ਲੇਖ » ਸਿੱਖ ਖਬਰਾਂ

ਜਦੋਂ ਕੁਝ ਵੀ ਗੁਨਾਹ ਬਣ ਜਾਂਦੈ…

April 14, 2020 | By

ਲੇਖਕ: ਸੇਵਕ ਸਿੰਘ

ਦਰਬਾਰ ਸਾਹਿਬ ਉਤੇ ਫੌਜੀ ਹਮਲੇ ਤੋਂ ਬਾਅਦ ਪਹਿਲੀ ਵੈਸਾਖੀ ‘ਤੇ ਦਮਦਮਾ ਸਾਹਿਬ ਜਾਣ ਲਈ ਮਾਂ ਨੇ ਸਾਰੇ ਭੈਣਾਂ ਭਰਾਵਾਂ ਵਿਚੋਂ ਨਾਲ ਲਿਜਾਣ ਲਈ ਮੈਨੂੰ ਚੁਣ ਲਿਆ। ਘਰ ਤੋਂ ਅੱਡੇ ਤੱਕ ਜਾਂਦਿਆਂ ਜੀਹਨੇ ਵੀ ਵੇਖਿਆ ਸਭ ਨੇ, ਕਿਸੇ ਨੇ ਮਲਵੀਂ ਜੁਬਾਨ ਨਾਲ ਅਤੇ ਕਿਸੇ ਨੇ ਰੁਖੇ ਤਰੀਕੇ ਨਾਲ ਕੁਝ ਨਾ ਕੁਝ ਜਰੂਰ ਕਿਹਾ। ਚਾਚੇ ਤਾਇਆਂ ਦੀ ਥਾਂ ਲਗਦੇ ਬੰਦਿਆਂ ਨੇ ਨਾ ਸਿਰਫ ਉਸ ਦਿਨ ਸਗੋਂ ਗਰਮੀ ਦੀਆਂ ਛੁਟੀਆਂ ਤੱਕ ਇਹ ਗੱਲ ਦੀ ਚਰਚਾ ਕੀਤੀ। ਸ਼ਾਇਦ ਓਹਨਾਂ ਵਲੋਂ ਵਾਰ ਵਾਰ ਗੱਲ ਰੜਕਾਉਣ ਕਰਕੇ ਇਹ ਸਾਰਾ ਕੁਝ ਮੈਨੂੰ ਯਾਦ ਰਹਿ ਸਕਿਆ ਜੋ ਅੱਜ ਫਿਰ ਯਾਦ ਆ ਗਿਆ। ਏਹ ਗੱਲਾਂ ਵੀ ਕਈ ਸਾਲ ਮਗਰੋਂ ਪੂਰਨ ਸਿੰਘ ਦਾ ਲੇਖ ਪੜ੍ਹ ਕੇ ਯਾਦ ਆਈਆਂ ਜਿਥੇ ਇਕ ਮਾਂ ਜਕਰੀਆਂ ਖਾਨ ਵੇਲੇ ਆਪਣੇ ਬੱਚੇ ਨੁੰ ਦੀਵਾਲੀ ਉਤੇ ਅੰਮ੍ਰਿਤਸਰ ਲੈ ਕੇ ਜਾਂਦੀ ਹੈ।

ਵੈਸਾਖੀ ਉਤੇ ਲੋਕਾਂ ਨਾਲੋਂ ਸੀ.ਆਰ.ਪੀ.ਐਫ. ਵੱਧ ਸੀ। ਚਿਤਰੇ ਕਪੜਿਆਂ ਵਾਲੀ ਅਤੇ ਕਾਲੇ ਕਪੜਿਆਂ ਵਾਲੀ ਰਾਖਵੀ ਫੌਜ ਵੀ ਕਿਤੇ ਕਿਤੇ ਖੜੀ ਸੀ। ਸਾਡੇ ਹੁੰਦਿਆਂ ਉਥੇ ਦੋ ਵਾਰ ਹੈਲੀਕਾਪਟਰ ਨੇ ਅਸਮਾਨ ਵਿਚ ਗੇੜੇ ਕੱਢੇ। ਵੱਡੇ ਸਰੋਵਰ ਦੇ ਇਕ ਪਾਸੇ ਨਿਹੰਗ ਸਿੰਘਾਂ ਦਾ ਡੇਰਾ ਸੀ। ਉਸ ਵੇਲੇ ਇਹ ਡੇਰੇ ਦਾ ਮੁਖੀ ਸੰਤਾ ਸਿੰਘ ਸਰਕਾਰੀ ਕਾਰ ਸੇਵਾ ਲੈਣ ਕਰਕੇ ਬਦਨਾਮੀ ਵਿਚ ਆ ਚੁੱਕਾ ਸੀ। ਉਹਦੇ ਡੇਰੇ ਉਤੇ ਪੁਲਸ ਸਭ ਤੋਂ ਵੱਧ ਸੀ। ਦੀਵਾਨ ਵਿਚ ਸੰਗਤ ਘੱਟ ਸੀ ਅਤੇ ਰਲਵੀ ਮਿਲਵੀ ਰਖਵਾਲੀ ਜਿਆਦਾ ਸੀ। ਮਾਂ ਨੇ ਉਥੇ ਦੀਵਾਨ ਵਿਚ ਵੜਣ ਵੀ ਨਹੀਂ ਦਿੱਤਾ ਅਤੇ ਨਾ ਜਾਣ ਦੀ ਦਲੀਲ ਦਿੱਤੀ ਕਿ ‘ਆਪਾਂ ਨੀ ਜਾਣਾ ਪੁੱਤ ਏਥੇ, ਏਹਨਾਂ ਨੇ ਗੁਰੂ ਦੇ ਬਾਣੇ ਨੂੰ ਲਾਜ ਲਾ ਤੀ’। ਮੈਨੂੰ ਸਿਰਫ ਵੈਂਜੋ ਸੁਣਾਈ ਦੇ ਰਹੀ ਸੀ। ਇਕੋ ਟੱਪ ਜੋ ਸਾਹਮਣੇ ਬੋਲਿਆ ਉਹ ਯਾਦ ਰਹਿ ਗਿਆ ਕਿ:

