ਸਿਆਸੀ ਖਬਰਾਂ » ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਮੈਂਬਰ ਨੇ ਝੂਠੇ ਸੌਦੇ ਵਾਲੇ ਨੂੰ 2015 ‘ਚ ਮਾਫ ਕਰਨ ਦੇ ਮਤੇ ਨੂੰ ਰੱਦ ਕਰਨ ਦੀ ਕੀਤੀ ਮੰਗ

September 5, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਸ਼ਾਹਪੁਰ ਨੇ ਕਮੇਟੀ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੂੰ ਲਿਖੇ ਇੱਕ ਪਤਰ ਵਿੱਚ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸਤੰਬਰ 2015 ਵਿੱਚ ਵਿਸ਼ੇਸ਼ ਅਜਲਾਸ ਬੁਲਾਕੇ ਪਾਸ ਕੀਤਾ ਉਹ ਮਤਾ ਰੱਦ ਕਰਨ ਲਈ ਵਿਸ਼ੇਸ਼ ਅਜਲਾਸ ਬੁਲਾਇਆ ਜਾਏ ਜਿਸ ਰਾਹੀਂ ਤਖਤਾਂ ਦੇ ਜਥੇਦਾਰਾਂ ਵਲੋਂ ਡੇਰਾ ਮੁਖੀ ਨੂੰ ਦਿੱਤੀ ਬਿਨ ਮੰਗੀ ਮੁਆਫੀ ਦੀ ਸ਼ਲਾਘਾ ਕੀਤੀ ਗਈ ਸੀ। ਉਨ੍ਹਾਂ ਸਾਫ ਲਿਖਿਆ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਅਦਾਲਤ ਵਲੋਂ ਸਜਾ ਸੁਣਾਏ ਜਾਣ ਨਾਲ ਆਮ ਲੋਕਾਂ ਤੇ ਵਿਸ਼ੇਸ਼ ਕਰਕੇ ਸਿੱਖਾਂ ਵਲੋਂ ਸਬੰਧਤ ਜੱਜ ਸਾਹਿਬ ਦੀ ਤਾਂ ਸ਼ਲਾਘਾ ਕੀਤੀ ਜਾ ਰਹੀ ਹੈ ਲੇਕਿਨ ਸ਼੍ਰੋਮਣੀ ਕਮੇਟੀ ਵਲੋਂ ਲਏ ਗਏ ਫੈਸਲੇ ਪ੍ਰਤੀ ਸ਼੍ਰੋਮਣੀ ਕਮੇਟੀ ਮੈਂਬਰਾਨ ਨੂੰ ਚੰਗਾ ਨਹੀਂ ਸਮਝਿਆ ਜਾ ਰਿਹਾ।

ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖਿਆ ਪੱਤਰ

ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖਿਆ ਪੱਤਰ

ਸ਼੍ਰੋਮਣੀ ਕਮੇਟੀ ਹਲਕਾ ਡੇਰਾ ਬਾਬਾ ਨਾਨਕ ਤੋਂ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਵਲੋਂ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਨਾਮ ਲਿਖੇ ਪੱਤਰ ਵਿੱਚ ਦੱਸਿਆ ਹੈ ਕਿ ਸਾਲ 2007 ਵਿੱਚ ਡੇਰਾ ਸਰਸੇ ਵਾਲੇ ਝੂਠੇ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੰਮ੍ਰਿਤ ਸੰਚਾਰ ਵਿਧੀ ਦੀ ਨਕਲ ਕੀਤੀ ਗਈ ਤਾਂ ਸਿੱਖ ਸੰਗਤਾਂ ਨੇ ਇਸਦਾ ਬਹੁਤ ਹੀ ਸਖਤ ਵਿਰੋਧ ਕੀਤਾ ਜਿਸਦੇ ਚਲਦਿਆਂ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮਨਾਮਾ ਜਾਰੀ ਹੋਇਆ। ਜਥੇਦਾਰ ਸ਼ਾਹਪੁਰ ਲਿਖਦੇ ਹਨ ਕਿ ਡੇਰਾ ਮੁਖੀ ਖਿਲਾਫ ਦਰਜ ਕਰਵਾਇਆ ਕੇਸ ਵੀ ਸਰਕਾਰੀ ਦਬਾਅ ਹੇਠ ਵਾਪਿਸ ਲੈ ਲਿਆ ਗਿਆ।

