ਲੇਖ

ਘੱਲੂਘਾਰਾ ਜਨ-1984 ਦੇ ਸ਼ਹੀਦਾਂ ਦੀ ਸ਼ਹੀਦੀ ਯਾਦਗਾਰ

May 18, 2012 | By

ਜੂਨ 1984 ਦੇ ਘੱਲੂਘਾਰੇ ਨੂੰ ਵਾਪਰਿਆਂ ਸਦੀ ਦੇ ਇਕ ਚੌਥਾਈ ਹਿੱਸੇ ਤੋਂ ਉੱਪਰ ਬੀਤ ਚੁੱਕਾ ਹੈ। ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਜ਼ਿੰਮੇਵਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਇਸ ਘੱਲੂਘਾਰੇ ਦੀ ਯਾਦਗਾਰ ਬਣਾਉਣ ਦਾ ਫੈਸਲਾ ਲਿਆ ਹੈ। ਖਬਰ ਹੈ ਕਿ ਆਉਂਦੀ 20 ਮਈ, 2012 ਨੂੰ ਇਸ ਸਾਕੇ ਦੀ ਯਾਦਗਾਰ ਦਾ ਰਸਮੀ ਨੀਂਹ-ਪੱਥਰ ਰੱਖ ਦਿਤਾ ਜਾਵੇਗਾ, ਪਰ ਅਜੇ ਸ਼੍ਰੋਮਣੀ ਕਮੇਟੀ ਇਸ ਯਾਦਗਾਰ ਦੀ ਰੂਪ-ਰੇਖਾ ਬਾਰੇ ਕੋਈ ਸਪਸ਼ਟਤਾ ਨਹੀਂ ਲਿਆ ਸਕੀ। ਸ਼੍ਰੋਮਣੀ ਕਮੇਟੀ ਦੀ ਇਕ ਸਬ-ਕਮੇਟੀ ਨੇ ਤਾਂ ਯਾਦਗਾਰ ਸ਼੍ਰੀ ਦਰਬਾਰ ਸਾਹਿਬ ਦੀ ਪਰਕਰਮਾ ਤੋਂ ਬਾਹਰ ਬਣਾਉਣ ਦੀ ਸਿਫਾਰਿਸ਼ ਕਰ ਦਿੱਤੀ ਸੀ, ਜਿਸ ਦੀ ਗੈਰਵਾਜ਼ਬੀਅਤ ਨੂੰ ਦੇਖਦੇ ਹੋਏ ਇਹ ਸੁਝਾਅ ਤਾਂ ਸ਼੍ਰੋਮਣੀ ਕਮੇਟੀ ਨੇ ਮਨਜੂਰ ਨਹੀਂ ਕੀਤਾ।
ਪੰਥਕ ਜਥੇਬੰਦੀਆਂ ਵੱਲੋਂ ਬਣਾਈ ਗਈ “ਘੱਲੂਘਾਰਾ ਯਾਦਗਾਰ ਕਮੇਟੀ” ਵੱਲੋਂ ਜਾਰੀ ਕੀਤੀ ਗਈ ਯੱਲੂਘਾਰਾ ਯਾਦਗਾਰ ਰਿਪੋਰਟ (ਦਸੰਬਰ 2011) ਵਿਚ ਬਹੁਤ ਹੀ ਠੋਸ ਤੇ ਨਿੱਗਰ ਸੁਝਾਅ ਪੰਥ ਸਾਹਮਣੇ ਰੱਖੇ ਗਏ ਹਨ ਪਰ ਇਨ੍ਹਾਂ ਬਾਰੇ ਸ਼੍ਰੋਮਣੀ ਕਮੇਟੀ ਨੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤੀ ਲਗਦੀ।
ਘੱਲੂਘਾਰਾ ਯਾਦਗਾਰ ਦੇ ਮਸਲੇ ਉੱਤੇ ਹੀ ਡਾ: ਅਮਰਜੀਤ ਸਿੰਘ ਵਾਸ਼ਿੰਗਟਨ ਵੱਲੋਂ ਹੇਠਲੀ ਲਿਖਤ ਸਿੱਖ ਸਿਆਸਤ ਨੂੰ ਭੇਜੀ ਗਈ ਹੈ, ਜੋ ਪਾਠਕਾਂ ਦੇ ਧਿਆਨ ਹਿਤ ਹੇਠਾਂ ਛਾਪੀ ਜਾ ਰਹੀ ਹੈ – ਸੰਪਾਦਕ।

ਜੂਨ 1984 ਦੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਆਖਰੀ ਬਚੀ ਯਾਦਗਾਰ