ਕਈਆ ਬੀਜੀ ਕਈਆਂ ਨੇ ਵਾਹੁਣੀ।
ਕਈ ਤੁਰ ਗਏ ਛੱਡ ਕੇ ਰਾਉਣੀ।

ਤਖਤ ਸਾਹਿਬ ਦੇ ਪਿਛਲੇ ਪਾਸੇ ਵੱਡਾ ਦੀਵਾਨ ਸੀ ਜਿਥੇ ਬੁਲਾਰੇ ਕੜਕ ਕੜਕ ਕੇ ਬੋਲਦੇ ਸਨ। ਪਤਾ ਨਹੀਂ ਕੌਣ ਬੋਲ ਕੇ ਹਟਿਆ ਸੀ ਕਿ ਸਮਾਂ ਦੇ ਪਰਬੰਧਕ ਨੇ ਉਠ ਕੇ ਬੁਲਾਰੇ ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਜਿਹੇ ਜੀ ਦਾਹੜੀ ਮੁੰਨੀ, ਤੇਹੀ ਜੀ ਦਾਹੜੀ ਥੁੰਨੀ’। ਲੋਕ ਹੱਸ ਵੀ ਪਏ। ਕਿਸੇ ਨੇ ਕੋਲੋ ਕਿਹਾ ਕਿ ਕੈਪਟਨ ਨੂੰ ਕਹਿੰਦੈ। ਅਗਲਾ ਬੁਲਾਰਾ ਕੋਈ ਢਾਡੀ ਜਾਂ ਕਵੀਸ਼ਰ ਸੀ ਜਿਹੜੇ ਨੇ ਅਪਣੀ ਗੱਲ ਇਥੋ ਸ਼ੁਰੂ ਕੀਤੀ ਕਿ ਗੁਰੂ ਕੇ ਸ਼ੇਰ ਆਏ ਹੋਏ ਨੇ। ਉਹਨੇ ਕਿਸੇ ਦੋ ਬੰਦਿਆਂ ਨੇ ਨਾਂ ਲਏ ਜੋ ਚੱਜ ਨਾਲ ਸੁਣੇ ਨਹੀਂ ਜਾਂ ਸਮਝ ਨਹੀਂ ਆਏ। ਪਰ ਉਹਦੇ ਪਿਛਲੇ ਪਾਸੇ ਘੁਸਰ ਮੁਸਰ ਹੋਈ ਲੋਕਾਂ ਦੀ ਭੀੜ ਅਗਾਂਹ ਨੂੰ ਵਧ ਗਈ। ਮੈਨੂੰ ਪਤਾ ਨਹੀਂ ਲੱਗਿਆ ਉਹ ਬੰਦੇ ਮੰਚ ਤੇ ਚੜੇ ਸਨ ਜਾਂ ਉਹ ਨਾਂ ਲੈਣ ਕਰਕੇ ਓਥੋਂ ਜਾਣ ਲੱਗੇ ਸਨ। ਲੋਕ ਵੱਧ ਵਧ ਕੇ ਵੇਖਣ ਲੱਗ ਪਏ। ਮਾਂ ਨੇ ਬਾਂਹ ਫੜ ਕੇ ਪਿਛਾਹ ਖਿਚ ਲਿਆ ਅਤੇ ਅਗਾਂਹ ਨੂੰ ਲੈ ਤੁਰੀ। ਪਰ ਓਹ ਬੁਲਾਰੇ ਦੇ ਬੋਲ ਮੈਨੂੰ ਚੇਤੇ ਰਹਿ ਗਏ ਕਿ ‘ਐਨਾਂ ਗਡੋਡੂਆਂ ਨੇ ਸਾਡਾ ਦਰਬਾਰ ਸਾਹਿਬ ਢਾਹਿਐ। ਅਸੀ ਡਰਦੇ ਨਹੀਂ ਭਾਵੇਂ ਅੱਜ ਵੀ ਗੋਲੀ ਮਾਰ ਦੇਣ’।

