ਕੌਮਾਂਤਰੀ ਖਬਰਾਂ » ਖਾਸ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਵਰਲਡ ਸਿੱਖ ਪਾਰਲੀਮੈਂਟ ਨੇ ਆਪਣੇ ਕੰਮਕਾਜ ਦੀ ਕੀਤੀ ਅਰੰਭਤਾ; ਉਦਘਾਟਨੀ ਸੈਸ਼ਨ ਪੈਰਿਸ ਵਿੱਚ ਹੋਇਆ

October 6, 2018 | By

6 ਅਕਤੂਬਰ: ਸਰਬੱਤ ਖਾਲਸਾ 2015 ਦੇ ਮਤੇ ਮੁਤਾਬਕ ਅਤੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਠਿਤ ਵਰਲਡ ਸਿੱਖ ਪਾਰਲੀਮੈਂਟ ਦਾ ਪਹਿਲਾ ਉਦਘਾਟਨੀ ਪੈਰਿਸ ਇਜਲਾਸ 29 ਤੋਂ 30 ਸਤੰਬਰ ਨੂੰ ਹੋਇਆ ।

ਵਰਲਡ ਸਿੱਖ ਪਾਰਲੀਮੈਂਟ ਦੀ ਇਕੱਤਰਤਾ

ਦੁਨੀਆਂ ਦੇ ਪੰਜ ਖਿੱਤਿਆਂ ਦੇ ਵੱਖ ਵੱਖ ਦੇਸ਼ਾਂ ਜਿਨ੍ਹਾਂ ਵਿੱਚ ਯੂ ਐਸ ਏ, ਇੰਗਲੈਂਡ, ਕਨੇਡਾ, ਫਰਾਂਸ, ਸਪੇਨ, ਹਾਲੈਂਡ, ਜਰਮਨੀ, ਨਿਊਜ਼ੀਲੈਂਡ, ਆਸਟਰੇਲੀਆ ਆਦਿ ਦੇਸ਼ਾਂ ਤੋਂ ਨਾਮਜ਼ਦ ਡੈਲੀਗੇਟਾਂ ਨੇ ਪੈਰਿਸ ਇਜਲਾਸ ਵਿੱਚ ਹਿੱਸਾ ਲਿਆ ।

ਸ਼ਨੀਵਾਰ ਨੂੰ 12 ਘੰਟੇ ਚੱਲੇ ਇਜਲਾਸ ਦੀ ਸ਼ੁਰੂਆਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਪੰਜ ਪ੍ਰਧਾਨੀ ਪ੍ਰਥਾ ਤਹਿਤ ਪੰਜ ਸਿੰਘਾਂ ਦੀ ਅਗਵਾਈ ਵਿੱਚ ਹੋਈ ।

ਭਾਰਤ ਤੋਂ ਐਡਵੋਕੇਟ ਅਮਰ ਸਿੰਘ ਚਾਹਲ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਗੁਰਚਰਨ ਸਿੰਘ ਅਤੇ ਯੂ. ਕੇ. ਤੋਂ ਭਾਈ ਗੁਰਨਾਮ ਸਿੰਘ ਸਪੈਸ਼ਲ ਆਬਜ਼ਰਵਰ ਦੇ ਰੂਪ ਵਿੱਚ ਸ਼ਾਮਲ ਹੋਏ । ਇਸ ਤੋਂ ਇਲਾਵਾ ਦੇਸ਼ਾਂ ਤੇ ਵਿਦੇਸ਼ਾਂ ਤੋਂ ਹੋਰ ਵੀ ਆਬਜ਼ਰਵਰ ਮੌਜੂਦ ਸਨ ।

ਇਸ ਮੌਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਪਾਰਲੀਮੈਂਟ ਮੈਬਰਾਂ ਨੂੰ ਭੇਜਿਆ ਹੋਇਆ ਸੁਨੇਹਾ ਬਾਪੂ ਗੁਰਚਰਨ ਸਿੰਘ ਵੱਲੋਂ ਪੜ੍ਹਿਆ ਗਿਆ ਜਿਸ ਵਿੱਚ ਜਥੇਦਾਰ ਸਾਹਿਬ ਨੇ ਛੋਟੀਆਂ ਛੋਟੀਆਂ ਪੁਲਾਂਘਾ ਪੁਟਦਿਆਂ ਆਪਣੀ ਮੰਜ਼ਲ ਵਲ ਮਜ਼ਬੂਤੀ ਨਾਲ ਵਧਣ ਦੀ ਪ੍ਰੇਰਨਾ ਕੀਤੀ ।

