ਚੋਣਵੀਆਂ ਲਿਖਤਾਂ » ਜੀਵਨੀਆਂ » ਲੇਖ » ਸਿੱਖ ਖਬਰਾਂ

ਖ਼ਾਲਸਾ ਰਾਜ ਦੇ ਉਸਰਈਏ : ਸਰਦਾਰ ਫਤਹ ਸਿੰਘ ਜੀ ਆਹਲੂਵਾਲੀਆ

July 20, 2019 | By

ਲੇਖਕ – ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ

ਸ: ਫਤਹ ਸਿੰਘ ਜੀ ਖਾਲਸਾ ਰਾਜ ਲਈ ਪਹਿਲੀ ਕੁਰਬਾਨੀ

ਸਰਦਾਰ ਜੱਸਾ ਸਿੰਘ ਜੀ ਦੇ ਘਰ ਸੰਤਾਨ ਨਹੀਂ ਸੀ, ਇਸ ਲਈ ਰਿਆਸਤ ਦਾ ਮਾਲਕ ਸਰਦਾਰ ਭਾਗ ਸਿੰਘ ਥਾਪਿਆ ਗਿਆ। ਸਰਦਾਰ ਭਾਗ ਸਿੰਘ ਦਾ ਦੇਹਾਂਤ ਸਨ ੧੮੦੧ ਵਿਚ ਕਪੂਰਥਲੇ ਹੋਇਆ ਅਤੇ ਉਸ ਦਾ ਪੁਤਰ ਫਤਹ ਸਿੰਘ, ਜਿਸ ਦਾ ਜਨਮ ਸੰਨ ੧੭੮੪ ਵਿਚ ਹੋਇਆ ਸੀ: ਨਵਾਬ ਜੱਸਾ ਸਿੰਘ ਦੀ ਗੱਦੀ ਪਰ ਬੈਠਾ। ਇਸ ਬਹਾਦਰ ਸੂਰਮੇ ਦਾ ਦਿਲ ਕੌਮੀ ਪਿਆਰ ਨਾਲ ਸਭਰ ਭਰਿਆ ਹੋਇਆ ਸੀ, ਇਸ ਦੇ ਨਾਲ ਹੀ ਉਹ ਬੜਾ ਨੀਤੀਵਾਨ ਤੇ ਦੂਰਦਿਸ਼ਟਾ ਮੰਨਿਆ ਜਾਂਦਾ ਸੀ। ਇਹ ਸਰਦਾਰ ਅਜੇ ਭਰ ਜਵਾਨੀ ਵਿਚ ਹੀ ਸੀ ਕਿ ਇਸ ਨੂੰ ਖਬਰ ਮਿਲੀ ਕਿ ਸ਼ੇਰਿ ਪੰਜਾਬ ਨੇ ਖਾਲਸਾ ਰਾਜ ਦੀ ਲਾਹੌਰ ਵਿਚ ਨੀਂਹ ਰੱਖੀ ਹੈ। ਸਰਦਾਰ ਫਤਹ ਸਿੰਘ ਦੀ ਪਾਰਖੂ ਅੱਖ ਨੇ ਉਸ ਸਮੇਂ ਤਾੜ ਲਿਆ ਕਿ ਜੇ ਕਦੇ ਇਸ ਖਾਲਸਾ ਰਾਜ ਦੇ ਹੁਣੇ ਉਗਮੇਂ ਨਿਕੇ ਜਿਹੇ ਪੌਦੇ ਦੀ ਮਿਲ ਕੇ ਸਾਂਝੀ ਸਹਾਇਤਾ ਕੀਤੀ ਜਾਏ ਤਾਂ ਹੋ ਸਕਦਾ ਹੈ ਕਿ ਇਹ ਕਿਸੇ ਦਿਨ ਇਤਨਾ ਵੱਡਾ ਤੇ ਸ਼ਾਨਦਾਰ ਫਲਦਾਰ ਬ੍ਰਿਛ ਬਣ ਜਾਏ, ਜਿਸਤੋਂ ਸਾਰੀ ਖਾਲਸਾ ਕੌਮ ਲਾਭ ਪ੍ਰਾਪਤ ਕਰ ਸਕੇ। ਆਪਣੇ ਇਸ ਅਤਿ ਉੱਚੇ ਤੇ ਸੱਵਛ ਇਰਾਦੇ ਨੂੰ ਅਮਲੀ ਤੌਰ ਪੁਰ ਵਰਤੋਂ ਵਿਚ ਲਿਆਉਣ ਲਈ ਉਹ ਕਪੂਰਥਲਿਓਂ ਚਾਲੇ ਪਾ ਕੇ ਸਿੱਧਾ ਲਾਹੌਰ ਸ਼ੇਰਿ ਪੰਜਾਬ ਨੂੰ ਆ ਮਿਲਿਆ। ਇੱਥੇ ਇਸ ਨੇ ਬਿਨਾਂ ਕਿਸੇ ਸੰਕੋਚ ਦੇ ਆਪਣਾ ਖਿਆਲ ਸਾਫ ਸਾਫ ਮਹਾਰਾਜਾ ਸਾਹਿਬ ਅੱਗੇ ਪ੍ਰਗਟ ਕਰ ਦਿੱਤਾ। ਸਰਦਾਰ ਫਤਿਹ ਸਿੰਘ ਜੀ ਦੇ ਇਨ੍ਹਾਂ ਅਮੋਲਕ ਖਿਆਲਾਂ ਨੂੰ ਸੁਣਕੇ ਮਹਾਰਾਜਾ ਸਾਹਿਬ ਜੀ ਦੇ ਕੌਮੀ ਪਿਆਰ ਨੇ ਇਤਨਾ ਉਛਾਲਾ ਖਾਧਾ ਜਿਸਦੀ ਕੋਈ ਹੱਦ ਨਾ ਰਹੀ। ਇਸ ਖੁਸ਼ੀ ਭਰੇ ਜੋਸ਼ ਵਿਚ ਆਪ ਨੇ ਸਰਦਾਰ ਜੀ ਨੂੰ ਆਪਣੀ ਛਾਤੀ ਨਾਲ ਲਾ ਲਿਆ ਅਤੇ ਆਪ ਦੇ ਪੰਥਕ ਪਿਆਰ ਦੀ ਵੱਡੀ ਸ਼ਲਾਘਾ ਕੀਤੀ।

ਸ਼ੇਰਿ ਪੰਜਾਬ ਨਾਲ ਪੱਗ ਵਟਾਂਦਰਾ: ਸ਼ੇਰਿ ਪੰਜਾਬ ਨੂੰ ਇਸ ਸਮੇਂ ਖਾਲਸਾ ਰਾਜ ਦੀ ਉਸਾਰੀ ਲਈ ਇਸ ਤਰ੍ਹਾਂ ਦੇ ਸੱਚੇ ਸਹਾਇਕਾਂ ਤੇ ਸਿਦਕੀ ਸਾਥੀਆਂ ਦੀ ਡਾਢੀ ਲੋੜ ਸੀ, ਸੋ ਸਰਦਾਰ ਫਤਹ ਸਿੰਘ ਦੇ ਮਿਲਾਪ ਨੇ ਇਸ ਕਮੀ ਨੂੰ ਪੂਰਾ ਕਰ ਦਿੱਤਾ। ਸ਼ੇਰਿ ਪੰਜਾਬ ਨੇ ਇਸ ਗੈਬੀ ਸਹਾਇਤਾ ਲਈ ਸਤਿਗੁਰ ਦੇ ਚਰਨਾਂ ਪੁਰ ਅਨੇਕ ਵਾਰੀ ਸੀਸ ਝੁਕਾਇਆ ਅਤੇ ਇਸ ਪਿਆਰ ਦੀ ਗੰਢ ਨੂੰ ਹੋਰ ਵੀ ਪੀਡਿਆਂ ਕਰਨ ਲਈ ਦੋਵੇਂ ਸਰਦਾਰਾਂ ਨੇ ਸ੍ਰੀ ਤਰਨਤਾਰਨ ਸਾਹਿਬ ਜੀ ਦੇ ਦਰਬਾਰ ਵਿਚ ਹਾਜ਼ਰ ਹੋ, ਅਰਦਾਸਾ ਸੋਧ, ਆਪਸ ਵਿਚ ਪੱਗ ਵਟਾਂਦਰਾ ਕੀਤਾ ਅਤੇ ਅੱਗੋਂ ਲਈ ਪ੍ਰਣ ਕੀਤਾ ਕਿ ਦੋਹਾਂ ਦੇ ਮਿੱਤ੍ਰ ਭੀ ਸਾਂਝੇ ਹੋਣਗੇ ਤੇ ਵੈਰੀ ਭੀ ਸਾਂਝੇ। ਇਹ ਗੱਲ ਸੰਨ ੧੮੦੨ ਈ: ਦੇ ਅਰੰਭ ਦੀ ਹੈ।

ਸਰਦਾਰ ਫਤਿਹ ਸਿੰਘ ਜੀ ਖਾਲਸਾ ਰਾਜ ਦੇ ਵਾਧੇ ਲਈ ਇਹ ਕੁਰਬਾਨੀ ਕੋਈ ਨਿੱਕੀ ਜਿਹੀ ਕੁਰਬਾਨੀ ਨਹੀਂ ਸੀ, ਸਗੋਂ ਅਸੀਂ ਇਸਦੇ ਬਾਅਦ ਦੇਖਦੇ ਹਾਂ ਕਿ ਇਹ ਸਰਦਾਰ ਆਪਣੀ ਜ਼ਾਤੀ ਰਿਆਸਤ ਕਪੂਰਥਲਾ ਦੇ ਵਧਾਉਣ ਦੀ ਥਾਂ, ਸਿਆਪਣ ਬਹਾਦਰੀ ਤੇ ਫੌਜੀ ਤਾਕਤ ਅਤੇ ਹੋਰ ਆਪਣੇ ਸਾਰੇ ਵਸੀਲੇ ਕੇਵਲ ਖਾਲਸਾ ਰਾਜ ਦੇ ਭਲੇ ਤੇ ਪਕਿਆਈ ਲਈ ਵਰਤਣ ਲੱਗ ਪਿਆ।

ਖਾਲਸਾ ਰਾਜ ਲਈ ਪਹਿਲੀ ਸਹਾਇਤਾ: ਸ: ਫਤਹ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਵਿਦਾ ਹੋਕੇ ਕਪੂਰਥਲੇ ਪਹੁੰਚਿਆਂ ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਸ਼ੇਰਿ ਪੰਜਾਬ ਵੱਲੋਂ ਸੱਦਾ ਪੁੱਜਾ ਕਿ ਆਪ ਸਣੇ ਆਪਣੀ ਫੌਜ ਦੇ ਬਹੁਤ ਛੇਤੀ ਸਾਡੇ ਪਾਸ ਪਹੁੰਚ ਜਾਓ, ਕਿਉਂਕਿ ਇਸ ਸਮੇਂ ਅਸੀਂ ਸ੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਨਾਲ ਸਮਿਲਤ ਕਰਨਾ ਜ਼ਰੂਰੀ ਸਮਝਦੇ ਹਾਂ। ਇਸ ਪੱਕਾ ਦੇ ਪਹੁੰਚਦੇ ਸਾਰ ਸਰਦਾਰ ਜੀ, ਸਣੇ ਆਪਣੀ ਬਲਵਾਨ ਫੌਜ ਦੇ, ਮਹਾਰਾਜਾ ਪਾਸ ਪਹੁੰਚ ਗਏ। ਇਸਦੇ ਉਪਰੰਤ ਜੋ ਯੋਗਤਾ ਤੇ ਸਿਆਣਪ ਸਰਦਾਰਨੀ ਸਦਾ ਕੌਰ ਤੇ ਸਰਦਾਰ ਫਤਹ ਸਿੰਘ ਜੀ ਨੇ ਇਸ ਨਾਜ਼ਕ ਸਮੇਂ ਵਰਤੀ ਉਸ ਦੇ ਇੱਥੇ ਦੁਹਰਾਣ ਦੀ ਲੋੜ ਨਹੀਂ, ਸਰਦਾਰਨੀ ਸਦਾ ਕੌਰ ਦੇ ਜੀਵਨ ਵਿਚ ਸਾਰੇ ਸਮਾਚਾਰ ਆ ਚੁੱਕੇ ਹਨ।