ਪ੍ਰੀਤਆਤਮਿਕ ਤਸਵੀਰ | ਸਰੋਤ: ਪਰਮ ਸਿੰਘ ਚਿੱਤਰਕਾਰ

ਮਸਤੂਆਣੇ ਡੇਰੇ ਨਾਲ ਨਾਨੇ ਦੇ ਪੁਰਾਣੇ ਸਬੰਧ ਸਨ ਮਾਂ ਉਥੇ ਮੱਥਾ ਟੇਕਣ ਪੱਕਾ ਹੀ ਜਾਂਦੀ ਸੀ। ਉਹ ਡੇਰੇ ਵਿਚ ਵੀ ਥਾਂ ਪਰ ਥਾਂ ਸਰਕਾਰੀ ਰਾਖੇ ਹੀ ਖੜੇ ਸਨ। ਭੀੜੇ ਵਰਾਂਡਿਆਂ ਦੇ ਬਾਹਰ ਦੋਵੇਂ ਪਾਸੀਂ ਓਹ ਜਾਣ ਕੇ ਹੀ ਲੋਕਾਂ ਨੂੰ ਲੰਘਣ ਨੂੰ ਥਾਂ ਨਹੀਂ ਦਿੰਦੇ ਸਨ। ਲੋਕਾਂ ਵੱਲ ਪਿੱਠ ਕਰ ਕੇ ਖੜ੍ਹੇ ਰਹਿੰਦੇ। ਗੁਰਦੂਆਰੇ ਅੱਗੇ ਜੋੜੇ ਲਾਹੁਣ ਦੀ ਥਾਂ ਓਹਨਾਂ ਛਾਂ ਕਰਕੇ ਮੱਲੀ ਸੀ ਜਾਂ ਜਾਣ ਕੇ ਪਰ ਲੋਕਾਂ ਨੂੰ ਜੋੜੇ ਰੱਖਣ ਲਈ ਵਰਾਂਡਿਆਂ ਕੋਲ ਭੇਜਦੇ ਸਨ। ਫੌਜੀ ਨੇ ਮਾਂ ਨੂੰ ਵੀ ਬੰਦੂਕ ਦੇ ਇਸ਼ਾਰੇ ਨਾਲ ਹੀ ਕਿਹਾ ਕਿ ਜੋੜੇ ਓਥੇ ਲਾਹ ਕੇ ਧਰੋ। ਓਦੋਂ ਸਮਝ ਨਹੀਂ ਲੱਗਿਆ ਸੀ ਕਿ ਮਾਂ ਨੂੰ ਐਨਾ ਬੁਰਾ ਕਿਉ ਲੱਗਿਆ ਸੀ। ਮਾਂ ਵਾਂਗ ਕੁਝ ਹੋਰ ਵੀ ਆਏ ਸਭ ਬੁੜ ਬੁੜ ਕਰਦੇ ਸਨ। ਕਈ ਸਾਲ ਮਗਰੋਂ ਜਦੋਂ ਭਾਅ ਜੀ ਸੁਰਿੰਦਰਪਾਲ ਸਿੰਘ ਜਿਹਨਾਂ ਦਾ ਸਬਰ ਪੁਲਸ ਵੇਖ ਕੇ ਡੋਲਦਾ ਨਹੀਂ ਸੀ, ਓਹਨਾਂ ਨੂੰ ਗੱਡੀ ਤੇ ਡੰਡਾ ਮਾਰ ਕੇ ਰੋਕਣ ਵਾਲੇ ਸਿਪਾਹੀ ਨਾਲ ਗੱਡੀ ਚ ਉਤਰ ਕੇ ਲਾਲ ਹੁੰਦਿਆਂ ਵੇਖਿਆ। ਸਿਪਾਹੀ ਬਹੁਤ ਢਿਲਾ ਪਿਆ, ਤਰਲਿਆਂ ਵਾਂਗ ਗੱਲ ਕਰ ਰਿਹਾ ਸੀ। ਗੱਡੀ ਵਿਚ ਬੈਠ ਕੇ ਵੀ ਮਸਾਂ ਠੰਡੇ ਹੋਏ। ਮੈਨੂੰ ਉਸ ਦਿਨ ਅੰਦਾਜਾ ਹੋਇਆ ਕਿ ਪੇਂਡੂ ਰਹਿਤਲ ਵਾਲੇ ਬੰਦੇ ਹਥਿਆਰ ਵਿਖਾਣ ਵਾਲੀ ਧੌਂਸ ਨੂੰ ਸਭ ਤੋਂ ਬੁਰਾ ਮੰਨਦੇ ਹਨ। ਬਾਅਦ ਵਿਚ ਮੇਰਾ ਅੰਦਾਜਾ ਓਦੇਂ ਹੋਰ ਪੱਕਾ ਹੋਇਆ ਜਦੋਂ ਪਤਾ ਲੱਗਿਆ ਕਿ ਸਭਿਆਤਾਵਾਂ ਦੇ ਭੇੜ ਵਾਲੀ ਮਸਹੂਰ ਕਿਤਾਬ ਲਿਖਣ ਦਾ ਖਿਆਲ ਸੈਮੂਅਲ ਹਟਿੰਗਟਨ ਨੂੰ ਵੀ ਇਸੇ ਨੁਕਤੇ ਤੋਂ ਆਇਆ ਸੀ।

ਮਾਹੌਲ ਬਹੁਤ ਖੁਸ਼ਕ ਅਤੇ ਉਦਾਸੀ ਵਾਲਾ ਸੀ। ਕਵੀਸ਼ਰੀ ਵਾਲਿਆਂ ਦੀ ਗੱਲ ਵਿਚ ਵੀ ਰਸ ਨਹੀਂ ਸੀ। ਜਦੋਂ ਬਾਬੇ ਨੇ ਖਿਲਾਂ ਪਤਾਸਿਆਂ ਦਾ ਪਰਸਾਦ ਦਿੱਤਾ, ਮਾਂ ਦੇ ਮੂੰਹੋਂ ਹੇ ਸੱਚੇ ਪਾਤਸ਼ਾਹ ਨਿਕਲਿਆ। ਵਾਪਸ ਮੁੜੇ ਤਾਂ ਪਤਾ ਨਹੀਂ ਕਿਸ ਕਾਰਣ ਬੱਸ ਅੱਡਾ ਸਵੇਰ ਨਾਲੋਂ ਵੀ ਦੂਰ ਹੋ ਗਿਆ ਸੀ। ਮਾਂ ਨੇ ਫੌਜੀਆਂ ਨੂੰ ਦੁਰ ਅਸੀਸ ਦਿੱਤੀ। ਰਸਤੇ ਵਿਚ ਇਕ ਥਾਂ ਫੌਜੀਆਂ ਦਾ ਝੁੰਡ ਪਾਣੀ ਵਾਲੀ ਟੈਂਕੀ ਦੁਆਲਾ ਖੜ੍ਹਾ ਸੀ। ਮੈਂ ਵੀ ਤੇਹ ਕਾਰਣ ਪਾਣੀ ਵੇਖ ਕੇ ਅਹੁਲਿਆ ਤਾਂ ਮਾਂ ਨੇ ਬਾਂਹ ਘੁਟ ਲਈ ‘ਦੁਸ਼ਟਾਂ ਦਾ ਪਤਾ ਨਹੀਂ ਪੁਤ’। ਮਾਂ ਦੀ ਬੇਯਕੀਨੀ ਦਾ ਕਾਰਣ ਅੱਡੇ ਦਾ ਬਦਲ ਜਾਣਾ ਸੀ ਜਾਂ ਕੁਝ ਹੋਰ ਪਰ ਉਹਦਾ ਫੌਜੀਆਂ ਦੇ ਜਾਲਮ ਹੋਣ ਦਾ ਨਿੱਜੀ ਤਜਰਬਾ ਪੱਕ ਗਿਆ ਸੀ। ਸਾਨੂੰ ਘਰ ਮੁੜਦਿਆਂ ਆਥਣ ਹੋ ਗਿਆ। ਯਾਦ ਨਹੀਂ ਕਿ ਕਿਵੇਂ ਆਏ ਸਾਂ। ਵੱਡੇ ਹੋ ਕੇ ਮਾਂ ਨੂੰ ਕਦੇ ਪੁਛਿਆ ਵੀ ਨਾ ਕਿ ਮੁੜਦੇ ਘਰ ਕਿਵੇਂ ਆਏ ਸਾਂ ਪਰ ਜੋ ਗੱਲਾਂ ਸਾਕਾਂ ਅਤੇ ਸਰੀਕੇ ਵਿਚ ਹੋਈਆਂ ਓਹਨਾਂ ਵਿਚੋਂ ਕਿੰਨਾ ਕੁਝ ਹੀ ਯਾਦ ਰਹਿ ਗਿਆ।

