ਚੋਣਵੀਆਂ ਲਿਖਤਾਂ » ਲੇਖ

ਸ਼ਹੀਦੀ ਦੀ ਅਨੋਖੀ ਸਿੱਖ ਪਰੰਪਰਾ

December 22, 2019 | By

 

  • ਸਿੱਖ ਸ਼ਹਾਦਤ

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਮਨੁੱਖੀ ਜੀਵਨ ਅਤੇ ਉਸ ਨਾਲ ਜੁੜੀਆਂ ਲੋਭ ਲਾਲਸਾਵਾਂ ਦਾ ਤਿਆਗ ਕਰਕੇ ਇਨਕਲਾਬ ਦੇ ਸਿਧਾਂਤਾਂ ਲਈ ਪ੍ਰਤੀਬੱਧ ਹੋਣਾ ਅਤੇ ਲੋੜ ਪੈਣ ‘ਤੇ ਉਨ੍ਹਾਂ ਸਿਧਾਂਤਾਂ ਲਈ ਜਿੰਦ ਵਾਰ ਦੇਣ ਦਾ ਸੰਕਲਪ ਲਗਭਗ ਹਰ ਇਨਕਲਾਬੀ ਲਹਿਰ ਦਾ ਪਹਿਲਾ ਅਸੂਲ ਮੰਨਿਆ ਜਾਂਦਾ ਹੈ। ਇਨਕਲਾਬਾਂ ਦਾ ਸਮੁੱਚਾ ਵਰਤਾਰਾ ਹੀ ਪ੍ਰਚੱਲਤ ਕਦਰਾਂ-ਕੀਮਤਾਂ ਅਤੇ ਉਸ ਤੋਂ ਵੀ ਵੱਧ ਪ੍ਰਚੱਲਤ ਸਿਆਸੀ ਨਿਜ਼ਾਮ ਵਿਚ ਉਪਰੋ-ਥਲੀ ਤਬਦੀਲੀ ਕਰਨ ਦਾ ਹੁੰਦਾ ਹੈ। ਪ੍ਰਚੱਲਤ ਸਿਆਸੀ ਨਿਜ਼ਾਮ ਵਿਚ ਮੂਲੋਂ ਹੀ ਤਬਦੀਲੀ ਦਾ ਵੇਗ ਪੈਦਾ ਕਰਨਾ। ਇਸਨੂੰ ਲੋਕ ਮੁਖੀ ਬਣਾਉਣ ਅਤੇ ਸਿਆਸੀ ਸੱਤਾ ਨੂੰ ਲੋਕ-ਹਿਤੀ ਸਿਆਸੀ ਪ੍ਰਬੰਧ ਕਾਇਮ ਕਰਨ ਲਈ ਵਰਤਣਾ ਇਨਕਲਾਬਾਂ ਦੀ ਸਿਧਾਂਤਕ ਪਹੁੰਚ ਦੇ ਪ੍ਰਮੁੱਖ ਲੱਛਣ ਹੁੰਦੇ ਹਨ। ਪ੍ਰਚੱਲਭ ਸਿਆਸੀ ਸਥਿਤੀਆਂ ਵਿਚ ਉਥਲ-ਪੁਥਲ ਮਚਾਉਣ ਲਈ ਜਿਥੇ ਸਿਆਣੀ ਅਤੇ ਯੋਗ ਲੀਡਰਸ਼ਿਪ ਦੀ ਲੋੜ ਹੁੰਦੀ ਹੈ, ਉਥੇ ਵਰਤਮਾਨ ਉੱਤੇ ਕਬਜ਼ਾ ਜਮਾਈ ਬੈਠੀਆਂ ਤਾਕਤਾਂ ਨਾਲ ਸੰਭਾਵੀ ਖੂਨੀ ਟੱਕਰ ਵਿਚ ਪੈਣ ਵਾਲੇ ਮਰਜੀਵੜਿਆਂ ਦੀ ਲੋੜ ਵੀ ਹਰ ਇਨਕਲਾਬੀ ਲਹਿਰ ਨੂੰ ਰਹਿੰਦੀ ਹੈ। ਇਸੇ ਲਈ ਲਗਭਗ ਹਰ ਇਨਕਲਾਬ ਦੇ ਕੇਂਦਰੀ ਨੁਕਤਿਆਂ ਵਿਚ ਸ਼ਹੀਦੀਆਂ ਲਈ ਤਿਆਰ ਰਹਿਣ ਦਾ ਪ੍ਰਣ ਪ੍ਰਣਾਇਆ ਹੋਇਆ ਹੁੰਦਾ ਹੈ। ਕੋਈ ਵੀ ਸਿਆਸੀ ਲਹਿਰ ਸ਼ਹੀਦੀਆਂ ਦੇ ਇਸ ਸੰਕਲਪ ਨੂੰ ਕਿੰਨਾ ਆਪਣੇ ਪੈਰੋਕਾਰਾਂ ਦੀ ਰੂਹ ਦੇ ਹਾਣ ਦਾ ਕਰ ਸਕੀ ਹੈ, ਇਹ ਤੱਤ ਉਸ ਲਹਿਰ ਦੀ ਕਾਮਯਾਬੀ ਵਿਚ ਵੱਡਾ ਹਿੱਸਾ ਪਾਉਂਦਾ ਹੈ। 


The unique Sikh tradition of martyrdom

ਸਿਆਸੀ ਲਹਿਰਾਂ ਵਿਚ ਸਦੀਆਂ ਤੋਂ ਲੋਕ ਸ਼ਹੀਦੀਆਂ ਦਿੰਦੇ ਆਏ ਹਨ। ਉਹ ਸ਼ਹੀਦੀਆਂ ਕੋਈ ਪ੍ਰਾਪਤੀ ਕਰ ਸਕਣਗੀਆਂ ਜਾਂ ਨਹੀਂ ਇਸ ਗੱਲ ਨਾਲ ਸ਼ਹੀਦੀ ਦੇਣ ਵਾਲੇ ਨੂੰ ਕੋਈ ਬਹੁਤਾ ਸਰੋਕਾਰ ਨਹੀਂ ਹੁੰਦਾ। ਉਹ ਤਾਂ ਇਕ ਪਾਕ-ਜਜ਼ਬੇ ਨਾਲ ਹੀ ਸ਼ਹੀਦੀ ਦੇ ਰਸਤੇ ਵੱਲ ਤੁਰਦਾ ਹੈ। ਸ਼ਹੀਦ ਦੀ ਵਿਲੱਖਣਤਾ ਇਸ ਗੱਲ ਵਿਚ ਹੁੰਦੀ ਹੈ ਕਿ ਉਹ ਲਹਿਰ ਦੇ ਨਿਸ਼ਾਨੇ ਨੂੰ ਕਿੰਨਾ ਪ੍ਰਣਾਇਆ ਹੋਇਆ ਹੈ ਅਤੇ ਸਿਧਾਂਤਕ ਤੌਰ ‘ਤੇ ਲਹਿਰ ਨਾਲ ਕਿੰਨਾ ਡੂੰਘਾ ਜੁੜਿਆ ਹੋਇਆ ਹੈ। 

ਅੱਜ ਤੋਂ ਪੰਜ ਸਦੀਆਂ ਪਹਿਲਾਂ ਜਦੋਂ ਮਨੁੱਖਤਾ ਨੂੰ ਪਰਲੋਕ ਦੀਆਂ ਐਸ਼ੋ ਇਸ਼ਰਤ ਭਰੀਆਂ ਲੋਭੀ ਇਛਾਵਾਂ ਦੀ ਪੂਰਤੀ ਲਈ ਭਰਮਾ ਕੇ ਆਪਣੇ ਕਾਜ਼ ਲਈ ਮਰਵਾਇਆ ਜਾਂਦਾ ਸੀ ਉਦੋਂ ਪਹਿਲੀ ਵਾਰ ਫਿਜ਼ਾ ਵਿਚ ਇਹ ਬੋਲ ਗੂੰਜੇ ਹੋਣਗੇ ਕਿ, “ਪਹਿਲਾ ਮਰਣੁ ਕਬੂਲ ਕਰ ਜੀਵਨ ਕੀ ਛਡ ਆਸ” ਤਾਂ ਸੱਚਮੁੱਚ ਇਤਿਹਾਸ ਦੇ ਸਫੇ ਉਤੇ ਇਕ ਨਵੀਂ ਇਬਾਰਤ ਲਿਖੀ ਗਈ ਹੋਵੇਗੀ ਕਿਉਂਕਿ ਉਸ ਵੇਲੇ ਦੀਆਂ ਸਮਕਾਲੀ ਵਿਚਾਰਧਾਰਾ ਅਤੇ ਧਰਮ ਨਾ ਕੇਵਲ ਮਨੁੱਖ ਨੂੰ ਜਿਉਂਦੇ ਜੀਅ ਲੋਭ ਅਤੇ ਲਾਲਸਾਵਾਂ ਦਾ ਲਾਲਚ ਦੇ ਕੇ ਆਪਣੇ ਮਗਰ ਲਾਉਂਦੇ ਸਨ ਸਗੋਂ ਮਰਨ ਤੋਂ ਬਾਅਦ ਵੀ ਇਕ ਰੰਗੀਨ ਦੁਨੀਆਂ ਦੇ ਨਜ਼ਾਰੇ ਪੇਸ਼ ਕਰਦਿਆਂ ਆਪਣੇ ਪੈਰੋਕਾਰਾਂ ਦੀ ਗਿਣਤੀ ਵਧਾਈ ਜਾਂਦੀ ਸੀ। ਉਦੋਂ ਸਿਰਫ ਸਿਰਾਂ ਦੀ ਗਿਣਤੀ ਹੁੰਦੀ ਸੀ, ਸੀਸਾਂ ਦੀ ਨਹੀਂ। ਪਹਿਲੀ ਵਾਰ ਗੁਰੂ ਨਾਨਕ ਦੇ ਸਿਧਾਂਤ ਨੇ ਸਿਰਾਂ ਨੂੰ ਸੀਸ ਵਿਚ ਬਦਲਣ ਦਾ ਹੋਕਾ ਦਿੱਤਾ ਸੀ। ਸਿਧਾਂਤ ਨਾਲ ਜੁੜਨ ਤੋਂ ਪਹਿਲਾਂ ਹੀ ਜੀਵਨ ਦੀ ਆਸ ਅਤੇ ਜੀਵਨ ਨਾਲ ਜੁੜੀਆਂ ਲਾਲਸਾਵਾਂ ਦੇ ਤਿਆਗ ਦੀ ਸ਼ਰਤ ਲਗਾ ਦਿੱਤੀ ਗਈ ਸੀ। ਗੁਰੂ ਸਾਹਿਬ ਜਿਸ ਨਵੇਂ ਮਨੁੱਖ ਦੀ ਸਿਰਜਣਾ ਕਰਨ ਜਾ ਰਹੇ ਸਨ। ਉਹ ਹਰ ਕਿਸਮ ਦੇ ਦੁਨਿਆਵੀ ਲੋਭ ਲਾਲਸਾਵਾਂ ਤੋਂ ਉਪਰ ਉਠਿਆ ਇਕ ‘ਅਜਿੱਤ ਆਤਮਕ ਮਨੁੱਖ’ ਸੀ। ਗੁਰੂ ਜੀ ਦਾ ਇਹ ਸਿਧਾਂਤ ਕੋਈ ਕਾਗਜ਼ੀ ਗੱਲਾਂ ਨਹੀਂ ਸਨ ਉਨ੍ਹਾਂ ਆਪਣੇ ਨਿੱਜੀ ਵਿਚਾਰਾਂ ਅਤੇ ਕਰਮਾਂ ਦੀ ਹਿੰਸਾ ਵਿਚ ਜਕੜੇ ਹੋਏ ਮਨੁੱਖ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਆਤਮਾ ਦੀ ਅਭਿਨਾਸ਼ੀ ਸੁੰਦਰਤਾ ਨੂੰ ਪ੍ਰਾਪਤ ਕਰਕੇ ਹੀ ਪ੍ਰੇਮ ਦੀ ਗਲੀ ਵਿਚ ਦਾਖਲ ਹੋਇਆ ਜਾ ਸਕਦਾ ਹੈ। ਆਤਮਾ ਦੀ ਇਸ ਭਰਪੂਰਤਾ ਨੂੰ ਛੇਤੀ ਹੀ ਸਿੱਖ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਰੂਪ ਵਿਚ ਦੇਖਿਆ। ਗੁਰੂ ਸਾਹਿਬ ਦੀ ਸ਼ਹੀਦੀ ਨੇ ਹੀ ਸਮੇਂ ਦੇ ਸਿਆਸੀ ਪ੍ਰਬੰਧ ਵਿਚ ਸਿੱਖ ਲਹਿਰ ਦੀ ਹੋਣੀ ਭਰਪੂਰ ਟੱਕਰ ਦੇ ਸਪੱਸ਼ਟ ਸੰਕੇਤ ਦੇ ਦਿੱਤੇ ਸਨ। ਹੁਣ ਤਕ ਨਾਮ ਬਾਣੀ ਦੇ ਸਿਮਰਨ ਅਤੇ ਗੁਰੂ ਸਿਧਾਂਤ ਨੂੰ ਮਾਨਸਿਕ ਤੌਰ ‘ਤੇ ਦ੍ਰਿੜ ਕਰ ਰਹੇ ਸਿੱਖਾਂ ਦੀ ਪਰਖ ਦਾ ਸਮਾਂ ਆਣ ਪਹੁੰਚਾ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਜੰਗਾਂ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੇ ਸਿੱਖ ਸੰਗਤਾਂ ਅਤੇ ਸਿੱਖ ਲਹਿਰ ਦੇ ਪੈਰੋਕਾਰਾਂ ਵਿਚ ਅਜਿੱਤ ਅਤੇ ਨਿਰਵੈਰ ਹੋਣ ਦੀ ਮਾਸੂਮ ਪਾਕੀਜ਼ਗੀ ਨੂੰ ਸੰਚਾਰਿਤ ਕਰ ਦਿੱਤਾ ਸੀ। ਹੁਣ ਉਹ ਹੀ ਇਨਸਾਨ ਇਸ ਲਹਿਰ ਨਾਲ ਜੁੜਦੇ ਸਨ, ਜਿਨ੍ਹਾਂ ਨੇ ਮਰਨਾ ਕਬੂਲ ਕਰ ਲਿਆ ਸੀ। ਮੌਤ ਉੱਤੇ ਮਾਨਸਿਕ ਤੌਰ `ਤੇ ਫਤਹਿ ਹਾਸਲ ਕਰ ਲਈ ਸੀ। ਗੁਰੂ ਸਾਹਿਬਾਨ ਦੀ ਸਿਧਾਂਤਕ ਸਿਖਲਾਈ ਇਨ੍ਹਾਂ ਸਮਿਆਂ ਵਿਚ ਆਪਣੀ ਚਰਮ-ਸੀਮਾ ਉੱਤੇ ਪਹੁੰਚ ਗਈ ਸੀ, ਕਿਉਂਕਿ ਉਨ੍ਹਾਂ ਮਾਨਸਿਕ ਤੌਰ ‘ਤੇ ਸਿੱਖਾਂ ਨੂੰ ਸ਼ਹੀਦ ਹੋਣ ਲਈ ਤਿਆਰ ਕਰ ਲਿਆ ਸੀ। ਆਪਣੇ ਕਾਜ਼ ਲਈ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਦਾ ਹੀਆ ਉਹ ਹੀ ਕਰ ਸਕਦਾ ਹੈ ਜਿਸ ਦੇ ਲਹੂ ਦੇ ਕਤਰੇ ਕਤਰੇ ਵਿਚ ਇਨਕਲਾਬ ਦਾ ਸਿਧਾਂਤਕ ਸੱਚ ਰਮਿਆ ਹੋਇਆ ਹੋਵੇ। 