ਸਿੱਖ ਖਬਰਾਂ

ਬਾਪੂ ਸੂਰਤ ਸਿੰਘ ਦੇ ਜਵਾਈ ਦੇ ਸ਼ਰਧਾਂਜਲੀ ਸਮਾਰੋਹ ਸਮੇਂ ਨੇ ਪੰਥਕ ਏਕਤਾ ਸਮੇਤ 8 ਮਤੇ ਪਾਸ ਕੀਤੇ

August 31, 2015 | By

ਹਸਨਪੁਰ ( 30 ਅਗਸਤ, 2015): ਬਾਪੂ ਸੂਰਤ ਸਿੰਘ ਖਾਲਸਾ ਦੇ ਜਵਾਈ ਭਾਈ ਸਤਵਿੰਦਰ ਸਿੰਘ ਭੋਲਾ ਦੇ ਪਿੰਡ ਹਸਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ ’ਚ ਇਕੱਤਰ ਹੋਈਆਂ ਲੱਗਭਗ ਸਾਰੀਆਂ ਪੰਥਕ ਜੱਥੇਬੰਦੀਆਂ ਨੇ ਜਿੱਥੇ ਸਰਕਾਰ ਵੱਲੋਂ ਸਿੱਖਾਂ ’ਤੇ ਹੋ ਰਹੇ ਜਬਰ ਦਾ ਭਾਂਡਾ ਪ੍ਰਕਾਸ਼ ਸਿੰਘ ਬਾਦਲ ਸਿਰ ਭੰਨਿਆ, ਉਥੇ ਇਸ ਜਬਰ ਦਾ ਮੂੰਹ ਭੰਨਣ ਦੇ ਲਈ ਕੌਮੀ ਏਕੇ ਦੀ ਲੋੜ ’ਤੇ ਜ਼ੋਰ ਦਿੱਤਾ।

ਸ਼ਰਧਾਜ਼ਲੀ ਸਮਾਰੋਹ ਦਾ ਦ੍ਰਿਸ਼

ਸ਼ਰਧਾਜ਼ਲੀ ਸਮਾਰੋਹ ਦਾ ਦ੍ਰਿਸ਼

ਪੰਜਾਬੀ ਅਖਬਾਰ ਰੋਜ਼ਾਨਾ ਪਹਿਰੇਦਾਰ ਅਨੁਸਾਰ ਇਸ ਸਮੇਂ 8 ਪੰਥਕ ਮਤੇ ਪਾਸ ਕੀਤੇ ਗਏ। ਜਿਨਾਂ ’ਚ ਭਾਈ ਭੋਲੇ ਦੇ ਕਤਲ ਕਾਂਡ ਦੀ ਜਲਦੀ ਅਤੇ ਉਚ ਪੱਧਰੀ ਜਾਂਚ ਕਰਾਉਣ ਲਈ 7 ਸਤੰਬਰ ਨੂੰ ਦਿੱਲੀ ਸਥਿਤ ਅਮਰੀਕਾ ਦੇ ਰਾਜਪੂਤ ਨੂੰ ਮੰਗ ਪੱਤਰ ਦੇਣ ਦਾ ਫੈਸਲਾ, ਪੰਜਾਬ ’ਚ ਬਾਦਲ ਸਰਕਾਰ ਵੱਲੋਂ ਜਾਣ ਬੁੱਝ ਕੇ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਸਾਜਿਸ਼ ਸਬੰਧੀ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਦੇਣਾ, ਬਾਦਲ ਤੋਂ ‘ਪੰਥ ਰਤਨ’ ਅਤੇ ‘ਫਖਰ-ਏ-ਕੌਮ’ ਐਵਾਰਡ ਵਾਪਸ ਲੈਣ ਲਈ ਅਗਲਾ ਫੈਸਲਾ ਕਰਨ ਸਬੰਧੀ 13 ਸੰਤਬਰ ਨੂੰ ਚੰਡੀਗੜ ’ਚ ਪੰਥਕ ਕਨਵੈਨਸ਼ਨ ਬਲਾਉਣ ਦੇ ਫੈਸਲੇ ਸ਼ਾਮਲ ਹਨ। ਇਸ ਸਮੇਂ ਭਈ ਸਤਵਿੰਦਰ ਸਿੰਘ ਭੋਲੇ ਦੀ ਕੁਰਬਾਨੀ ਨੂੰ ਧਰਮ ਯੁੱਧ ਮੋਰਚੇ ਦੇ ਦੂਜੇ ਭਾਗ ਦੀ ਪਹਿਲੀ ਕੁਰਬਾਨੀ ਐਲਾਨਿਆ ਗਿਆ।