ਤਾਇਆ ਭਾਨਾ ਸਾਡੇ ਪਾਸੇ ਵਾਲੇ ਅਗਵਾੜਾਂ ਦੀ ਖੁੰਢ ਸਭਾ ਦਾ ਮੇਜਬਾਨ ਅਤੇ ਪਰਧਾਨ ਹੁੰਦਾ ਸੀ ਕਿਉਂਕਿ ਇਕ ਤਾਂ ਉਹਦੀ ਥਾਂ ਉਤੇ ਲੱਗੀ ਤਿਰਵੇਣੀ ਦੀ ਛਾਂਵੇਂ ਹੀ ਸਭਾ ਜੁੜਦੀ ਸੀ, ਦੂਜਾ ਸਭਾ ਦੇ ਪੱਕੇ ਹਾਜਰਾਂ ਵਿਚ ਉਹਦੀ ਉਮਰ ਸਭ ਤੋਂ ਵੱਡੀ ਹੁੰਦੀ ਸੀ ਅਤੇ ਤੀਜਾ ਉਹ ਆਪਣੇ ਸਿੱਧੇ ਅਖੜ ਸੁਭਾਅ ਅਤੇ ਦੂਹਰੀਆਂ ਤੀਹਰੀਆਂ ਗਾਹਲਾਂ ਵਾਲੇ ਬੋਲਾਂ ਕਰਕੇ ਅਜਿੱਤ ਸੀ।

ਲੋਕ ਸੁਆਦ ਲੈਣ ਦੇ ਮਾਰੇ ਵੀ ਮੇਰੇ ਜਾਣ ਤੇ ਤਾਏ ਨੂੰ ਛੇੜ ਦਿੰਦੇ, ਲੈ ਆਹ ਗਿਆ ਮੁੰਡਾ, ਜੀਹਨੂੰ ਸਿਖਣੀ ਲੈ ਕੇ ਗਈ ਸੀ। ਤਾਏ ਨੇ ਆਪਣੀ ਗੱਲ ਇਥੋਂ ਸ਼ੁਰੂ ਕਰਨੀ ਕਿ ‘ਮੈਂ ਸਿੱਖਣੀ ਨੂੰ ਸਿਆਣੀ ਸਮਝਦਾ ਸੀ। ਇਹਨੇ ਤਾਂ ਮੁੰਡਾ ਮਰਵਾ ਦੇਣਾ ਸੀ’। ਵੈਸਾਖੀ ਜਾਣ ਦੇ ਮਾਮਲੇ ਉਤੇ ਸਭ ਦੇ ਆਪਣੇ ਆਪਣੇ ਇਤਰਾਜ ਸਨ ਜੋ ਕੁਝ ਤਾਂ ਪੰਥ ਦੇ ਦਰ ਤੇ ਆਣ ਕੇ ਹੀ ਸਮਝ ਪਏ

ਤਾਇਆ ਆਪਣੇ ਵੇਲੇ ਦਾ ਲੜਾਕੂ ਆਦਮੀ ਸੀ ਜੋ ਕੱਲਾ ਹੋ ਕੇ ਵੀ ਵਿਰੋਧੀਆਂ ਤੋਂ ਝਿਪਿਆ ਨਹੀਂ ਸੀ। ਉਹਦੇ ਲਈ ਦੁਸ਼ਮਣ ਅਤੇ ਓਪਰੇ ਬੰਦੇ ਵਿਚ ਬਹੁਤਾ ਫਰਕ ਨਹੀਂ ਸੀ। ਉਹਦੇ ਮਾਂ ਉਤੇ ਦੋ ਇਤਰਾਜ ਸਨ ਕਿ ਪਹਿਲਾ ਲੜਾਈ ਦੇ ਹਿਸਾਬ ਨਾਲ ਸੀ ਕਿ ‘ਜਦੋਂ ਥੋਡੀ ਕੋਈ ਫਾਅਲ ਨਹੀਂ ਪੁਗਦੀ ਫੇਰ ਅਗਲੇ ਦੇ ਘੇਰੇ ਵਿਚ ਕਿਉਂ ਵੜਦੇ ਓਂ? ਜਦੋਂ ਫੌਜ ਨੇ ਗੁਰਦਵਾਰੇ ਤੇ ਕਬਜਾ ਈ ਕਰ ਲਿਆ ਫਿਰ ਓਥੇ ਜੁਆਕ ਲੈ ਕੇ ਜਾਣ ਦਾ ਕੀ ਮਤਲਬ। ਜਿਹੜੇ ਬੰਦੇ ‘ਅੰਮਰਸਰ’ ਨੂੰ ਢਾਹ ਸਕਦੇ ਨੇ ਓਹਨਾਂ ਦਾ ਕੀ ਬਹੁਕਾ, ਓਹ ਜਨਾਨੀ ਨਾਲ ਕੀ ਨੀ ਕਰ ਸਕਦੇ’।