1699 ਦੀ ਵੈਸਾਖੀ ਨੂੰ ਇਸ ਸਿਧਾਂਤਕ ਸਚਿਆਈ ਦੀ ਪਰਖ ਵਿਚ ਗੁਰੂ ਦੇ ਨਿਮਾਣੇ ਸਿੱਖ ਪੂਰੇ ਨੰਬਰਾਂ ਵਿਚ ਪਾਸ ਹੋਏ। ਜਿਉਂ ਹੀ ਗੁਰੂ ਜੀ ਨੇ ਸੀਸ ਦੀ ਮੰਗ ਕੀਤੀ ਝੱਟ ਭਾਈ ਦਇਆ ਸਿੰਘ ਨੇ ਇਕ ਇਲਾਹੀ ਖਿੱਚ ਦੇ ਵੇਗ ਵਿਚ ਗੁਰੂ ਜੀ ਅੱਗੇ ਆਪਣਾ ਸੀਸ ਭੇਟ ਕਰ ਦਿੱਤਾ। ਉਸ ਵਕਤ ਦੀਵਾਨ ਵਿਚ ਜੋ ਸੰਨਾਟਾ ਛਾਇਆ ਅਸਲ ਵਿਚ ਉਹ ਸਦੀਆਂ ਦੀ ਮਾਨਸਿਕ ਗੁਲਾਮੀ ਢੋਅ ਰਹੀ ਮਨੁੱਖਤਾ ਦੇ ਅਜ਼ਾਦ ਫਿਜ਼ਾ ਵਿਚ ਦਾਖਲ ਹੋਣ ਤੋਂ ਪਹਿਲਾਂ ਦੇ ਫੈਸਲਾਕੁੰਨ ਪਲ ਸਨ। ਇਨ੍ਹਾਂ ਕੁਝ ਕੁ ਪਲਾਂ ਵਿਚ ਮਨੁੱਖਤਾ ਨੇ ਕਈ ਸਦੀਆਂ ਦਾ ਸਫਰ ਤੈਅ ਕੀਤਾ ਇਕ ਨਵੇਂ ਅਜਿੱਤ ਮਨੁੱਖ ਦੀ ਸਿਰਜਣਾ ਦੇ ਕਾਰਜ ਲਈ ਆਪਣੇ ਆਪੇ ਨੂੰ ਗੁਰੂ ਅੱਗੇ ਭੇਟ ਕੀਤਾ। 

ਇਹ ਮਹਿਜ਼ ਸਿਰ ਦੇਣ ਜਾਂ ਲੈਣ ਵਾਲਾ ਕੋਈ ਵਕਤੀ ਡਰਾਮਾ ਨਹੀਂ, ਉਸ ਗੁਰੂ ਦੀ ਅੰਤਰੀਵ ਆਤਮਾ ਨੂੰ ਸਿੱਖਾਂ ਦੀ ਸੱਚ ਨਾਲ ਟਕਰਾਉਣ ਦੀ ਦਿੜਤਾ ਦਾ ਪੂਰਾ ਆਭਾਸ ਸੀ। ਗੁਰੁ ਸਾਹਿਬਾਂ ਨੇ ਆਪਣੇ ਸਿੱਖਾਂ ਦੀ ਆਤਮਾ ਵਿਚ ਇਹ ਗੱਲ ਭਰ ਦਿੱਤੀ ਸੀ ਕਿ “ਪੂਰਨ ਭਰੋਸੇ ਵਿਚ ਮੌਤ ਦਾ ਸਾਹਮਣਾ ਕਰਨਾ ਕਿਸੇ ਦੈਵੀ ਪ੍ਰਬੰਧ ਦਾ ਹੀ ਭਾਗ ਹੁੰਦਾ ਹੈ” । ਜਦੋਂ ਮਨੁੱਖ ਅਸਹਿ ਕਸ਼ਟਾਂ ਨੂੰ ਮਹਾਂ-ਮਾਨਵ ਵਾਂਗ ਝੱਲਦਾ ਹੈ ਤਾਂ ਉਹ ਦੇਵਤਾ ਹੀ ਪ੍ਰਤੀਤ ਹੁੰਦਾ ਹੈ। ਗੁਰੂ ਸਾਹਿਬ ਦੇ ਉਸ ਮਹਾਂ-ਮਾਨਵ ਨੇ ਫਿਰ ਸਿੱਖ ਸਿਧਾਂਤਾਂ ਦੀ ਰਾਖੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਜੇ ਇਕ ਪਾਸੇ ਭਾਈ ਮਨੀ ਸਿੰਘ ਜ਼ਾਲਮ ਨੂੰ ਉਸਦੇ ਕਰਤਵਾਂ ਪ੍ਰਤੀ ਸੁਚੇਤ ਕਰਦਾ ਹੈ ਤਾਂ ਦੂਜੇ ਪਾਸੇ ਛੋਟਾ ਜਿਹਾ ਬੱਚਾ ਆਪਣੀ ਜਾਨ ਦੀ ਭੀਖ ਮੰਗ ਰਹੀ ਆਪਣੀ ਹੀ ਮਾਂ ਦਾ ਪੁੱਤ ਹੋਣ ਤੋਂ ਮੁਨਕਰ ਹੋ ਜਾਂਦਾ ਹੈ। ਚਰਖੜੀਆਂ ਉਤੇ ਕੀਮਾ-ਕੀਮਾ ਹੁੰਦੇ ਸਿੰਘ ਸਤਿਨਾਮ ਦੇ ਜਾਪ ਨਾਲ ਹੀ ਗੁਰੂ ਦੀ ਅਗੰਮ ਗੋਦ ਵਿਚ ਜਾ ਬਿਰਾਜਦੇ ਹਨ। ਇਹ ਸਿੱਖ ਇਨਕਲਾਬ ਦੇ ਕਾਜ਼ ਨਾਲ ਮਾਨਸਿਕ ਤੌਰ ‘ਤੇ ਜੁੜੀ ਸਿੱਖ ਸੰਗਤ ਦੀ ਹੀ ਨਿਸ਼ਾਨੀ ਸੀ ਕਿ ਡੱਲੇ ਦੀ ਗਰੂਰਤਾ ਨੂੰ ਭੰਨਣ ਲਈ ਲੰਗਰ ਵਿਚ ਸੇਵਾ ਕਰਦੇ ਦੋ ਸਧਾਰਨ ਸਿੱਖ ਹੀ ਗੁਰੂ ਸਾਹਿਬਾਨ ਦੀ ਬੰਦੂਕ ਦਾ ਨਿਸ਼ਾਨਾ ਬਣਨ ਲਈ ਉਤਾਵਲੇ ਹੋ ਰਹੇ ਸਨ। ਸੱਚਮੁੱਚ ਸਿਧਾਂਤਾਂ ਦੀ ਏਨੀ ਪ੍ਰਪੱਕਤਾ ਅਤੇ ਸ਼ਹੀਦੀਆਂ ਲਈ ਏਨੀ ਮਾਸੂਮ ਖਿੱਚ ਸ਼ਾਇਦ ਕਿਸੇ ਹੋਰ ਇਨਕਲਾਬ ਦੇ ਹਿੱਸੇ ਨਾ ਆਈ ਹੋਵੇ। ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ ਵੀ ਇਸ ਅਨੋਖੀ ਸ਼ਹੀਦੀ ਪਰੰਪਰਾ ਦੇ ਮਹਾਂਨਾਇਕ ਬਣਕੇ ਪਿਤਾ ਦੀ ਗੋਦ ਵਿਚ ਲੀਨ ਹੋ ਗਏ ਅਤੇ ਸਿੱਖ ਇਨਕਲਾਬ ਦੀ ਸਭ ਤੋਂ ਔਖੀ ਪਰਖ ਵਿਚੋਂ ਪਾਸ ਹੋ ਕੇ ਕੌਮੀ ਕਾਜ਼ ਪ੍ਰਤੀ ਆਪਣੀ ਵਫਾਦਾਰੀ ਨਿਭਾਅ ਗਏ। 

