March 11, 2024 | By ਗੁਰਪਾਲ ਸਿੰਘ
ਰਾਜਕੁਮਾਰੀ ਸੋਫੀਆ ਦਲੀਪ ਸਿੰਘ
ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਈਸਵੀ ਨੂੰ ਬੇਲਗਰਾਵਿਆ (ਇੰਗਲੈਂਡ) ਵਿਖੇ ਹੋਇਆ। ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ। ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ।
ਸੋਫੀਆ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਅਤੇ ਉਨਾਂ ਦੀ ਪਹਿਲੀ ਪਤਨੀ ਬੰਬਾਬੂਲਰ ਦੀ ਤੀਜੀ ਸੰਤਾਨ ਸੀ। ਬੰਬਾ ਇੱਕ ਜਰਮਨੀ ਵਪਾਰੀ ਦੀ ਔਲਾਦ ਸੀ ਮਹਾਰਾਜਾ ਅਤੇ ਬੰਬਾ ਦੇ 10 ਬੱਚੇ ਸਨ। ਰਾਣੀ ਵਿਕਟੋਰੀਆ ਦਲੀਪ ਸਿੰਘ ਅਤੇ ਉਸਦੇ ਪਰਿਵਾਰ, ਖਾਸ ਕਰਕੇ ਸੋਫੀਆ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਉਸਨੂੰ ਆਪਣੀ ਧਰਮ ਪੋਤੀ ਮੰਨਦੀ ਸੀ।
ਮੁੱਢਲਾ ਜੀਵਨ
ਸੋਫੀਆ ਦਾ ਅਕਸਰ ਪਹਿਰਾਵਾ ਪਾਰਸੀ ਹੁੰਦਾ ਸੀ ਅਤੇ ਉਸਨੂੰ ਕੁੱਤੇ, ਫੋਟੋਗ੍ਰਾਫੀ ਅਤੇ ਸਾਈਕਲਿੰਗ ਦਾ ਬਹੁਤ ਸ਼ੌਂਕ ਹੁੰਦਾ ਸੀ। ਪਾਰਟੀਆਂ ਵਿੱਚ ਵੀ ਜਾਣ ਦਾ ਸ਼ੌਂਕ ਹੁੰਦਾ ਸੀ। ਸੋਫੀਆ ਨੂੰ 10 ਸਾਲ ਦੀ ਉਮਰ ਦੇ ਵਿੱਚ ਟਾਈਫਾਈਡ ਹੋ ਗਿਆ, ਜਿਸ ਤੋਂ ਉਸਦੀ ਮਾਂ ਨੂੰ ਵੀ ਇਸਦੀ ਲਾਗ ਲੱਗਣ ਦੇ ਕਾਰਨ ਉਹ ਕੌਮਾਂ ਵਿੱਚ ਚਲੀ ਗਈ ਅਤੇ 17 ਸਤੰਬਰ 1887 ਈਸਵੀ ਨੂੰ ਉਸਦੀ ਮਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ 31 ਮਈ 1889 ਨੂੰ ਉਸਦੇ ਪਿਤਾ ਨੇ ਅਦਾ ਵੈਥਰਿਲ ਨਾਲ ਵਿਆਹ ਕਰਵਾ ਲਿਆ ਅਤੇ ਉਸ ਤੋਂ ਉਸ ਨੂੰ ਦੋ ਧੀਆਂ ਹੋਈਆਂ। 1886 ਵਿੱਚ ਸੋਫੀਆ 10 ਸਾਲਾਂ ਦੀ ਸੀ ਤਾਂ ਉਸ ਦੇ ਪਿਤਾ ਨੇ ਬ੍ਰਿਟਿਸ਼ ਸਰਕਾਰ ਦੀਆਂ ਇੱਛਾਵਾਂ ਦੇ ਵਿਰੁੱਧ ਆਪਣੇ ਪਰਿਵਾਰ ਨਾਲ ਭਾਰਤ ਵਾਪਸ ਜਾਣ ਦੀ ਕੋਸ਼ਿਸ਼ ਕੀਤੀ। ਗਿਰਫਤਾਰੀ ਵਰੰਟ ਦੇ ਜਰੀਏ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ।।
ਮਹਾਰਾਜਾ ਦਲੀਪ ਸਿੰਘ ਦੀ ਸਿਹਤ ਖਰਾਬ ਹੋਣ ਤੋਂ ਬਾਅਦ 22 ਅਕਤੂਬਰ 1893 ਨੂੰ 55 ਸਾਲ ਦੀ ਉਮਰ ਵਿੱਚ ਪੈਰਿਸ ਦੇ ਇੱਕ ਹੋਟਲ ਵਿੱਚ ਮੌਤ ਹੋ ਜਾਂਦੀ ਹੈ। ਰਾਣੀ ਵਿਕਟੋਰੀਆ ਜੋ ਕਿ ਸੋਫੀਆ ਦਲੀਪ ਸਿੰਘ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸਦੀ ਧਰਮ ਮਾਤਾ ਵੀ ਸੀ, ਨੇ ਉਸਨੂੰ ਇੱਕ ਹੈਪਟਨ ਕੋਰਟ, ਫਰੈਡੇ ਹਾਊਸ ਵਿੱਚ ਅਪਾਰਟਮੈਂਟ ਦੇ ਦਿੱਤਾ, ਪਰ ਸੋਫੀਆ ਦਲੀਪ ਸਿੰਘ ਸੁਰੂ ਵਿੱਚ ਫਰੈਡੇ ਹਾਊਸ ਵਿੱਚ ਨਹੀਂ ਰਹਿੰਦੀ ਸੀ, ਉਹ ਆਪਣੇ ਭਰਾ ਪ੍ਰਿੰਸ ਫਰੈਡਰਿਕ ਦੇ ਕੋਲ ਓਲਡ ਬੁਕਨਹੈਮ ਦੇ ਮੈਨੋਰ ਹਾਊਸ ਵਿੱਚ ਰਹਿੰਦੀ ਸੀ।
ਸੁਭਾਅ ਵਜੋਂ ਜਦੋਂ ਸੋਫੀਆ ਦਲੀਪ ਸਿੰਘ ਚੁੱਪ ਉਦਾਸ ਰਹਿੰਦੀ ਸੀ ਤਾਂ ਉਸ ਦੀ ਨਿਗਰਾਨੀ ਘਟਾ ਦਿੱਤੀ ਗਈ। ਇਸੇ ਹੀ ਢਿਲ ਦਾ ਫਾਇਦਾ ਚੁੱਕਦੇ ਹੋਏ, ਉਸ ਨੇ ਆਪਣੀ ਭੈਣ ਬੰਬਾ ਨਾਲ 1903 ਦੇ ਦਿੱਲੀ ਦਰਬਾਰ ਵਿੱਚ ਸ਼ਾਮਿਲ ਹੋਣ ਲਈ ਇੱਕ ਗੁਪਤ ਯਾਤਰਾ ਕੀਤੀ। ਪਰ ਉਸ ਨੂੰ ਨਜ਼ਰ ਅੰਦਾਜੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਵਾਪਸ ਇੰਗਲੈਂਡ ਆ ਗਈ ਅਤੇ ਆਪਣਾ ਰਸਤਾ ਬਦਲਣ ਦਾ ਇਰਾਦਾ ਕਰ ਲਿਆ। ਦੁਬਾਰਾ ਫਿਰ 1907 ਵਿੱਚ ਉਹ ਭਾਰਤ ਆਉਂਦੀ ਹੈ ਉਹ ਅੰਮ੍ਰਿਤਸਰ ਅਤੇ ਲਾਹੌਰ ਗਈ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰਦੀ ਹੈ। ਇਹ ਮੁਲਾਕਾਤ ਉਸ ਦੀ ਜ਼ਿੰਦਗੀ ਦਾ ਇੱਕ ਨਵਾਂ ਮੋੜ ਸੀ ਕਿਉਂਕਿ ਉਸਨੇ ਗਰੀਬੀ ਦੀ ਹਕੀਕਤ ਦਾ ਸਾਹਮਣਾ ਕੀਤਾ ਅਤੇ ਅਹਿਸਾਸ ਕੀਤਾ ਕਿ ਬ੍ਰਿਟਿਸ਼ ਸਰਕਾਰ ਅੱਗੇ ਸਮਰਪਣ ਕਰਕੇ ਉਸ ਦੇ ਪਰਿਵਾਰ ਨੇ ਕੀ ਕੁਝ ਗਵਾ ਦਿੱਤਾ ਸੀ। ਭਾਰਤ ਵਿੱਚ ਸੋਫੀਆ ਲਾਹੌਰ ਆਪਣੇ ਦਾਦੇ ਦੀ ਰਾਜਧਾਨੀ ਦੇ ਛਾਲੀਮਾਰ ਬਾਗ ਵਿੱਚ ਇੱਕ ਪਾਰਟੀ ਦੀ ਮੇਜਮਾਨੀ ਕਰਦੀ ਹੈ ਅਤੇ ਇਸ ਦੌਰਾਨ ਉਸ ਨੇ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਲਾਲਾ ਲਾਜਪਤ ਰਾਏ ਵਰਗੇ ਭਾਰਤੀ ਸਵਤੰਤਰਤਾ ਸੰਗਰਾਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੇ ਉਦੇਸ਼ ਲਈ ਹਮਦਰਦੀ ਪ੍ਰਗਟਾਈ। ਸੋਫੀਆਂ ਨੇ ਰਾਏ ਦੀ ਪ੍ਰਸ਼ੰਸਾ ਕੀਤੀ ਤੇ ਬ੍ਰਿਟਿਸ਼ ਦੁਆਰਾ ਦੇਸ਼ ਧਰੋਹ ਦੇ ਦੋਸ਼ਾਂ ਤਹਿਤ ਉਸ ਦੀ ਕੈਦ ਨੇ ਸੋਫੀਆਂ ਨੂੰ ਸਾਮਰਾਜ ਵਿਰੁੱਧ ਕਰ ਦਿੱਤਾ।
ਬਾਅਦ ਦੀ ਜ਼ਿੰਦਗੀ
1909 ਵਿੱਚ ਭਾਰਤ ਤੋਂ ਮੁੜਨ ਤੋਂ ਬਾਅਦ ਸੋਫੀਆ ਨੇ ਪੰਖੁਰੈਸਟ ਭੈਣਾਂ ਦੀ ਇੱਕ ਦੋਸਤ ਐਨਾ ਦੁਗਦਾਲੇ ਦੇ ਕਹਿਣ ਤੇ ਮਹਿਲਾ ਸਮਾਜਿਕ ਅਤੇ ਰਾਜਨੀਤਿਕ ਯੂਨੀਅਨ (ਡਬਲਯੂ.ਐੱਸ.ਪੀ.ਯੂ.) ਵਿੱਚ ਸ਼ਾਮਿਲ ਹੋਈ। ਐਮਮੇਲਿਨ ਪੰਖੁਰਸਟ ਨੇ 1889 ਵਿੱਚ ਔਰਤਾਂ ਦੀ ਫਰੈਂਚਾਈਜ ਲੀਗ ਦੀ ਸੈਸਥਾਪਨਾ ਕੀਤੀ ਸੀ। 1909 ਵਿੱਚ ਸੋਫੀਆ ਔਰਤਾਂ ਦੇ ਵੋਟ ਤੇ ਅਧਿਕਾਰ ਅਤੇ ਅਤੇ ਇਹਨਾਂ ਸਮੂਹਾਂ ਨੂੰ ਫੰਡਿੰਗ ਅਤੇ ਇਸ ਮਕਸਦ ਦੀ ਅਗਵਾਈ ਕਰਨ ਦੀ ਲਹਿਰ ਦੀ ਮੋਹਰੀ ਮੈਂਬਰ ਬਣ ਗਈ। ਉਸ ਨੇ ਸਰਕਾਰ ਦੇ ਵਿਰੁੱਧ ਚਲਦਿਆਂ ਟੈਕਸਾਂ ਦਾ ਭੁਗਤਾਨ ਨਾ ਕੀਤਾ, ਜਿਸ ਤੋਂ ਰਾਜਾ ਜਾਰਚ ਪੰਜਵੇਂ ਕਾਫੀ ਨਿਰਾਸ਼ ਹੋਇਆ ਤੇ ਇਥੋਂ ਤੱਕ ਕਹਿ ਦਿੱਤਾ ਕਿ “ਕੀ ਉਸ ਉੱਤੇ ਹੁਣ ਸਾਡੀ ਪਕੜ ਨਹੀਂ ਰਹਿ ਗਈ”, ਹਾਲਾਂਕਿ ਬ੍ਰਿਟਿਸ਼ ਖਿੱਤੇ ਵੱਜੋਂ ਸੋਫੀਆ ਦੀ ਮੁਢਲੀ ਰੁਚੀ ਇੰਗਲੈਂਡ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਸੀ। ਉਸ ਨੇ ਅਤੇ ਉਸਦੇ ਸਾਥੀ ਔਰਤਾ ਨੇ ਵੀ ਹੋਰ ਬ੍ਰਿਟਿਸ਼ ਬਸਤੀਆਂ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ। ਉਸਨੇ ਆਪਣੇ ਭਾਰਤੀ ਵਿਰਾਸਤ ਦੀ ਕਦਰ ਕਰ ਦਿਆਂ, ਇੱਕੋ ਰਾਸ਼ਟਰ ਪ੍ਰਤੀ ਆਪਣੀ ਵਫਾਦਾਰੀ ਨਹੀਂ ਸੀ ਰੱਖੀ। ਉਸ ਨੇ ਕਈ ਦੇਸ਼ਾਂ ਦੇ ਔਰਤਾਂ ਦੇ ਉਦੇਸ਼ਾਂ ਦਾ ਸਮਰਥਨ ਕੀਤਾ। ਸੋਫੀਆ ਨੇ ਹੈਂਪਟਨ ਕੋਰਟ ਪੈਲਸ ਦੇ ਬਾਹਰ ਔਰਤਾਂ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਸਤੇ ਅਖਬਾਰ ਵੇਚੇ, ਜਿੱਥੇ ਕਦੀ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਉਸਦੇ ਪਰਿਵਾਰ ਦੇ ਨਾਲ ਰਹਿਣ ਦੀ ਆਗਿਆ ਦਿੱਤੀ ਸੀ।
18 ਨਵੰਬਰ 1910 ਨੂੰ ਸੋਫੀਆ ਦਲੀਪ ਸਿੰਘ, ਐਮਮੇਲਿਨ ਪੰਖੁਰਸ਼ਟ ਅਤੇ ਇਹਨਾਂ ਦੇ ਕਾਰਕੁਨਾਂ ਦਾ ਇੱਕ ਸਮੂਹ “ਹਾਊਸ ਆਫ ਕਾਮਨਜ਼” ਵਿੱਚ ਇਸ ਉਮੀਦ ਨਾਲ ਗਿਆ ਕਿ ਉੱਥੇ ਉਹ ਆਪਣੀਆਂ ਮੰਗਾਂ ਰੱਖ ਸਕਣਗੇ। ਪਰ ਗ੍ਰਹਿ ਸਕੱਤਰ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਆਦੇਸ਼ ਦਿੱਤਾ ਅਤੇ ਬਹੁਤ ਸਾਰੀਆਂ ਔਰਤਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ। ਇਸ ਘਟਨਾ ਨੂੰ “ਬਲੈਕ ਫਰਾਈਡੇ” ਵਜੋਂ ਵੀ ਜਾਣਿਆ ਜਾਂਦਾ ਹੈ। ਪਹਿਲਾਂ ਤਾਂ ਸੋਫੀਆ ਹਮੇਸ਼ਾ ਨਿਓਂ ਕੇ ਰਹਿੰਦੀ ਸੀ ਅਤੇ ਉਹ ਜਨਤਕ ਤੌਰ, ਸਮਾਜਿਕ ਜਾਂ ਰਾਜਨੀਤਿਕ ਯੂਨੀਅਨ ਮੀਟਿੰਗਾਂ ਵਿੱਚ ਭਾਸ਼ਣ ਦੇਣ ਤੋਂ ਝਿਜਕਦੀ ਹੁੰਦੀ ਸੀ। ਉਸਨੇ ਕਦੀ ਵੀ ਕਿਸੇ ਵੀ ਮੀਟਿੰਗਾਂ ਦੀਆਂ ਪ੍ਰਧਾਨਗੀਆਂ ਨਹੀਂ ਕੀਤੀਆਂ। ਆਪਣੇ ਡਬਲਯੂ.ਐੱਸ.ਪੀ.