ਇਕ ਹੋਰ ਦਲੀਲਬਾਜ, ਉਹ ਵੀ ਤਾਇਆ ਲਗਦਾ ਸੀ। ਉਹ ਧਰਤੀ ਤੇ ਲਕੀਰਾਂ ਮਾਰ ਕੇ ਸਮਝਦਾਉਂਦਾ ਕਿ ਜੇ ਵੈਸਾਖੀ ਨਹਾਉਣ ਜਾਣਾ ਈ ਸੀ ਤਾਂ ਸੂਲੀਸਰ ਕਿਉਂ ਨੀ ਗਈ? ਜਮਾਂ ਘਰ ਦੇ ਬਾਰ ਐ। ਉਹ ਕੀ ਗੁਰੂ ਧਾਮ ਨੀ। ਤਲਵੰਡੀ (ਸਾਬੋ) ਤਾਂ ਮੁੰਡਾ ਮਰਵਾਉਣ ਗਈ ਸੀ। ਜੁਆਕ ਵਾਧੂ ਨੇ ਭਾਗ ਪਰਤਿਆਉਂਦੀ ਫਿਰਦੀ ਐ’। ਬਹੁਤੇ ਲੋਕ ਇਸੇ ਤਾਏ ਵਾਂਗ ਸੋਚਦੇ ਸਨ। ਓਹਨਾਂ ਲਈ ਮਾਂ ਨਾਲੋਂ ਮੇਰੇ ਮੁੰਡਾ ਹੋਣ ਕਰਕੇ ਫਿਕਰ ਜਾਂ ਇਤਰਾਜ ਜਿਆਦਾ ਸੀ।

ਨਿਆਈ ਵਾਲੇ ਚਾਚੇ ਨੇ ਇਹ ਗੱਲ ਵਾਰ ਵਾਰ ਚਿਤਾਰਣੀ ਕਿ ‘ਮੈਂ ਜਾਂਦੀ ਨੂੰ ਕਿਹਾ ਵੀ, ਸਿਖਣੀਏ ਉਥੇ ਬਾਹਲੀ ਫੌਜ ਲੱਗੀ ਐ, ਨਾ ਜਾਣੀਏ ਗੋਲੀ ਚਲਜੇ’। ਓਹਨੇ ਆਪਣੀ ਦਲੀਲ ਦੇਣੀ ਕਿ ‘ਬਾਹਲੀ ਅੜਬ ਤੀਵੀਂ ਐ, ਇਹ ਸਿਖਣੀ ਕਾਹਨੂੰ ਐ ਇਹ ਤਾਂ ਨਿਹੰਗਣੀ ਐ। ਜਮਾਂ ਪਰਵਾਹ ਨੀ’। ਮਾਂ ਨੂੰ ਸੱਚੀ ਪਰਵਾਹ ਨਹੀਂ ਸੀ। ਉਹਨੂੰ ਸਕੂਨ ਸੀ ਕਿ ਉਹ ਜਾ ਆਈ। ਓਹ ਏਦਾਂ ਲੋਕਾਂ ਨੂੰ ਗੁਲਗੁਲੇ ਖਾਣੀ ਜਾਤ ਜਾਂ ਗਰਜਾਂ ਦੇ ਸਿੱਖ ਆਖਦੀ ਸੀ।

ਇਹ ਚਰਚਾ ਅਸਲ ਵਿਚ ਤਾਂ ਹੀ ਭਖਦੀ ਰਹੀ ਕਿ ਕੁਝ ਘਰ ਕਾਂਗਰਸੀ ਸਨ ਉਹ ਦਰਬਾਰ ਸਾਹਿਬ ਉਤੇ ਹਮਲਾ ਹੋਣ ਨਾਲ ਲੋਕਾਂ ਵਿਚ ਇਕਦਮ ਅਛੂਤਾਂ ਵਰਗੇ ਬਣ ਗਏ। ਪੇਂਡੂ ਸੁਭਾਅ ਕਾਰਨ ਲਗਦੀ ਵਾਹ ਆਪਣੀ ਮਤ ਬੁਧ ਨਾਲ ਦਲੀਲ ਦੇਣ ਦੀ ਕੋਸ਼ਿਸ਼ ਕਰਦੇ ਰਹੇ। ਬਾਬਿਆਂ ਦੀ ਥਾਂ ਲਗਦੇ ਪੱਕੇ ਕਾਂਗਰਸੀ ਨੇ ਮਾਂ ਨੂੰ ਹਵਾਲਾ ਬਣਾ ਕੇ ਇਹ ਦਲੀਲ ਕੱਢ ਮਾਰੀ ਕਿ ਭਿੰਡਰਾਂਵਾਲਾ ਵੀ ਐਇੰ ਅੜਬ ਸੀ ਹੋਰ ਕਿਵੇਂ ਗੁਰਦਵਾਰਾ ਢਹਿ ਗਿਆ। ਸਰਕਾਰ ਨੇ ਬਥੇਰਾ ਕਿਹਾ ਬੀ ਗੁਰਦੁਆਰਾ ਛੱਡ ਦੇ, ਆਵਦੇ ਡੇਰੇ ਜਾਹ। ਨਹੀਂ ਮੰਨਿਆ, ਹੁਣ ਸਰਕਾਰ ਭਲਾ ਝਲਦੀ ਐ ਅੜਬਾਈਆਂ ਕਿਤੇ