ਸਰਦਾਰ ਫਤਹ ਸਿੰਘ ਜੀ ਆਹਲੂਵਾਲੀਆ

ਸਰਦਾਰ ਫਤਿਹ ਸਿੰਘ ਦੀ ਬੀਰਤਾ ਦੀ ਝਾਕੀ: ਸੰਨ ੧੮੦੩ ਈ: ਦੇ ਅਰੰਭ ਵਿਚ ਕਸੂਰੀਆਂ ਦੇ ਕਸੂਰ ਇੱਥੋਂ ਤੱਕ ਵਧ ਗਏ ਸਨ ਕਿ ਹੁਣ ਇਨ੍ਹਾਂ ਵੱਲੋਂ ਅੱਖਾਂ ਚੁਰਾਣੀਆਂ ਅਸੰਭਵ ਹੋ ਗਈਆਂ। ਇਨ੍ਹਾਂ ਨੂੰ ਪੂਰੀ ਸਿਖਿਆ ਦੇਣ ਲਈ ਸ਼ੇਰਿ ਪੰਜਾਬ ਨੇ ਸਰਦਾਰ ਫਤਿਹ ਸਿੰਘ ਜੀ ਤੇ ਆਪਣੇ ਹੋਰ ਸਰਦਾਰਾਂ ਨਾਲ ਇਸ ਬਾਰੇ ਵਿਚਾਰ ਕੀਤੀ ਤਾਂ ਫੈਸਲਾ ਹੋਇਆ ਕਿ ਬਜਾਏ ਇਸਦੇ ਵੈਰੀ ਨੂੰ ਮੌਕਾ ਦਿੱਤਾ ਜਾਏ ਕਿ ਉਹ ਖਾਲਸੇ ਪਰ ਹੱਲਾ ਕਰੋ, ਸਗੋਂ ਸਿਆਣਪ ਇਹ ਹੈ ਕਿ ਉਸਦੇ ਇਸ ਇਰਾਦੇ ਤੋਂ ਪਹਿਲਾਂ ਹੀ ਉਸ ਪਰ ਧਾਵਾ ਕਰ ਦਿੱਤਾ ਜਾਏ। ਇਸ ਵਿਚਾਰ ਅਨੁਸਾਰ ਹੁਣ ਸਾਰੀਆਂ ਜ਼ਰੂਰੀ ਤਿਆਰੀਆਂ ਹੋ ਗਈਆਂ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ੫੦੦੦ ਫੌਜ ਅਤੇ ਸਰਦਾਰ ਫਤਹ ਸਿੰਘ ਆਹਲੂਵਾਲੀਏ ਦੇ ੧੫੦੦ ਬਹਾਦਰ ਸਵਾਰਾਂ ਨਾਲ ਮਿਲਕੇ ਕਸੂਰ ਪਰ ਚੜ੍ਹਾਈ ਕਰ ਦਿੱਤੀ। ਕਸੂਰ ਪਹੁੰਚਕੇ ਪੰਜ ਕੋਹ ਦੀ ਵਿਥ ਪਰ ਖਾਲਸਾ ਫੌਜ ਨੇ ਡੇਰੇ ਲਗਾ ਦਿੱਤੇ। ਅਗਲਾ ਦਿਨ ਧਾਵੇ ਲਈ ਨੀਯਤ ਕੀਤਾ ਗਿਆ ਅਤੇ ਹੁਣ ਸਾਰੀ ਰਾਤ ਸ਼ੇਰਿ ਪੰਜਾਬ ਸਰਦਾਰ ਫਤਿਹ ਸਿੰਘ ਦੀ ਸਲਾਹ ਨਾਲ ਤਿਆਰੀਆਂ ਕਰਦੇ ਰਹੇ। ਅਜੇ ਪਹੁ ਫੁਟਾਲੇ ਵਿਚ ਕੁਝ ਸਮਾਂ ਬਾਕੀ ਸੀ ਕਿ ਖਾਲਸੇ ਨੇ ਅਜੀਤ ਨਗਾਰੇ ਨੂੰ ਚੋਟ ਲਗਾ ਦਿੱਤੀ ਤੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਅਕਾਸ਼ ਗੂੰਜ ਉੱਠਿਆ। ਅੱਗੋਂ ਕਸੂਰੀਆਂ ਭੀ – ਜੋ ਪ੍ਰਸਿੱਧ ਬਹਾਦਰ ਅਤੇ ਲੜਾਕੇ ਪਠਾਣ ਸਨ ਜਦ ਖਾਲਸੇ ਦੀਆਂ ਫੌਜਾਂ ਦਾ ਰੁਖ ਆਪਣੇ ਵਲ ਡਿੱਠਾ ਤਾਂ ਤੁਰਤ ਫੁਰਤ ਖਾਲਸੇ ਦੇ ਟਾਕਰੇ ਲਈ ਤਿਆਰੀ ਕਰਕੇ ਕੋਈ ਸਤ ਹਜ਼ਾਰ ਦਾ ਟਿਕਾਣਾ ਲਸ਼ਕਰ ਇੱਕਠਾ ਕਰ ਲਿਆ ਤੇ ਖਾਲਸੇ ਦਾ ਰਾਹ ਸ਼ਹਿਰੋਂ ਬਾਹਰੋਂ ਰੋਕ ਲਿਆ। ਖਾਲਸਾ ਫੌਜ ਅੱਗੇ ਵਧਦੀ ਹੋਈ ਇਨ੍ਹਾਂ ਦੇ ਮੋਰਚਿਆਂ ਤਕ ਚਲੀ ਗਈ। ਕਸੂਰੀਆਂ ਬੜੇ ਜੋਸ਼ ਨਾਲ ਅੱਗੋਂ ਮੁਕਾਬਲੇ ਲਈ ਤਿਆਰ ਹੋ ਗਹਿਗਚ ਲੜਾਈ ਸ਼ੁਰੂ ਕਰ ਦਿੱਤੀ। ਹੁਣ ਦੋਹਾਂ ਧਿਰਾਂ ਦੇ ਸੂਰਮਿਆਂ ਦੀਆਂ ਲੋਥਾਂ ਤੇ ਲੋਥਾਂ ਚੜ੍ਹਨ ਲਗੀਆਂ, ਧਰਤੀ ਲਹੂ ਨਾਲ ਲਾਲੋ ਲਾਲ ਹੋ ਗਈ। ਇਸ ਸਮੇਂ ਸਰਦਾਰ ਫਤਿਹ ਸਿੰਘ ਜੀ ਨੇ ਆਪਣੇ ਖਾਲਸਈ ਜੋਸ਼ ਵਿਚ ਉਹ ਸੂਰਮਤਾ ਦੱਸੀ ਕਿ ਮਹਾਰਾਜਾ ਸਾਹਿਬ ਹੈਰਾਨ ਰਹਿ ਗਏ। ਇਹ ਆਪਣੇ ਨਾਮੀ ਘੋੜੇ ਨੂੰ ਉਡਾਕੇ ਵੈਰੀ ਦੇ ਦਲਾਂ ਵਿਚ ਜਾ ਧੱਸਦਾ ਅਤੇ ਜੋ ਭੀ ਸਾਹਮਣੇ ਆਉਂਦਾ ਉਸ ਨੂੰ ਆਪਣੀ ਅਸਫਹਾਨੀ ਤਲਵਾਰ ਦੀ ਧਾਰ ਨਾਲ ਪਾਰ ਬੁਲਾਂਦਾ। ਇਸ ਤਰ੍ਹਾਂ ਸੱਥਰਾਂ ਪਰ ਸੱਥਰ ਲਾਹੁੰਦਾ ਹੋਇਆ ਸਣੇ ਆਪਣੇ ਸਵਾਰਾਂ ਦੇ, ਸਭ ਤੋਂ ਅੱਗੇ ਨਿਕਲ ਗਿਆ। ਮਹਾਰਾਜਾ ਸਾਹਿਬ ਆਪ ਵੀ ਵੱਧ ਚੜ ਕੇ ਸਿਰੀ ਸਾਹਿਬ ਵਾਹੁੰਦੇ ਰਹੇ, ਅੱਗੋਂ ਕਸੂਰੀਏ ਜਾਨਬਾਜ਼ਾਂ ਨੇ ਵੀ ਬਹਾਦਰੀ ਦੀ ਹੱਦ ਮੁਕਾ ਦਿੱਤੀ, ਪਰ ਦਿਨ ਢਲਨੇ ਨਾਲ ਹੀ ਇਨ੍ਹਾਂ ਦੇ ਹੌਂਸਲੇ ਢਲ ਗਏ ਅਤੇ ਖਾਲਸੇ ਦੇ ਅਗਾਧ ਜੋਸ਼ ਅਗੇ ਨਾ ਠਹਿਰ ਸਕੇ ਤੇ ਮੈਦਾਨ ਖਾਲਸੇ ਦੇ ਹੱਥ ਛੱਡ ਕੇ ਆਪਣੇ ਵੱਡੇ ਤੇ ਪੱਕੇ ਕਿਲੇ ਵਿਚ ਜਾ ਪਨਾਹ ਲਈ। ਹੁਣ ਖਾਲਸੇ ਲਈ ਕਿਲ੍ਹੇ ਦਾ ਫਤਹ ਕਰਨਾ ਕੋਈ ਕਠਿਨ ਨਹੀਂ ਸੀ, ਉਹ ਬਿਨਾਂ ਕਿਸੇ ਲੰਮੀ ਲੜਾਈ ਦੇ ਸਰ ਹੋ ਗਿਆ। ਕਸੂਰੀਆਂ ਆਪਣੀ ਪੂਰੀ ਹਾਰ ਮੰਨ ਲੀਤੀ। ਚੂੰਕਿ ਕਸੂਰੀਏ ਬੜੀ ਜੀਦਾਰੀ ਨਾਲ ਲੜੇ ਸਨ ਤੇ ਮਹਾਰਾਜਾ ਸਾਹਿਬ ਜੀ ਭੀ ਸਦੀਵ ਬਹਾਦਰਾਂ ਦੀ ਕਦਰ ਕਰਦੇ ਹੁੰਦੇ ਸਨ ਅਤੇ ਹੁਣ ਨਾਲ ਹੀ ਸਰਦਾਰ ਫਤਹ ਸਿੰਘ ਜੀ ਨੇ ਸਫਾਰਸ਼ ਭੀ ਕੀਤੀ, ਇਸ ਲਈ ਮਹਾਰਾਜਾ ਸਾਹਿਬ ਨੇ ਉਨ੍ਹਾਂ ਪੁਰ ਵਧੇਰੀ ਸਖਤੀ ਕਰਨ ਯੋਗ ਨਾ ਸਮਝੀ, ਸਿਰਫ ਤਾਵਾਨ-ਜੰਗ ਤੇ ਯੋਗ ਜੁਰਮਾਨੇ ਦੀ ਰਕਮ, ਇਨ੍ਹਾਂ ਨੂੰ ਸਿਖਿਆ ਦੇਣ ਵਾਸਤੇ ਵਸੂਲ ਕਰ ਲਈ। ਹੁਣ ਕਸੂਰੀਆਂ ਨੇ ਅੱਗੋਂ ਨੂੰ ਖਾਲਸੇ ਦੇ ਅਨੁਸਾਰੀ ਰਹਿਣ ਦਾ ਅਹਿਦਨਾਮਾ ਲਿਖ ਦਿੱਤਾ ਸੀ। ਇਸ ਲਈ ਇਹ ਮਾਮਲਾ ਇਥੇ ਹੀ ਮੁਕ ਗਿਆ।

ਇਸ ਲੜਾਈ ਵਿਚ ਪਹਿਲੀ ਵਾਰੀ ਮਹਾਰਾਜਾ ਸਾਹਿਬ ਨੂੰ ਸਰਦਾਰ ਫਤਿਹ ਸਿੰਘ ਦੀ ਬੀਰਤਾ, ਨਿਡਰਤਾ ਤੇ ਰਾਜਸੀ ਯੋਗਤਾ ਦੇਖਣ ਦਾ ਸਮਾਂ ਮਿਲਿਆ ਸੀ, ਜਿਸ ਦਾ ਸ਼ੇਰਿ ਪੰਜਾਬ ਦੇ ਮਨ ਪਰ ਬੜਾ ਡੂੰਘਾ ਅਸਰ ਹੋਇਆ ਜੋ ਅੱਗੇ ਨੂੰ ਸਦਾ ਲਈ ਵਧਦਾ ਗਿਆ। ਸਰਦਾਰ ਫਤਹ ਸਿੰਘ ਖਾਲਸਾ ਰਾਜ ਲਈ ਸ੍ਰੀ ਅੰਮ੍ਰਿਤਸਰ ਦੇ ਬਾਅਦ ਇਹ ਦੂਜੀ ਜਿੱਤ ਸੀ।

ਹੁਲਕਰ ਦਾ ਪੰਜਾਬ ਆਵਣਾ ਤੇ ਸ: ਫਤਹ ਸਿੰਘ ਦੀ ਸਿਆਣਪ: ਸਰਦਾਰ ਫਤਿਹ ਸਿੰਘ ਜੀ ਆਹਲੂਵਾਲੀਆ ਜਿੱਥੇ ਮੈਦਾਨ ਜੰਗ ਵਿਚ ਖਾਲਸਾ ਰਾਜ ਦੇ ਵਾਧੇ ਲਈ ਆਪਣੀ ਤਲਵਾਰ ਦੇ ਜੌਹਰ ਦਿਖਾਣ ਵਿਚ ਆਪਣੀ ਨਜ਼ੀਰ ਆਪ ਸਨ ਉੱਥੇ ਆਪ ਰਾਜਸੀ ਪੁਲੀਟੀਕਲ ਉਲਝਨਾਂ ਨੂੰ ਭੀ ਵੱਡੀ ਦੁਰਦ੍ਰਿਸ਼ਟੀ ਤੇ ਸਿਆਣਪ ਨਾਲ ਨਜਿੱਠਿਆ ਕਰਦੇ ਸਨ, ਪਰ ਆਪ ਦੀ ਸਿਆਣਪ ਦੀ ਪਰੀਖਿਆ ਦਾ ਸਮਾਂ ਤਾਂ ਉਦੋਂ ਆਇਆ ਸੀ ਜਦ ਨਵੰਬਰ ਸੰਨ ੧੮੦੫ ਈ: ਵਿਚ ਜਸਵੰਤ ਰਾਏ ਹਲਕਰ, ਰਾਏ ਇੰਦੌਰ, ਕਰਨਲ ਬਰਨ ਤੇ ਲਾਰਡ ਲੇਕ ਦੀਆਂ ਅੰਗਰੇਜ਼ੀ ਫੌਜਾਂ ਤੋਂ ਹਾਰ ਖਾਕੇ ਪੰਜਾਬ ਵੱਲ ਮਹਾਰਾਜਾ ਰਣਜੀਤ ਸਿੰਘ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਸ੍ਰੀ ਅੰਮ੍ਰਿਤਸਰ ਜੀ ਆਇਆ ਸੀ।

ਇਸ ਸਮੇਂ ਲਾਰਡ ਲੇਕ ਬਹੁਤ ਸਾਰੀ ਅੰਗਰੇਜ਼ੀ ਫੌਜ ਨਾਲ ਇਸਦਾ ਪਿੱਛਾ ਕਰਦਾ ਹੋਇਆ ਬਿਆਸ ਤੱਕ ਆਇਆ। ਹੁਲਕਰ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਮਿਲਿਆ ਤਾਂ ਇਸ ਨੇ ਸ਼ੇਰਿ ਪੰਜਾਬ ਤੋਂ ਅੰਗਰੇਜ਼ਾਂ ਦੇ ਟਾਕਰੇ ਲਈ ਖਾਲਸਾ ਫੌਜ ਦੀ ਸਹਾਇਤਾ ਮੰਗੀ। ਮਹਾਰਾਜਾ ਸਾਹਿਬ ਨੇ ਇਸ ਮਾਮਲੇ ਪਰ ਰਾਏ ਲੈਣ ਲਈ ਆਪਣੇ ਨਾਮੀ ਸਰਦਾਰਾਂ ਦਾ ਇਕ ਇਕੱਠ ਕੀਤਾ। ਵਿਚਾਰ ਤੋਂ ਪਹਿਲਾਂ ਕਈ ਸਰਦਾਰਾਂ ਦੀ ਰਾਏ ਦਾ ਝੁਕਾਂਉ ਇਸ ਪਾਸੇ ਸੀ ਕਿ ਅੰਗਰੇਜ਼ਾਂ ਨਾਲ ਜ਼ੋਰ-ਅਜ਼ਮਾਈ ਕੀਤੀ ਜਾਏ, ਪਰ ਸਰਦਾਰ ਫਤਿਹ ਸਿੰਘ ਆਹਲੂਵਾਲੀਏ ਨੇ ਵਿਚਾਰ ਪੇਸ਼ ਕੀਤੀ ਕਿ ਇਸ ਗੱਲ ਲਈ ਆਪਣੇ ਦੇਸ਼ ਨੂੰ ਰਣਭੂਮੀ ਨਾ ਬਣਾਇਆ ਜਾਏ, ਦੂਜਿਆਂ ਦੀ ਲੜਾਈ ਬਿਨਾਂ ਕਿਸੇ ਲਾਭ ਦੇ ਆਪਣੇ ਗਲ ਪਾਣੀ ਮੂਲੋਂ ਹਾਨੀਕਾਰਕ ਹੈ: ਹਾਂ ਸ਼ਰਨ ਆਏ ਦੀ ਕਿਸੇ ਹੋਰ ਯੋਗ ਤਰੀਕੇ ਨਾਲ ਸਹਾਇਤਾ ਕਰਨੀ ਲੜਾਈ ਲੜਨ ਨਾਲੋਂ ਵਧ ਲਾਭਦਾਇਕ ਹੋ ਸਕਦੀ ਹੈ: ਜਿਹਾ ਕਿ ਕੋਸ਼ਸ਼ ਕਰਕੇ ਹੁਲਕਰ ਤੇ ਅੰਗਰੇਜ਼ਾਂ ਵਿਚਕਾਰ ਬਾਇਜ਼ਤ ਢੰਗ ਨਾਲ ਸੁਲਹ ਸਫਾਈ ਕਰਾ ਦਿੱਤੀ ਜਾਏ।

ਮਹਾਰਾਜਾ ਸਾਹਿਬ ਨੇ ਜਦ ਵਿਚਾਰਿਆ ਤਾਂ ਸਰਦਾਰ ਫਤਹ ਸਿੰਘ ਦੀ ਰਾਏ ਬਹੁਤ ਲਾਭਵੰਦੀ ਦਿੱਸੀ। ਇਸ ਉੱਤਮ ਰਾਏ ਨੂੰ ਨਾ ਕੇਵਲ ਮਹਾਰਾਜਾ ਸਾਹਿਬ ਨੇ ਹੀ ਪਸੰਦ ਕੀਤਾ, ਸਗੋਂ ਸਾਰੇ ਸਰਦਾਰ ਇਸ ਨਾਲ ਸਹਿਮਤ ਹੋ ਗਏ ਅਤੇ ਇਸੇ ਤਰ੍ਹਾਂ ਫੈਸਲਾ ਕੀਤਾ ਗਿਆ। ਸ਼ੇਰਿ ਪੰਜਾਬ ਨੇ ਹੁਲਕਰ ਦੀ ਸੁਲਹ ਕਰਵਾਣ ਦੀ ਸੇਵਾ ਭੀ ਸਰਦਾਰ ਫਤਿਹ ਸਿੰਘ ਨੂੰ ਸੌਂਪ ਦਿੱਤੀ ਕਿ ਜਿਸ ਤਰ੍ਹਾਂ ਆਪ ਯੋਗ ਸਮਝੋ ਇਸਨੂੰ ਸਿਰੇ ਚਾੜ੍ਹ ਦੇਵੇ।

ਹੁਣ ਸਰਦਾਰ ਫਤਿਹ ਸਿੰਘ ਨੇ ਜਰਨੈਲ ਲੇਕ ਅਤੇ ਹੁਲਕਰ ਨੂੰ ਮਿਲ ਮਿਲਾਕੇ ਇਨ੍ਹਾਂ ਵਿਚ ਸੁਲਾਹ ਕਰਵਾ ਦਿੱਤੀ। ਤੇ ੨੪ ਦਸੰਬਰ ਸੰਨ ੧੮੦੫ ਨੂੰ ਦੋਹਾਂ ਧਿਰਾਂ ਵਿਚ ਇੱਕ ਅਹਿਦਨਾਮਾ ਲਿਖਿਆ ਗਿਆ, ਜਿਸ ਅਨੁਸਾਰ ਦਰਿਆ ਚੰਬਲ ਦੇ ਦੱਖਣ ਦਾ ਸਾਰਾ ਖੁੱਸਾ ਹੋਇਆ ਇਲਾਕਾ, ਸਣੇ ਰਿਆਸਤ ਇੰਦੌਰ ਦੇ, ਹੁਲਕਰ ਨੂੰ ਦਿਵਾ ਦਿੱਤਾ ਅਤੇ ਸਰਦਾਰ ਫਤਿਹ ਸਿੰਘ ਦੀ ਘਾਲ ਤੇ ਯੋਗਤਾ ਨਾਲ ਰੋਜ਼ ਰੋਜ਼ ਦੀਆਂ ਲੜਾਈਆਂ ਤੇ ਭਾਜੜਾਂ ਇਕਦਮ ਮੁਕ ਗਈਆਂ।

ਇਸ ਫੈਸਲੇ ਨਾਲ ਜਸਵੰਤ ਰਾਏ ਹੁਲਕਰ ਇਨ੍ਹਾਂ ਪ੍ਰਸੰਨ ਹੋਇਆ ਕਿ ਵਿਦੈਗੀ ਸਮੇਂ ਉਸਨੇ ਮਹਾਰਾਜਾ ਰਣਜੀਤ ਸਿੰਘ ਤੇ ਸਰਦਾਰ ਫਤਹ ਸਿੰਘ ਨੂੰ ਆਖਿਆ ਕਿ ਮੇਰੀ ਖੁਸੀ ਹੋਈ ਰਿਆਸਤ ਆਪ ਨੇ ਮੈਨੂੰ ਮੁੜ ਬਖ਼ਸ਼ੀ ਹੈ, ਮੈਂ ਆਪਦਾ ਇਹ ਇਹਸਾਨ ਕਦੇ ਨਹੀਂ ਭੁਲਾਵਾਂਗਾ , ਆਪਦੇ ਆਪਣੇ ਸ਼ਬਦ, ਜੋ ਉਸ ਸਮੇਂ ਆਪਨੇ ਕਹੇ, ਇਹ ਸਨ –

“ਆਪਨੇ ਯਹ ਅਹਿਦਨਾਮਾ ਕਰਾਕਰ ਗੋਯਾ ਮੇਰੀ ਰਿਆਸਤ ਅਜ ਸਰ ਨੂੰ ਕਾਇਮ ਕਰਦੀ ਹੈ। ਮੈਂ ਔਰ ਮੇਰਾ ਖਾਨਦਾਨ ਯਹ ਹਕ ਦੋਸਤੀ ਕਭੀ ਫਰਾਮੋਸ਼ ਨਹੀਂ ਕਰੇਗਾ।”

ਮਹਾਰਾਜਾ ਰਣਜੀਤ ਸਿੰਘ ਸਰਦਾਰ ਫਤਹ ਸਿੰਘ ਦੀ ਬੀਰਤਾਤਾਂ ਕਸੂਰ ਦੇ ਮੈਦਾਨ ਜੰਗ ਵਿਚ ਆਪਣੀ ਅੱਖੀਂ ਦੇਖ ਹੀ ਚੁੱਕੇ ਸਨ, ਪਰ ਹੁਲਕਰ ਦਾ ਯੋਗ ਫੈਸਲਾ ਕਰਾ ਦੇਣ ਨਾਲ ਰਾਜਸੀ ਗੁੰਝਲਾਂ ਨੂੰ ਨਿਖੇੜਨ ਦੀ ਸਿਆਣਪ ਨੂੰ ਹੁਣ ਇਸ ਸਮੇਂ ਦੇਖ ਕੇ ਸਰਕਾਰ ਦਾ ਮਨ ਆਪ ਲਈ ਪਿਆਰ ਤੇ ਸਤਿਕਾਰ ਨਾਲ ਹੋਰ ਭੀ ਵਧ ਗਿਆ। ਉੱਧਰ ਲਾਰਡ ਲੇਕ ਦੇ ਦਿਲ ਪਰ ਸਰਦਾਰ ਫਤਹ ਸਿੰਘ ਦੀ ਯੋਗਤਾ ਦਾ ਇਨਾਂ ਚੰਗਾ ਪ੍ਰਭਾਵ ਪਿਆ ਕਿ ਉਸ ਨੇ ਜਾਂਦੀ ਵਾਰੀ ਸਰਦਾਰ ਫਤਹ ਸਿੰਘ ਨੂੰ ਦੋਸਤੀ ਦੇ ਸਬੂਤ ਵਜੋਂ ਇਕ ਸ਼ਿਕਾਰ ਮਾਰਨ ਵਾਲਾ ਚੀਤਾ ਪੇਸ਼ ਕੀਤਾ ਅਤੇ ਸਰਦਾਰ ਜੀ ਨੇ ਉਸਨੂੰ ਇਕ ਕਟਾਬਾਜ਼ ਦਿੱਤਾ। ਲਾਰਡ ਲੇਕ ਦੀ ਆਪ ਜੀ ਬਾਰੇ ਬੜੀ ਉੱਚੀ ਰਾਏ ਸੀ।