ਇਥੇ ਹੀ ਬੱਸ ਨਹੀਂ ਕੁਝ ਸਾਲ ਪਹਿਲਾਂ ਹੀ 1984 ਦੇ ਜੂਨ ਮਹੀਨੇ ਸ੍ਰੀ ਅਕਾਲ ਤਖਤ ਸਾਹਿਬ ਵਿਚ ਬੈਠੇ ਸਿੰਘ ਸੂਰਮੇ ਵੀ ਇਸੇ ਲਈ ਵੀਹਵੀਂ ਸਦੀ ਦੀ ਮਹਾਨ ਇਤਿਹਾਸਕ ਪਰਖ ਵਿਚੋਂ ਸਫਲ ਹੋ ਸਕੇ ਸਨ ਕਿਉਂਕਿ ਸਿੱਖ ਇਨਕਲਾਬ ਦੀ ਸਿਧਾਂਤਕ ਰੂਹ ਉਨ੍ਹਾਂ ਦੇ ਕਿਣਕੇਕਿਣਕੇ ਵਿਚ ਰਚੀ ਹੋਈ ਸੀ। ਆਪਣੇ ਇਨਕਲਾਬੀ ਸਹਿਯੋਗੀਆਂ ਨੂੰ ਸ਼ਹੀਦੀਆਂ ਦੇ ਸਿਰੋਪਿਆਂ ਦੀ ਬਖਸ਼ਿਸ਼ ਕਰ ਰਹੇ ਸੰਤ ਜਰਨੈਲ ਸਿੰਘ ਨੇ ਵੀ ਸਿੱਖ ਇਨਕਲਾਬ ਦੀ ਧਾਰਾ ਨੂੰ ਉਸਦੀ ਪਹਿਲੀ ਤਾਜ਼ਗੀ ਦੇ ਰੂਪ ਵਿਚ ਪ੍ਰਣਾਇਆ ਸੀ। ਇਸੇ ਲਈ ਸ਼ਹੀਦ ਹੋਣ ਤੋਂ ਪਹਿਲਾਂ ਹੀ ਆਪਣੇ ਸੀਸ ਗੁਰੂ ਨੂੰ ਅਰਪਨ ਕਰ ਚੁੱਕੇ ਮਰਜੀਵੜਿਆਂ ਦੇ ਸਿਰੜ ਸਾਹਮਣੇ ਔਰੰਗਜ਼ੇਬੀ ਫੌਜਾਂ ਦੀ ਕੋਈ ਪੇਸ਼ ਨਾ ਗਈ। ਇਸੇ ਤਰ੍ਹਾਂ ਹਜ਼ਾਰਾਂ ਸਿੰਘ ਸਿੰਘਣੀਆਂ ਅਤੇ ਬੱਚਿਆਂ ਨੇ 20ਵੀਂ ਸਦੀ ਦੇ ਅਸਹਿ ਅਤੇ ਅਕਹਿ ਕਸ਼ਟਾਂ ਨੂੰ ਇਕ ਮਹਾਂਮਾਨਵ ਵਾਂਗ ਝੱਲਕੇ ਗੁਰੂ ਨਾਲ ਆਪਣੀ ਪ੍ਰਤੀਬੱਧਤਾ ਦਾ ਸਬੂਤ ਦਿੱਤਾ। 