ਸਬੰਧਤ ਖ਼ਬਰ:

ਪੰਜ ਸਿੰਘ ਸਾਹਿਬਾਨ ਨੇ ਸੌਦਾ ਸਾਧ ਨੂੰ ਮਾਫ ਕਰਨ ਦਾ ਐਲਾਨ ਕੀਤਾ; ਸਿੱਖ ਸੰਗਤ ਹੈਰਾਨ ਅਤੇ ਪਰੇਸ਼ਾਨ …

ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੂੰ ਲਿਖੀ ਚਿੱਠੀ ‘ਚ ਉਨ੍ਹਾਂ ਕਿਹਾ ਹੈ ਕਿ ‘ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਕਿਸ ਤਰ੍ਹਾਂ ਸਿਆਸੀ ਦਬਾਅ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਝੂਠੇ ਸਾਧ ਨੂੰ ਮੁਆਫੀਨਾਮਾ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਸਿੱਖ ਸਿਧਾਤਾਂ ਦਾ ਘਾਣ ਕੀਤਾ ਗਿਆ। ਉਨ੍ਹਾਂ ਲਿਖਿਆ ਹੈ ਕਿ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਸਿਆਸੀ ਹੁਕਮ ਅਨੁਸਾਰ ਹੀ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸ਼੍ਰੋਮਣੀ ਕਮੇਟੀ ਦੀ ਇੱਕ ਵਿਸ਼ੇਸ਼ ਇੱਕਤਰਤਾ ਬੁਲਾਈ ਗਈ ਜਿਸ ਵਿੱਚ ਬਕਾਇਦਾ ਇਕ ਮਤਾ ਪੜ੍ਹਕੇ ਜਿਥੇ ਝੂਠੇ ਸੌਦੇ ਵਾਲੇ ਅਸਾਧ ਨੂੰ ਮੁਆਫੀ ਦਿੱਤੇ ਜਾਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ, ਉਥੇ ਇਹ ਵੀ ਕਿਹਾ ਗਿਆ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸਕ ਫੈਸਲਾ ਹੈ। ਜਥੇਦਾਰ ਸ਼ਾਹਪੁਰ ਨੇ ਲਿਖਿਆ ਹੈ ਕਿ ਉਸ ਵੇਲੇ ਵੀ ਇੱਕਤਰਤਾ ਵਿੱਚ ਸ਼ਾਮਿਲ ਕੁਝ ਕਮੇਟੀ ਮੈਂਬਰਾਨ ਨੇ ਉਪਰੋਤਕ ਮਤੇ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਸੀ ਪਰ ਉਸ ਵਿਰੋਧ ਨੂੰ ਅਣਸੁਣਿਆ ਕਰ ਦਿੱਤਾ ਗਿਆ ਸੀ।