ਝੰਗ ਦੀ ਲੜਾਈ: ਸੰਨ ੧੮੦੮ ਦੇ ਅਰੰਭ ਵਿਚ ਸਰਦਾਰ ਫਤਿਹ ਸਿੰਘ ਨੇ ਸ਼ੇਰਿ ਪੰਜਾਬ ਨਾਲ ਇਲਾਕਾ ਝੰਗ ਪੁਰ ਬੜਾ ਕਾਮਯਾਬ ਧਾਵਾ ਕੀਤਾ, ਜਿਸ ਵਿਚ ਖਾਲਸੇ ਨੂੰ ਪੂਰੀ ਪੂਰੀ ਸਫ਼ਲਤਾ ਹੋਈ। ਅਹਿਮਦ ਖਾਨ ਸਿਆਲ ਦਾ ਸਾਰਾ ਇਲਾਕਾ ਖਾਲਸਾ ਰਾਜ ਨਾਲ ਮਿਲਾ ਲੀਤਾ ਗਿਆ ਹੈ।

ਮਿ: ਮਿਟਕਾਫ ਦਾ ਪੰਜਾਬ ਆਉਣਾ ਤੇ ਸਰਦਾਰ ਫਤਿਹ ਸਿੰਘ: ਸਤੰਬਰ ਸੰਨ ੧੮੦੮ ਨੂੰ ਮਿਸਟਰ ਮਿਟਕਾਫ, ਗਵਰਨਮੈਂਟ ਅੰਗਰੇਜ਼ੀ ਵੱਲੋਂ ਸਫ਼ੀਰ ਬਣ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਆਇਆ। ਮਹਾਰਾਜੇ ਵੱਲੋਂ ਇਸਦੀ ਅਗਵਾਈ ਤੇ ਉਤਾਰੇ ਦੇ ਪ੍ਰਬੰਧ ਲਈ ਸਰਦਾਰ ਫਤਿਹ ਸਿੰਘ ਆਲਵਾਲੀਆ ਚੁਣਿਆ ਗਿਆ। ਆਪਨੇ ਇਸ ਸਮੇਂ ਵਾਹਿਗੁਰੂ ਦੀ ਬਖਸ਼ੀ ਹੋਈ ਸਿਆਣਪ ਨੂੰ ਇੱਨੀ ਯੋਗਤਾ ਨਾਲ ਵਰਤਿਆ, ਜਿਸਦਾ ਸਿੱਕਾ ਮਿਸਟਰ ਮਿਟਕਾਫ਼ ਦੇ ਦਿਲ ਪਰ ਸਦਾ ਲਈ ਜੰਮ ਗਿਆ।

ਇਸ ਸਮੇਂ ਕੁਝ ਸ਼ਰਤਾਂ ਦੋਵੇਂ ਧਿਰਾਂ ਵੱਲੋਂ ਐਸੀਆਂ ਪੇਸ਼ ਹੋਈਆਂ, ਜਿਨ੍ਹਾਂ ਨੂੰ ਦੋਵੇਂ ਨਾ ਸਨ ਮੰਨਦੇ। ਇਸ ਸਿਲਸਿਲੇ ਵਿਚ ਇੱਕ ਮੌਕਾ ਤਾਂ ਐਸਾ ਨਾਜ਼ਕ ਆ ਗਿਆ ਸੀ ਜਦ ਸ਼ੇਰਿ ਪੰਜਾਬ ਨੇ ਆਪਣੇ ਨਾਮੀ ਜਰਨੈਲਾਂ ਤੇ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਬਾਕੀ ਸਾਰੇ ਕੰਮ ਜਿੱਥੇ ਹਨ ਉੱਥੇ ਹੀ ਛੜ ਕੇ ਆਪੋ ਆਪਣੀਆਂ ਫੌਜਾਂ ਨਾਲ ਦਰਿਆ ਸਤਲੁਜ ਵਲ ਤੇਜ਼ੀ ਨਾਲ ਪਹੁੰਚ ਜਾਓ। ਲਾਹੌਰ ਅਤੇ ਸ੍ਰੀ ਅੰਮ੍ਰਿਤਸਰ ਦਿਆਂ ਕਿਲਿਆਂ ਤੇ ਫਸੀਲਾਂ ਪਰ ਭਾਰੀ ਤੋਪਾਂ ਬੀੜ ਦਿਤੀਆਂ ਗਈਆਂ, ਅਨਾਜ ਅਤੇ ਜੰਗੀ ਸਮਿਆਨ ਦੇ ਭਾਰੀ ਜ਼ਖੀਰੇ ਥੋੜੇ ਦਿਨਾਂ ਦੇ ਅੰਦਰ ਅੰਦਰ ਇੱਕਠੇ ਕਰਵਾ ਲਏ ਗਏ। ਬਹਾਦਰ ਦੀਵਾਨ ਮੋਹਕਮ ਚੰਦ ਨੂੰ ਆਪਣੀ ਫਤਹਯਾਬ ਫੌਜ ਨਾਲ ਫਿਲੌਰ ਭੇਜ ਦਿੱਤਾ ਗਿਆ। ਆਪ ਨੂੰ ਹੁਕਮ ਮਿਲਿਆ ਕਿ ਜਾਂਦੇ ਹੀ ਦਰਿਆ ਸਤਲੁਜ ਦੇ ਘਾਟ ਪਰ ਕਬਜ਼ਾ ਕਰ ਲਏ। ਇਸ ਤਰ੍ਹਾਂ ਇਕ ਵੱਡੀ ਲੜਾਈ ਦੀਆਂ ਸਾਰੀਆਂ ਲੋੜੀਂਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਗਈਆਂ, ਹੁਣ ਛੇਕੜੇ ਹੁਕਮ ਦੀ ਕਮੀ ਬਾਕੀ ਸੀ।

ਉਧਰ ਜਦ ਲਾਰਡ ਮਿੰਟੂ ਗਵਰਨਰ ਜਨਰਲ ਹਿੰਦ ਨੂੰ ਖਾਲਸੇ ਦੀਆਂ ਇਨ੍ਹਾਂ ਜੰਗੀ ਤਿਆਰੀਆਂ ਦੀਆਂ ਖਬਰਾਂ ਪਹੁੰਚੀਆਂ ਤਾਂ ਉਸ ਨੇ ਵੀ ਕੁਝ ਫੌਜ ਸਰ ਡੇਵਡ ਅਕਟਰ ਲੋਨੀ ਦੀ ਤਾਇਤ ਵਿਚ ਪੰਜਾਬ ਵਲ ਤੋਰ ਦਿੱਤੀ। ਇਸ ਤੋਂ ਹੁਣ ਇਉਂ ਪ੍ਰਤੀਤ ਹੁੰਦਾ ਸੀ ਕਿ ਖਾਲਸਾ ਤੇ ਫਰੰਗੀਆਂ ਵਿਚ ਜੰਗ ਹੁਣੇ ਛਿੜੀ ਕਿ ਛਿੜੀ। ਇਹ ਮਾਮਲਾ ਜਦ ਇੱਨੀ ਨਾਜ਼ਕ ਸੁਰਤ ਅਖਤਿਆਰ ਕਰ ਗਿਆ ਤਾਂ ਹੁਣ ਕੇਵਲ ਸਰਦਾਰ ਫਤਿਹ ਸਿੰਘ ਜੀ ਆਹਲੂਵਾਲੀਏ ਦੇ ਉੱਚ ਦਿਮਾਗ ਦਾ ਕੰਮ ਸੀ ਕਿ ਇਹ ਇਸ ਅਤਿ ਨਾਜ਼ਕ ਸਮੇਂ ਦੋਵਾਂ ਧਿਰਾਂ ਦੇ ਵਿਚਾਲੇ ਆ ਖਲੋਤਾ ਅਤੇ ਆਪਣੀ ਸਿਆਣਪ ਤੇ ਰਾਜਨੀਤਕ ਯੋਗਤਾ ਨਾਲ ਸਾਰੀਆਂ ਉਲਝਨਾਂ ਤੇ ਗਲਤ ਫਹਿਮੀਆਂ ਸਾਫ ਕਰ ਦਿੱਤੀਆਂ ਜਿੱਥੇ ਦੋਵੇਂ ਧਿਰਾਂ ਦੇ ਹਿਰਦਿਆਂ ਵਿਚ ਘਿਣਾ ਤੇ ਈਰਖਾ ਦੀ ਅਗਨੀ ਪ੍ਰਦੂਲਤ ਹੋ ਰਹੀ ਸੀ ਉਥੇ ਪਿਆਰ ਤੇ ਭਰੋਸੇ ਦੇ ਮਧੁਰ ਸੋਮੇ ਫੁੱਟ ਤੁਰੇ। ਦੋਹੀਂ ਪਾਸੀਂ ਹੁਣ ਪੂਰਨ ਸ਼ਾਂਤੀ ਵਰਤ ਗਈ ਅਤੇ ਇਸੇ ਦੇ ਯਤਨ ਨਾਲ ਛੇਕੜ ੨੫ ਅਪ੍ਰੈਲ ਸੰਨ ੧੮੦੯ ਦੀ ਦੁਪਹਿਰ ਨੂੰ ਸ੍ਰੀ ਅੰਮ੍ਰਿਤਸਰ ਵਿਚ ਸਰਦਾਰ ਫਤਿਹ ਸਿੰਘ ਦੀ ਮੌਜੂਦਗੀ ਵਿਚ ਇੱਕ ਸੰਧਿ-ਪਤ੍ਰ ਲਿਖਿਆ ਗਿਆ, ਜੋ ਇਤਿਹਾਸ ਵਿਚ ‘ਮੈਟਕਾਫ ਦਾ ਅਹਿਦਨਾਮਾ’ ਦੇ ਨਾਮ ਪਰ ਪ੍ਰਸਿੱਧ ਹੋਇਆ। ਸਰਦਾਰ ਫਤਹ ਸਿੰਘ ਦਾ ਕੇਵਲ ਇਹ ਇੱਕੋ ਕੰਮ ਇੱਨਾਂ ਮਹਾਨ ਸੀ ਜੋ ਖਾਲਸਾ ਰਾਜ ਦੇ ਇਤਿਹਾਸ ਵਿਚ ਸਦਾ ਲਈ ਉਜਾਗਰ ਰਹੇਗਾ। ਇਸ ਤਰ੍ਹਾਂ ਲਗ ਪਗ ਛਿੜੀ ਹੋਈ ਲੜਾਈ ਨੂੰ ਬੰਦ ਕਰਾਣ ਤੇ ਵਿੱਚ ਹੋ ਕੇ ਸੁਲਹ ਕਰਾਨ ਨਾਲ ਇਧਰ ਮਹਾਰਾਜਾ ਸਾਹਿਬ ਤੇ ਉਧਰ ਬ੍ਰਿਟਸ਼ ਗਵਰਨਮੈਂਟ ਦੋਵੇਂ ਆਪ ਦੇ ਅਹਿਸਾਨਮੰਦ ਸਨ।

ਇਸ ਅਹਿਦਨਾਮੇ ਦੇ ਹੋ ਜਾਣ ਨਾਲ ਸ਼ੇਰਿ ਪੰਜਾਬ ਨੂੰ ਪੂਰਬ ਵੱਲੋਂ ਅੰਗਰੇਜ਼ੀ ਤਾਕਤ ਤੋਂ ਜਿਹੜੀ ਇਸ ਸਮੇਂ ਹਿੰਦ ਵਿਚ ਬੜੀ ਤੇਜ਼ੀ ਨਾਲ ਵਧ ਰਹੀ ਸੀ, ਪੂਰਨ ਨਿਸਚਿਤਤਾ ਹੋ ਗਈ ਅਤੇ ਹੁਣ ਆਪਣੀ ਫੌਜੀ ਸ਼ਕਤੀ ਪੰਜਾਬ ਦੇ ਬਾਕੀ ਰਹਿੰਦੇ ਸੂਬਿਆਂ ਨੂੰ ਫਤਹ ਕਰਨ ਵਲ ਲਗਾਉਣ ਦਾ ਮੌਕਾ ਮਿਲ ਗਿਆ, ਜਿਹਾ ਕਿ ਮੁਲਤਾਨ, ਕਸ਼ਮੀਰ, ਅਟਕ, ਧਨੀ, ਪੁਠੋਹਾਰ ਤੇ ਪਿਸ਼ਾਵਰ, ਦਰਾ ਖੈਬਰ ਅਫ਼ਗਾਨਿਸਤਾਨ ਤੱਕ ਫਤਹ ਕਰਕੇ ਖਾਲਸਾ ਰਾਜਾ ਨਾਲ ਮਿਲਾ ਲਿਆ, ਜਿਸ ਨਾਲ ਖਾਲਸੇ ਦੇ ਨਾਮ ਨੂੰ ਸਾਰੇ ਸੰਸਾਰ ਪੁਰ ਸੂਰਜ ਵਾਂਗ ਰੌਸ਼ਨ ਕਰ ਦਿੱਤਾ। ਦੂਜਾ ਵੱਡਾ ਲਾਭ ਜੋ ਕੌਮ ਨੂੰ ਇਸ ਅਹਿਦਨਾਮੇ ਤੋਂ ਪੁੱਜਾ ਉਹ ਇਹ ਸੀ ਕਿ ਇਸ ਦੇ ਕਾਰਨ ਸਤਲੁਜ ਪਾਰ ਦੀਆਂ ਸਿਖ ਰਿਆਸਤਾਂ-ਪਟਿਆਲਾ, ਨਾਭਾ, ਜੀਂਦ ਆਦਿ ਸਦਾ ਲਈ ਅੱਟਲ ਹੋ ਗਈਆਂ ਜੋ ਇਸ ਸਮੇਂ ਖਾਲਸਾ ਕੌਮ ਦੀ ਰੀੜ ਦੀ ਹੱਡੀ ਦਾ ਕੰਮ ਦੇ ਰਹੀਆਂ ਹਨ। ਇਨ੍ਹਾਂ ਸਿੱਖ ਰਿਆਸਤਾਂ ਦੀ ਮੌਜੂਦਗੀ ਦੇ ਕਾਰਨ ਖਾਲਸੇ ਦੀ ਪੁਲੀਟੀਕਲ ਵਿਸ਼ੇਸ਼ਤਾ ਨੂੰ ਦੂਜੀਆਂ ਕੌਮਾਂ ਦੇ ਟਾਕਰੇ ਪਰ ਖਾਸ ਤੁਲਨਾ ਦਿੱਤੀ ਜਾਂਦੀ ਹੈ ਅਤੇ ਹੋਰ ਅਨੇਕ ਤਰ੍ਹਾਂ ਦੇ ਲਾਭ ਪ੍ਰਾਪਤ ਹਨ ।

