾੜੇ ਉਤੇ  ਮੁੜ ਸਵੇਰ ਹੋਈ। ਹਜ਼ੂਰ ਦੇ ਏਥੋਂ ਤੁਰਨ ਦਾ ਵਕਤ ਆ ਗਿਆ ਸੀ। ਸਦਾ ਹੀ ਇਸ ਸਵੇਰ ਦੇ ਅਰਥ ਕਾਲ ਦੀਆਂ ਅਨੇਕਾਂ ਸਵੇਰਾਂ ਨਾਲ ਵਿਸ਼ੇਸ਼ ਰਹਿਣਗੇ, ਕਿਉਂਕਿ ਇਸ ਸਵੇਰ ਨੂੰ ਹਜ਼ੂਰ ਨੇ ਨੀਲਾ ਜਾਮਾ ਪਹਿਣਿਆ … ਇਹ ਸਵੇਰ ਗਨੀ ਗਾਂ ਅਤੇ ਨਬੀ ਖਾਂ ਦੇ ਸਿਦਕ ਨਾਲ ਰੌਸ਼ਨ ਸੀ। ਅੱਜ ਆਪ ਨੂੰ ਉਹਨਾਂ ਦੇ ਪਿਆਰੇ ਮੀਜ਼ਬਾਨਾਂ ਨੇ ਉੱਚ ਦੇ ਪੀਰ ਮੰਨਿਆ। ਇਕ ਖੂਬਸੂਰਤ ਨਵਾਰੀ ਚਾਰਪਾਈ ਉਤੇ ਨਵਾਬੀ ਗਲੀਚਾ ਵਿਛਾ ਕੇ ਗੁਰੂ ਜੀ ਦਾ ਆਸਨ ਲਗਾਇਆ ਗਿਆ। ਉਹਨਾਂ ਨੇ ਆਪਣੇ ਲੰਮੇ ਕੇਸ ਪਿੱਛੇ ਵੱਲ ਨੂੰ ਖੁੱਲੇ ਛੱਡੇ ਹੋਏ ਸਨ। ਸਿੰਘਾਂ ਦਾ ਵੇਸ ਵੀ ਇਹੋ ਸੀ। ਗਨੀ ਖਾਂ ਅਤੇ ਨਬੀ ਖਾਂ ਨੇ ਚਾਰਪਾਈ ਦਾ ਅਗਲਾ ਹਿੱਸਾ ਅਤੇ ਧਰਮ ਸਿੰਘ ਤੇ ਮਾਨ ਸਿੰਘ ਨੇ ਪਿਛਲਾ ਹਿੱਸਾ ਉਠਾ ਲਿਆ। ਭਾਈ ਦਯਾ ਸਿੰਘ ਪਿੱਛੇ ਪਿੱਛੇ ਚੌਰ ਲੈ ਕੇ ਤੁਰਨ ਲੱਗੇ।

ਉੱਚ ਦੇ ਪੀਰ ਮਾਛੀਵਾੜੇ ਤੋਂ ਕੁਝ ਫਾਸਲੇ ਉਤੇ ਹੀ ਗਏ ਸਨ ਕਿ ਉਹਨਾਂ ਨੂੰ ਮੁਗਲਾਂ ਦੀ ਗਸ਼ਤੀ ਫੌਜ . ਦਾ ਇਕ ਦਸਤਾ ਮਿਲ ਗਿਆ… ਫੌਜ ਵਿਚ ਤਿੰਨ ਸ਼ਖਸਾਂ ਦੇ ਨਾਂ ਸਨ: ਅਨਾਇਤ ਅਲੀ ਨੂਰਪੁਰ ਵਾਲੇ, ਹਸਨ ਅਲੀ ਨੂੰ ਮਾਜਰੇ ਵਾਲੇ ਅਤੇ ਕਾਜੀ ਪੀਰ ਮੁਹੰਮਦ ਸਲੋਹ ਵਾਲੇ। ਰੱਬ ਦੇ ਇਹ ਨੇਕ ਬੰਦੇ ਹਜ਼ੂਰ ਨੂੰ ਪਛਾਣ ਕੇ ਕੇਵਲ ਚੁੱਪ ਹੀ ਨਹੀਂ ਰਹੇ, ਸਗੋਂ ਆਪ ਜੀ ਨੂੰ ਉੱਚ ਦੇ ਪੀਰ ਮੰਨ ਕੇ ਸਜਦਾ ਕੀਤਾ।

(“ਸਹਿਜੇ ਰਚਿਓ ਖਾਲਸਾ’ ’ਚੋਂ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,