ਪੰਜਾਬ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਜਾਣ ਬੁੱਝ ਕੇ ਹਿੰਸਕ ਰਾਹ ਤੋਰਨ ਦਾ ਯਤਨ ਕੀਤਾ ਤਾਂ ਇਸਦੇ ਨਤੀਜੇ ਗੰਭੀਰ ਹੋਣਗੇ।

ਸਮਾਗਮ ਨੂੰ ਸੰਬੋਧਨ ਕਰਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਆਖਿਆ ਕਿ ਕੌਮ ਨੂੰ ਇਕ ਜੁੱਟ ਹੋ ਕੇ ਸੰਘਰਸ਼ ਨੂੰ ਜਿੱਤ ਦੀਆਂ ਬਰੂਹਾਂ ’ਤੇ ਲੈ ਕੇ ਜਾਣਾ ਚਾਹੀਦਾ ਹੈ। ਉਨਾਂ ਆਖਿਆ ਕਿ ਬਾਦਲ ਦੀ ਗੁਲਾਮੀ ਤੋਂ ਛੁਟਕਾਰਾ ਸਾਡਾ ਸਾਰਿਆਂ ਦਾ ਸਾਂਝਾ ਨਿਸ਼ਾਨਾ ਹੋਣਾ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੇ ਇਸ ਸਮੇਂ ਆਖਿਆ ਕਿ ਸਿਆਸੀ ਕਤਲ, ਬਾਦਲ ਦਾ ਬਦਲਾਖੋਰ ਨੀਤੀ ਦਾ ਹਿੱਸਾ ਰਹੇ ਹਨ ਅਤੇ ਜੇ ਇਨਾਂ ਨੂੰ ਨੱਥ ਨਾ ਪਾਈ ਗਈ ਤਾਂ ਪੰਜਾਬ ’ਚ ਸਿੱਖ ਜੁਆਨੀ ਦਾ ਘਾਣ ਮੁੜ ਤੋਂ ਸ਼ੁਰੂ ਹੋ ਜਾਵੇਗਾ।

ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਨੇ ਇਸ ਸਮੇਂ ਜ਼ੋਰ ਦਿੱਤਾ ਕਿ ਕੌਮ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ’ਚਜ ਕੌਮ ਦੇ ਗਲੋਂ ਗੁਲਾਮੀ ਲਾਹ ਦੇਣੀ ਚਾਹੀਦੀ ਹੈ। ਦਲ ਖਾਲਸਾ ਦੇ ਭਾਈ ਮਨਜਿੰਦਰ ਸਿੰਘ ਜੰਡੀ ਨੇ ਬਾਦਲ ਸਰਕਾਰ ਤੇ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਸਿੱਖਾਂ ਨੂੰ ਜਾਣ ਬੁੱਝ ਕੇ ਇਨਸਾਫ ਨਹੀਂ ਦੇ ਰਹੀ ਤਾਂ ਕਿ ਸਿੱਖਾਂ ਨੂੰ ਗੁਲਾਮੀ ਦਾ ਇਹਿਸਾਸ ਹੁੰਦਾ ਰਹੇ।

ਅਕਾਲੀ ਦਲ 1920 ਦੇ ਭਾਈ ਬੂਟਾ ਸਿੰਘ ਰਣਸੀਂਹ ਨੇ ਆਖਿਆ ਕਿ ਕੌਮ ’ਚ ਏਕਾ ਜ਼ਰੂਰੀ ਹੈ। ਪ੍ਰੰਤੂ ਇਸ ਏਕੇ ਨੂੰ ਵਕਤੀ ਨਹੀਂ ਸਗੋਂ ਸਦੀਵੀਂ ਕੀਤਾ ਜਾਵੇ। ਅਕਾਲੀ ਦਲ (ਅ) ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਖਿਆ ਕਿ ਇਸ ਦੇਸ਼ ਦੇ ਸਿੱਖਾਂ ਨੂੰ ਇਨਸਾਫ ਦੀ ਆਸ ਲਾਹ ਦੇਣੀ ਚਾਹੀਦੀ ਹੈ। ਉਨਾਂ ਆਖਿਆ ਕਿ ਗੁਲਾਮੀ ਦੀਆਂ ਜੰਜੀਰਾਂ ਲਾਹੇ ਤੋਂ ਬਿਨਾਂ ਕੌਮੀ ਹੱਕ ਨਹੀਂ ਮਿਲਣੇ।