ਮਿ: ਮਿਟਕਾਫ ਦੀ ਸ: ਫਤਹ ਸਿੰਘ ਬਾਰੇ ਰਾਏ: ਮਿਸਟਰ ਮਿਟਕਾਫ ਨੂੰ ਸਰਦਾਰ ਫਤਿਹ ਸਿੰਘ ਦੀ ਸਿਆਣਪ ਤੇ ਯੋਗਤਾ ਦੇ ਦੇਖਣ ਦਾ ਲਾਹੌਰ ਵਿਚ ਨੇੜਿਓਂ ਸਮਾਂ ਮਿਲਦਾ ਰਿਹਾ। ਇਸਦੀ ਰਹਿਣੀ ਬਹਿਣੀ ਤੇ ਜੀਵਨ ਦੇ ਆਮ ਗੁਣਾਂ ਨੂੰ ਵੇਖ ਕੇ ਇਸ ਨੇ ਜੋ ਰਾਏ ਸਰਦਾਰ ਸਾਹਿਬ ਬਾਰੇ ਕਾਇਮ ਕੀਤੀ ਉਹ ਉਸ ਨੂੰ ਆਪਣੇ ਇਕ ਖਤ ਵਿਚ ਗਵਰਨਰ ਜਨਰਲ ਨੂੰ ਲਿਖ ਭੇਜੀ, ਉਸ ਦਾ ਸੁਤੰਤਰ ਖੁਲਾਸਾ ਅਸੀਂ ਇੱਥੇ ਦੇਂਦੇ ਹਾਂ (ਮਹਾਰਾਜਾ) ਰਣਜੀਤ ਸਿੰਘ ਅਤੇ ਫਤਹ ਸਿੰਘ ਆਹਲੂਵਾਲੀਆ ਦੀ ਮਿਤ੍ਰਤਾ ਦਾ ਸਿਲਸਿਲਾ ਇਨ੍ਹਾਂ ਦੋਹਾਂ ਦੀ ਪਹਿਲੀ ਉਮਰ ਤੋਂ ਹੀ ਚਲਾ ਆਉਂਦਾ ਹੈ। ਇਸੇ ਸਰਦਾਰ ਦੀ ਮਿਤ੍ਰਤਾ ਦੀ ਰਾਹੀਂ ਰਣਜੀਤ ਸਿੰਘ ਨੂੰ ਖਾਲਸਾ ਰਾਜ ਦੇ ਉਸਾਰਨ ਵਿਚ ਬਹੁਤ ਸਹਾਇਤਾ ਮਿਲੀ ਹੈ। ਫਤਹ ਸਿੰਘ ਆਪਣੀ ਸ਼ਖਸੀਅਤ ਅਤੇ ਮੁਰਾਤਬੇ ਦੇ ਲਿਹਾਜ਼ ਨਾਲ ਉਸ ਤੋਂ ਕਿਸੇ ਤਰ੍ਹਾਂ ਵੀ ਘਟ ਨਹੀਂ, ਪਰ ਉਹ ਆਪਣੇ ਭਲੇ ਸੁਭਾਉ ਦੇ ਕਾਰਨ ਉਸ ਨਾਲ ਕਦੇ ਵੀ ਬਰਾਬਰੀ ਨਹੀਂ ਕਰਦਾ, ਸਗੋਂ ਉਸ ਦੀ ਤਾਇਤ ਵਿਚ ਰਹਿੰਦਾ ਹੈ। ਇਸੇ ਸਰਦਾਰ ਨੇ (ਮਹਾਰਾਜਾ) ਰਣਜੀਤ ਸਿੰਘ ਨੂੰ ਉੱਨਤੀ ਪਰ ਪਹੁੰਚਾਣ ਵਿਚ ਵੱਡੀ ਸਹਾਇਤਾ ਦਿੱਤੀ ਹੈ, ਪਰ ਬਾਵਜੂਦ ਇੱਨੇ ਗੁਣਾਂ ਦੇ ਹੁੰਦੇ ਹੋਇਆਂ ਵੀ ਉਹ ਆਪਣੇ ਆਪ ਨੂੰ ਕਦੇ ਵੀ ਮਹਾਰਾਜਾ ਦੇ ਬਰਾਬਰ ਨਹੀਂ ਸਮਝਦਾ, ਸਗੋਂ ਉਹ ਆਪਣੇ ਤਾਈਂ ਉਸਦਾ ਇਕ ਮੁਸਾਹਿਬ ਜਾਣਦਾ ਹੈ। ਭਾਵੇਂ ਮਹਾਰਾਜਾ ਉਸ ਨਾਲ ਬੜਾ ਖੁਲ੍ਹਾ ਚੁੱਲਾ ਵਰਤਦਾ ਹੈ: ਪਰ ਉਹ ਕਦੇ ਵੀ ਉਸਦੇ ਅਦਬ ਸਤਿਕਾਰ ਨੂੰ ਹੱਥੋਂ ਨਹੀਂ ਜਾਣ ਦਿੰਦਾ। ਸ਼ੇਰਿ ਪੰਜਾਬ ਉਸ (ਫਤਹ ਸਿੰਘ) ਨੂੰ ਸਣੇ ਆਪਣੀਆਂ ਫੌਜਾਂ ਦੇ ਜਿੱਥੇ ਵੀ ਜਾਣ ਦਾ ਹੁਕਮ ਦਿੰਦਾ ਹੈ। ਉਹ ਅੱਗੋਂ ਇਸ ਗੱਲ ਨੂੰ ਕਦੇ ਨਹੀਂ ਪੁੱਛਦਾ ਕਿ ਆਪ ਮੈਨੂੰ ਕਿੱਥੇ ਤੇ ਕਿਉਂ ਉੱਧਰ ਭੇਜਣ ਲੱਗੇ ਹੋ। ਉਹ ਉਸੀ ਵਕਤ ਝੱਟ ਉਸਦੇ ਹੁਕਮ ਦੀ ਪਾਲਨਾ ਵਿਚ ਕੂਚ ਕਰ ਦਿੰਦਾ ਹੈ। ਸਰਦਾਰ ਫਤਿਹ ਸਿੰਘ ਆਪਣੇ ਮੁਰਾਤਬੇ, ਫੌਜੀ ਤਾਕਤ ਅਤੇ ਬਹੁਤ ਬੜੀ ਰਿਆਸਤ ਦੇ ਮਾਲਕ ਹੋਣ ਦੀ ਹੈਸੀਅਤ ਵਿਚ ਮਹਾਰਾਜਾ ਦੇ ਸਾਰੇ ਸਰਦਾਰਾਂ ਵਿੱਚੋਂ ਅੱਵਲ ਨੰਬਰ ਪਰ ਹੈ।

ਸ: ਫਤਹ ਸਿੰਘ ਤੇ ਕਾਂਗੜਾ: ਸੰਨ ੧੮o੯ ਦੇ ਛੇੜਕਲੇ ਦਿਨਾਂ ਵਿਚ ਗੋਰਖਿਆਂ ਨੇ ਅਮਰ ਸਿੰਘ ਥਾਪਾ ਦੀ ਸਰਦਾਰੀ ਵਿਚ ਕਾਂਗੜੇ ਦਾ ਇਲਾਕਾ ਫ਼ਤਹ ਕਰਕੇ ਰਾਜਾ ਸੰਸਾਰ ਚੰਦ ਨੂੰ ਕਿਲ੍ਹਾ-ਬੰਦ ਕਰ ਦਿੱਤਾ। ਹੁਣ ਜਦ ਕਾਂਗੜੇ ਵਾਲਿਆਂ ਨੂੰ ਆਪਣੀ ਤਾਕਤ ਨਾਲ ਗੋਰਖਿਆਂ ਦੇ ਹੱਥੋਂ ਛੁਟਕਾਰਾ ਪਾਉਣ ਦੀ ਕੋਈ ਆਸ ਨਾ ਰਹੀ ਤਾਂ ਰਾਜਾ ਸੰਸਾਰ ਚੰਦ ਵਾਲੀਏ ਕਾਂਗੜਾ ਨੇ ਆਪਣੇ ਭਾਈ ਫਤਹ ਚੰਦ ਨੂੰ ਮਹਾਰਾਜਾ ਰਣਜੀਤ ਪਾਸ ਸਹਾਇਤਾ ਲਈ ਭੇਜਿਆ। ਉਸ ਨੇ ਆ ਕੇ ਖਾਲਸਾ ਜੀ ਦੇ ਦਰਬਾਰ ਵਿਚ ਬੇਨਤੀ ਕੀਤੀ ਤੇ ਆਖਿਆ “ਹੇ ਉਪਕਾਰੀ ਖਾਲਸਾ ਜੀ ! ਆਪਣੇ ਸਤਿਗੁਰੂ ਦੀ ਖਾਤਰ ਅਸਾਂ ਨੂੰ ਗੋਰਖਿਆਂ ਦੇ ਜ਼ੁਲਮ ਤੋਂ ਛੁਡਾ ਲਵੋ, ਅਸੀਂ ਸਾਰੀ ਆਯੂ ਖਾਲਸੇ ਦੇ ਅਨੁਸਾਰੀ ਰਹਾਂਗੇ ਅਤੇ ਕਾਂਗੜੇ ਦਾ ਕਿਲਾ ਉਨ੍ਹਾਂ ਤੋਂ ਛੁਡਾ ਕੇ ਬੇਸ਼ੱਕ ਆਪਣੇ ਕਬਜ਼ੇ ਵਿਚ ਕਰ ਲਵੋ ਤੇ ਬਾਕੀ ਦਾ ਸਾਡਾ ਇਲਾਕਾ ਫਤਹ ਕਰ ਕੇ ਸਾਨੂੰ ਬਖਸ਼ ਦੇਵੋ।”

ਇਸ ਮਾਮਲੇ ਵਿਚ ਸਰਦਾਰ ਫਤਿਹ ਸਿੰਘ ਨੇ ਮਹਾਰਾਜਾ ਸਾਹਿਬ ਅੱਗੇ ਕਾਂਗੜਾ ਵਾਲਿਆਂ ਦੀ ਸਫਾਰਸ਼ ਕੀਤੀ। ਇਸ ਕਾਰਜ ਨੂੰ ਸਫਲਤਾ ਤਕ ਪਹੁੰਚਾਣ ਲਈ ਆਪ ਖੁਦ ਸਣੇ, ਬਹੁਤ ਸਾਰੀ ਆਪਣੀ ਫੌਜ ਦੇ, ਗੋਰਖਿਆਂ ਦੇ ਟਾਕਰੇ ਪਰ ਜਾਣ ਲਈ ਤਿਆਰ ਹੋ ਗਿਆ।

ਸ਼ੇਰਿ ਪੰਜਾਬ, ਜਿਹੜੇ ਸਰਦਾਰ ਫਤਹ ਸਿੰਘ ਦੀ ਰਾਏ ਦੀ ਹਮੇਸ਼ਾ ਹੀ ਬੜੀ ਕਦਰ ਕਰਦੇ ਹੁੰਦੇ ਸਨ, ਸਰਦਾਰ ਜੀ ਦੀ ਇਹ ਸ਼ੁਭ ਇੱਛਾ ਜਾਣਕੇ ਝੱਟ ਉਸ ਨਾਲ ਆਪਣੀ ਫੌਜ ਨੂੰ ਲੋੜ ਅਨੁਸਾਰ ਦੇ ਕੇ ਕੂਚ ਦਾ ਹੁਕਮ ਦੇ ਦਿੱਤਾ। ਕਾਂਗੜੇ ਪਹੁੰਚ ਕੇ ਸਰਦਾਰ ਫਤਿਹ ਸਿੰਘ ਨੂੰ ਅਗਲੇ ਦਿਨ ਗੋਰਖਿਆਂ ਪਰ ਅਜਿਹਾ ਸ਼ੇਰਵਾਈ ਹੱਲਾ ਕੀਤਾ ਜੁ ਗੋਰਖਿਆਂ ਦੇ ਮੂੰਹ ਮੋੜ ਦਿੱਤੇ। ਇਸ ਵਿਚ ਸ਼ੱਕ ਨਹੀਂ ਕਿ ਗੋਰਖੇ ਭੀ ਅੱਗੋਂ ਬੜੀ ਜੀਦਾਰੀ ਨਾਲ ਲੜੇ, ਪਰ ਖਾਲਸੇ ਦੀਆਂ ਲੰਮੀਆਂ ਤਲਵਾਰਾਂ ਅੱਗੇ ਗੋਰਖੇ ਆਪਣੀਆਂ ਛੋਟੀਆਂ ਖੁਖਰੀਆਂ ਨਾਲ ਮੈਦਾਨ ਵਿਚ ਵਧੇਰੇ ਸਮਾਂ ਨਾ ਠਹਿਰ ਸਕੇ। ਬੱਸ, ਰਣਭੂਮੀ ਵਿੱਚੋਂ ਗੋਰਖਿਆਂ ਦੇ ਪੈਰ ਥਿੜਕਣ ਦੀ ਦੇਰ ਸੀ ਕਿ ਉੱਪਰੋਂ ਇਕ ਹੋਰ ਕਰੜਾ ਧਾਵਾ ਕੀਤਾ ਗਿਆ, ਜਿਸ ਨੂੰ ਗੋਰਖੇ ਨਾ ਭੁੱਲ ਸਕੇ ਅਤੇ ਉਹ ਆਪਣਾ ਬਹੁਤ ਸਾਰਾ ਜੰਗੀ ਸਾਮਾਨ ਖਾਲਸੇ ਲਈ ਰਣਭੂਮੀ ਵਿਚ ਛੱਡ ਕੇ ਪਹਾੜਾਂ ਵਿਚ ਨੱਸ ਵੜੇ।

ਹੁਣ ਪੂਰੀ ਕਾਮਯਾਬੀ ਦੇ ਉਪਰੰਤ ਪਹਿਲੇ ਹੋ ਚੁੱਕੇ ਫੈਸਲੇ ਅਨੁਸਾਰ ਕੋਟ ਕਾਂਗੜੇ ਪਰ ਖਾਲਸੇ ਨੇ ਕਬਜ਼ਾ ਕਰ ਲਿਆ ਤੇ ਬਾਕੀ ਖੁੱਸਾ ਹੋਇਆ ਇਲਾਕਾ ਜਿਹੜਾ ਹੁਣ ਖਾਲਸੇ ਨੇ ਗੋਰਖਿਆਂ ਤੋਂ ਛੁਡਾ ਲਿਆ ਸੀ, ਰਾਜਾ ਸੰਸਾਰ ਚੰਦ ਨੂੰ ਸਰਦਾਰ ਫਤਿਹ ਸਿੰਘ ਨੇ ਦਿਵਾ ਦਿੱਤਾ। ਇਸ ਤਰ੍ਹਾਂ ਪੂਰਨ ਸਫ਼ਲਤਾ ਪ੍ਰਾਪਤ ਕਰ ਕੇ ਸਰਦਾਰ ਫਤਹ ਸਿੰਘ ਜੀ, ਸਣੇ ਖਾਲਸਾ ਫੌਜ ਦੇ. ਕਪੂਰਥਲੇ ਵਲ ਪਰਤ ਆਏ।

ਖਾਲਸਾ ਰਾਜ ਸ: ਫਤਹ ਸਿੰਘ ਦੀ ਸੌਂਪਣੀ ਵਿਚ: ਸੰਨ ੧੮੧੦ ਦੀ ਬਸੰਤੀ ਰੁੱਤੇ ਜਦ ਸ਼ੇਰਿ ਪੰਜਾਬ ਆਪਣੇ ਇਤਿਹਾਸਕ ਲੰਮੇ ਦੌਰੇ ਪਰ ਇਲਾਕਾ ਮੁਲਤਾਨ ਵੱਲ ਗਏ ਤਾਂ ਮਹਾਰਾਜਾ ਸਾਹਿਬ ਆਪਣੀ ਗੈਰ ਹਾਜ਼ਰੀ ਵਿਚ ਸਰਦਾਰ ਫਤਹ ਸਿੰਘ ਨੂੰ ਰਾਜਧਾਨੀ ਲਾਹੌਰ ਤੇ ਗੁਰੂ-ਨਗਰੀ ਸ੍ਰੀ ਅੰਮ੍ਰਿਤਸਰ ਦਾ ਸਾਰਾ ਪ੍ਰਬੰਧ ਸੌਂਪ ਗਏ ।

ਇਸ ਸਮੇਂ ਜਿਸ ਯੋਗਤਾ ਤੇ ਨਿਆਇ-ਸ਼ੀਲਤਾ ਨਾਲ ਆਪ ਨੇ ਸਾਰੇ ਖਾਲਸਾ ਰਾਜ ਦਾ ਕੰਮ ਚਲਾਇਆ ਸਭ ਵਾਹ ਵਾਹ ਕਰ ਉੱਠੇ ਅਤੇ ਹਰ ਪਾਸੇ ਤੋਂ ਇਹੋ ਹੀ ਬਣਿਆਂ ਜਾਂਦਾ ਸੀ ਕਿ ਸਰਦਾਰ ਫਤਿਹ ਸਿੰਘ ਵਰਗਾ ਨੀਤੀਨਿਪੁੰਨ ਕਿਸੇ ਮਾਂ ਨੇ ਘੱਟ ਹੀ ਸੁਣਿਆ ਹੋਣਾ ਹੈ। ਮਹਾਰਾਜਾ ਸਾਹਿਬ ਜਦ ਦੋਰਿਓਂ ਪਰਤ ਕੇ ਆਏ ਤੇ ਸਰਦਾਰ ਫਤਿਹ ਸਿੰਘ ਦੇ ਚਲਾਏ ਪ੍ਰਬੰਧ ਨੂੰ ਡਿੱਠਾ ਤਾਂ ਅਤਯੰਤ ਪ੍ਰਸੰਨ ਹੋਏ ਅਤੇ ਪਿਆਰ ਨਾਲ ਆਪ ਨੂੰ ਛਾਤੀ ਨਾਲ ਲਾ ਲਿਆ। ਇਸੇ ਤਰ੍ਹਾਂ ਸੰਨ ੧੮੧੯ ਵਿਚ ਜਦ ਮਹਾਰਾਜਾ ਸਾਹਿਬ ਨੇ ਕਸ਼ਮੀਰ ਨੂੰ ਪੂਰੀ ਤਰ੍ਹਾਂ ਫਤਹ ਕਰਕੇ ਖਾਲਸਾ ਰਾਜ ਨਾਲ ਮਿਲਾਉਣ ਦਾ ਫੈਸਲਾ ਕੀਤਾ ਅਤੇ ਸ਼ੇਰਿ ਪੰਜਾਬ ਦਾ ਖੁਦ ਖਾਲਸਾ ਫੌਜ ਦੇ ਨਾਲ ਰਹਿਣਾ ਜ਼ਰੂਰੀ ਸਮਝਿਆ ਗਿਆ ਤਾਂ ਉਸ ਮੌਕੇ ਪਰ ਵੀ ਮਹਾਰਾਜਾ ਸਾਹਿਬ ਆਪਣੇ ਭਰੋਸੇ ਯੋਗ ਸਰਦਾਰ ਫਤਹ ਸਿੰਘ ਨੂੰ ਹੀ ਪਿੱਛੇ ਸਾਰੇ ਪੰਜਾਬ ਦਾ ਰਖਵਾਲਾ ਥਾਪ ਗਏ ਸਨ। ਇਸ ਕਾਰਜ ਨੂੰ ਜਿਸ ਸਿਆਣਪ ਤੇ ਨੀਤੀ ਨਾਲ ਆਪਨੇ ਨਿਬਾਹਿਆ ਉਹ ਕਦੇ ਨਾ ਭੁੱਲਣ ਵਾਲਾ ਸੀ। ਖਾਸ ਕਰ ਮਾਲੀਏ ਤੇ ਮਾਲਕਾਨੇ ਦੇ ਬਕਾਏ ਦੀ ਵਸੂਲੀ, ਅਨਾਜ ਆਦਿ ਦੇ ਵਡੇ ਜ਼ਖੀਰੇ ਇੱਕਠੇ ਕਰਕੇ ਤੇ ਖਾਲਸਾ ਫੌਜ ਲਈ ਕਸ਼ਮੀਰ ਵੱਲ ਲਗਾਤਾਰ ਭੇਜੇ ਜਾਣ ਦਾ ਐਸਾ ਪ੍ਰਬੰਧ ਕੀਤਾ ਕਿ ਉੱਥੇ ਕਿਸੇ ਲੋੜੀਂਦੀ ਵਸਤੂ ਦੀ ਕਮੀ ਨਾ ਹੋਣ ਦਿੱਤੀ। ਠੀਕ ਠੀਕ ਸਮੇਂ ਸਿਰ ਸਾਰੇ ਜੰਗੀ ਸਮਾਨ ਮੈਦਾਨ ਜੰਗ ਵਿਚ ਪਹੁੰਚਾਣ ਦਾ ਐਸਾ ਯੋਗ ਪ੍ਰਬੰਧ ਕੀਤਾ ਜਿਸਦੀ ਨਜ਼ੀਰ ਨਾ ਸੀ ਮਿਲਦੀ। ਕਸ਼ਮੀਰ ਦੀ ਫਤਹ ਦੇ ਬਾਅਦ ਜਦ ਸ਼ੇਰਿ ਪੰਜਾਬ ਲਾਹੌਰ ਪਹੁੰਚੇ ਤਾਂ ਸ੍ਰੀ ਹਜ਼ੂਰ ਜੀ ਇੱਨੇ ਪ੍ਰਸੰਨ ਸਨ ਜਿਸਦੀ ਕੋਈ ਹੱਦ ਨਹੀਂ ਸੀ। ਸਰਕਾਰ ਨੇ ਭਰੇ ਦਰਬਾਰ ਵਿਚ ਆਖਿਆ -“ਵੀਰ ਜੀ ! ਤੇਰੇ ਹੁੰਦਿਆਂ ਮੈਂ ਪਿੱਛੇ ਪੰਜਾਬ ਵੱਲੋਂ ਪੂਰਾ ਨਿਸਚਿੰਤ ਹੁੰਦਾ ਹਾਂ।”

ਗਰਜ਼ ਇਹ ਕਿ ਆਪ ਦੀਆਂ ਘਾਲਾਂ ਖਾਲਸਾ ਰਾਜ ਦੇ ਵਾਧੇ ਲਈ ਨਾ ਕੇਵਲ ਮੈਦਾਨ ਜੰਗਾਂ ਵਿਚ ਹੀ ਸਨ, ਸਗੋਂ ਰਾਜਸੀ ਮਾਮਲਿਆਂ ਵਿਚ ਭੀ ਬੇਗਿਣਤ ਸਨ। ਜਦ ਕਦੇ ਨਾਜ਼ਕ ਤੋਂ ਨਾਜ਼ਕ ਸਮਾਂ ਸ਼ੇਰਿ ਪੰਜਾਬ ਦੇ ਸਾਹਮਣੇ ਆਇਆ, ਸਰਦਾਰ ਫਤਿਹ ਸਿੰਘ ਦੀ ਅਦੁਤੀ ਯੋਗਤਾ ਨਾਲ ਉਨ੍ਹਾਂ ਗੁੰਝਲਾਂ ਨੂੰ ਇਸ ਤਰ੍ਹਾਂ ਨਿਖੇੜਦਾ ਹੁੰਦਾ ਸੀ ਕਿ ਸਾਰੇ ਚਕਿਤ ਰਹਿ ਜਾਂਦੇ ਸਨ।