ਯੂ. ਚ ਉਹ ਆਪਣੇ ਆਪ ਨੂੰ ਕਦੀ ਵੀ ਇਸ ਪ੍ਰਧਾਨਗੀਆਂ ਦੇ ਬਰਾਬਰ ਦੀ ਕਾਬਲੀਅਤ ਦੀ ਔਰਤ ਨਹੀਂ ਸੀ ਮੰਨਦੀ। ਪਰ ਬਾਅਦ ਵਿੱਚ ਉਸਨੇ ਇਹ ਪ੍ਰਧਾਨਗੀਆਂ ਕੀਤੀਆਂ ਅਤੇ ਕਈ ਮੀਟਿੰਗਾਂ ਨੂੰ ਸੰਬੋਧਨ ਵੀ ਕੀਤਾ। ਮਿਥਨ ਟਾਟਾ ਤੇ ਉਸਦੀ ਮਾਂ ਹੇਰਾਬਾਈ ਨੇ 1911 ਵਿੱਚ, ਭਾਰਤ ਵਿੱਚ ਸੋਫੀਆ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਨੋਟ ਕੀਤਾ ਕਿ ਸੋਫੀਆ ਆਪਣੇ ਮਕਸਦ ਨੂੰ ਹਮੇਸ਼ਾ ਅੱਗੇ ਰੱਖਦੀ ਹੋਈ ਆਪਣੇ ਕੱਪੜਿਆਂ ਦੇ ਉੱਤੇ ਹਰੇ ਰੰਗ ਦਾ “ਔਰਤਾਂ ਲਈ ਵੋਟ” ਵਾਲਾ ਬੈਜ ਪਹਿਨਦੀ ਹੁੰਦੀ ਸੀ।
ਸੋਫੀਆ ਨੇ ਆਪਣੀਆਂ ਸਬੰਧਤ ਚੀਜ਼ਾਂ ਦੀ ਨਿਲਾਮੀ ਕਰਕੇ, ਉਸਦੀ ਆਮਦਨੀ “ਵੁਮਨਸ ਟੈਕਸ ਰਿਸਿਸਟੈਂਸ ਲੀਗ” ਨੂੰ ਦੇ ਦਿੱਤੀ। ਉਸ ਦੀ ਇੱਕ ਤਸਵੀਰ ਵੀ ਹੈ ਜਿਸ ਵਿੱਚ ਉਹ ਆਪਣੇ ਘਰ ਦੇ ਬਾਹਰ ਅਖਬਾਰਾਂ ਵੇਚ ਰਹੀ ਹੈ। ਮਈ 1911 ਵਿੱਚ ਸੂਫੀਆ ਨੂੰ ਸਪੈਲਥਰੋਨ ਪੈਟੀ ਸੈਸ਼ਨ ਕੋਰਟ ਨੇ ਇੱਕ ਗੱਡੀ, ਇੱਕ ਸਹਾਇਕ ਅਤੇ ਪੰਜ ਕੁੱਤਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਰੱਖਣ ਕਾਰਨ ਤਿੰਨ ਪੌਂਡ ਦਾ ਜੁਰਮਾਨਾ ਕੀਤਾ। ਜਿਸ ਦਾ ਸੋਫੀਆ ਨੇ ਵਿਰੋਧ ਕੀਤਾ ਕਿ ਜਿੰਨਾ ਚਿਰ ਉਸ ਨੂੰ ਵੋਟ ਪਾਉਂਣ ਦੇ ਅਧਿਕਾਰ ਨਹੀਂ ਮਿਲਦੇ, ਉਪਰੋਤਕ ਤਿੰਨਾਂ ਮਸਲਿਆਂ ਦੀ ਸੰਬੰਧਿਤ ਲਾਇਸੈਂਸ ਫੀਸ ਜਮ੍ਹਾਂ ਨਹੀਂ ਕਰਾਊਗੀ। ਸੋ ਇਸ ਲਈ ਇੱਕ ਬੇਲੀਫ ਸੋਫੀਆ ਦੇ ਘਰ 14 ਸੀਲਿੰਗ (shillings) ਦਾ ਭੁਗਤਾਨ ਲੈਣ ਲਈ ਆਇਆ, ਪਰ ਉਸ ਨੇ ਸਾਫ ਮਨਾ ਕਰ ਦਿੱਤਾ। ਜਿਸ ਕਾਰਨ ਪੁਲਿਸ ਨੇ ਸੋਫੀਆ ਦੀ ਇੱਕ ਹੀਰੇ ਦੀ ਅੰਗੂਠੀ ਜਬਤ ਕਰ ਲਈ। ਕੁਝ ਦਿਨਾਂ ਬਾਅਦ ਉਸਦੀ ਨਿਲਾਮੀ ਕਰ ਲਈ, ਪਰ ਇਹ ਅੰਗੂਠੀ ਸੋਫੀਆ ਦੇ ਇੱਕ ਦੋਸਤ ਨੇ ਖਰੀਦ ਲਈ ਅਤੇ ਇਸ ਨੂੰ ਵਾਪਸ ਕਰ ਦਿੱਤੀ। ਦਸੰਬਰ 1913 ਵਿੱਚ ਸੂਫੀਆ ਨੂੰ ਦੋ ਕੁੱਤਿਆਂ, ਇੱਕ ਗੱਡੀ ਅਤੇ ਇੱਕ ਨੌਕਰ ਲਈ ਲਾਇਸੈਂਸ ਫੀਸ ਜਮਾ ਨਾ ਕਰਾਉਣ ਦੇ ਬਦਲੇ 12 ਪੌਂਡ ਅਤੇ ਦਸ ਸਿਲਿੰਗ ਦਾ ਜੁਰਮਾਨਾ ਕੀਤਾ। 