ਸਿਆਸੀ ਖਬਰਾਂ

ਬਾਦਲ ਦੀ ਜਾਨ ਨੂੰ ਖਤਰੇ ਦੀ ਗੱਲ ਮਹਿਜ਼ ਡਰਾਮਾ: ਯੁਨਾਇਟਡ ਖਾਲਸਾ ਦਲ

October 17, 2018 | By

ਚੰਡੀਗੜ੍ਹ: ਬੀਤੇ ਦਿਨੀਂ ਉੱਤਰ ਪਰਦੇਸ਼ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਜਾਨ ਨੂੰ ਖਤਰੇ ਦੇ ਕੀਤੇ ਗਏ ਦਾਅਵੇ ’ਤੇ ਟਿੱਪਣੀ ਕਰਦਿਆਂ ਯੁਨਾਇਟਡ ਖਾਲਸਾ ਦਲ (ਯੂ. ਕੇ.) ਦੇ ਆਗੂ ਲਵਸ਼ਿੰਦਰ ਸਿੰਘ ਡੱਲਵਾਲ ਨੇ ਕਿਹਾ ਹੈ ਕਿ ਇਹ ਮਹਿਜ਼ ਸਿਆਸੀ ਡਰਾਮਾ ਹੈ।

ਉਹਨਾਂ ਕਿਹਾ ਕਿ ਬਾਦਲ ਨੂੰ ‘ਬਾਹਰੋਂ ਨਹੀਂ ਬਲਕਿ ਸਿੱਖ ਕੌਮ ਨਾਲ 40 ਸਾਲਾਂ ਤੋਂ ਲਗਾਤਾਰ ਕੀਤੇ ਵਿਸ਼ਵਾਸ਼, ਬੇਵਫਾਈਆਂ ਰੂਪੀ ਪਾਪਾਂ ਕਾਰਨ ਖੁਦ ਤੋਂ ਹੀ ਖਤਰਾ ਹੈ’।

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਦੇ ਏ.ਡੀ.ਜੀ (ਮੇਰਠ ਜ਼ੋਨ) ਪਰਕਾਸ਼ ਕੁਮਾਰ ਨੇ ਬੀਤੇ ਦਿਨੀਂ ਦਿਨੀਂ ਇਹ ਦਾਅਵਾ ਕੀਤਾ ਸੀ ਕਿ ਪਰਕਾਸ਼ ਸਿੰਘ ਬਾਦਲ ਦੀ ਜਾਨ ਨੂੰ ਖਤਰਾ ਹੈ।

ਪਰਕਾਸ਼ ਸਿੰਘ ਬਾਦਲ (ਖੱਬੇ), ਲਵਸ਼ਿੰਦਰ ਸਿੰਘ ਡੱਲੇਵਾਲ (ਸੱਜੇ)

ਯੂ. ਪੀ. ਪੁਲਿਸ ਮੁਤਾਬਕ 2 ਅਕਤੂਬਰ ਨੂੰ ਮੁਜ਼ੱਫਰਨਗਰ ਤੋਂ ਕੁਝ ਨੌਜਵਾਨਾਂ ਨੇ ਪੁਲਿਸ ਵਾਲਿਆਂ ਕੋਲੋਂ ਬੰਦੂਕਾਂ ਖੋਹੀਆਂ ਸਨ ਤੇ ਕਥਿਤ ਤੌਰ ਤੇ ਇਹਨਾਂ ਨੌਜਵਾਨਾਂ ਵਿਚੋਂ ਤਿੰਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਇਹਨਾਂ ਨੌਜਵਾਨਾਂ ਨੇ ਇਹ ਬੰਦੂਕਾਂ ਪਟਿਆਲੇ ਲਿਜਾ ਕੇ 7 ਅਕਤੂਬਰ ਵਾਲੀ ਪਟਿਆਲਾ ਰੈਲੀ ਵਿੱਚ ਪਰਕਾਸ਼ ਸਿੰਘ ਬਾਦਲ ਉੱਤੇ ਹਮਲਾ ਕਰਨਾ ਸੀ ਪਰ ‘ਕਿਸੇ ਕਾਰਨ’ ਉਹ ਬੰਦੂਕਾਂ ਨੂੰ ਸਮੇਂ ਸਿਰ ਪੰਜਾਬ ਨਾ ਲਿਜਾ ਸਕੇ।