ਜੂਨ 1984 ਦੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਆਖਰੀ ਬਚੀ ਯਾਦਗਾਰ – ਬੁੰਗਾ ਮਹਾਰਾਜਾ ਸ਼ੇਰ ਸਿੰਘ

ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਤੋਂ 1982 ਵਿੱਚ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਧਰਮ ਯੁੱਧ ਮੋਰਚਾ ਆਰੰਭਿਆ, ਜਿਸ ਦੇ ਜੋਬਨ ’ਤੇ ਪਹੁੰਚਦਿਆਂ (ਜਦੋਂ ਤੱਕ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਸੀ) ਭਾਰਤ ਸਰਕਾਰ ਨੇ ਜੂਨ 3, 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ’ਤੇ ਟੈਂਕਾਂ-ਤੋਪਾਂ ਨਾਲ ਹਮਲਾ ਕਰਕੇ ‘ਜੂਨ ’84 ਦਾ ਘੱਲੂਘਾਰਾ’ ਵਰਤਾ ਦਿੱਤਾ। ਅਕਾਲ ਤਖਤ ਦੀ ਰਾਖੀ ਕਰਦਿਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਦਰਜਨਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਜਦੋਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ, ਗੁਰੂ ਰਾਮਦਾਸ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਅਕਾਲ ਰੈਸਟ ਹਾਊਸ ਅਤੇ ਨਾਲ ਲੱਗਦਿਆਂ ਬੁੰਗਿਆਂ, ਡੇਰਿਆਂ, ਘਰਾਂ, ਦੁਕਾਨਾਂ ਆਦਿ ਵਿੱਚ ਫੌਜ ਵਲੋਂ ਕੋਹ-ਕੋਹ ਕੇ ਮਾਰ ਮੁਕਾਏ ਗਏ। ਬੇਸ਼ੱਕ ਮੁਗਲੀਆ ਹਕੂਮਤ, ਮੱਸਾ ਰੰਘੜ, ਅਹਿਮਦਸ਼ਾਹ ਅਬਦਾਲੀ, ਤੈਮੂਰ, ਜਹਾਨ ਖਾਨ ਆਦਿ ਹਮਲਾਵਰਾਂ ਨੇ ਵੀ ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖਤ ਕੰਪਲੈਕਸ ਨੂੰ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਸੀ ਪਰ ਇੰਨਾ ਜਾਨੀ ਤੇ ਮਾਲੀ ਨੁਕਸਾਨ ਪਹਿਲਾਂ ਕਦੀ ਨਹੀਂ ਹੋਇਆ। ਭਾਰਤੀ ਹਮਲਾਵਰਾਂ ਨੇ ਤਾਂ ਤੋਸ਼ਾਖਾਨਾ ਅਤੇ ਸਿੱਖ ਰੈਫਰੈਂਸ ਲਾਇਬਰੇਰੀ ਦਾ ‘ਅਨਮੋਲ ਖਜ਼ਾਨਾ’ ਵੀ ਲੁੱਟਿਆ ਅਤੇ ਤਬਾਹ ਕੀਤਾ। ਬਾਕੀ 37 ਇਤਿਹਾਸਕ ਗੁਰਦੁਆਰਿਆਂ (ਜਿਨ੍ਹਾਂ ’ਚ ਸ੍ਰੀ ਤਰਨਤਾਰਨ ਸਾਹਿਬ, ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਮੁਕਤਸਰ ਸਾਹਿਬ ਦੀਆਂ ਪਰਕਰਮਾਂ ਵਿੱਚ ਟੈਂਕ ਲਿਆਂਦੇ ਗਏ) ਵਿੱਚ ਕੀ-ਕੀ ਭਾਣੇ ਵਰਤਾਏ ਗਏ, ਅਜੇ ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਸਾਹਮਣੇ ਨਹੀਂ ਆਈ। ਚਾਰੇ ਪਾਸੇ ਤ੍ਰਾਹ-ਤ੍ਰਾਹ ਮਚੀ। ਸਿੱਖ ਕੌਮ ਨੇ ‘ਆਪਣੇ’ ਦੇਸ਼ ਵਿੱਚ, ‘ਆਪਣੇ ਹਾਕਮਾਂ’, ਵਲੋਂ ਕੀਤੇ ਇਸ ਜ਼ੁਲਮ ਨੂੰ ‘ਘੱਲੂਘਾਰੇ’ ਦੀ ਸੰਗਿਆ ਦਿੱਤੀ ਅਤੇ ‘ਦੁਸ਼ਟ ਸੋਧਣ’ ਦਾ ਖਾਲਸਾਈ ਵਰਤਾਰਾ ਵੀ ਵਰਤਾਇਆ।

ਦਰਬਾਰ ਸਾਹਿਬ ਕੰਪਲੈਕਸ ਦਾ ਕਬਜ਼ਾ ਅਕਤੂਬਰ 1984 ਤੱਕ ਭਾਰਤੀ ਫੌਜ ਕੋਲ ਰਿਹਾ, ਸਿੱਖ ਸੰਗਤਾਂ ਦੇ ਰੋਹ ਸਾਹਮਣੇ ਫੌਜ ਇਥੋਂ ਹਟੀ ਅਤੇ ਮੁੜ ਕਬਜ਼ਾ-ਅਕਾਲੀਆਂ (ਸ਼੍ਰੋਮਣੀ ਕਮੇਟੀ) ਨੂੰ ਮਿਲ ਗਿਆ। ਜੁਝਾਰੂ ਦੌਰ ਵਿੱਚ ਇੱਕ ਸਰਬੱਤ ਖਾਲਸਾ 26 ਜਨਵਰੀ, 1986 ਨੂੰ ਹੋਇਆ ਅਤੇ 29 ਅਪ੍ਰੈਲ, 1986 ਨੂੰ ਖਾਲਿਸਤਾਨ ਦੇ ਐਲਾਨਨਾਮੇ ਨਾਲ, ਪੰਥਕ ਕਮੇਟੀ ਨੇ ਸਿੱਖ ਕੌਮ ਦਾ ਰਾਜਸੀ ਦਿਸ਼ਾ-ਨਿਰਦੇਸ਼ਨ ਕੀਤਾ। ਪਰ ਸਰਕਾਰੀ ਏਜੰਸੀਆਂ ਨੇ ਅਕਾਲੀਆਂ ਨੂੰ ਨਾ-ਸਿਰਫ ਸ਼੍ਰੋਮਣੀ ਕਮੇਟੀ ’ਤੇ ਬਲਕਿ ਪੰਜਾਬ ਸਰਕਾਰ ’ਤੇ ਵੀ ਕਾਬਜ਼ ਕਰਾ ਦਿੱਤਾ।

ਭਾਰਤੀ ਹਾਕਮਾਂ ਨੇ, ਅਕਾਲੀਆਂ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚੋਂ, ਜੂਨ ’84 ਦੇ ਭਾਰਤੀ ਫੌਜੀ ਹਮਲੇ ਦੇ ਸਾਰੇ ਚਿੰਨ੍ਹ ਮਿਟਾ ਦਿੱਤੇ ਜਾਣ। ਇਸ ਭਾਰਤੀ ਮਿਸ਼ਨ ਵਿੱਚ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਕਲਕੱਤੇ ਨੇ ਵਿਸ਼ੇਸ਼ ਰੋਲ ਅਦਾ ਕੀਤਾ। ਬਾਦਲ-ਟੌਹੜੇ-ਬਰਨਾਲੇ ਆਦਿ ਨੇ, ਆਪਣੇ ਆਪਣੇ ਦੌਰ ਵਿੱਚ, ਨਾ-ਸਿਰਫ ਫੌਜੀ ਹਮਲਿਆਂ ਦੀ ਨਿਸ਼ਾਨੀਆਂ ਹੀ ਮਿਟਾਈਆਂ ਬਲਕਿ ‘ਕਾਰ ਸੇਵਾ’ ਦੇ ਨਾਂ ਥੱਲੇ (ਜਿਵੇਂ ਕਿ ਹਰਿਮੰਦਰ ਸਾਹਿਬ ਤੇ ਸੋਨੇ ਦੇ ਪੱਤਰਿਆਂ ਦੀ ਸੇਵਾ ਦੇ ਨਾਂ ਥੱਲੇ, ਹਰਿਮੰਦਰ ਸਾਹਿਬ ’ਤੇ ਲੱਗੇ 37 ਗੋਲੀਆਂ ਦੇ ਨਿਸ਼ਾਨ ਮਿਟਾ ਦਿੱਤੇ ਗਏ) ਸਭ ਕੁਝ ਨਵਾਂ-ਨਕੋਰ ਕਰ ਦਿੱਤਾ। ਅੱਜ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਜਾਣ ਵਾਲੇ ਕਿਸੇ ਸਿੱਖ ਨੂੰ ਇਹ ਅਹਿਸਾਸ -ਮਾਤਰ ਵੀ ਨਹੀਂ ਹੁੰਦਾ (ਖਾਸ ਕਰ ਨਵੀਂ ਪੀੜ੍ਹੀ ਨੂੰ) ਕਿ ਇਥੇ 27-28 ਪਹਿਲਾਂ, ਕਿਹੋ ਜਿਹਾ ਭਾਣਾ ਵਰਤਾਇਆ ਗਿਆ ਸੀ।

ਬੇਸ਼ੱਕ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਡੇ ’ਤੇ ਡੱਟ ਕੇ ਪਹਿਰਾ ਦਿੱਤਾ ਪਰ ਇਸ ਸਾਰੇ ਸਮੇਂ ਦੌਰਾਨ ਸਿੱਖ ਸੰਗਤਾਂ ਵਲੋਂ ਇਹ ਮੰਗ ਬੜੇ ਜ਼ੋਰ ਨਾਲ ਉ¤ਠਦੀ ਰਹੀ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਜੂਨ ’84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇ। ਵਰ੍ਹਾ 2002 ਵਿੱਚ, ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਨੇ ਯਾਦਗਾਰ ਬਣਾਉਣ ਸਬੰਧੀ ਮਤਾ ਪਾਸ ਕੀਤਾ। ਬਾਦਲ ਦੀ ਸਹਿਯੋਗੀ ਪਾਰਟੀ ਬੀ. ਜੇ. ਪੀ. ਸਮੇਤ ਭਾਰਤ ਭਰ ਦੇ ਹਿੰਦੂਤਵੀਆਂ ਵਲੋਂ ਇਸ ਦਾ ਇੰਨਾ ਵਿਰੋਧ ਕੀਤਾ ਗਿਆ ਕਿ ਬਾਦਲ ਨੇ ਡਰਦਿਆਂ, ਕੰਨਾਂ ਨੂੰ ਹੱਥ ਲਾ ਲਏ। 2005 ਵਿੱਚ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਮੁੜ ਥੋੜੀ ਜਿਹੀ ਹਿਲਜੁਲ ਕੀਤੀ ਪਰ ਫਿਰ ਦੜ ਵੱਟ ਲਈ।

