ਖਾਸ ਖਬਰਾਂ » ਸਿੱਖ ਖਬਰਾਂ

ਕੀ ਕਹਿੰਦੀਆਂ ਹਨ ਭਾਈ ਜਗਤਾਰ ਸਿੰਘ ਤਾਰਾ ਦੇ ਪਿੰਡ ਦੀਆਂ ਹਵਾਵਾਂ (ਖਾਸ ਰਿਪੋਰਟ)

March 19, 2018 | By

ਚੰਡੀਗੜ੍ਹ: ਭਾਰਤ ਦੀ ਸੀ.ਬੀ.ਆਈ ਅਦਾਲਤ ਵਲੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਬੇਅੰਤ ਕਤਲ ਕੇਸ ਵਿਚ 17 ਮਾਰਚ (2018) ਨੂੰ ਤਾਅ-ਉਮਰ ਕੈਦ ਸੁਣਾ ਦਿੱਤੀ ਗਈ। ਸ਼ੁਕਰਵਾਰ ਨੂੰ ਜਦੋਂ ਇਹ ਗੱਲ ਜਨਤਕ ਹੋਈ ਕਿ ਸ਼ਨਿੱਚਰਵਾਰ ਨੂੰ ਭਾਈ ਜਗਤਾਰ ਸਿੰਘ ਤਾਰਾ ਨੂੰ ਸਜ਼ਾ ਸੁਣਾ ਦਿੱਤੀ ਜਾਵੇਗੀ ਤਾਂ ਸੋਸ਼ਲ ਮੀਡੀਆ ‘ਤੇ ਭਾਈ ਤਾਰੇ ਦੀ ਉਸ ਦਿਨ ਦੀ ਖਿੱਚੀ ਗਈ ਨਵੀਂ ਤਸਵੀਰ ਹੀ ਸਭ ਪਾਸੇ ਨਜ਼ਰ ਆ ਰਹੀ ਸੀ। ਜਿੱਥੇ ਇਕ ਪਾਸੇ ਭਾਰਤੀ ਮੀਡੀਆ ਦਾ ਇਕ ਹਿੱਸਾ ਇਨ੍ਹਾਂ ਨੌਜਵਾਨਾਂ ਨੂੰ ਖਤਰਨਾਕ ਅੱਤਵਾਦੀ ਬਣਾ ਕੇ ਪੇਸ਼ ਕਰਦਾ ਹੈ ਉੱਥੇ ਪੰਜਾਬ ਦੇ ਸਿੱਖ ਨੌਜਵਾਨ ਇਨ੍ਹਾਂ ਨੂੰ ਸ਼ਹਾਦਤਾਂ ਦੀ ਉਸੇ ਲੜੀ ਦੇ ਵਾਰਿਸ ਮੰਨ ਰਹੇ ਹਨ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਨਾਲ ਸ਼ੁਰੂ ਹੋਈ ਅਤੇ ਅੱਜ ਤਕ ਵੱਖੋ-ਵੱਖਰੇ ਰੂਪ ਵਿਚ ਚੱਲ ਰਹੀ ਹੈ। ਜਿਸ ਤਰ੍ਹਾਂ ਭਾਰਤੀ ਨਿਜ਼ਾਮ ਨੂੰ ਟਿੱਚ ਜਾਣਦਿਆਂ ਭਾਈ ਜਗਤਾਰ ਸਿੰਘ ਤਾਰਾ ਵਲੋਂ ਆਪਣੇ ਇਕਬਾਲੀਆ ਬਿਆਨ ਵਿਚ ਆਪਣੇ ਸਿਆਸੀ ਨਿਸ਼ਾਨੇ ਪ੍ਰਤੀ ਦ੍ਰਿੜਤਾ ਅਤੇ ਆਪਣੇ ਕੀਤੇ ਉੱਤੇ ਇਕ ਮਾਣ ਦਾ ਝਲਕਾਰਾ ਦਿੱਤਾ ਗਿਆ ਉਹ ਇਕ ਵਿਲੱਖਣ ਇਤਿਹਾਸਕ ਦਸਤਾਵੇਜ ਬਣ ਗਿਆ ਹੈ।