ਵਰਲਡ ਸਿੱਖ ਪਾਰਲੀਮੈਂਟ ਦੇ ਇਜਲਾਸ ਵਿੱਚ ਢਾਂਚੇ ਨੂੰ ਇੱਕ ਲੰਬੀ ਵਿਚਾਰ ਤੋਂ ਬਾਅਦ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਸੁਪਰੀਮ ਐਗਜ਼ੈਕਟਿਵ ਕੌਂਸਲ ਦੇ ਵਿਦੇਸ਼ਾਂ ਵਿਚਲੇ 125 ਨੁੰਮਾਇੰਦਿਆਂ ਦਾ ਐਲਾਨ ਵੀ ਕੀਤਾ ਗਿਆ ਜੋ ਕਿ 20 ਅਲੱਗ ਅਲੱਗ ਦੇਸ਼ਾਂ ਤੋਂ ਹਨ । ਪਾਰਲੀਮੈਂਟ ਅਧੀਨ ਵੱਖ ਵੱਖ ਮੁੱਦਿਆਂ ਨਾਲ ਸਬੰਧਤ 10 ਕੌਂਸਲਾ ਦੇ ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ ।

ਪਾਰਲੀਮੈਂਟ ਦੇ ਸਲਾਹਕਾਰ ਬੋਰਡ ਦਾ ਭਵਿੱਖ ਵਿੱਚ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਜਿਨ੍ਹਾਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਰ ਗੁਰਸਿੱਖ ਪਾਰਲੀਮੈਂਟ ਦਾ ਕੰਮਕਾਜ ਚਲਾਉਣ ਲਈ ਆਪਣੇ ਵਿਚਾਰ ਦੇ ਸਕਣਗੇ ।

ਪੰਜਾਬ ਅੰਦਰ ਵਰਲਡ ਸਿੱਖ ਪਾਰਲੀਮੈਂਟ ਦੇ ਮੈਬਰਾਂ ਦੀ ਨਿਯੁਕਤੀ ਲਈ ਹੋਰ ਹੰਭਲਾ ਮਾਰਨ ਦਾ ਵੀ ਪ੍ਰਣ ਕੀਤਾ ਗਿਆ ।

ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਪੰਥਕ ਮੁੱਦਿਆਂ ‘ਤੇ ਵਿਚਾਰਾਂ ਤੋਂ ਬਾਅਦ 6 ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ । ਸਿੱਖਾਂ ਨੂੰ ਸਵੈ ਨਿਰਣੇ ਦੇ ਹੱਕ ਵਿੱਚ, ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਬਾਬਤ, ਹਿੰਦੁਤਵੀ ਫਾਸ਼ੀਵਾਦ ਦੇ ਵਿਰੁੱਧ, ਅਤੇ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਮਤੇ ਵੀ ਇਜਲਾਸ ਵਿੱਚ ਪਾਸ ਕੀਤੇ ਗਏ ।

ਐਤਵਾਰ ਨੂੰ ਪੈਰਿਸ ਦੇ ਗੁਰਦੁਆਰਾ ਸਾਹਿਬ ਬੋਬੀਨੀ ਵਿੱਚ ਦੀਵਾਨ ਸਜਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਬੁਲਾਰਿਆਂ ਨੇ ਪੰਥਕ ਮਸਲਿਆਂ ਉੱਤੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਪੰਜਾਬ ਤੋਂ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਭੇਜਿਆ ਗਿਆ ਸੁਨੇਹਾ ਵੀ ਪੜ੍ਹਿਆ ਗਿਆ । ਸਵੈ ਨਿਰਣੇ ਦੇ ਹੱਕ ਸਬੰਧੀ ਵੀ ਮਤੇ ਸੰਗਤਾਂ ਸਨਮੁਖ ਪ੍ਰਵਾਨਗੀ ਲਈ ਰੱਖੇ ਗਏ । ਪੰਜ ਖਿੱਤਿਆਂ ਤੋਂ ਆਏ ਬੁਲਾਰਿਆ ਨੇ ਆਪਣੇ ਵਿਚਾਰ ਸੰਗਤਾਂ ਅੱਗੇ ਰੱਖੇ ।

ਸੰਗਤਾਂ ਦੀ ਪ੍ਰਵਾਨਗੀ ਲਈ ਹੇਠ ਲਿਖੇ ਮਤੇ ਪੜ੍ਹੇ ਗਏ ਜਿਨ੍ਹਾਂ ਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨ ਕੀਤਾ।

ਮਤਾ ਨੰਬਰ 1:
ਵਰਲਡ ਸਿੱਖ ਪਾਰਲੀਮੈਂਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ, ਬਹਿਬਲਕਲਾਂ ਤੇ ਕੋਟਕਪੂਰੇ ਵਿੱਚ ਸ਼ਾਂਤਮਈ ਰੋਸ ਕਰ ਰਹੀਆਂ ਸੰਗਤਾਂ ਉੱਤੇ ਗੋਲੀ ਚਲਾ ਕੇ ਸ਼ਹੀਦ ਕੀਤੇ ਸਿੰਘਾਂ ਦਾ ਇਨਸਾਫ ਸਰਕਾਰ ਤੋਂ ਲੈਣ ਦੀ ਬਜਾਏ ਖਾਲਸਾ ਪੰਥ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ ਖਾਲਸਈ ਰਵਾਇਤਾਂ ਮੁਤਾਬਿਕ ਆਪਣੇ ਹੱਕ ਲੈਣ ਲਈ ਠੋਸ ਪ੍ਰੋਗਰਾਮ ਉਲੀਕੇ। ਵਰਲਡ ਸਿੱਖ ਪਾਰਲੀਮੈਂਟ ਦੇਸ਼ਾਂ ਵਿਦੇਸ਼ਾਂ ਵਿੱਚ ਇੱਕ ਮੁਹਿੰਮ ਚਲਾਏਗੀ ਤਾਂ ਕਿ ਬੇਅਦਬੀ ਅਤੇ ਸ਼ਹੀਦਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕੇ ।