ਤਲਵੰਡੀ ਸਾਬੋ ਪੜ੍ਹਦਿਆਂ ਇਕ ਹੋਰ ਘਟਨਾ ਹੋਈ ਜੋ ਅੜਬਾਈ ਨਾਲ ਜੁੜੀ ਹੋਈ ਹੈ। ਜਦੋਂ ਗੁਜਰਾਂਵਾਲੇ ਵਿਚ ਬੇਅੰਤ ਸਿੰਘ ਦੀ ਸਰਕਾਰ ਵੇਲੇ ਪੁਲਸ ਨੇ ਅਖੰਡ ਪਾਠ ਵਿਚੋਂ ਪਾਠੀ ਸਿੰਘ ਨੂੰ ਧੁਹ ਲਿਆ ਤਾਂ ਰੌਲ਼ਾ ਪੈ ਗਿਆ। ਦਮਦਮਾ ਸਾਹਿਬ ਵਿਚ ਸਿੱਖ ਜਥਬੇਬੰਦੀਆਂ ਦਾ ਇਕੱਠ ਬੁਲਾਇਆ ਗਿਆ। ਸਰਕਾਰ ਨੇ ਨਾਕਾਬੰਦੀ ਕਰਕੇ ਸਭ ਕੁਝ ਥਾਂਓਂ ਥਾਂਈ ਰੋਕ ਦਿੱਤਾ। ਇਥੇ ਤੱਕ ਕਿ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜੋ ਕੁਝ ਦੂਰੀ ਉਤੇ ਆਪਣੇ ਡੇਰੇ ਵਿਚ ਰਹਿੰਦੇ ਸਨ ਓਹਨਾਂ ਨੂੰ ਵੀ ਤਖਤ ਸਾਹਿਬ ਉਤੇ ਜਾਣ ਤੋਂ ਰੋਕ ਦਿੱਤਾ। ਉਹ ਪੁਲਸ ਨਾਲ ਗਰਮ ਹੋ ਪਏ। ਬਜੁਰਗ ਸਨ ਅਤੇ ਢਿੱਲੇ ਵੀ ਸਨ। ਖਿਚਾਧੂਹੀ ਵਿਚ ਓਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਹ ਉਥੇ ਹੀ ਚੜ੍ਹਾਈ ਕਰ ਗਏ। ਉਥੇ ਲੋਕਾਂ ਵਿਚ ਉਦੋਂ ਇਹ ਗੱਲ ਚੱਲੀ ਕਿ ‘ਪੁਲਸ ਨੂੰ ਤਾਂ ਉਪਰੋਂ ਹੁਕਮ ਸੀ ਅਗਲਿਆ ਤਾਂ ਨੌਕਰੀ ਕਰਨੀ ਹੋਈ। ਇਕ ਤਾਂ ਸਿੰਘ ਸਾਹਿਬ ਗਰਮ ਸੁਭਾਅ ਦੇ ਸਨ ਤੈਸ਼ ਵਿਚ ਆ ਗਏ। ਅਸਲ ਵਿਚ ਵੱਡੇ ਬੰਦੇ ਨੂੰ ਐਨਾ ਅਬੜ ਨਹੀਂ ਹੋਣਾ ਚਾਹੀਦਾ। ਰੋਜ ਤਖਤ ਸਾਹਿਬ ਤੇ ਈ ਰਹਿੰਦੇ ਸਨ ਇਕ ਦਿਨ ਨਾ ਜਾਣ ਨਾਲ ਕੀ ਫਰਕ ਪੈਂਦਾ ਸੀ। ਜਿਆਦਾ ਸੀ ਗਿਰਫਤਾਰੀ ਦੇ ਦਿੰਦੇ’। ਸਿੰਘ ਸਾਹਿਬ ਦੀ ਮੌਤ ਕਤਲ ਨਾ ਹੋ ਕੇ ਗਲਤੀ ਬਣ ਗਈ।

ਐਨੇ ਸਾਲਾਂ ਮਗਰੋਂ ਵੈਸਾਖੀ ਦੇ ਦਿਨਾਂ ਵਿਚ ਫੇਰ ਇਕ ਨਿਹੰਗ ਸਿੰਘ ਦੀ ਅੜਬਾਈ ਬਾਰੇ ਜਿਵੇਂ ਸਿਆਣੇ ਸਿੱਖ ਕਹਾਉਣ ਵਾਲ ਲੋਕ ਬੋਲ ਰਹੇ ਹਨ, ਓਹ ਤਰੀਕੇ ਨੇ ਸਭ ਕੁਝ ਮੁੜ ਯਾਦ ਕਰ ਦਿੱਤਾ। ਜਦੋਂ ਲੋਕਾਂ ਨੂੰ ਵੈਸਾਖੀ ਉਤੇ ਰੋਕਾਂ ਲਾਉਣ ਵਾਲੀ ਸਰਕਾਰ ਅਤੇ ਉਹਦੇ ਕਰਿੰਦਿਆਂ ਦੇ ਗੁਨਾਹ ਨਹੀਂ ਦਿਸਦੇ ਸਨ ਪਰ ਮਾਂ ਦਾ ਵੈਸਾਖੀ ਜਾਣ ਦਾ ਗੁਨਾਹ ਦਿਸਦਾ ਸੀ। ਅਖੰਡ ਪਾਠ ਖੰਡਤ ਕਰਨ ਅਤੇ ਸਿੰਘ ਸਾਹਿਬ ਨੂੰ ਤਖਤ ਸਾਹਿਬ ਉਤੇ ਜਾਣ ਤੋਂ ਰੋਕਣ ਦਾ ਗੁਨਾਹ ਨਹੀਂ ਦਿਸਦਾ ਸੀ ਪਰ ਸਿੰਘ ਸਾਹਿਬ ਦੇ ਅੜਬ ਹੋਣ ਗੁਨਾਹ ਦਿਸਦਾ ਸੀ।