ਦੁਵੈਖੀਆਂ ਦੀ ਸਾਜ਼ਸ਼: ਇਸ ਸਮੇਂ ਕੁਝ ਐਸੇ ਲੋਕ ਵੀ ਸਨ, ਜਿਨ੍ਹਾਂ ਨੂੰ ਸ਼ੇਰਿ ਪੰਜਾਬ ਤੇ ਸ: ਫਤਹ ਸਿੰਘ ਦਾ ਇੰਨਾ ਡੂੰਘਾ ਪਿਆਰ ਨਾ ਸੀ ਭਾਂਵਦਾ। ਇਨ੍ਹਾਂ ਨੇ ਚੌਧਰੀ ਕਾਦਰ ਬਖਸ਼ ਨੂੰ, ਜਿਹੜਾ ਲਾਹੌਰ ਦਰਬਾਰ ਵਿਚ ਸਰਦਾਰ ਫਤਿਹ ਸਿੰਘ ਦਾ ਵਕੀਲ ਸੀ, ਕਿਸੇ ਤਰ੍ਹਾਂ ਖਰੀਦ ਕੇ ਆਪਣੇ ਵੱਸ ਵਿਚ ਕਰ ਲਿਆ ਅਤੇ ਇਸ ਦੀ ਰਾਹੀਂ ਸਰਦਾਰ ਫਤਿਹ ਸਿੰਘ ਨੂੰ ਮਨੋਕਲਪਤ ਰਪੋਟਾਂ ਭਿਜਵਾਈਆਂ, ਤਾਂਕਿ ਇਨ੍ਹਾਂ ਦੋਹਾਂ ਮਿੱਤਰਾਂ ਦਾ ਆਪਸ ਦਾ ਪਿਆਰ ਟੁੱਟ ਜਾਏ। ਥੋੜੇ ਸਮੇਂ ਲਈ ਸ: ਫਤਹ ਸਿੰਘ ਦੇ ਮਨ ਪਰ ਇਸ ਦਾ ਪ੍ਰਭਾਵ ਭੀ ਪਿਆ, ਪਰ ਬਹੁਤ ਛੇਤੀ ਦੋਵੇਂ ਧਿਰਾਂ ਨੂੰ ਅਸਲੀਅਤ ਦਾ ਪਤਾ ਲਗ ਗਿਆ ਤੇ ਮਹਾਰਾਜਾ ਸਾਹਿਬ ਅਤੇ ਸਰਦਾਰ ਜੀ ਦਾ ਪਿਆਰ ਪਹਿਲਾਂ ਤੋਂ ਵੀ ਵਧੀਕ ਹੋ ਗਿਆ ।

ਚਲਾਣਾ: ਇਸ ਤਰ੍ਹਾਂ ਸਰਦਾਰ ਫਤਿਹ ਸਿੰਘ ਆਪਣੇ ਜੀਵਨ ਦੇ ਬਹੁਮੁੱਲੇ ੩੫ ਸਾਲ ਸਣੇ ਆਪਣੀ ਸਾਰੀ ਫੌਜੀ ਤਾਕਤ ਦੇ ਦਿਮਾਗੀ ਸ਼ਕਤੀ ਅਤੇ ਸਰੀਰਕ ਬਲ ਦੇ ਖਾਲਸਾ ਰਾਜ ਦੀ ਉਸਾਰੀ ਲਈ ਵਰਤ ਕੇ ਆਪ ਅੱਸੂ ਸੰਮਤ ੧੮੯੨ ਬਿ: ਮੁਤਾਬਕ ਸੰਨ ੧੮੩੬ ਈ: ਨੂੰ ਪਰਲੋਕ ਸਿਧਾਰ ਗਏ । ਆਪ ਦੀ ਸਮਾਧ ਕਪੂਰਥਲੇ ਵਿਚ ਮੌਜੂਦ ਹੈ।

ਸ: ਫਤਹ ਸਿੰਘ ਦੇ ਜੀਵਨ ਪਰ ਇਕ ਨਜ਼ਰ: ਅਸਾਂ ਇੱਥੇ ਸਰਦਾਰ ਫ਼ਤਹ ਸਿੰਘ ਜੀ ਦੇ ਜੀਵਨ ਦੇ ਗੁਣਾਂ ਦੇ ਕੁਝ ਕੁ ਮੋਟੇ ਮੋਟੇ ਹਾਲ ਵੰਨਗੀ ਮਾਤਰ ਦਿੱਤੇ ਹਨ, ਨਹੀਂ ਤਾਂ ਖਾਲਸਾ ਰਾਜ ਦੇ ਵਾਧੇ ਲਈ ਸੰਨ ੧੮੦੨ ਤੋਂ ਲੈ ਕੇ ੧੮੩੬ ਤੱਕ ਕੋਈ ਐਸੀ ਮੁਹਿੰਮ ਨਹੀਂ ਜਿਸ ਵਿਚ ਸਰਦਾਰ ਫਤਹ ਸਿੰਘ ਆਹਲੂਵਾਲੀਆ ਨੇ ਸਣੇ ਆਪਣੀ ਬਹਾਦਰ ਫੌਜ ਦੇ ਵਧ ਚੜ ਕੇ ਤਲਵਾਰਾਂ ਨਾ ਮਾਰੀਆਂ ਹੋਣ ਯਾ ਇਸ ਸਮੇਂ ਵਿਚ ਕੋਈ ਰਾਜਸੀ ਉਲਝਣ ਸਾਹਮਣੇ ਆਈ ਹੋਵੇ ਅਤੇ ਇਸ ਦਾਨੇ ਸਰਦਾਰ ਨੇ ਆਪਣਾ ਦਿਮਾਗ ਖਰਚ ਕੇ ਉਸ ਦੇ ਸੁਲਝਾਣ ਦਾ ਰਾਹ ਨਾ ਕੱਢ ਲਿਆ ਹੋਵੇ।

ਜਸਵੰਤ ਰਾਏ ਹੁਲਕਰਾਂ ਦਾ ਅੰਗਰੇਜ਼ਾਂ ਤੋਂ ਭਜ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਪਨਾਹ ਲੈਣ ਦਾ ਮਾਮਲਾ ਬੜਾ ਗੁੰਝਲਦਾਰ ਬਣ ਗਿਆ ਸੀ, ਇਸਨੂੰ ਧੱਕਾ ਦੇ ਕੇ ਕੱਢਣਾ ਖਾਲਸੇ ਦੀ ਸ਼ਾਨ ਦੇ ਵਿਰੁੱਧ ਸੀ ਅਤੇ ਇਸ ਦੇ ਬਦਲੇ ਅੰਗਰੇਜ਼ਾਂ ਨਾਲ ਲੜਨਾ ਤੇ ਹਜ਼ਾਰਾਂ ਗੁਰਸਿੱਖਾਂ ਦਾ ਲਹੂ ਡੋਲ੍ਹਣਾ ਸਿਆਣਪਦੇ ਪ੍ਰਤੀਕੂਲ ਸੀ। ਇਸ ਸਮੇਂ ਜਦ ਸਾਰਾ ਪੰਥ ਸਣੇ ਮਹਾਰਾਜਾ ਸਾਹਿਬ ਦੇ ਬੜੀਆਂ ਡੂੰਘੀਆਂ ਸੋਚਾਂ ਵਿਚ ਪਏ ਹੋਏ ਸਨ ਤਾਂ ਇਸ ਚਾਤੁਰ ਸਰਦਾਰ ਨੇ ਇਸ ਮਾਮਲੇ ਨੂੰ ਐਸੀ ਦੂਰਦ੍ਰਿਸ਼ਟੀ ਤੇ ਯੋਗਤਾ ਨਾਲ ਨਜਿਠਿਆ ਕਿ ਜਿੱਥੇ ਜਸਵੰਤ ਰਾਏ ਖਾਲਸੇ ਦੇ ਅਹਿਸਾਨ ਥੱਲੇ ਸਦਾ ਲਈ ਦਬ ਗਿਆ ਉੱਥੇ ਲਾਰਡ ਲੇਕ ਵਰਗੇ ਬਹਾਦਰ ਜਰਨੈਲ ਪਰ ਖਾਲਸੇ ਦੀ ਸਿਆਣਪ ਤੇ ਰਾਜਸੀ ਯੋਗਤਾ ਦਾ ਇੱਨਾ ਪ੍ਰਭਾਵ ਪਿਆ ਜਿਸ ਨੂੰ ਉਹ ਕਦੇ ਨਾ ਸੀ ਭੁੱਲ ਸਕਿਆ। ਇਸ ਸਾਰੀ ਸਫ਼ਲਤਾ ਦਾ ਸਿਹਰਾ ਸਰਦਾਰ ਫ਼ਤਹ ਸਿੰਘ ਦੇ ਸਿਰ ਸੀ। ਸੰਨ ੧੮੦੮ ਵਿਚ ਪਹਿਲੇ ਅਹਿਦਨਾਮੇ ਸਮੇਂ ਮਾਮਲਾ ਐਸਾ ਵਿਗੜਿਆ ਕਿ ਜਿਸਦੇ ਸੁਧਰਨੇ ਦੀ ਦੋਹਾਂ ਧਿਰਾਂ ਨੂੰ ਕੋਈ ਆਸ ਬਾਕੀ ਨਾ ਸੀ ਰਹੀ। ਦੋਹਾਂ ਹਕੂਮਤਾਂ ਵੱਲੋਂ ਫੌਜਾਂ ਲੜਾਈ ਲਈ, ਕੀਲ ਕਾਂਟੇ ਨਾਲ ਤਿਆਰ ਹੋ ਕੇ ਮੈਦਾਨ ਵਿਚ ਕੁੱਦਣ ਲਈ, ਛੇਕੜਲੇ ਹੁਕਮ ਦੀ ਉਡੀਕ ਵਿਚ ਸਨ; ਇੱਥੋਂ ਤੱਕ ਕੁੜੱਤਣ ਵਧ ਗਿਆ ਸੀ ਕਿ ਮਿਸਟਰ ਮਿਟਕਾਫ ਦੀ ਡਾਕ ਦੀਵਾਨ ਮੋਹਕਮ ਚੰਦ ਨੇ ਰੋਕ ਲਈ। ਤੋਪਾਂ ਵਿਚ ਗੋਲੇ ਭਰੇ ਗਏ, ਹੁਣ ਕੇਵਲ ਧੁਖੇ ਹੋਏ ਪਲੀਤਿਆਂ ਨੂੰ ਦਾਗ਼ ਦੇਣ ਦੀ ਦੇਰ ਸੀ, ਠੀਕ ਇਸ ਸਮੇਂ ਸੁਘੜ ਸਰਦਾਰ ਫਤਹ ਸਿੰਘ ਮੈਦਾਨ ਵਿਚ ਆਇਆ ਅਤੇ ਆਪਣੀ ਦੁਰਦ੍ਰਿਸ਼ਟਤਾ ਦੇ ਜੌਹਰ ਨੂੰ ਐਸੀ ਯੋਗਤਾ ਨਾਲ ਵਰਤਿਆ ਕਿ ਰਾਜਸੀ ਮੰਡਲ ਦੀ ਡਾਢੀ ਉਲਝੀ ਹੋਈ ਤਾਣੀ ਦੀ ਇਕ ਇਕ ਤੰਦ ਨਿਖੇੜ ਦਿੱਤੀ।