ਇਮਾਨ ਸਿੰਘ ਮਾਨ ਅਤੇ ਧਿਆਨ ਸਿੰਘ ਮੰਡ ਨੇ ਇਸ ਸਮੇਂ ਆਖਿਆ ਕਿ ਭਾਈ ਭੋਲੇ ਦੇ ਕਤਲ ਦੀ ਜਾਂਚ ਦਾ ਮਾਮਲਾ ਅਮਰੀਕਾ ਸਰਕਾਰ ਅੱਗੇ ਉਠਾਉਣਾ ਚਾਹੀਦਾ ਹੈ।

ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਦੀਪ ਸਿੰਘ ਬਠਿੰਡਾ ਨੇ ਹੁਣ ਤੱਕ ਦੇ ਸੰਘਰਸ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆ ਆਖਿਆ ਕਿ ਸੰਘਰਸ਼ ਦਾ ਸ਼ਾਂਤਮਈ ਰਹਿਣਾ ਸਰਕਾਰ ਨੂੰ ਆਪਣੀ ਵੱਡੀ ਹਾਰ ਲੱਗਿਆ ਹੈ ਜਿਸ ਕਾਰਨ ਬਾਦਲ ਸਰਕਾਰ ਇਸ ਸੰਘਰਸ਼ ਨੂੰ ਹਿੰਸਕ ਧੱਬਾ ਲਾਉਣ ਲਈ ਆਪਣੇ ਚਹੇਤਿਆ ਰਾਹੀ ਬਾਰੂਦੀ ਛੜਾ ਮੰਗਵਾ ਰਹੀ ਹੈ। ਉਨਾਂ ਆਖਿਆ ਕਿ ਬਾਦਲਾਂ ਨੂੰ ਪੰਜਾਬ ਦੇ ਅਮਨ ਚੈਨ ਨੂੰ ਅੱਗ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਭਾਈ ਸਤਨਾਮ ਸਿੰਘ ਮਨਾਵਾਂ ਨੇ ਵੀ ਇਸ ਸਮੇਂ ਪੰਥਕ ਏਕੇ ਦੀ ਗੱਲ ਤੋਰੀ।

ਪੰਥ ਦੇ ਮਹਾਨ ਪ੍ਰਚਾਰਕ ਹਰਪ੍ਰੀਤ ਸਿੰਘ ਮੱਖੂ ਨੇ ਗੁਰਬਾਣੀ ਸਿਧਾਂਤਾਂ ਅਨੁਸਾਰ ਵਰਤਮਾਨ ਸੰਘਰਸ਼ ਦੀ ਵਿਆਖਿਆ ਕੀਤੀ। ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆ ਦੇ ਜੱਥੇ ਨੇ ਭਾਈ ਨਿਰਵੈਰ ਸਿੰਘ ਦੀ ਅਗਵਾਈ ਵਿਚ ਰਸਭਿੰਨਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ।

ਬੁੱਢਾ ਦਲ ਵਲੋਂ ਬਾਬਾ ਮੋਹਨ ਸਿੰਘ ਵਾਰਨ ਨੇ ਆਖਿਆ ਕਿ ਉਹ ਇਸ ਸੰਘਰਸ਼ ਵਿਚ ਜਿਥੇ ਵੀ ਲੋੜ ਪਵੇ ਹੋਰ ਯੋਗਦਾਨ ਪਾਉਣ ਲਈ ਤਤਪਰ ਹਨ।

ਫੈਡਰੇਸ਼ਨ ਦੇ ਪੁਰਾਣੇ ਆਗੂ ਭਾਈ ਸਰਬਜੀਤ ਸਿੰਘ ਸੋਹਲ ਨੇ ਆਪਣੇ ਸਾਥੀ ਸਤਵਿੰਦਰ ਸਿੰਘ ਭੋਲਾ ਵਲੋਂ ਸਿੱਖ ਸੰਘਰਸ਼ ਵਿਚ ਪਾਏ ਯੋਗਦਾਨ ਦੀ ਜਾਣਕਾਰੀ ਦਿੱਤੀ।

