ਵਿਦੇਸ਼ » ਸਿੱਖ ਖਬਰਾਂ

ਨਨਕਾਣਾ ਸਾਹਿਬ ਅਤੇ ਦਰਬਾਰ ਸਾਹਿਬ ਵਿਖੇ ਹੋਵੇਗੀ ਬੀਬੀ ਮਨਜੀਤ ਕੌਰ ਜੀ ਦੀ ਅੰਤਿਮ ਅਰਦਾਸ

January 30, 2019 | By

ਅੰਮ੍ਰਿਤਸਰ– ਦਲ ਖ਼ਾਲਸਾ ਦੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਦੀ ਸੁਪਤਨੀ ਬੀਬੀ ਮਨਜੀਤ ਕੌਰ ਜਿਨਾਂ ਜੋ ਕਿ  ਪਿਛਲ਼ੇ ਦਿਨੀ (੨੩ ਜਨਵਰੀ) ਜਰਮਨ ਦੇ ਇਕ ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦਾ ਅੰਤਿਮ ਸਸਕਾਰ  ਜਰਮਨ ਦੇ ਸ਼ਹਿਰ ਫਰੈਂਕਫਰਟ ਵਿਖੇ ਕਰ ਦਿੱਤਾ ਗਿਆ ਹੈ। ਉਹਨਾਂ ਦੇ ਸਸਕਾਰ ਮੌਕੇ ਦੁਨੀਆਂ ਭਰ ਤੋਂ ਖਾਲਿਸਤਾਨ ਸੰਘਰਸ਼ ਨਾਲ ਜੁੜੀਆ ਅਹਿਮ ਸ਼ਖਸ਼ੀਅਤਾਂ ਹਾਜ਼ਰ ਸਨ।

ਇਸ ਮੌਕੇ ਉਹਨਾਂ ਦੀ ਬੇਟੀ ਬਿਕਰਮਜੀਤ ਕੌਰ ਅਤੇ ਉਸ ਦਾ ਪਤੀ ਗੁਰਪ੍ਰੀਤ ਸਿੰਘ ਪਰਿਵਾਰ ਸਮੇਤ ਇੰਗਲੈਂਡ ਤੋਂ ਆਖਰੀ ਰਸਮਾਂ ਨਿਭਾਉਣ ਲਈ ਪੁਹੰਚੇ ਸਨ ਪਰ ਭਾਰਤ ਵਲੋਂ ਭਾਈ ਗਜਿੰਦਰ ਸਿੰਘ ਦਾ ਨਾਮ ਅਤਿ ਲੋੜੀਂਦੇ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਕਾਰਨ ਉਹ ਸਸਕਾਰ ਮੌਕੇ ਜਰਮਨ ਨਹੀਂ ਪਹੁੰਚ ਸਕੇ ਅਤੇ ਆਪਣੀ ਪਤਨੀ ਦੇ ਅੰਤਿਮ ਦਰਸ਼ਨਾਂ ਤੋਂ ਮਹਿਰੂਮ ਰਹੇ ।

ਇੱਕ ਪਾਸੇ ਬੀਬੀ ਮਨਜੀਤ ਕੌਰ ਨਮਿਤ ਅਖੰਡ ਪਾਠ ਦੇ ਭੋਗ ਪਕਿਸਤਾਨ ਦੇ ਸ਼ਹਿਰ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ੧ ਫਰਵਰੀ ਨੂੰ ਪਾਏ ਜਾਣਗੇ ਅਤੇ ਦੂਜੇ ਪਾਸੇ ਇੱਧਰ ਗੁਰਦੁਆਰਾ ਝੰਡੇ ਬੁੰਗੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ੫ ਫਰਵਰੀ ਨੂੰ ਅੰਤਿਸ ਅਰਦਾਸ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਸਿਆ ਕਿ ” ਬੀਬੀ ਮਨਜੀਤ ਕੌਰ ਲੰਮੇ ਸਮੇ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਹਨਾਂ ਨੂੰ ਕਾਫੀ ਬੀਮਾਰੀਆਂ ਨੇ ਘੇਰ ਰੱਖਿਆ ਸੀ, ਉਹ ਜਰਮਨ ਵਿਖੇ ਇੱਕਲੇ ਹੀ ਰਹਿ ਰਹੇ ਸਨ ਅਤੇ ਉਹਨਾਂ ਨੂੰ ਉੱਥੇ ਹੈਲਥ ਗਰਾਉਂਡ ਤੇ ਸ਼ਰਨ ਮਿਲੀ ਹੋਈ ਸੀ, ਭਾਈ ਗਜਿੰਦਰ ਸਿੰਘ ਚੰਡੀਗੜ ਦੇ ਰਹਿਣ ਵਾਲੇ ਹਨ ਅਤੇ ਬੀਬੀ ਮਨਜੀਤ ਕੌਰ ਮੋਹਾਲੀ ਦੇ ਰਹਿਣ ਵਾਲੇ ਸਨ,ਬੀਬੀ ਮਨਜੀਤ ਕੌਰ ਦਾ ਵਿਆਹ ਭਾਈ ਗਜਿੰਦਰ ਸਿੰਘ ਨਾਲ ੨੨ ਜੂਨ ੧੯੮੦ ਵਿੱਚ ਹੋਇਆ ਸੀ ਅਤੇ ੧੯੮੧ ਵਿੱਚ ਉਹਨਾਂ ਦੇ ਘਰ ਬੇਟੀ ਨੇ ਜਨਮ ਲਿਆ।”