ਰਾਜੀਵ ਗਾਂਧੀ ਦੀ ਮੌਤ ਮਗਰੋਂ ਆਪਣਾ ਨਾਂ ਇਕੱਲਾ ਗੁਰਬਚਨ ਲ਼ਿਖਣ ਵਾਲੇ ਵਿਦਵਾਨ ਨੇ ‘ਹਿੰਸਾ ਦੀ ਸਿਆਸਤ ਅਤੇ ਸਿਆਸਤ ਦੀ ਹਿੰਸਾ’ ਨਾਂ ਹੇਠ ਇਕ ਲੇਖ ਲਿਖਿਆ ਸੀ। ਜਿਸ ਵਿਚ ਉਹਦਾ ਮੰਨਣਾ ਸੀ ਕਿ ‘ਜੇ ਸਿੱਖ ਦਰਬਾਨ, ਫੌਜੀ ਅਤੇ ਡਰਾਈਵਰ ਬਣੇ ਰਹਿਣ ਤਾਂ ਸਰਕਾਰ ਨੂੰ ਕੋਈ ਤਕਲ਼ੀਫ ਨਹੀਂ ਹੈ’। ਪਰ ਪਿਛਲੇ ਕੁਝ ਸਾਲਾਂ ਦੇ ਹਾਲਾਤ ਵੇਖਕੇ ਲਗਦੈ ਕਿ ਗੱਲ ਗੁਰਬਚਨ ਜਾਂ ਸਿਰਦਾਰ ਕਪੂਰ ਸਿੰਘ ਦੀ ਮਾਨਤਾ ਮੁਤਾਬਿਕ ਇਥੇ ਵੀ ਨਹੀਂ ਰੁਕ ਰਹੀ ਕਿਉਂਕਿ ਪਿਛਲੇ ਸਮੇਂ ਵਿਚ ਛੇ ਵੀਡਿਓ ਸਾਹਮਣੇ ਆਈਆਂ ਹਨ ਜਿਥੇ ਕੋਈ ਸਿੱਖ ਬੰਦਾ ਪੁਲਸ ਜਾਂ ਭੀੜ ਸਾਹਮਣੇ ਅੜਬਾਈ ਕਰ ਰਿਹਾ ਹੈ। ਏਹ ਸਾਰੇ ਅੜਬ (ਟਰੱਕ ਟੈਂਪੂ ਤੋਂ ਮੋਟਰ ਸਾਈਕਲ ਤੱਕ) ਅਸਵਾਰ ਹਨ। ਕੀ ਏਹਨਾਂ ਸਭਨਾਂ ਦੇ ਅਚੇਤ ਵਿਚ ਘੋੜ ਸਵਾਰੀ ਚੱਲ ਰਹੀ ਹੈ ਜੋ ਕਿਤੇ ਰਾਜ ਨਾਲ ਅਤੇ ਕਿਤੇ ਸਮਾਜ ਨਾਲ ਭਿੜ ਰਹੇ ਹਨ। ਕਈ ਸਾਲ ਪਹਿਲਾਂ ਸਿੱਖਾਂ ਦੇ ਭੇੜ ਤੋਂ ਚਿੰਤਤ ਕਵੀ ਨੂੰ ਕਵਿਤਾ ਫੁਰੀ ਜੋ ਇਸ ਤਰੀਕੇ ਉਤੇ ਹੈ ਕਿ ਪਹਿਲੀ ਸਤਰ ਵਿਚ ਪੂਰਾ ਵਾਕ ਹੈ ਜਿਸ ਦੇ ਵਿਚਕਾਰ ਘੋੜੇ ਸਬਦ ਆਉਂਦਾ ਹੈ। ਹਰ ਅਗਲੀ ਸਤਰ ਵਿਚ ਦੋਵੇਂ ਪਾਸਿਓ ਇਕ ਇਕ ਸ਼ਬਦ ਘਟਦਾ ਜਾਂਦਾ ਹੈ ਤੇ ਅਖੀਰ ਵਿਚਕਾਰਲਾ ਸ਼ਬਦ ਘੋੜੇ ਰਹਿ ਜਾਂਦਾ ਹੈ। ਇਹ ਕਵਿਤਾ ਦਾ ਪਹਿਲਾ ਵਾਕ ਗੁਰੂ ਸਾਹਿਬ ਦੇ ਘੋੜੇ ਚੜ੍ਹ ਕੇ ਪੰਜਾਬ ਆਉਣ ਬਾਰੇ ਹੈ।

ਕੀ ਏਹ ਭਿੜ ਜਾਣ ਲਈ ਮੁਸਾਫਰੀ ਹੀ ਕਾਫੀ ਹੈ ਕਿ ਮੁਸਾਫਰ ਹੋ ਕੇ ਬੰਦਾ ਦੁਨੀਆ ਵੇਖ ਲੈਂਦਾ ਹੈ। ਕੀ ਮੁਸਾਫਰੀ ਮੌਤ ਨੂੰ ਮੋਢੇ ਲੈ ਤੁਰਣ ਦੇ ਪੁਰਾਣੇ ਬਿੰਬ ਨਾਲ ਘੋੜੇ ਸਵਾਰ ਹੋ ਕੇ ਹੀ ਤੁਰ ਰਹੀ ਹੈ। ਮੁਸਾਫਰੀ ਨੂੰ ਸਾਡੇ ਲੋਕਾਂ ਨੇ ਅੱਧੀ ਮੌਤ ਮੰਨਿਆ ਹੈ ਪਰ ਭੁੱਖ ਨੂੰ ਪੂਰੀ ਮੌਤ ਮੰਨਿਆ ਹੈ। ਮੌਤ ਸਭ ਨੂੰ ਇਕ ਦਿਨ ਆਉਣੀ ਹੈ ਪਰ ਭੁੱਖ ਦਿਨ ਵਿਚ ਕਈ ਵਾਰ ਆਉਂਦੀ ਹੈ। ਬਿਮਾਰੀ ਜਿੰਦਗੀ ਵਿਚ ਕਈ ਵਾਰ ਆਉਂਦੀ ਹੈ। ਮਰਨਾ ਸਭ ਨੇ ਹੈ ਪਰ ਬੰਦੇ ਨੂੰ ਕਿਸ ਹਾਲ ਵਿਚ ਮਰਨਾ ਚਾਹੀਦਾ ਹੈ।