ਇਸ ਮੁਆਫੀਨਾਮੇ ਦੇ ਹੱਕ ਵਿੱਚ ਪ੍ਰਚਾਰ ਖਾਤਿਰ ਸ਼੍ਰੋਮਣੀ ਕਮੇਟੀ ਕਈ ਦਿਨ ਲਗਾਤਾਰ ਅਖਬਾਰਾਂ ਵਿੱਚ ਲੰਬੇ ਚੌੜੇ ਇਸ਼ਤਿਹਾਰ ਦਿੰਦੀ ਰਹੀ ਜਿਸ ਉਪਰ ਗੁਰੂ ਦੀ ਗੋਲਕ ‘ਚੋਂ 95 ਲੱਖ ਰੁਪਏ ਖਰਚ ਕਰ ਦਿੱਤੇ ਗਏ। ਜਥੇਦਾਰ ਅਮਰੀਕ ਸਿੰਘ ਲਿਖਦੇ ਹਨ ਕਿ ਸਿੱਖ ਜਗਤ ਨੇ ਇਸ ਮੁਆਫੀ ਦਾ ਕਿਸ ਤਰ੍ਹਾਂ ਵੱਡੇ ਪੱਧਰ ‘ਤੇ ਵਿਰੋਧ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿੱਤੀ ਮੁਆਫੀ ਵਾਪਿਸ ਲੈਣੀ ਪਈ।

ਸਬੰਧਤ ਖ਼ਬਰ:

ਗਿਆਨੀ ਗੁਰਬਚਨ ਸਿੰਘ ਡੇਰਾ ਪ੍ਰੇਮੀਆਂ ਤੋਂ ਪਹਿਲਾਂ ਆਪਣੀ ਘਰ-ਵਾਪਸੀ ਕਰਨ: ਦਲ ਖਾਲਸਾ …

ਜਥੇਦਾਰ ਸ਼ਾਹਪੁਰ ਨੇ ਲਿਖਿਆ ਹੈ ਕਿ ਸਾਧਵੀ ਬਲਾਤਕਾਰ ਮਾਮਲੇ ਵਿੱਚ ਅਦਾਲਤ ਵਲੋਂ ਝੂਠੇ ਸਾਧ ਨੂੰ ਸੁਣਾਈ ਗਈ 20 ਸਾਲ ਦੀ ਬਾਮੁਸ਼ੱਕਤ ਸਜਾ ਕਾਰਣ ਲੋਕ ਜੱਜ ਸਾਹਿਬ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਕਿਸੇ ਦਬਾਅ ਹੇਠ ਝੁਕੇ ਨਹੀਂ। ਉਨ੍ਹਾਂ ਸਵਾਲ ਕੀਤਾ ਹੈ ਕਿ ਪ੍ਰਧਾਨ ਜੀ ਤੁਸੀਂ ਸਤੰਬਰ 2015 ਵਿੱਚ ਪਾਸ ਕੀਤੇ ਮਤੇ ਦਾ ਹੁਣ ਤੁਸੀਂ ਕੀ ਕਰ ਰਹੇ ਹੋ, ਜਿਸ ਕਾਰਣ ਸਿੱਖਾਂ ਦੀ ਸਿਰਮੌਰ ਸੰਸਥਾ ਸਿੱਖ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦੀ ਜਗਤ ਵਿੱਚ ਘੋਰ ਬਦਨਾਮੀ ਹੋ ਰਹੀ ਹੈ। ਸਿੱਖ ਕੌਮ ਕਮੇਟੀ ਮੈਂਬਰਾਂ ਨੂੰ ਸਤਿਕਾਰ ਵਾਲੀ ਨਿਗਾਹ ਨਾਲ ਨਹੀਂ ਦੇਖ ਰਹੀ। ਉਨ੍ਹਾਂ ਮੰਗ ਕੀਤੀ ਹੈ ਕਿ ਕਮੇਟੀ ਦਾ ਵਿਸ਼ੇਸ਼ ਅਜਲਾਸ ਬੁਲਾਕੇ ਸਤੰਬਰ 2015 ਵਾਲਾ ਮੱਤਾ ਰੱਦ ਕੀਤਾ ਜਾਵੇ ਤਾਂ ਜੋ ਇਸ ਵਕਾਰੀ ਸੰਸਥਾ ਵਲੋਂ ਕੀਤੀ ਬੱਜਰ ਕੁਤਾਹੀ ਤੋਂ ਛੁਟਕਾਰਾ ਮਿਲ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,