“੨੯ ਸਤੰਬਰ ੧੯੮੧ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਹ ਵਜੋਂ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਹਾਜ ਅਗਵਾ ਕੀਤਾ ਅਤੇ ਲਾਹੌਰ ਲੈ ਗਏ,ਸਤੰਬਰ ੧੯੮੧ ਦੇ ਗਏ ਗਜਿੰਦਰ ਸਿੰਘ ਮੁੜ ਪੰਜਾਬ ਨਹੀ ਪਰਤੇ,ਉਹਨਾਂ ਨੂੰ ਲਾਹੌਰ ਵਿੱਚ ਉਮਰ ਕੈਦ ਦੀ ਸਜਾ ਹੋ ਗਈ, ੧੯੯੫ ਵਿੱਚ ਰਿਹਾਈ ਮੌਕੇ ਉਹ ਜਰਮਨ ਜਾਣਾ ਚਾਹੁੰਦੇ ਸਨ ਪਰ ਭਾਰਤ ਸਰਕਾਰ ਦੇ ਕੂਟਨੀਤਿਕ ਦਬਾਅ ਹੇਠ ਜਰਮਨ ਸਰਕਾਰ ਨੇ ਉਹਨਾਂ ਨੂੰ ਸਿਆਸੀ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ। ਉਦੋਂ ਤੋਂ ਹੀ ਉਹ ਪਾਕਿਸਤਾਨ ਅੰਦਰ ਗੁੰਮਨਾਮ ਜਗਾ ਤੇ ਰਹਿ ਰਹੇ ਹਨ।”
“ਬੀਬੀ ਮਨਜੀਤ ਕੌਰ ਪਹਿਲੀ ਵਾਰ ਆਪਣੇ ਪਤੀ ਨੂੰ ਲਾਹੌਰ ਜੇਲ ੧੯੮੬ ਵਿੱਚ ਮਿਲਣ ਗਏ ਅਤੇ ਵਾਪਸੀ ਤੇ ਉਹਨਾਂ ਦਾ ਪਾਸਪੋਰਟ ਜਬਤ ਕਰ ਲਿਆ ਗਿਆ ਅਤੇ ਸਰਕਾਰੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ,ਤਿੰਨ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਪਾਸਪੋਰਟ ਦੁਬਾਰਾ ਮਿਲਿਆ ਅਤੇ ਉਹ ਦੂਜੀ ਵਾਰ ੧੯੯੦ ਵਿੱਚ ਆਪਣੀ ਬੇਟੀ ਦੇ ਨਾਲ ਪਾਕਿਸਤਾਨ ਆਪਣੇ ਪਤੀ ਨੂੰ ਜੇਲ ਵਿੱਚ ਮਿਲਣ ਗਏ,ਇੱਕ ਸਾਲ ਗੁਰਦੁਆਰਾ ਡੇਰਾ ਸਾਹਿਬ ਰਹਿਣ ਤੋਂ ਬਾਅਦ ਉਹ ਉਥੋਂ ਹੀ ਕੈਨੇਡਾ ਅਤੇ ਅਮਰੀਕਾ ਚਲੇ ਗਏ ਪਰ ਭਾਰਤ ਸਰਕਾਰ ਦੇ ਦਬਾਅ ਹੇਠ ਉਹਨਾਂ ਨੂੰ ਦੋਨਾਂ ਮੁਲਕਾਂ ਵਿੱਚ ਸ਼ਰਨ ਨਾ-ਮਨਜ਼ੂਰ ਹੋ ਗਈ, ਅਮਰੀਕਾ ਤੋਂ ਉਹ ਜਰਮਨ ਆ ਗਏ ਜਿੱਥੇ  ਉਹਨਾਂ ਨੂੰਲੰਬੀ ਕਾਨੂੰਨੀ ਲੜਾਈ ਮਗਰੋਂ ਪੱਕੇ ਤੌਰ ਤੇ ਮੈਡੀਕਲ ਗਰਾਉਂਡ ਤੇ ਰਹਿਣ ਦੀ ਇਜਾਜਤ ਮਿਲੀ। “
ਉਹਨਾਂ ਦਸਿਆ ਕਿ ਜਰਮਨ ਵਿਖੇ ਸਸਕਾਰ ਮੌਕੇ ਸਿੱਖ ਯੂਥ ਆਫ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰ ਸਿੰਘ ਮਾਨਾ, ਸਿੱਖ ਫੈਡਰੇਸ਼ਨ ਯੂ ਕੇ ਦੇ ਚੇਅਰਮੈਨ ਅਮਰੀਕ ਸਿੰਘ ਗਿੱਲ, ਫਰਾਂਸ, ਬੈਲਜੀਅਮ, ਸਵਿਟਜ਼ਰਲੈਂਡ, ਹਾਲੈਂਡ ਅਤੇ ਯੂ.ਕੇ. ਤੋਂ ਵੀ ਨਾਮਵਰ ਸ਼ਖਸ਼ੀਅਤਾਂ ਪੁਹੰਚੀਆਂ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,