ਇਸ ਗੱਲ ਦਾ ਕਰੈਡਿਟ ਪੰਜਾਬ ਵਿਚਲੀਆਂ ਪੰਥਕ ਧਿਰਾਂ (ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਚ ਪ੍ਰਧਾਨ ਆਦਿ) ਨੂੰ ਜਾਂਦਾ ਹੈ ਕਿ ਉਨ੍ਹਾਂ ਨੇ ਲਗਾਤਾਰਤਾ ਨਾਲ ਇਸ ਮੁੱਦੇ ਨੂੰ ਉਭਾਰੀ ਰੱਖਿਆ। ਪਿਛਲੇ ਸਾਲ, ਇਸ ਸਬੰਧੀ ਪੇਸ਼-ਕਦਮੀਂ ਕਰਦਿਆਂ, ਇਨ੍ਹਾਂ ਨੇ ਇੱਕ ਕਮੇਟੀ ਦਾ ਗਠਨ ਕੀਤਾ ਅਤੇ ਐਲਾਨ ਕੀਤਾ ਕਿ ਜੇ ਸ਼੍ਰੋਮਣੀ ਕਮੇਟੀ ਇਸ ਪ੍ਰਾਜੈਕਟ ਨੂੰ ਅੱਗੇ ਨਹੀਂ ਤੋਰਦੀ ਤਾਂ ਖਾਲਸਾ ਪੰਥ, ਇਸ ਯਾਦਗਾਰ ਦੀ ਉਸਾਰੀ ਆਪ ਕਰੇਗਾ। ਇਸ ਸਬੰਧੀ, ਸਿੱਖ ਵਿਦਵਾਨਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ। ਅਖੀਰ ਸ਼੍ਰੋਮਣੀ ਕਮੇਟੀ ਨੇ ਲੱਤਾਂ ਘੜੀਸਦਿਆਂ, ਇਸ ਪਾਸੇ ਕੁਝ ਕਰਨ ਦਾ ਮਨ ਬਣਾ ਲਿਆ।

ਭਾਵੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਇਆਂ ਕਈ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਬਕਾਇਦਾ ਇਸ ਦੇ ਹਾਊਸ ਦਾ ਗਠਨ ਨਹੀਂ ਹੋ ਸਕਿਆ ਕਿਉਂਕਿ ਸਹਿਜਧਾਰੀ ਮੁੱਦੇ ’ਤੇ ਸੁਪਰੀਮ ਕੋਰਟ ਦਾ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਆਇਆ। ਕੁਝ ਹਫ਼ਤੇ ਪਹਿਲਾਂ, ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਕਿ 20 ਮਈ ਤੋਂ, ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਹੀਦੀ ਯਾਦਗਾਰ ਦੀ ਉਸਾਰੀ ਦਾ ਕੰਮ ਆਰੰਭਿਆ ਜਾਵੇਗਾ। ਇਸ ਯਾਦਗਾਰ ਦੀ ਉਸਾਰੀ ਦੀ ਸੇਵਾ ਬਾਬਾ ਹਰਨਾਮ ਸਿੰਘ ਧੁੰਮਾ, ਦਮਦਮੀ ਟਕਸਾਲ ਨੂੰ ਸੌਂਪੀ ਗਈ ਹੈ।