ਪੁਲਿਸ ਨੇ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਸ਼ਾਮਲੀ ਤੋਂ ਕਰਮ ਸਿੰਘ (30), ਸਹਾਰਨਪੁਰ ਤੋਂ ਗੁਰਜੰਟ ਉਰਫ ਜੰਟਾ (23) ਅਤੇ ਹਰਿਆਣੇ ਤੋਂ ਅੰਮ੍ਰਿਤ (24) ਵਜੋਂ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸ਼ਾਮਲੀ ਦੇ ਜਰਮਨ ਅਤੇ ਕਰਮੇ ਦੀ ਭਾਲ ਕੀਤੀ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਇਕ ਵਫਦ ਨੇ ਬੀਤੇ ਕੱਲ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਉਸ ਨੂੰ ਵੱਡੇ ਬਾਦਲ ਦੀ ਜਾਨ ਨੂੰ ਖਤਰੇ ਵਾਲੀ ਗੱਲ ਤੋਂ ਜਾਣੂ ਕਰਵਾਇਆ। ਇਸ ਵਫਦ ਦੀ ਅਗਵਾਈ ਕਰਨ ਵਾਲੇ ਸ਼੍ਰੋ.ਅ.ਦ. (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਸਰਕਾਰ ਵੱਲੋਂ ਬਰਗਾੜੀ ਮੋਰਚੇ ਦੀ ਹਿਮਾਇਤ ਕਰਨ ਕਰਕੇ ਹੀ ਪਰਕਾਸ਼ ਸਿੰਘ ਬਾਦਲ ਦੀ ਜਾਨ ਖਤਰੇ ਵਿੱਚ ਆਈ ਹੈ। ਉਸਨੇ ਕਿਹਾ ਕਿ ‘ਹਿੰਦੂ-ਸਿੱਖ’ ਏਕਤਾ ਦੇ ਮੁਦਈ ਹੋਣ ਕਰਕੇ ਹੀ ਵੱਡੇ ਬਾਦਲ ਦੀ ਜਾਨ ਨੂੰ ਖਤਰਾ ਹੈ ਤੇ ਬਰਗਾੜੀ ਮੋਰਚੇ ਨਾਲ ਹਿੰਦੂ-ਸਿੱਖ ਏਕਤਾ ਖਤਰੇ ਵਿੱਚ ਪੈ ਗਈ ਹੈ।

ਦੂਜੇ ਬੰਨੇ ਪੰਜਾਬ ਦੀਆਂ ਕਈ ਹਿੰਦੂ ਜਥੇਬੰਦੀਆਂ ਇਹ ਐਲਾਨ ਕਰ ਰਹੀਆਂ ਹਨ ਕਿ ਬਾਦਲਾਂ ਵੱਲੋਂ ਹਿੰਦੂ-ਸਿੱਖ ਏਕਤਾ ਨੂੰ ਖਤਰੇ ਬਾਰੇ ਕੀਤਾ ਜਾ ਰਿਹਾ ਪਰਚਾਰ ਗਲਤ ਹੈ ਤੇ ਬਰਗਾੜੀ ਇਨਸਾਫ ਮੋਰਚੇ ਦਾ ਮੁੱਖ ਮੁੱਦਾ ਬੇਅਦਬੀ ਦੇ ਦੋਸ਼ੀਆਂ ਨੂੰ ਸਜਵਾਂ ਦਿਵਾਉਣਾ ਹੈ ਜਿਸ ਦੀ ਉਹ ਪੂਰੀ ਹਿਮਾਇਤ ਕਰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,