ਪਿੰਡ ਡੇਕਵਾਲਾ ਦੀ ਫਿਰਨੀ

ਭਾਈ ਜਗਤਾਰ ਸਿੰਘ ਤਾਰਾ ਬਾਰੇ ਹੋਰ ਜਾਨਣ ਲਈ ਸਿੱਖ ਸਿਆਸਤ ਵੱਲੋਂ ਪਿੰਡ ਡੇਕਵਾਲਾ ਦਾ ਦੌਰਾ ਕੀਤਾ ਗਿਆ। ਖੇਤਾਂ ਦੇ ਵਿਚਕਾਰ ਇਕ ਮੁੱਢ ਵਾਂਗ ਬੱਝੇ ਇਸ ਪਿੰਡ ਦੀ ਅਬਾਦੀ ਵਿਚ 100 ਦੇ ਕਰੀਬ ਘਰ ਹਨ। ਭਾਈ ਜਗਤਾਰ ਸਿੰਘ ਤਾਰਾ ਮਾਤਾ ਮਹਿੰਦਰ ਕੌਰ ਅਤੇ ਪਿਤਾ ਸਾਧੂ ਸਿੰਘ ਦੇ 6 ਪੁੱਤਰਾਂ ਵਿਚੋਂ ਸਭ ਤੋਂ ਛੋਟਾ ਪੁੱਤਰ ਸੀ। ਸਾਡੀ ਕੋਸ਼ਿਸ਼ ਸੀ ਕੀ ਪਿੰਡ ਦੇ ਲੋਕਾਂ ਨਾਲ ਗੱਲ ਕਰਕੇ ਪਤਾ ਕੀਤਾ ਜਾਵੇ ਕਿ ਉਹ ਆਪਣੇ ਪਿੰਡ ਦੇ ਇਸ ਨੌਜਵਾਨ ਪ੍ਰਤੀ ਕੀ ਵਿਚਾਰ ਰੱਖਦੇ ਹਨ?

ਸਭ ਤੋਂ ਪਹਿਲਾਂ ਡੇਕਵਾਲਾ ਪਿੰਡ ਵਿਚ ਭਾਈ ਜਗਤਾਰ ਸਿੰਘ ਤਾਰਾ ਦੇ ਜ਼ੱਦੀ ਘਰ ਦੇ ਬਾਹਰ ਵਾਲੀਬਾਲ ਖੇਡ ਰਹੇ ਨੌਜਵਾਨਾਂ ਨਾਲ ਮੁਲਾਕਾਤ ਹੋਈ। ਉਨ੍ਹਾਂ ਨੌਜਵਾਨਾਂ ਨਾਲ ਜਦੋਂ ਭਾਈ ਜਗਤਾਰ ਸਿੰਘ ਤਾਰਾ ਦਾ ਜ਼ਿਕਰ ਕੀਤਾ ਤਾਂ ਸਾਰੇ ਨੌਜਵਾਨ ਇਕੱਠੇ ਹੋ ਗਏ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਲੱਗੇ। ਇਕ ਨੌਜਵਾਨ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਤਾਰੇ ਨੇ ਜੋ ਕੀਤਾ ਸਹੀ ਕੀਤਾ, ਜ਼ੁਲਮ ਨੂੰ ਖਤਮ ਕਰਨਾ ਕੋਈ ਮਾੜੀ ਗੱਲ ਨਹੀਂ। ਇਕ ਨੌਜਵਾਨ ਕਹਿੰਦਾ ਕਿ ਸਿੱਖਾਂ ਨਾਲ ਅੱਜ ਵੀ ਸ਼ਰੇਆਮ ਧੱਕਾ ਹੋ ਰਿਹਾ ਹੈ, ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ, ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕੋਈ ਸਜ਼ਾਵਾਂ ਨਹੀਂ ਹੁੰਦੀਆਂ, ਜਿਸ ਨਾਲ ਸਾਡੀ ਪੀੜ੍ਹੀ ਨੂੰ ਵੀ ਸਾਫ ਦਿਖਦਾ ਹੈ ਕਿ ਉਸ ਸਮੇਂ ਸਰਕਾਰ ਕਿੰਨ੍ਹਾ ਜਿਆਦਾ ਧੱਕਾ ਸਿੱਖਾਂ ਨਾਲ ਕਰ ਰਹੀ ਹੋਵੇਗੀ ਜਿਸ ਨੂੰ ਰੋਕਣ ਲਈ ਭਾਈ ਤਾਰੇ ਹੋਰਾਂ ਨੂੰ ਬੇਅੰਤ ਸਿੰਘ ਵਾਲਾ ਕਾਂਡ ਵਰਤਾਉਣਾ ਪਿਆ। ਇਕ ਨੌਜਵਾਨ ਕਹਿੰਦਾ ਕਿ ਸਾਡੇ ਲਈ ਭਾਈ ਤਾਰਾ ਭਗਤ ਸਿੰਘ ਅਤੇ ਊਧਮ ਸਿੰਘ ਦੇ ਬਰਾਬਰ ਹੈ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੇ ਆਪਣੇ ਵਟਸਐਪ ਪ੍ਰੋਫਾਈਲ ਉੱਤੇ ਭਾਈ ਜਗਤਾਰ ਸਿੰਘ ਤਾਰੇ ਦੀ ਤਸਵੀਰ ਲਾਈ ਹੋਈ ਹੈ।