ਸਿੱਖ ਸੰਗਤਾਂ ਵਲੋਂ ਜਿੱਥੇ ਯਾਦਗਾਰ ਦੀ ਉਸਾਰੀ ਨੂੰ ਲੈ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ, ਉਥੇ ਪੰਥਕ ਧਿਰਾਂ ਵਲੋਂ ਬਾਬਾ ਧੁੰਮਾ ਨੂੰ ਕਾਰ-ਸੇਵਾ ਦੇਣ ਦਾ ਵਿਰੋਧ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਇਸ ਮਾਹੌਲ ਵਿੱਚ ਇੱਕ ਹੋਰ ਚਲਾਕੀ ਕਰਦਿਆਂ, ਖਲਨਾਇਕ ਬਾਬਾ ਸੰਤਾ ਸਿੰਘ (ਜਿਸ ਨੇ ਜੂਨ ’84 ਵਿੱਚ ਸਰਕਾਰੀ ਹੱਥਠੋਕਾ ਬਣ ਕੇ, ਅਕਾਲ ਤਖਤ ਦੀ ਮੁੜ ਉਸਾਰੀ ਕਰਵਾਈ ਸੀ, ਜਿਸ ਸਰਕਾਰ-ਸੇਵਾ ਨਾਲ ਬਣਾਏ ਤਖਤ ਨੂੰ ਸਿੱਖ ਸੰਗਤਾਂ ਨੇ ਢਾਹ ਕੇ, ਇਸ ਦੀ ਮੁੜ ਉਸਾਰੀ ਕੀਤੀ ਸੀ) ਦੀ ਫੋਟੋ, ਸਿੱਖ ਅਜਾਇਬ ਘਰ ਵਿੱਚ ਲਾਉਣ ਦਾ ਐਲਾਨ ਕਰ ਦਿੱਤਾ। ਸਿੱਖ ਸੰਗਤਾਂ ਵਲੋਂ ਹੋਏ ਤਿੱਖੇ ਵਿਰੋਧ ਕਰਕੇ, ਹਾਲ ਦੀ ਘੜੀ ਸ਼੍ਰੋਮਣੀ ਕਮੇਟੀ ਨੇ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਦਾ ਐਲਾਨ ਕੀਤਾ ਹੈ। ਕੁਝ ਹਲਕਿਆਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਪਰੋਕਤ ਦੋਵੇਂ ਫੈਸਲਿਆਂ (ਬਾਬਾ ਧੁੰਮਾ ਨੂੰ ਸੇਵਾ ਦੇਣੀ ਅਤੇ ਬਾਬਾ ਸੰਤਾ ਸਿੰਘ ਦੀ ਫੋਟੋ ਲਾਉਣੀ) ਨੂੰ ਇੱਕੋ ਕੜੀ ਵਿੱਚ ਵੇਖਿਆ ਜਾਣਾ ਚਾਹੀਦਾ ਹੈ ਅਤੇ ਇਸ ਦਾ ਝਲਕਾਰਾ ਬਣਨ ਵਾਲੀ ਯਾਦਗਾਰ ਵਿੱਚ ਵੀ ਪ੍ਰਗਟ ਹੋ ਸਕਦਾ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਰਦਾਰ ਸਿਮਰਨਜੀਤ ਸਿੰਘ ਮਾਨ ਨੇ ਤਾਂ ਸਿੱਧੇ ਤੌਰ ’ਤੇ ਐਲਾਨ ਕਰ ਦਿੱਤਾ ਹੈ ਕਿ ‘‘ਜੇ ਸੰਤਾ ਸਿੰਘ ਵਲੋਂ ਬਣਾਏ ਗਏ ਤਖਤ ਨੂੰ ਸਿੱਖ ਸੰਗਤਾਂ ਢਾਹ ਸਕਦੀਆਂ ਹਨ ਤਾਂ ਇਹੋ ਜਿਹਾ ਵਰਤਾਰਾ ਬਾਬਾ ਧੁੰਮਾ, ਜੋ ਕਿ ਆਰ. ਐਸ. ਐਸ. ਦਾ ਏਜੰਟ ਹੈ, ਵਲੋਂ ਬਣਾਈ ਯਾਦਗਾਰ ਨਾਲ ਵੀ ਕੀਤਾ ਜਾ ਸਕਦਾ ਹੈ….।’’ ਸਮਾਂਨੰਤਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਅਤੇ ਟਕਸਾਲ ਦੇ ਹੋਰ ਕ੍ਰਾਂਤੀਕਾਰੀ ਧੜੇ ਵਲੋਂ ਵੀ ਬਾਬਾ ਧੁੰਮਾ ਨੂੰ ਕਾਰ-ਸੇਵਾ ਦਾ ਵਿਰੋਧ ਕੀਤਾ ਗਿਆ ਹੈ।