ਇਸ ਮੌਕੇ ਨੌਬਲਜੀਤ ਸਿੰਘ ਸਿੱਖ ਯੂਥ ਆਫ਼ ਪੰਜਾਬ, ਸੁਰਜੀਤ ਸਿੰਘ ਖਾਲਿਸਤਾਨੀ, ਭਵਨਦੀਪ ਸਿੰਘ ਲੁਧਿਆਣਾ, ਜੰਗ ਸਿੰਘ, ਭਾਈ ਬਗੀਚਾ ਸਿੰਘ, ਮਾਸਟਰ ਦਰਸ਼ਨ ਸਿੰਘ ਰਕਬਾ, ਫੈਡਰੇਸ਼ਨ ਪ੍ਰਧਾਨ ਮਨਜੀਤ ਸਿੰਘ, ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਬਾਬਾ ਬਲਦੇਵ ਸਿੰਘ ਜੋਗੇਵਾਲ, ਭਾਈ ਵੱਸਣ ਸਿੰਘ ਜੱਫਰਵਾਲ, ਯੂਥ ਆਗੂ ਹਰਜਿੰਦਰ ਸਿੰਘ ਰੋਡੇ, ਬਾਬਾ ਮਹਿੰਦਰ ਸਿੰਘ ਜਨੇਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਸੁਖਜੀਤ ਸਿੰਘ ਬਲੋਲੀ, ਬਾਬਾ ਗੁਰਮੀਤ ਸਿੰਘ ਤਰਲੋਕੇ ਵਾਲੇ, ਭਾਈ ਲਖਵੀਰ ਸਿੰਘ ਏਕਨੂਰ ਖਾਲਸਾ, ਅਜੀਤ ਸਿੰਘ, ਗੁਰਸੇਵਕ ਸਿੰਘ ਧੂਰਕੋਟ, ਹਰਜੀਤ ਸਿੰਘ ਸੈਕਟਰੀ ਜਨਰਲ ਚੰਡੀਗੜ ਗੁਰਦੁਆਰਾ ਸਾਹਿਬਾਨ, ਡਾਕਟਰ ਭਗਵਾਨ ਸਿੰਘ, ਪਰਮਜੀਤ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਂਚਾ ਧਾਮ, ਬਾਬਾ ਅਮਰਜੀਤ ਸਿੰਘ ਦਮਦਮੀ ਟਕਸਾਲ, ਗੁਰਚਰਨ ਸਿੰਘ ਖਾਲਸਾ, ਮਨਜੀਤ ਸਿੰਘ ਡੱਲਾ, ਪ੍ਰੋਫੈਸਰ ਮਹਿੰਦਰਪਾਲ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅ), ਜਥੇਦਾਰ ਤਰਲੋਕ ਸਿੰਘ ਡੱਲਾ, ਜਥੇ. ਜਸਵੰਤ ਸਿੰਘ ਚੀਮਾ, ਸ਼ਹੀਦ ਜੁਗਰਾਜ ਸਿੰਘ ਦੇ ਮਾਤਾ ਜੀ, ਹਰਭਜਨ ਸਿੰਘ ਕਸ਼ਮੀਰੀ, ਸੁਰਜੀਤ ਸਿੰਘ ਸਦਰ-*ਏ- ਖਾਸਿਲਤਾਨ, ਪਿ੍ਰੰਸੀਪਲ ਭੁਪਿੰਦਰ ਸਿੰਘ ਆਦਿ ਹਾਜਰ ਸਨ।

ਸਮਾਗਮ ਦੀ ਸਮਾਪਤੀ ’ਤੇ ਸੰਗਤਾਂ ਦਾ ਧੰਨਵਾਦ ਕਰਦਿਆ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਪੁਰਤਾਨ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਿਆ। ਉਨਾਂ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਪੂਰਨ ਰੂਪ ਵਿਚ ਸ਼ਾਂਤਮਈ ਹੈ। ਇਸ ਲਈ ਸਰਕਾਰ ਨੂੰ ਹਲੇ ਤੱਕ ਜੁਲਮ ਦੀ ਚੱਕੀ ਤੇਜੀ ਨਾਲ ਚਲਾਉਣ ਦਾ ਮੌਕਾ ਨਹੀਂ ਮਿਲ ਸਕਿਆ ਅਤੇ ਸਰਕਾਰ ਉਸ ਮੌਕੇ ਦੀ ਭਾਲ ਵਿਚ ਇਸ ਸੰਘਰਸ਼ ਨੂੰ ਤਾਰਪੀਡੋਂ ਕਰਨ ਅਤੇ ਹਿੰਸਕ ਰਾਹ ਤੋੜਨ ਦੀ ਕਾਲੀ ਕਰਤੂਤ ਕਰਨ ਦੀ ਤਾਕ ਵਿਚ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,