ਵਿਦੇਸ਼

ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ ਦੀ ਯਾਦ ਵਿੱਚ ਬਰਮਿੰਘਮ ਲਾਏ ਗਏ ਬੁੱਤ ਨਾਲ ਕੀਤੀ ਗਈ ਛੇੜਛਾੜ

November 10, 2018 | By

ਸਮੈਦਿਕ: ਬਰਮਿੰਘਮ ਨੇੜਲੇ ਸ਼ਹਿਰ ਸਮੈਦਿਕ ਵਿਖੇ ਬਰਤਾਨੀਆਂ ਵਲੋਂ ਵਿਸ਼ਵ ਜੰਗ ਵਿੱਚ ਭਾਗ ਲੈਣ ਵਾਲੇ ਸਿੱਖ ਫੌਜੀਆਂ ਦੀ ਯਾਦ ਵਿੱਚ ਲਗਾਏ ਬੁੱਤ ਨਾਲ ਛੇੜ-ਛਾੜ ਕੀਤੀ ਗਈ ਹੈ। ਇਹ ਬੁੱਤ 4 ਨਵੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀ ਕਮੇਟੀ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਲਗਵਾਇਆ ਗਿਆ ਹੈ।

ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਸਿੱਖ ਫੌਜੀਆਂ ਦੀ ਯਾਦ ਵਿੱਚ ਸਮੈਦਿਕ ਸ਼ਹਿਰ ਵਿੱਚ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਬਾਹਰ ਲਗਾਇਆ ਗਏ ਸਿੱਖ ਫੌਜੀ ਦੇ ਬੁੱਤ ਦੀ ਤਸਵੀਰ।

ਬਰਤਾਨਵੀ ਬਿਜਲਈ ਅਖਬਾਰ ਬਰਮਿੰਘਮ ਲਾਈਵ ਅਨੁਸਾਰ ਬੀਤੇ ਕਲ੍ਹ ਕਿਸੇ ਨੇ ਇਸ ਬੁੱਤ ਦੇ ਥੜ੍ਹੇ ਉੱਪਰ ਅੰਗਰੇਜੀ ਵਿੱਚ ਲਿਖੇ ਗਏ ਸਿਰਲੇਖ “Lions of Great War: ਮਹਾਨ ਜੰਗ ਦੇ ਸ਼ੇਰ ” ਉੱਤੇ ਕਾਲੀ ਸਿਆਹੀ ਫੇਰ ਦਿੱਤੀ ਅਤੇ ਇਸਦੇ ਅੱਗੇ “Sepoys NoMore” ਅਤੇ ਮਗਰ “1 Jarnail” ਲਿਖ ਦਿੱਤਾ ।

 

ਜ਼ਿਕਰਯੋਗ ਐ ਕਿ ਸਿਪੋਏ  ਸ਼ਬਦ ਅੰਗਰੇਜੀ ਹਕੂਮਤ ਅਧੀਨ ਫੌਜ ਵਿੱਚ ਭਰਤੀ ਹੋਣ ਵਾਲੇ ਭਾਰਤੀ ਉਪ-ਮਹਾਦੀਪ ਦੇ ਵਸਨੀਕਾਂ ਲਈ ਵਰਤਿਆ ਜਾਂਦਾ ਸੀ।

ਹਫਿੰਗਟਨ ਪੋਸਟ ਯੂਕੇ ਦੇ ਪੱਤਰਕਾਰ ਅਮਨਦੀਪ ਬੱਸੀ ਅਨੁਸਾਰ ਹੁਣ ਏਸ ਸਿਆਹੀ ਨੂੰ ਮੇਟ ਦਿੱਤਾ ਗਿਆ ਹੈ।

ਸਿੱਖ ਹਲਕਿਆਂ ਅੰਦਰ ਘਟਨਾ ਨੂੰ ਲੈ ਕੇ ਰੋਸ

ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਸਾਹਮਣੇ ਖੁੱਲ੍ਹੀ ਜਗ੍ਹਾ ਵਿੱਚ ਪਹਿਲੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਵਾਲੇ ਸਿੱਖ ਫੌਜੀਆਂ ਦੀ ਬਹਾਦਰੀ ਦੀ ਯਾਦ ਵਿੱਚ ਲਾਏ ਗਏ ਬੁੱਤ ਤੋਂ ਲੰਘੇ ਐਤਵਾਰ (4 ਨਵੰਬਰ) ਨੂੰ ਪਰਦਾ ਹਟਾਇਆ ਗਿਆ ਸੀ।

ਸੈਂਡਵਿਲ ਕੌਂਸਲ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ, ਸਮੈਦਿਕ ਕੋਸ਼ਿਸ਼ਾਂ ਨਾਲ ਲਾਏ ਗਏ ਇਸ ਬੁੱਤ ਤੋਂ ਸਿੱਖ ਵਿਰੋਧੀ ਸ਼ਕਤੀਆਂ ਅਤੇ ਨਫਰਤ ਭਰੇ ਸੁਭਾਅ ਵਾਲੇ ਲੋਕਾਂ ਨੂੰ ਇਸ ਦੀ ਡਾਹਢੀ ਤਕਲੀਫ ਹੋਈ ਹੈ ਤੇ ਉਹਨਾਂ ਇਸੇ ਹੀਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਇਸ ਬੁੱਤ ਦੇ ਹੇਠਾਂ ਅਪਸ਼ਬਦ ਲਿਖ ਕੇ ਸਿੱਖਾਂ ਨੂੰ ਚਿੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਨਾਈਟਿਡ ਖਾਲਸਾ ਦਲ ਯੂ. ਕੇ. ਵਲੋਂ ਉਕਤ ਘਟਨਾ ਦੀ ਨਿਖੇਧੀ ਕਰਦਿਆਂ ਕੀਤਾ ਗਿਆ।

ਇਸੇ ਤਰ੍ਹਾਂ ਇਕ ਵੱਖਰੇ ਬਿਆਨ ਵਿੱਚ ਸਿੱਖ ਫੈਡਰੇਸ਼ਨ ਯੂ. ਕੇ. ਅਤੇ ਗੁਰੂ ਨਾਨਾਕ ਗੁਰਦੁਆਰਾ ਸਾਹਿਬ, ਸਮੈਦਿਕ ਦੀ ਪ੍ਰਬੰਧਕੀ ਕਮੇਟੀ ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ।

ਯੁਨਾਇਟਡ ਖਾਲਸਾ ਦਲ (ਯੂ. ਕੇ.) ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਇਸ ਕੋਝੀ ਹਰਕਤ ਪਿਛੇ ਗਹਿਰੀ ਸਾਜ਼ਿਸ਼ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ ਅਤੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।

ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਯਕੀਨ ਦਿਵਾਇਆ ਗਿਆ ਹੈ ਕਿ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਿੱਖ ਸੰਗਤਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਅਤੇ ਗੁੱਸਾ ਹੈ

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,