13 ਦਸੰਬਰ 1913 ਨੂੰ ਸੋਫੀਆ ਅਤੇ ਉਸ ਦੇ ਡਬਲਯੂ.ਐੱਸ.ਪੀ.ਯੂ ਦੇ ਮੈਂਬਰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਸੋਫੀਆ ਨੂੰ ਫਿਰ ਗੈਰ ਕਾਨੂੰਨੀ ਕੁੱਤੇ ਰੱਖਣ ਦਾ ਦੋਸ਼ੀ ਬਣਾ ਦਿੱਤਾ ਗਿਆ। ਇੱਕ ਘਟਨਾ ਵਿੱਚ ਸੂਫੀਆ ਪ੍ਰਧਾਨ ਮੰਤਰੀ ਐੱਚ. ਐੱਚ. ਐਸਕਵਿਥ ਦੀ ਕਾਰ ਦੇ ਉੱਪਰ “ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ” ਵਾਲਾ ਪੋਸਟਰ ਲੈ ਕੇ ਡਿੱਗਦੀ ਹੈ। ਸੋਫੀਆ ਦੇ ਪ੍ਰਭਾਵਸ਼ਾਲੀ ਸਰਗਰਮੀਆਂ ਹੋਣ ਦੇ ਬਾਵਜੂਦ ਉਸਨੂੰ ਕਦੇ ਗਿ੍ਰਫਤਾਰ ਨਹੀਂ ਕੀਤਾ ਗਿਆ। ਹਾਲਾਂਕਿ ਉਸਦੀਆਂ ਗਤੀਵਿਧੀਆਂ ਨੂੰ ਪ੍ਰਸ਼ਾਸਨ ਦੇਖਦਾ ਸੀ ਹੋ ਸਕਦਾ ਹੈ ਕਿ ਉਸ ਨੂੰ ਗ੍ਰਿਫਤਾਰ ਕਰਕੇ ਉਹ ਉਸ ਨੂੰ ਇੱਕ ਸ਼ਹੀਦ ਦੇ ਤੌਰ ਦੇ ਉੱਤੇ ਨਹੀਂ ਪੇਸ਼ ਹੋਣ ਦੇਣਾ ਚਾਹੁੰਦੇ ਸਨ।
ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਸੋਫੀਆ ਨੇ ਸ਼ੁਰੂ ਵਿੱਚ ਬ੍ਰਿਟਿਸ਼ ਬੇੜੇ ਵਿੱਚ ਕੰਮ ਕਰ ਰਹੇ ਭਾਰਤੀ ਸੈਨਿਕਾਂ ਅਤੇ ਲਸ਼ਕਰਾਂ ਦਾ ਸਮਰਥਨ ਕੀਤਾ। ਇੱਕ ਸਵੈ ਸੇਵਕ ਔਰਤ ਦਲ ਦੀ ਕੰਮ ਕਰਨ ਦੀ ਮਨਾਹੀ ਦੇ ਵਿਰੁੱਧ 10 ਹਜਾਰ ਔਰਤਾਂ ਦੇ ਨਾਲ ਰੋਸ ਮਾਰਚ ਵਿੱਚ ਸ਼ਾਮਿਲ ਹੋਈ। ਉਸ ਨੇ ਬ੍ਰਿਟਿਸ਼ ਰੈੱਡ ਕ੍ਰਾਸ ਵਿੱਚ ਨਰਸ ਵਜੋਂ ਸਵੈ ਇੱਛਾ ਨਾਲ ਕੰਮ ਕੀਤਾ ਅਤੇ ਅਕਤੂਬਰ 1915 ਤੋਂ ਜਨਵਰੀ 1917 ਤੱਕ ਆਇਲਵਰਥ ਦੇ ਸਹਾਇਕ ਫੌਜੀ ਹਸਪਤਾਲ ਵਿੱਚ ਸੇਵਾ ਨਿਭਾਈ। ਉਸਨੇ ਜ਼ਖਮੀ ਹੋਏ ਭਾਰਤੀ ਸੈਨਿਕਾਂ ਦੀ ਸੇਵਾ ਕੀਤੀ ਅਤੇ ਜਿਨਾਂ ਨੂੰ ਪੱਛਮੀ ਮੋਰਚੇ ਤੋਂ ਬਾਹਰ ਕੱਢਿਆ ਗਿਆ ਸੀ। ਸਿੱਖ ਸਿਪਾਹੀ ਸ਼ਾਇਦ ਇਹ ਵਿਸ਼ਵਾਸ ਹੀ ਨਹੀਂ ਕਰ ਸਕਦੇ ਸਨ ਕਿ ਰਣਜੀਤ ਸਿੰਘ ਦੀ ਪੋਤੀ, ਇੱਕ ਨਰਸ ਦੀ ਵਰਦੀ ਪਾ ਕੇ ਉਹਨਾਂ ਦੇ ਇਲਾਜ ਕਰ ਰਹੀ ਸੀ।