ਭੁੱਖ ਨਾਲ
ਬਿਮਾਰੀ ਨਾਲ
ਡਰ ਨਾਲ

ਜੀਹਨੂੰ ਤਿੰਨੇ ਰਾਹ ਪਸੰਦ ਨਹੀਂ ਹਨ ਉਹਨਾਂ ਪਤਾ ਹੋਏਗਾ ਕਿ ਕਿਹੜੀ ਮੌਤ ਮਰਨਾ ਚਾਹੀਦਾ ਹੈ ਪਰ ਓਹ ਅੜਬਾਈ ਵਾਲੇ ਵਿਸ਼ੇਸ਼ਣ ਤੋਂ ਬਚਣਗੇ ਨਹੀਂ। ਪੂਰੇ ਪਰਸੰਗ ਵਿਚੋਂ ਬਾਹਰ ਕੱਢ ਕੇ ਵੇਖਣ ਨਾਲ ਕਿਸੇ ਘਟਨਾ ਦੇ ਅਰਥ ਏਦਾਂ ਹੀ ਬਣਦੇ ਰਹਿੰਦੇ ਹਨ ਕਿ ਕਿਹੜੇ ਬੰਦੇ ਦਾ ਦੋਸ਼ ਸੀ। ਜੇ ਕੋਈ ਸਿਆਣਾ ਦੋਵਾਂ ਨੂੰ ਵੀ ਦੋਸ਼ੀ ਮੰਨ ਲਵੇ ਤਾਂ ਵੀ ਗੱਲ ਸਮਝਣ ਤੋਂ ਅਧੂਰਾ ਰਹਿ ਸਕਦਾ ਹੈ। ਸਿੰਘ ਸਾਹਿਬ ਗੁਰਦੇਵ ਸਿੰਘ ਕਾਉਂਕੇ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਵੀ ਨਿੱਜੀ ਕਾਰਣਾਂ ਵਜੋਂ ਏਸੇ ਦੋਸ਼ ਨਾਲ ਜੋੜੀ ਗਈ ਹੈ ਕਿ ਓਹ ਆਕੜਦੇ ਸਨ। ਕੁਝ ਲੋਕਾਂ ਨੇ ਪੁਲਸ ਅਫਸਰਾਂ ਤੱਕ ਦੋਸ਼ ਸੀਮਤ ਕੀਤਾ ਕੁਝ ਨੇ ਕੁਝ ਪੰਜਾਬ ਸਰਕਾਰ ਤੱਕ। ਟੁਟਵੇਂ ਨਤੀਜੇ ਵਰਤਾਰੇ ਦੀ ਅਸਲ ਗੱਲ ਸਮਝ ਨਹੀਂ ਪੈਣ ਦਿੰਦੇ। ਪਰ ਕੁਝ ਘਟਨਾਵਾਂ ਪਲ ਵਿਚ ਹੀ ਸਾਲਾਂ ਦੇ ਟੁਟਵੀਂ ਸਮਝ ਦੀ ਗਰਦ ਝਾੜ ਦਿੰਦੀਆਂ ਹਨ ਅਤੇ ਸਾਹਮਣੇ ਦਿਸਦੇ ਵਰਤਾਰੇ ਦੇ ਅਰਥ ਬਦਲ ਦਿੰਦੀਆਂ ਹਨ । ਸਿਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਵਿਚ ਨਹਿਰੂ ਵਲੋਂ ਓਹਨਾਂ ਦਾ ਜੋ ਦੋਸ਼ ਲਿਖਿਆ ਹੈ ਉਹ ‘ਪਰੰਤੂ ਅਕੜਤਾ ਹੈ’ ਹੀ ਹੈ। ਕਪੂਰ ਸਿੰਘ ਨੇ ਸਾਫ ਲਿਖਿਆ ਕਿ ਮਤੇ ਕੋਈ ਇਹ ਗੱਲ ਨੂੰ ਨਿੱਜੀ ਰੋਣਾ ਸਮਝੇ ਪਰ ਓਹਨਾਂ ਦੇ ਕਹਿਣ ਦੇ ਬਾਵਜੂਦ ਨੇਤਾਵਾਂ ਅਤੇ ਵਿਦਵਾਨਾਂ ਨੇ ਜਿਹੜਾ ਅੱਜ ਤੱਕ ਅਮਲ ਅਪਣਾਇਆ ਹੋਇਆ ਹੈ ਉਹ ਕਿਸੇ ਬੰਦੇ ਦੀ ਗੁਣ ਔਗੁਣ ਪੜਚੋਲ ਤੇ ਹੱਕ ਵਿਰੋਧ ਕਰਨ ਦੀ ਕਹਾਣੀ ਹੈ, ਜੋ ਅੜਬਾਈ ਨੂੰ ਨੁਕਸ ਤੋਂ ਅੱਗੇ ਨਹੀਂ ਵੇਖਦੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,