ਜਿੱਥੇ ਦਿਲਾਂ ਵਿਚ ਇਕ ਲਈ ਘ੍ਰਿਣਾ, ਈਰਖਾ ਵੈਰ ਤੇ ਵਿਰੋਧ ਪਲੋ ਪਲੀ ਵਧ ਰਹੇ ਸਨ, ਇਸ ਦਾਨੇ ਤੇ ਨੀਤੀਵਾਨ ਸਰਦਾਰ ਦੇ ਯਤਨ ਨਾਲ ਉਹ ਸਭ ਕੁਝ ਪਲਟ ਕੇ ਪਿਆਰ ਮਧੁਰਤਾ, ਮਿੱਤਾ ਤੇ ਭਰੋਸੇ ਦੇ ਰੂਪ ਵਿਚ ਉਗਮ ਪਿਆ ! ਹੁਣ ਫੌਜਾਂ ਵਾਪਸ ਬੁਲਾ ਲਈਆਂ ਗਈਆਂ, ਤੋਪਾਂ ਦੇ ਮੂੰਹ ਮੌੜ ਲਏ ਗਏ ਤੇ ਇੱਕੋ ਮੰਡਪ ਵਿਚ, ਸਿਰਾਂ ਨਾਲ ਸਿਰ ਜੋੜ ਕੇ, ਮਿੱਤ੍ਰਤਾ ਦਾ ਅਹਿਦਨਾਮਾ ਲਿਖਿਆ ਗਿਆ, ਜਿਸ ਨਾਲ ਨਾਂ ਕੇਵਲ ਇਹ ਆਪਸ ਵਿਚ ਦੋਵੇਂ ਤਾਕਤਾਂ ਮਿੱਤ੍ਰਤਾ ਦੇ ਪ੍ਰੇਮ ਭਾਵ ਵਿਚ ਇੱਕ ਮਿੱਕ ਹੋ ਗਈਆਂ, ਸਗੋਂ ਇਕ ਦਾ ਸੱਜਣ ਦੂਜੇ ਦਾ ਖਿਤ ਤੇ ਉਸਦਾ ਵੈਰੀ ਇਸਦਾ ਸ਼ਤਰੂ ਸਮਝਿਆ ਜਾਣ ਲੱਗ ਪਿਆ। ਇਸ ਕਠਨ ਪ੍ਰੀਖਿਆ ਵਿਚ ਆਪ ਜੀ ਨੂੰ ਐਸੀ ਸਫ਼ਲਤਾ ਪ੍ਰਾਪਤ ਹੋਈ ਜੋ ਆਪ ਦੇ ਨਾਮ ਨੂੰ ਸਦਾ ਲਈ ਉਜਾਗਰ ਕਰ ਗਈ। ਇਸੇ ਤਰ੍ਹਾਂ ਹੋਰ ਸੈਂਕੜੇ ਗੁੰਝਲਾਂ ਖਾਲਸਾ ਰਾਜ ਦੇ ਮਾਮਲਿਆਂ ਵਿਚ ਸਾਹਮਣੇ ਆਉਂਦੀਆਂ ਰਹੀਆਂ ਜੋ ਉਨ੍ਹਾਂ ਸਾਰੀਆਂ ਨੂੰ ਆਪ ਰੱਬ ਦੀ ਬਖਸ਼ੀ ਹੋਈ ਯੋਗਤਾ ਨਾਲ ਨਜਿੱਠਦੇ ਰਹੇ। ਇਹ ਕਦੇ ਕਦੇ ਤੇ ਬਹੁਤ ਘੱਟ ਦੇਖਣ ਵਿਚ ਆਉਂਦਾ ਹੈ ਕਿ ਮੈਦਾਨ ਜੰਗ ਦੇ ਕਾਮਯਾਬ ਸੁਰਮੇ, ਰਾਜਸੀ ਬਰੀਕੀਆਂ ਦੇ ਸਮਝਣ ਵਿਚ ਵੀ ਉੱਨੇ ਹੀ ਸਫਲ ਸਾਬਤ ਹੋਏ ਹੋਣ ਜਿੱਨੇ ਕਿ ਉਹ ਰਣਤਤਿਆਂ ਵਿਚ ਅਰਥਾਤ ਰਣਭੂਮੀ ਦੇ ਵਿਜਈ ਤੇ ਰਾਜਸੀ ਅਖ਼ਾੜੇ ਦੇ ਖਿਡਾਰੀ ਆਮ ਤੌਰ ਪਰ ਦੋ ਵੱਖੋ ਵੱਖ ਹਸਤੀਆਂ ਹੁੰਦੀਆਂ ਹਨ, ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਰਦਾਰ ਫਤਿਹ ਸਿੰਘ ਵਿਚ ਇਹ ਦੋਵੇਂ ਗੁਣ ਸੰਮਿਲਤ, ਮੌਜੂਦ ਸਨ।

ਕੌਮੀ ਪਿਆਰ ਨਾਲ ਤਾਂ ਆਪਦਾ ਸੀਨਾ ਲਬਾਲਬ ਭਰਿਆ ਪਿਆ ਸੀ। ਪੰਥਕ ਭਲਾਈ ਲਈ ਆਪ ਦਾ ਜੀਵਨ-ਮਨ ਸਦਾ ਉਛਾਲੇ ਖਾਂਦਾ ਰਹਿੰਦਾ ਸੀ। ਐਸੀ ਕੋਈ ਕੁਰਬਾਨੀ ਨਹੀਂ ਸੀ ਜਿਸਦੀ ਪੰਥਕ ਉੱਨਤੀ ਲਈ ਲੋੜ ਹੋਵੇ ਅਤੇ ਸਰਦਾਰ ਜੀ ਖੁਲ੍ਹੇ ਮੱਥੇ ਉਸ ਭੇਟ ਦੇ ਚੜ੍ਹਨ ਲਈ ਸਭ ਤੋਂ ਪਹਿਲੇ ਮੈਦਾਨ ਵਿਚ ਨਾ ਪਹੁੰਚ ਗਏ ਹੋਣ। ਇਸ ਦਾ ਪਰਤੱਖ ਸਬੂਤ ਇਹ ਹੈ ਕਿ ਜਦ ਸੰਨ ੧੮੦੨ ਵਿਚ ਆਪ ਨੂੰ ਨਵਾਬ ਜੱਸਾ ਸਿੰਘ ਦੀ ਗੱਦੀ ਰਿਆਸਤ ਕਪੂਰਥਲਾ ਪ੍ਰਾਪਤ ਹੋਈ ਤਾਂ ਆਪ ਨੇ ਆਪਣੇ ਲਈ ਸਭ ਤੋਂ ਪਹਿਲਾ ਫੈਸਲਾ ਇਹ ਕੀਤਾ ਕਿ ਬਜਾਏ ਆਪਣੀ ਜ਼ਾਤੀ ਰਿਆਸਤ (ਕਪੂਰਥਲਾ) ਦੇ ਵਧਾਉਣ ਦੇ ਸਾਂਝੇ ਕੌਮੀ ਖਾਲਸਾ ਰਾਜ ਨੂੰ ਉਸਾਰਿਆ, ਵਧਾਇਆ ਤੇ ਪੱਕਿਆਂ ਕੀਤਾ, ਸਗੋਂ ਇਸ ਇਰਾਦੇ ਨੂੰ ਪੂਰਾ ਕਰਨ ਲਈ ਸਰਦਾਰ ਜੀ ਨੇ ਆਪਣੀ ਯੋਗਤਾ, ਬੀਰਤਾ ਅਤੇ ਫੌਜੀ ਤਾਕਤ ਅਰ ਆਪਣਾ ਹੋਰ ਸਭ ਕੁਛ, ਆਪਣੀ ਰਿਆਸਤ ਦੇ ਵਧਾਣ ਵਿਚ ਲਾਣ ਦੀ ਥਾਂ ਇਸ ਸਾਂਝੇ ਕੌਮੀ ਰਾਜ ਦੀ ਭਲਾਈ ਲਈ ਸਮਰਪਣ ਕਰ ਦਿੱਤਾ ਸੀ।

ਚੋਣਵੀਆਂ ਜੀਵਨੀਆਂ ਅਤੇ ਸਿੱਖ ਰਾਜ ਬਾਰੇ ਕਿਤਾਬਾਂ:

ਇਹ ਕਿਤਾਬਾਂ ਤੁਸੀਂ ਸਿੱਖ ਸਿਆਸਤ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ – ਕਿਤਾਬਾਂ ਮੰਗਵਾਓ ਜੀ

ਸਰਦਾਰ ਫਤਹ ਸਿੰਘ ਦੇ ਗੁਣਾਂ ਬਾਰੇ ਤਾਂ ਆਪ ਮਿਸਟਰ ਮਿਟਕਾਫ ਦੀ ਰਾਏ ਪਿੱਛੇ ਪੜ੍ਹ ਆਏ ਹੋ। ਅਸੀਂ ਹੁਣ ਪ੍ਰਸਿੱਧ ਇਤਿਹਾਸ ਲੇਖਕ ਸਰ ਲੈਪਲ ਗ੍ਰਿਫਨ ਦੇ ਖਿਆਲ ਇੱਥੇ ਦਿੰਦੇ ਹਾਂ, ਉਹ ਲਿਖਦਾ ਹੈ :- “(ਮਹਾਰਾਜਾ) ਰਣਜੀਤ ਸਿੰਘ ਦੀਆਂ ਲਗਭਗ ਸਾਰੀਆਂ ਮੁਹਿੰਮਾਂ ਵਿਚ ਸਰਦਾਰ ਫਤਿਹ ਸਿੰਘ ਆਹਲੂਵਾਲੀਆ ਸਦਾ ਸ਼ਾਮਲ ਰਹਿੰਦਾ ਸੀ । ੧੩ ਜੁਲਾਈ ਸੰਨ ੧੮੧੩ ਦੀ ਲੜਾਈ ਹੈਦਰਾ ਵਿਚ, ਜਦੋਂ ਇਨ੍ਹਾਂ (ਸਿਖਾਂ) ਫਤਹ ਖਾਨ ਵਜ਼ੀਰ ਤੇ ਸਿਪਾਹ ਸਾਲਾਰ ਫੌਜ ਅਫਗਾਨਿਸਤਾਨ ਨੂੰ ਪੂਰੀ ਸ਼ਕਸਤ ਦੇ ਕੇ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਸੀ ਉਸ ਵਿਚ ਆਹਲੂਵਾਲੀਆ ਸਰਦਾਰ ਮੌਜੂਦ ਸੀ। ਭਿੰਬਰ, ਰਾਜੌੜੀ ਅਤੇ ਬਹਾਵਲਪੁਰ ਦੀਆਂ ਮੁਹਿੰਮਾਂ ਵਿਚ ਉਹ ਖਾਲਸਾ ਫੌਜ ਦੇ ਇੱਕ ਭਾਗ ਦਾ ਆਗੂ ਸੀ। ਮੁਲਤਾਨ ਦੀ ਛੇਕੜਲੀ ਫਤਹ, ਜਿਹੜੀ ਸੰਨ ੧੮੧੮ ਵਿਚ ਹੋਈ ਤੇ ਜਿਸ ਵਿਚ ਨਵਾਬ ਮੁਜ਼ਫਰਖਾਨ ਮਾਰਿਆਂ ਗਿਆ ਅਤੇ ਮੁਲਤਾਨ ਦਾ ਸਾਰਾ ਸੂਬਾ ਖਾਲਸਾ ਰਾਜ ਨਾਲ ਮਿਲਾ ਲਿਆ ਗਿਆ। ਇਸ ਵਿਚ ਇਸ ਨੇ ਬੜੀ ਬੀਰਤਾ ਦੱਸੀ ਸੀ। ਇਲਾਕਾ ਤੁਲਾਂਭਾ, ਜੋ ਮੁਲਤਾਨ ਤੋਂ ਉੱਤਰ ਪੂਰਬ ਵਲ ੪੪ ਮੀਲ ਦੀ ਵਿੱਥ ਪੁਰ ਹੈ, ਖਾਸ ਉਸਦੀ ਆਪਣੀ ਫੌਜ ਨੇ ਫਤਹ ਕੀਤਾ ਸੀ। ੧੮੧੯ ਵਿਚ ਜਦ ਸ਼ੇਰਿ ਪੰਜਾਬ ਵੱਲੋਂ ਕਸ਼ਮੀਰ ਪੁਰ ਚੜ੍ਹਾਈ ਕੀਤੀ ਗਈ ਤਾਂ ਪਿੱਛੇ ਸਾਰੇ ਰਾਜ ਦਾ ਪ੍ਰਬੰਧ ਆਪ ਨੂੰ ਸੌਂਪਿਆ ਗਿਆ ਸੀ; ਫੇਰ ਸੰਨ ੧੮੨੧ ਵਿਚ ਆਪ ਨੇ ਕਿਲ੍ਹਾ ਮੁਘੇਰ ਦੀ ਫਤਹ ਵਿਚ, ਜਿਹੜਾ ਦੁਆਬਾ ਸਿੰਧ ਸਾਗਰ ਦੇ ਰੇਤ ਥਲਿਆਂ ਵਿਚ ਹੈ, ਭਾਰੀ ਮਦਦ ਦਿਤੀ ਸੀ।”


ਹੋਰ ਜੀਵਨੀਆਂ ਪੜ੍ਹੋ ਜੀ:

ਸ਼ੇਰਿ ਪੰਜਾਬ ਮਹਾਂਰਾਜਾ ਰਣਜੀਤ ਸਿੰਘ

ਰਾਣੀ ਸਦਾ ਕੌਰ: ਰਾਣੀ ਤੋਂ ਮਿਸਲਦਾਰਨੀ ਬਣਨ ਦਾ ਸਫ਼ਰ (ਜੀਵਨੀ – ਕਿਸ਼ਤ ਪਹਿਲੀ)

ਰਾਣੀ ਸਦਾ ਕੌਰ ਤੇ ਖ਼ਾਲਸਾ ਰਾਜ ਦੀ ਉਸਾਰੀ-੧ (ਜੀਵਨੀ- ਕਿਸ਼ਤ ਦੂਜੀ)

ਰਾਣੀ ਸਦਾ ਕੌਰ ਦਾ ਖਾਲਸਾ ਰਾਜ ਦੀ ਉਸਾਰੀ ਚ ਯੋਗਦਾਨ – ੨ (ਜੀਵਨੀ- ਕਿਸ਼ਤ ਤੀਜੀ)

ਰਾਣੀ ਸਦਾ ਕੌਰ ਬਾਰੇ ਇਤਿਹਾਸਕਾਰਾਂ ਦੀ ਰਾਏ (ਜੀਵਨੀ-ਕਿਸ਼ਤ ਚੌਥੀ)

ਨਵਾਬ ਜੱਸਾ ਸਿੰਘ ਆਹਲੂਵਾਲੀਆ (ਜੀਵਨੀ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,