ਸੋਫੀਆ ਅਤੇ ਇਹਨਾਂ ਦੇ ਸੰਘਰਸ਼ ਦੇ ਕਾਰਨ “ਲੋਕ ਪ੍ਰਤੀਨਿਧੀ ਦਾ ਐਕਟ” ਦੇ 1918 ਦੇ ਲਾਗੂ ਹੋਣ ਜਾਣ ਤੋਂ ਬਾਅਦ 30 ਸਾਲ ਤੋਂ ਵੱਧ ਉਮਰ ਵਾਲੀਆਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ। ਇਸ ਤੋਂ ਬਾਅਦ ਸੋਫੀਆ “ਸਫੈਗਰੇਟ ਫੈਲੋਸ਼ਿਪ” ਵਿੱਚ ਸ਼ਾਮਿਲ ਹੋ ਗਈ ਅਤੇ ਆਪਣੀ ਮੌਤ ਤੱਕ ਇਸ ਦੀ ਮੈਂਬਰ ਰਹੀ।
ਲਗਭਗ ਪੰਜ ਸਾਲ ਬਾਅਦ ਸੋਫੀਆ ਆਪਣੀ ਭੈਣ ਬਾਂਬਾ ਅਤੇ ਕਰਨਲ ਸੁਥਰਲੈਂਡ ਨਾਲ ਆਪਣੀ ਭਾਰਤ ਯਾਤਰਾ ਤੇ ਆਈ। ਸੋਫੀਆ ਕਸ਼ਮੀਰ, ਲਾਹੌਰ, ਅੰਮ੍ਰਿਤਸਰ ਅਤੇ ਮੁਰੇ ਗਈ, ਜਿੱਥੇ ਲੋਕਾਂ ਦੀ ਭੀੜ ਉਸ ਨੂੰ ਦੇਖਣ ਆਈ ਕਿ ਉਹਨਾਂ ਦੇ ਮਹਾਰਾਜਾ ਦੀਆਂ ਕੁੜੀਆਂ ਆਈਆਂ ਹਨ। ਇਸ ਫੇਰੀ ਨਾਲ ਭਾਰਤ ਵਿੱਚ ਔਰਤਾਂ ਦੇ ਅਧਿਕਾਰਾਂ ਨੂੰ ਪ੍ਰਫੁੱਲਿਤ ਕਰਨ ਵਾਲੀ ਮੁਹਿੰਮ ਨੂੰ ਉਤਸਾਹਿਤ ਮਿਲਿਆ। ਸੋਫੀਆ ਨੇ ਆਪਣੇ ਪਹਿਰਾਵੇ ਨਾਲ ਉਹੀ ਬਿੱਲਾ ਲਾਇਆ ਹੋਇਆ ਸੀ ਜਿਸ ਨੂੰ ਪਹਿਨ ਕੇ ਉਸ ਨੇ ਵਿਦੇਸ਼ਾਂ ਵਿੱਚ ਔਰਤਾਂ ਦੇ ਪ੍ਰਭਾਵ ਨੂੰ ਵਧਾਵਾ ਦਿੱਤਾ ਸੀ। ਅਖੀਰ ਸੋਫੀਆ ਨੂੰ ਆਪਣੇ ਦੁੱਖਦਾਈ ਸੰਘਰਸ਼ ਦੇ ਵਿੱਚ ਲਹਿਰਾਂ ਦਾ ਹਿੱਸੇਦਾਰੀ ਬਣ ਕੇ ਇੱਕ ਸਨਮਾਨਯੋਗ ਸਥਾਨ ਮਿਲਿਆ। ਉਸ ਦੀ ਜ਼ਿੰਦਗੀ ਦਾ ਇੱਕੋ ਇੱਕ ਮੁੱਖ ਉਦੇਸ਼ ਸੀ ਜੋ ਉਸਨੇ ਪ੍ਰਾਪਤ ਕਰ ਲਿਆ, ਉਹ ਸੀ ਔਰਤਾਂ ਦੀ ਉੱਨਤੀ ਤੇ ਔਰਤਾਂ ਦੇ ਅਧਿਕਾਰ।
ਪ੍ਰਾਪਤੀਆਂ
1928 ਵਿੱਚ 21 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੋਟ ਪਾਉਣ ਦੇ ਯੋਗ ਬਣਾਉਣ ਦੇ “ਇਕੁਅਲ ਫਰੈਂਚਾਇਜ਼ ਐਕਟ” ਨੂੰ ਸਹਿਮਤੀ ਮਿਲ ਗਈ। ਆਪਣੀ ਸ਼ਾਹੀ ਪਿਛੋਕੜ ਤੋਂ ਦੂਰ ਸੋਫੀਆ ਨੇ ਸਮਾਨਤਾਵਾਂ ਤੇ ਨਿਆ ਦੇ ਅਧਿਕਾਰਾਂ ਲਈ ਲੜਾਈ ਲੜੀ ਅਤੇ ਇੰਗਲੈਂਡ ਅਤੇ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਹਾਸਿਲ ਕੀਤਾ।
ਮੌਤ
ਸੋਫੀਆ ਦੀ 22 ਅਗਸਤ 1948 ਨੂੰ ਪੈਨ, ਬਕਿੰਘਮਸ਼ਾਇਰ ਦੇ ਕੋਲਹੈਚ ਹਾਊਸ, ਜੋ ਉਸਦੀ ਭੈਣ ਕੈਥਰੀਨ ਦੀ ਮਲਕੀਅਤ ਸੀ, ਵਿੱਚ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਸੁੱਤੀ ਸੀ ਅਤੇ 26 ਅਗਸਤ 1948 ਨੂੰ ਗੋਲਡਰਜ਼ ਗਰੀਨ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਆਪਣੀ ਮੌਤ ਤੋਂ ਪਹਿਲਾਂ ਉਸਨੇ ਇਹ ਇੱਛਾ ਜਤਾਈ ਸੀ ਕਿ ਉਸਦਾ ਅੰਤਿਮ ਸੰਸਕਾਰ ਸਿੱਖ ਸੰਸਕਾਰਾਂ ਅਨੁਸਾਰ ਕੀਤਾ ਜਾਵੇ ਅਤੇ ਉਸਦੀਆਂ ਅਸਤੀਆਂ ਭਾਰਤ ਵਿੱਚ ਵਹਾਈਆਂ ਜਾਣ। 8 ਨਵੰਬਰ 1948 ਨੂੰ ਲੰਡਨ ਵਿੱਚ ਉਸ ਦੀ ਜਾਇਦਾਦ ਨੂੰ ਨਿਲਾਮ ਕੀਤਾ ਗਿਆ ਸੀ ਜਿਸ ਵਿੱਚ ਜਾਇਦਾਦ 58,040 ਪੌਂਡ ਸੀ।
ਮੌਤ ਤੋਂ ਬਾਅਦ ਸਨਮਾਨ
ਉਸਦੀ ਸੰਘਰਸ਼ ਦੌਰਾਨ ਅਖ਼ਬਾਰ ਵੇਚਦੀ ਦੀ ਤਸਵੀਰ, ਰਾਇਲ ਮੇਲ ਦੇ ਯਾਦਗਾਰੀ ਸਟੈਂਪ ਸੈਟ “ਵੋਟਰਜ਼ ਫਾਰ ਵੂਮੈਨ” ਵਿੱਚ (ਅਤੇ 58 ਹੋਰ ਔਰਤਾਂ ਦੇ ਵੋਟ ਅਧਿਕਾਰਾਂ ਦੇ ਪ੍ਰਭਾਵਸ਼ਾਲੀ ਸਮਰਥਕਾਂ ਵਿੱਚੋਂ) ਪ੍ਰਦਰਸ਼ਿਤ ਕੀਤੀ ਗਈ, ਜੋ 15 ਫਰਵਰੀ 2018 ਨੂੰ ਜਾਰੀ ਕੀਤੀ ਗਈ ਸੀ। ਉਸ ਦਾ ਨਾਮ ਅਤੇ ਤਸਵੀਰ ਅਪ੍ਰੈਲ 2018 ਵਿੱਚ ਸੰਸਦ ਚੌਂਕ, ਲੰਡਨ ਵਿੱਚ ਮਿਲੀਕੈਂਟ ਫਾਸੇਟ ਦੀ ਮੂਰਤੀ ਦੇ ਚੁਫੇਰੇ ਬਣੇ ਹੋਏ ਹਨ।
ਗੁਰਪਾਲ ਸਿੰਘ 7529075270
Related Topics: Article by Gurpal Singh, Maharaja Duleep Singh, Sophia Duleep Singh