ਵਾਲੀਬਾਲ ਖੇਡਦੇ ਹੋਏ ਨੌਜਵਾਨ

ਇਸ ਤੋਂ ਬਾਅਦ ਭਾਈ ਜਗਤਾਰ ਸਿੰਘ ਤਾਰੇ ਦਾ ਭਤੀਜਾ ਜੋ ਖੁਦ ਉੱਥੇ ਵਾਲੀਬਾਲ ਖੇਡ ਰਿਹਾ ਸੀ ਸਿੱਖ ਸਿਆਸਤ ਦੇ ਇਸ ਨਾਮਾਨਿਗਾਰ ਨੂੰ ਆਪਣੇ ਘਰ ਲੈ ਗਿਆ। ਭਾਈ ਜਗਤਾਰ ਸਿੰਘ ਤਾਰੇ ਦੇ ਘਰੇ ਉਨ੍ਹਾਂ ਦੇ ਸਿਰਫ ਭਾਬੀ ਜੀ ਹੀ ਮਿਲੇ। ਉਨ੍ਹਾਂ ਦੱਸਿਆ ਕਿ ਭਾਈ ਜਗਤਾਰ ਸਿੰਘ ਤਾਰਾ 6 ਭਰਾਵਾਂ ਵਿਚ ਸਭ ਤੋਂ ਛੋਟਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਵਿਆਹ ਕੇ ਇਸ ਘਰ ਵਿਚ ਆਏ ਤਾਂ ਭਾਈ ਤਾਰਾ 8ਵੀਂ ਜਮਾਤ ਵਿਚ ਪੜ੍ਹਦਾ ਸੀ। ਉਨ੍ਹਾਂ ਦੱਸਿਆ ਕਿ ਉਹ ਬਹੁਤ ਹੀ ਸ਼ਰੀਫ ਅਤੇ ਕਾਮਾ ਮੁੰਡਾ ਸੀ। ਸਭ ਤੋਂ ਪਹਿਲਾਂ ਪਿੰਡ ਪੁਰਖਾਲੀ ਦੇ ਸਰਕਾਰੀ ਸਕੂਲ ਵਿਚ 12ਵੀਂ ਜਮਾਤ ਵਿਚ ਪੜ੍ਹਦੇ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ। ਪੁਲਿਸ ਨੇ ਕੇਸ ਪਾ ਕੇ ਨਾਭਾ ਜੇਲ੍ਹ ਰੱਖਿਆ ਅਤੇ ਕੁੱਟਮਾਰ ਕੀਤੀ। ਜ਼ਮਾਨਤ ਤੋਂ ਬਾਅਦ ਪਰਿਵਾਰ ਨੇ ਵੱਡੇ ਭਰਾਵਾਂ ਕੋਲ ਦਿੱਲੀ ਭੇਜ ਦਿੱਤਾ ਜਿੱਥੇ ਪਰਿਵਾਰ ਦਾ ਟੈਕਸੀਆਂ ਦਾ ਕੰਮ ਸੀ। ਇਸ ਤੋਂ ਬਾਅਦ 1995 ਵਿਚ ਹੋਰ ਨੌਜਵਾਨਾਂ ਨਾਲ ਮਿਲ ਕੇ ਜਗਤਾਰ ਸਿੰਘ ਤਾਰੇ ਨੇ ਬੇਅੰਤ ਸਿੰਘ ਵਾਲਾ ਕਾਂਡ ਵਰਤਾ ਦਿੱਤਾ, ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੋ ਗਈ।

ਉਨ੍ਹਾਂ ਦੱਸਿਆ ਕਿ ਉਹ ਮੁਲਾਕਾਤ ਕਰਨ ਲਈ ਬੁੜੈਲ ਜੇਲ੍ਹ ਵਿਚ ਜਾਂਦੇ ਹਨ ਤੇ ਸ਼ਨਿੱਚਰਵਾਰ ਨੂੰ ਸਜ਼ਾ ਦਾ ਐਲਾਨ ਹੋਣ ਵੇਲੇ ਵੀ ਗਏ ਹੋਏ ਸੀ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਤਾਰਾ ਹਮੇਸ਼ਾ ਵਾਂਗ ਉਸ ਦਿਨ ਵੀ ਪੂਰੀ ਚੜ੍ਹਦੀ ਕਲਾ ਵਿਚ ਸੀ ਅਤੇ ਉਸਨੂੰ ਸਜ਼ਾ ਦਾ ਕੋਈ ਡਰ ਭੈਅ ਨਹੀਂ ਸੀ।

