ਆਮ ਖਬਰਾਂ » ਸਿੱਖ ਖਬਰਾਂ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਸ਼੍ਰੋ.ਗੁ.ਪ੍ਰ.ਕਮੇਟੀ ਭਾਰਤੀ ਰਾਸ਼ਟਰਪਤੀ ਤੱਕ ਕਰੇ ਪਹੁੰਚ : ਭਾਈ ਹਰਪ੍ਰੀਤ ਸਿੰਘ

November 27, 2018 | By

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਕਾਰਜਕਾਰਨੀ ਜਥੇਦਾਰ ਬਣਾਏ ਜਾਣ ਤੋਂ ਬਾਅਦ ਬੀਤੇ ਦਿਨੀਂ ਸੱਦੀ ਗਈ ਪੰਜ ਸਿੰਘ ਸਾਹਿਬਾਨ ਦੀ ਪਹਿਲੀ ਬੈਠਕ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਤੀਕ ਉਸਾਰੂ ਪਹੁੰਚ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰਖਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਦਾ ਫੈਸਲਾ ਕਰਵਾ ਕੇ ਰਿਹਾਈ ਦੇ ਹਰ ਸੰਭਵ ਯਤਨ ਕੀਤੇ ਜਾਣ।

ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ ਵਿੱਚ ਗਿਆਨੀ ਰਘਬੀਰ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਮਲਕੀਅਤ ਸਿੰਘ ਤੇ ਜੋਤਇੰਦਰ ਸਿੰਘ ਸ਼ਾਮਿਲ ਸਨ। ਬੈਠਕ ੳੇੁਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਈ ਬਲਵੰਤ ਸਿੰਘ ‘ਰਾਜੋਆਣਾ’ ਦੀ ਰਿਹਾਈ ਸਬੰਧੀ ਪਾਈ ਅਪੀਲ ਨੂੰ 7 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸੁਣਵਾਈ ਨਹੀ ਹੋਈ।

ਪੰਜ ਸਿੰਘ ਸਾਹਿਬਾਨਾਂ ਦੀ ਹੋਈ ਬੈਠਕ ਦੀ ਤਸਵੀਰ

ਕੌਮੀ ਭਾਵਨਾ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਤੀਕ ਉਸਾਰੂ ਪਹੁੰਚ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅਪੀਲ ਦਾ ਫੈਸਲਾ ਕਰਵਾ ਕੇ ਰਿਹਾਈ ਦੇ ਹਰ ਸੰਭਵ ਯਤਨ ਕੀਤੇ ਜਾਣ।

ਸ਼੍ਰੋਮਣੀ ਕਮੇਟੀ ਨੂੰ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਪਿਛਲੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘ-ਸਿੰਘਣੀਆਂ, 1984 ਦੀ ਨਸਲਕੁਸ਼ੀ ਦੌਰਾਨ ਬੇਰਹਿਮੀ ਨਾਲ ਕਤਲ ਕੀਤੇ ਪਰਿਵਾਰ, ਲੰਬੇ ਸਮੇਂ ਤੋਂ ਕੌਮੀ ਸੰਘਰਸ਼ ਦੌਰਾਨ ਜੇਲ੍ਹਾਂ ਵਿਚ ਬੰਦ ਜਾਂ ਸਜਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਅਤੇ ਧਰਮੀ ਫ਼ੌਜੀਆਂ ਦੇ ਪਰਿਵਾਰਾਂ ਦੀ ਵਰਤਮਾਨ ਹਾਲਤ ਦਾ ਜਾਇਜਾ ਉੱਚ ਪੱਧਰੀ ਕਮੇਟੀ ਰਾਹੀਂ ਲੈ ਕੇ ਵਿਸਥਾਰ ਸਹਿਤ ਸਮਾਂ ਬੱਧ ਵੇਰਵਾ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਲੋੜਵੰਦ ਪਰਿਵਾਰਾਂ ਦੀ ਯੋਗ ਸਹਾਇਤਾ ਕੀਤੀ ਜਾਵੇ। ਉਨ੍ਹਾ ਕਿਹਾ ਕਿ ਸਿੱਖ ਜਗਤ ਦੀਆਂ ਹਾਰਦਿਕ ਮਨੋਭਾਵਨਾਵਾਂ ਅਤੇ ਵੇਦਨਾਵਾਂ ਦੀ ਕਦਰ ਹੁੰਦਿਆਂ ਅੱਜ ਤਕਰੀਬਨ 66 ਸਾਲ ਦੇ ਸਮੇਂ ਉਪਰੰਤ ਅਕਾਲ ਪੁਰਖ ਨੇ ਨਿਤਾ ਪ੍ਰਤੀ ਕਰੋੜਾਂ ਹਿਰਦਿਆਂ ਵਿਚੋਂ ਉਠਦੀਆਂ ਜੋਦੜੀਆਂ ਨੂੰ ਪ੍ਰਵਾਨ ਕੀਤਾ ਹੈ।

ਜਿਸ ਦੇ ਫਲ ਸਰੂਪ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਲਾਂਘਾ ਖੋਲ੍ਹਣ ਲਈ ਭਾਰਤ ਸਰਕਾਰ ਅਤੇ ਪਾਕਿਸਤਾਨ ਦੀ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ, ਜੋ ਪ੍ਰਸੰਸਾ ਦੇ ਯੋਗ ਹੈ। ਸਮੇਂ ਦੀ ਲੋੜ ਹੈ ਕਿ ਇਸ ਮਸਲੇ ਉੱਪਰ ਸੌੜੀ ਸਿਆਸਤ ਕਰਨ ਦੀ ਬਜਾਏ ਇਸ ਮਹਾਨ ਕਾਰਜ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਵਜੋਂ ਪ੍ਰਵਾਨ ਕਰਦਿਆਂ ਸਮੁੱਚੀਆਂ ਧਿਰਾਂ ਕਾਰਜ ਦੀ ਸੰਪੂਰਨਤਾ ਲਈ ਵਚਨਬੱਧਤਾ ਦੇ ਨਾਲ-ਨਾਲ ਭਰਪੂਰ ਸਹਿਯੋਗ ਦੇਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,