ਅਸੀਂ ਬਿਨਾਂ ਕਿਸੇ ਵਿਵਾਦ ਵਿਚ ਉਲਝਿਆਂ, ਲਗਭਗ 27-28 ਸਾਲ ਬਾਅਦ ਉਸਰ ਰਹੀ ਸ਼ਹੀਦੀ ਯਾਦਗਾਰ ’ਤੇ ਤਾਂ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ, ਪਰ ਇਸ ਯਾਦਗਾਰ ਦੇ ਅਸਲ ਵਿੱਚ ‘ਸ਼ਹੀਦਾਂ ਦੇ ਕਰਤੱਬ ਅਤੇ ਸੁਫਨਿਆਂ’ ਦਾ ਪ੍ਰਤੀਬਿੰਬ ਬਣ ਸਕਣ ਸਬੰਧੀ ਸਾਨੂੰ ਗੰਭੀਰ ਖਦਸ਼ੇ ਹਨ। ਜੇ ਤਾਂ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਨਜ਼ਦੀਕ ਇੱਕ ਹੋਰ ਗੁਰਦੁਆਰਾ ਉਸਾਰ ਕੇ, ਉਥੇ ਗੋਲਕ ਰੱਖ ਕੇ ਪੈਸੇ ਹੀ ਇਕੱਠੇ ਕਰਨੇ ਹਨ ਤਾਂ ਇਹ ਕਰਮ ਸੰਗਤਾਂ ਨਾਲ ਧ੍ਰੋਹ ਕਮਾਉਣਾ ਹੀ ਹੋਵੇਗਾ, ਜਿਸ ਨੂੰ ਸਿੱਖ ਸੰਗਤਾਂ ਕਦੇ ਬਰਦਾਸ਼ਤ ਨਹੀਂ ਕਰਨਗੀਆਂ। ਬਾਦਲਕਿਆਂ ਅਤੇ ਉਸ ਦੇ ਪਿਛਲੱਗਾਂ ਦੀ ਅਗਵਾਈ ਵਿੱਚ, ਸਾਨੂੰ ਨਹੀਂ ਲੱਗਦਾ ਕਿ ਜੂਨ ’84 ਦੇ ਇਤਿਹਾਸ ਨਾਲ ਇਨਸਾਫ ਕੀਤਾ ਜਾਵੇਗਾ। ਜਦੋਂ ਅਨੰਦਪੁਰ ਸਾਹਿਬ ਵਿੱਚ 300 ਕਰੋੜ ਦੀ ਲਾਗਤ ਵਾਲੇ ਖਾਲਸਾ ਹੈਰੀਟੇਜ ਕੰਪਲੈਕਸ ਦਾ ਨਕਸ਼ਾ ਤਿਆਰ ਕਰਨ ਲਈ, ਸੰਸਾਰ ਪ੍ਰਸਿੱਧ ਆਰਕੀਟੈਕਟ ਮਿਸਟਰ ਮੋਸ਼ੇ (ਜਿਸ ਨੇ ਯਹੂਦੀਆਂ ਦੇ ਹੋਲੋਕਾਸਟ ਮਿਊਜ਼ੀਅਮ ਤਾਮੀਰ ਕੀਤੇ ਹਨ) ਦੀਆਂ ਸੇਵਾਵਾਂ ਲਈਆਂ ਗਈਆਂ ਤਾਂ ਉਸ ਨੇ ਕਈ ਵਰ੍ਹੇ ਬਰੀਕੀ ਨਾਲ ਸਿੱਖ ਇਤਿਹਾਸ ਦਾ ਅਧਿਐਨ ਕੀਤਾ। ਉਹ ਸਿੱਖ ਇਤਿਹਾਸ ਦਾ ਵਰਨਣ 1699 ਤੋਂ 1984 ਤੱਕ ਖਾਲਸਾ ਹੈਰੀਟੇਜ ਕੰਪਲੈਕਸ ਵਿੱਚ ਚਿਤਰਨਾ ਚਾਹੁੰਦਾ ਸੀ ਪਰ ਉਸ ਨੂੰ ਬਾਦਲ ਵਲੋਂ ਕਿਹਾ ਗਿਆ ਕਿ ਉਹ 1699 ਤੋਂ 1947 ਤੱਕ ਦਾ ਵਰਨਣ ਹੀ ਕਰੇ, ਉਸ ਤੋਂ ਅੱਗੇ ਨਹੀਂ। ਜੇ ਬਾਦਲ ਨੇ ਖਾਲਸਾ ਹੈਰੀਟੇਜ ਕੰਪਲੈਕਸ ਵਿੱਚ ਘੱਲੂਘਾਰਾ ’84 ਦਾ ਵਰਨਣ ਨਹੀਂ ਆਉਣ ਦਿੱਤਾ ਤਾਂ ਇਸ ਸ਼ਹੀਦੀ ਯਾਦਗਾਰ ’ਚੋਂ ਸਾਨੂੰ ਕਿੰਨੀਆਂ ਕੁ ਆਸਾਂ ਹੋ ਸਕਦੀਆਂ ਹਨ?