ਪਿੰਡ ਵਿਚ ਘਲਾੜੀ ‘ਤੇ ਗੁੜ ਬਣਾਉਂਦੇ ਪਿੰਡ ਦੇ ਬਜ਼ੁਰਗ

ਇਸ ਦੌਰਾਨ ਪਿੰਡ ਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਜਿਹਨਾਂ ਕਿਹਾ ਕਿ ਮੁੰਡਿਆਂ ਨੇ ਜੋ ਕੀਤਾ ਸਹੀ ਕੀਤਾ। ਸਰਕਾਰ ਨੇ ਜ਼ੁਲਮ ਦੀ ਹੱਦ ਪਾਰ ਕੀਤੀ ਹੋਈ ਸੀ। ਨੌਜਵਾਨ ਮੁੰਡਿਆਂ ਨੂੰ ਪੁਲਿਸ ਚੁੱਕ-ਚੁੱਕ ਮਾਰੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਪਿੰਡ ਦੇ ਨਾਲ ਲਗਦੇ ਸੂਏ ਵਿਚ ਪੁਲਿਸ ਨੇ ਕਈ ਮੁੰਡਿਆਂ ਦੇ ਝੂਠੇ ਮੁਕਾਬਲੇ ਬਣਾਏ।

ਡੇਕਵਾਲੇ ਤੋਂ ਨਿਕਲ ਕੇ ਜਦੋਂ ਨਾਲ ਦੇ ਪਿੰਡ ਬੁਰਜਵਾਲਾ ਦੇ ਸਰਕਾਰੀ ਸਕੂਲ ਵਿਚ ਵਾਲੀਬਾਲ ਖੇਡ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਜਗਤਾਰ ਸਿੰਘ ਤਾਰੇ ਨੂੰ ਸਹੀ ਦੱਸਦਿਆਂ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਖਿਲਾਫ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੀਆਂ ਗੱਲਾਂ ਵਿਚ ਜਗਤਾਰ ਸਿੰਘ ਤਾਰੇ ਲਈ ਉਨ੍ਹਾਂ ਦੇ ਦਿਲ ਦਾ ਪਿਆਰ ਸਾਫ ਝਲਕ ਰਿਹਾ ਸੀ ਅਤੇ ਸਰਕਾਰਾਂ ਖਿਲਾਫ ਅਸੰਤੁਸ਼ਟੀ ਵੀ ਸਾਫ ਪ੍ਰਤੀਤ ਹੋ ਰਹੀ ਸੀ।

ਇਸ ਦੌਰਾਨ ਕੋਸ਼ਿਸ਼ ਦੇ ਬਾਵਜੂਦ ਵੀ ਕੁਦਰਤੀ ਮਿਲਿਆਂ ਵਿਚੋਂ ਵੀ ਕੋਈ ਸਖਸ਼ ਸਰਕਾਰੀ ਨਿਜ਼ਾਮ ਦੇ ਪੱਖ ਦਾ ਹੁੰਗਾਰਾ ਭਰਨ ਵਾਲਾ ਨਹੀਂ ਮਿਲਿਆਂ, ਜਿਸ ਵਿਚ ਭਾਈ ਜਗਤਾਰ ਸਿੰਘ ਤਾਰੇ ਵਾਂਗ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਨੂੰ ਅੱਤਵਾਦੀ ਅਤੇ ਮਾੜੇ ਅਨਸਰ ਐਲਾਨਿਆ ਜਾਂਦਾ ਹੈ।  ਪੰਜਾਬ ਦੀਆਂ ਹਵਾਵਾਂ ਇਹਨਾਂ ਲੋਕਾਂ ਨੂੰ ਆਪਣਾ ਨਾਇਕ ਮੰਨ ਦੀਆਂ ਪ੍ਰਤੀਤ ਹੁੰਦੀਆਂ ਹਨ, ਜਿਹਨਾਂ ਵਿਚ ਤੂਫਾਨ ਬਣਨ ਦੀ ਇੱਛਾ ਸਹਿਜੇ ਹੀ ਪੜ੍ਹੀ ਜਾ ਸਕਦੀ ਹੈ।

* ਸਿੱਖ ਸਿਆਸਤ ਲਈ ਸੁਖਵਿੰਦਰ ਸਿੰਘ ਦੀ ਖਾਸ ਰਿਪੋਰਟ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,