ਮਤਾ ਨੰਬਰ 2:
ਵਰਲਡ ਸਿੱਖ ਪਾਰਲੀਮੈਂਟ ਦੇਸ਼ ਵਿਦੇਸ਼ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਤੇ ਆਮ ਸੰਗਤਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਗੁਰੂ ਘਰਾਂ ਵਿੱਚ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕਰਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ । ਸਾਡੀ ਬੇਨਤੀ ਹੈ ਕਿ ਜਦੋਂ ਨਵੇਂ ਸਰੂਪ ਸੰਗਤਾਂ ਜਾਂ ਗੁਰਦੁਆਰਿਆ ਨੂੰ ਦਿੱਤੇ ਜਾਣ ਤਾਂ ਉਹਨਾਂ ਦਾ ਇੱਕ ਲਿਖਤੀ ਰਿਕਾਰਡ ਬਣਾਇਆ ਜਾਵੇ ।

ਮਤਾ ਨੰਬਰ ੩:
ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਬੇਅਦਬੀਆਂ ਦੀਆ ਘਟਨਾਵਾਂ ਦੇ ਤਿੰਨ ਸਾਲ ਹੋਣ ‘ਤੇ ਸਾਰੀ ਦੁਨੀਆਂ ਦੀਆਂ ਗੁਰਦੁਆਰਾ ਕਮੇਟੀਆਂ ਵਲੋਂ ਸਹਿਜ ਪਾਠ ਜਾਂ ਅਖੰਡ ਪਾਠ ਸ਼ੁਰੂ ਕੀਤੇ ਜਾਣ ਜਿਨ੍ਹਾਂ ਦੇ ਭੋਗ 11 ਅਕਤੂਬਰ ਨੂੰ ਪਾ ਕੇ ਸਾਰੀ ਮਨੁੱਖਤਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇ।

ਮਤਾ ਨੰਬਰ 4:
ਵਰਲਡ ਸਿੱਖ ਪਾਰਲੀਮੈਂਟ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੋਲਣ ਦੀ ਦਿਖਾਈ ਫਰਾਖ ਦਿਲੀ ਦੀ ਸ਼ਲਾਘਾ ਕਰਦੀ ਹੈ। ਸਿੱਖ ਰੋਜ਼ਾਨਾ ‘ਸਿੱਖਾਂ ਨਾਲੋਂ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ’ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ। ਭਾਰਤ ਸਰਕਾਰ ਵੱਲੋਂ ਲਾਂਘੇ ਦਾ ਵਿਰੋਧ ਕਰਨਾ ਸਿੱਖਾਂ ਦੀ ਅਰਦਾਸ ਦੇ ਵਿਰੋਧ ਵਿੱਚ ਖੜ੍ਹਨਾ ਹੈ। ਅਕਾਲੀ ਦਲ ਬਾਦਲ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਵਿਰੋਧ ਕਰਨ ਦੀ ਵਰਲਡ ਸਿੱਖ ਪਾਰਲੀਮੈਂਟ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।

ਮਤਾ ਨੰਬਰ ੫:
ਵਰਲਡ ਸਿਖ ਪਾਰਲੀਮੈਂਟ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਉਪਰਾਲੇ ਕਰਨ ਦੀ ਪੁਰਜ਼ੋਰ ਬੇਨਤੀ ਕਰਦੀ ਹੈ। ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਮੁੜ ਵਸੇਬੇ ਬਾਰੇ ਉੱਦਮ ਉਪਰਾਲੇ ਕਰ ਰਹੀਆਂ ਸੰਸਥਾਵਾਂ ਦਾ ਸਿੱਖ ਕੌਮ ਪਹਿਲ ਦੇ ਅਧਾਰ ਉੱਤੇ ਸਾਥ ਦੇਵੇ ।

ਮਤਾ ਨੰਬਰ ੬:
ਵਰਲਡ ਸਿੱਖ ਪਾਰਲੀਮੈਂਟ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰਬ ਸਾਂਝੀਵਾਲਤਾਂ ਦੇ ਉਪਦੇਸ਼ਾਂ ਅਨੁਸਾਰ ਰੰਘਰੇਟੇ ਗੁਰੂ ਕੇ ਬੇਟੇ, ਦਲਿਤ ਭਾਈਚਾਰੇ ਦੇ ਨਾਲ-ਨਾਲ ਸਿਕਲੀਗਰ ਵਣਜਾਰਿਆਂ ਨੂੰ ਸਿੱਖ ਪੰਥ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਤੇ ਇਸ ਪ੍ਰਤੀ ਸੇਵਾ ਨਿਭਾ ਰਹੀਆ ਸੰਸਥਾਵਾਂ ਦਾ ਸਹਿਯੋਗ ਕਰਨ ਦੀ ਵੀ ਬੇਨਤੀ ਕਰਦੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,