ਅਸੀਂ ਸਮਝਦੇ ਹਾਂ ਕਿ ਇਹ ਸ਼ਹੀਦੀ ਯਾਦਗਾਰ, ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਸੰਸਥਾ ਜਾਂ ਵਿਅਕਤੀ ਦੀ ਨਾ ਹੋ ਕੇ ਸਮੁੱਚੇ ਪੰਥ ਦੀ ਵਿਰਾਸਤ ਹੈ। ਇਸ ਦੀ ਰੂਪ-ਰੇਖਾ, ਬਣਤਰ ਅਤੇ ਤਾਮੀਰ ਵਿੱਚ, ਦੁਨੀਆ ਭਰ ਵਿੱਚ ਬੈਠੀ 28 ਮਿਲੀਅਨ ਸਿੱਖ ਕੌਮ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਕਾਹਲੀ ਵਿੱਚ ਕੋਈ ਕਦਮ ਚੁੱਕਣ ਦੀ ਲੋੜ ਨਹੀਂ। ਚੰਗਾ ਹੋਵੇ ਕਿ ਮਿਸਟਰ ਮੋਸ਼ੇ ਜਾਂ ਉਸ ਦੇ ਕੱਦ-ਕਾਠ ਵਾਲੇ ਕਿਸੇ ਅੰਤਰਰਾਸ਼ਟਰੀ ਮਾਹਰ ਨੂੰ ਵੀ ਨਕਸ਼ਾ ਬਣਾਉਣ ਜਾਂ ਇਸ ਸਬੰਧੀ ਸਲਾਹ-ਮਸ਼ਵਰੇ ਲਈ ਭਰੋਸੇ ਵਿੱਚ ਲਿਆ ਜਾਵੇ। ਇਸ ਯਾਦਗਾਰ ਵਿੱਚ ਇਤਿਹਾਸਕ ਵਸਤੂਆਂ ਦੇ ਨਾਲ-ਨਾਲ, ਆਧੁਨਿਕ ਤਕਨੀਕ ਨਾਲ, ਭਾਰਤੀ ਹਮਲੇ ਦੇ ਵੇਰਵੇ ਅਤੇ ਜ਼ੁਲਮ ਬਿਆਨਣ ਵਾਲੀਆਂ ਸੱਚੀਆਂ ਕਹਾਣੀਆਂ ਪੰਜਾਬੀ ਅਤੇ ਅੰਗਰੇਜ਼ੀ ’ਚ ਬਿਆਨੀਆਂ ਜਾਣ। ਦੁਨੀਆ ਭਰ ਵਿੱਚ ਸਥਾਪਤ (ਵਿਸ਼ੇਸ਼ਕਰ ਜਿਊਇਸ਼ ਹੋਲੋਕਾਸਟ ਮਿਊਜ਼ੀਅਮ ਵਾਸ਼ਿੰਗਟਨ, ਡੀ. ਸੀ.) ਇਤਿਹਾਸਕ ਯਾਦਗਾਰਾਂ (ਅੱਡ-ਅੱਡ ਕੌਮਾਂ ਦੀਆਂ ) ਦਾ ਅਧਿਐਨ ਕਰਨ ਲਈ, ਇੱਕ ਮਾਹਰ ਪੈਨਲ ਦਾ ਗਠਨ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਅਖੀਰਲਾ ਮਾਡਲ ਪਰਵਾਨ ਕੀਤਾ ਜਾਵੇ। ਇਹ ਮਾਡਲ ਇੰਨੀ ਮਿਹਨਤ ਤੇ ਦੂਰਦ੍ਰਿਸ਼ਟੀ ਨਾਲ ਤਿਆਰ ਹੋਵੇ ਕਿ ਸਾਲਾਂ ਨਹੀਂ ਬਲਕਿ ਸਦੀਆਂ ਬਾਅਦ ਵੀ ਪੈਦਾ ਹੋਏ ਸਿੱਖ 1984 ਦਾ ਦਰਦ ਉਂਝ ਹੀ ਸਮਝ ਸਕਣ, ਜਿਵੇਂ ਜਿੰਨਾ 1984 ਨੂੰ ਅੱਖੀਂ ਵੇਖਣ ਵਾਲੇ ਸਮਝਦੇ ਹਨ। ਜੇ ਇਉਂ ਦੀਰਘ ਵਿਚਾਰ ਨਾਲ ਕਿਸੇ ਸਿੱਟੇ ’ਤੇ ਨਹੀਂ ਪਹੁੰਚਿਆ ਜਾਵੇਗਾ ਤਾਂ ਇਹ ਯਾਦਗਾਰ ਸ੍ਰੀ ਦਰਬਾਰ ਸਾਹਿਬ ਪਰਿਕਰਮਾ ਵਿੱਚ ਇੱਕ ਗੁਰਦੁਆਰੇ ਤੋਂ ਵਧ ਕੇ, ਕੋਈ ਹੋਰ ਪ੍ਰੇਰਣਾ-ਸਰੋਤ ਨਹੀਂ ਬਣ ਸਕੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,