ਆਮ ਤੌਰ ‘ਤੇ ਇਨਕਲਾਬਾਂ ਦਾ ਜਲਵਾ ਕੁਝ ਦੇਰ ਆਪਣਾ ਰੰਗ ਦਿਖਾਕੇ ਮਾਂਦਾ ਪੈ ਜਾਇਆ ਕਰਦਾ ਹੈ। ਪਰ ਸਿੱਖ ਇਨਕਲਾਬ ਵਿਚ ਸਿਧਾਂਤਕ ਤੌਰ `ਤੇ ਏਨਾ ਜ਼ੋਰ ਅਤੇ ਵਿਚਾਰਧਾਰਕ ਤੌਰ ‘ਤੇ ਏਨੀ ਪਾਵਨਤਾ ਦੇਖੀ ਗਈ ਹੈ ਕਿ ਅੱਜ ਵੀ ਉਸ ਇਨਕਲਾਬ ਦੀ ਮਹਾਨ ਸ਼ਹੀਦੀ ਪਰੰਪਰਾ ਖਾਲਸਾ ਜੀ ਦੇ ਜੀਵਨ ਦੇ ਅੰਗ-ਸੰਗ ਚਲਦੀ ਮਹਿਸੂਸ ਹੋ ਰਹੀ ਹੈ। ਕੁਝ ਸਾਲ ਪਹਿਲਾਂ ਪੰਜਾਬ ਨੇ ਉਸ ਸ਼ਹੀਦੀ ਪਰੰਪਰਾ ਦੇ ਅਨੇਕਾਂ ਰੰਗ ਦੇਖੇ ਹਨ। ਬੇਸ਼ੱਕ ਇਤਿਹਾਸ ਦੀਆਂ ਇਹ ਵਿਲੱਖਣ ਘਟਨਾਵਾਂ ਕਿਸੇ ਬੱਝਵੀਂ ਲਿਖਤ ਦਾ ਸ਼ਿੰਗਾਰ ਨਹੀਂ ਬਣੀਆਂ ਪਰ ਲੋਕ ਚੇਤਿਆਂ ਵਿਚ ਇਹ ਗੁਰੂ ਦੀਆਂ ਸਾਖੀਆਂ ਵਾਂਗ ਹੀ ਵਸੀਆਂ ਹੋਈਆਂ ਹਨ ਅਤੇ ਨੇੜ ਭਵਿੱਖ ਵਿਚ ਜਦੋਂ ਵਿਚਾਰਧਾਰਕ ਘਚੋਲੇ ਦੀ ਧੁੰਦ ਸਾਫ ਹੋਵੇਗੀ ਤਾਂ ਕੌਮ ਆਪਣੇ ਇਨ੍ਹਾਂ ਮਹਾਂਨਾਇਕਾਂ ਦੇ ਅਸਲੀ ਜੀਵਨ ਦੀ ਮਾਸੂਮੀਅਤ ਨਾਲ ਸਰਸ਼ਾਰ ਹੋਵੇਗੀ ਅਤੇ ਇਹ ਨਾਇਕ ਵੀ ਸਿੱਖ ਅਰਦਾਸ ਦਾ ਹਿੱਸਾ ਬਣਨਗੇ।

  • ਉਕਤ ਲਿਖਤ ਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਜਨਵਰੀ 2005 ਅੰਕ ਵਿੱਚ ਸੰਪਾਦਕੀ ਵਜੋਂ ਛਪੀ ਸੀ। ਅੱਜ ਦੇ ਦਿਨ ਚਮਕੌਰ ਸਾਹਿਬ ਦੀ ਸ਼ਹੀਦੀ ਸਭਾ ਮੌਕੇ ਚਮਕੌਰ ਦੀ ਜੰਗ ਦੇ ਅਦੁੱਤੀ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇਹ ਲਿਖਤ ਸਿੱਖ ਸਿਆਸਤ ਦੇ ਪਾਠਕਾਂ ਲਈ ਮੁੜ ਸਾਂਝੀ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: