ਸਿਆਸੀ ਖਬਰਾਂ

ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਦੇ ਮਸਲੇ ‘ਤੇ ਚੋਣ ਕਮੀਸ਼ਨ ਸੰਤੁਸ਼ਟ ਪਰ ‘ਆਪ’ ਅਸੰਤੁਸ਼ਟ

February 17, 2017 | By

ਲੁਧਿਆਣਾ: ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਹਲਕਾ ਗਿੱਲ ਵਿੱਚ ਈਵੀਐਮ ਮਸ਼ੀਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਹੋਣ ਸਬੰਧੀ ਦਿੱਤੇ ਜਾ ਰਹੇ ਭਰੋਸੇ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਇਤਰਾਜ਼ ਜਤਾ ਰਹੀ ਹੈ। ਇਸ ਸਬੰਧ ’ਚ ਵੀਰਵਾਰ ਨੂੰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀ ਹਦਾਇਤ ’ਤੇ ਕਮਿਸ਼ਨ ਦੀ ਦੋ ਮੈਂਬਰੀ ਟੀਮ ਨਰਿੰਦਰ ਚੌਹਾਨ ਅਤੇ ਰਜੇਸ਼ ਕੁਮਾਰ ਦੀ ਅਗਵਾਈ ’ਚ ਸਟਰੌਂਗ ਰੂਮ ਦਾ ਦੌਰਾ ਕਰਨ ਲਈ ਆਈ ਤੇ ਹਲਕੇ ਦੇ ਉਮੀਦਵਾਰਾਂ ਨਾਲ ਮੀਟਿੰਗ ਵੀ ਕੀਤੀ। ਇਨ੍ਹਾਂ ਮੈਂਬਰਾਂ ਵੱਲੋਂ ਕੀਤੀ ਛਾਣਬੀਣ ਦੀ ਰਿਪੋਰਟ ਵਿੱਚ ਸ਼ਾਮਲ ਤੱਥਾਂ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ।

ਲੁਧਿਆਣਾ ਦੇ ਸਟਰੌਂਗ ਰੂਮ ਦਾ ਜਾਇਜ਼ਾ ਲੈਣ ਜਾਂਦੇ ਹੋਏ ਈਸੀਆਈ ਅਫਸਰ ਨਰਿੰਦਰ ਚੌਹਾਨ

ਲੁਧਿਆਣਾ ਦੇ ਸਟਰੌਂਗ ਰੂਮ ਦਾ ਜਾਇਜ਼ਾ ਲੈਣ ਜਾਂਦੇ ਹੋਏ ਈਸੀਆਈ ਅਫਸਰ ਨਰਿੰਦਰ ਚੌਹਾਨ

ਇਹ ਰਿਪੋਰਟ ਮੁੱਖ ਚੋਣ ਕਮਿਸ਼ਨਰ ਨੂੰ ਸੌਂਪੀ ਜਾਣੀ ਹੈ। ‘ਆਪ’ ਦੇ ਸਟੇਟ ਮੀਡੀਆ ਕਮੇਟੀ ਮੈਂਬਰ ਦਰਸ਼ਨ ਸਿੰਘ ਸ਼ੰਕਰ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਫਸਰ ਜਾਣਬੁੱਝ ਕੇ ਤੱਥਾਂ ਨੂੰ ਛੁਪਾ ਰਿਹਾ ਹੈ। ਜਦਕਿ ਸੀਸੀਟੀਵੀ ਕੈਮਰੇ ਦੀ ਫੁਟੇਜ਼ ਮੌਜੂਦ ਹੈ। ਉਨ੍ਹਾਂ ਕਿਹਾ ਕਿ 6 ਫਰਵਰੀ ਨੂੰ ਰਿਟਰਨਿੰਗ ਅਫ਼ਸਰ ਆਪਣੇ ਨਾਲ 15 ਹੋਰ ਵਿਅਕਤੀ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਿਤ ਸਟਰੌਂਗ ਰੂਮ ਵਿੱਚ ਗਏ ਤੇ ਉਹ ਇਕ ਕਮਰੇ ’ਚੋਂ ਦੂਜੇ ਕਮਰੇ ਵਿੱਚ ਟਰੰਕ ਚੁੱਕ ਕੇ ਲਿਜਾਂਦੇ ਦੇਖੇ ਗਏ। ਉਨ੍ਹਾਂ ਕਿਹਾ ਕਿ ਟਰੰਕਾਂ ਵਿੱਚ ਈਵੀਐਮ ਮਸ਼ੀਨਾਂ ਸਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਤਿੰਨ ਘੇਰੇ ਹਨ ਤੇ ਤੀਜਾ ਘੇਰਾ ਸੀਆਰਪੀਐਫ਼ ਦਾ ਹੈ। ਉਨ੍ਹਾਂ ਕਿਹਾ ਕਿ ਇਹ ਅਫ਼ਸਰ ਬੰਦੇ ਲੈ ਕੇ ਰੱਖਿਆ ਦਾ ਤੀਜਾ ਘੇਰਾ ਵੀ ਪਾਰ ਕਰ ਗਿਆ, ਜਿੱਥੇ ਕਿਸੇ ਵੀ ਅਧਿਕਾਰੀ ਦਾ ਜਾਣਾ ਵਰਜਿਤ ਹੈ।

ਉਨ੍ਹਾਂ ਕਿਹਾ ਕਿ ਅੱਜ (ਵੀਰਵਾਰ ਨੂੰ) ਜਾਂਚ ਕਰਨ ਆਈ ਦੋ ਮੈਂਬਰੀ ਟੀਮ ਵੱਲੋਂ ਹਾਲੇ ਜਾਂਚ ਨਤੀਜੇ ਦੱਸਣੇ ਬਾਕੀ ਹਨ, ਪਰ ਜ਼ਿਲ੍ਹਾ ਚੋਣ ਅਫ਼ਸਰ ਪਹਿਲਾਂ ਹੀ ਰਿਟਰਨਿੰਗ ਅਫਸਰ ਨੂੰ ਕਲੀਨ ਚਿਟ ਦੇ ਰਹੇ ਹਨ। ਦੂਜੇ ਪਾਸੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਰਵੀ ਭਗਤ ਨੇ ਕਿਹਾ ਕਿ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਵੋਟਿੰਗ ਮਸ਼ੀਨਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਸਬੰਧਤ ਖ਼ਬਰ:

‘ਆਪ’ ਵੱਲੋਂ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼; ਵਫਦ ਨੇ ਮੁੱਖ ਚੋਣ ਕਮਿਸ਼ਨਰ ਨਾਲ ਕੀਤੀ ਮੁਲਾਕਾਤ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,