ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਸਵੈ-ਨਿਰਣੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਭਾਰਤੀ ਅਜ਼ਾਦੀ ਜਸ਼ਨਾਂ ਦੇ ਬਾਈਕਾਟ ਦਾ ਸੱਦਾ

August 5, 2016 | By

ਮੋਗਾ (ਇਕਬਾਲ ਸਿੰਘ, ਗੁਰਮੀਤ ਸਿੰਘ ਸੁੱਕਾ): ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਗੋਲੀ ਚਲਾ ਕੇ ਕਤਲ ਕੀਤੇ ਗਏ ਦੋ ਸਿੱਖਾਂ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਵਿਚ ਸਰਕਾਰ ਦੀ ਨਾਕਾਮੀ ਅਤੇ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਨਾ ਦੇਣ ਦੇ ਵਿਰੋਧ ਵਿਚ ਦਲ ਖ਼ਾਲਸਾ ਨੇ 15 ਅਗਸਤ ਨੂੰ ਲੁਧਿਆਣਾ ਵਿਖੇ ਰੋਹ ਭਰਪੂਰ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।

ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਪਾਰਟੀ ਆਗੂਆਂ ਨਾਲ ਸਲਾਹ ਮਸ਼ਵਰਾ ਕਰਦੇ ਹੋਏ

ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਪਾਰਟੀ ਆਗੂਆਂ ਨਾਲ ਸਲਾਹ ਮਸ਼ਵਰਾ ਕਰਦੇ ਹੋਏ

ਭਾਰਤੀ ਅਜ਼ਾਦੀ ਦਿਹਾੜੇ ਨੂੰ ਸਿੱਖਾਂ ਲਈ ਕਾਲਾ ਦਿਨ ਦੱਸਦਿਆਂ, ਪਾਰਟੀ ਨੇ ਇਸ ਸਬੰਧੀ ਹਰ ਤਰ੍ਹਾਂ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪਾਰਟੀ ਕਾਰਜਕਰਤਾਵਾਂ ਦੀ ਮੀਟਿੰਗ ਵਿਚ ਬੋਲਦਿਆਂ ਕਿਹਾ, “ਅਸੀਂ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ ਲੋਕਾਂ ਨੂੰ ਭਾਰਤੀ ਅਜ਼ਾਦੀ ਦਿਹਾੜੇ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਸਿੱਖਾਂ ਲਈ 15 ਅਗਸਤ ਦੇ ਜਸ਼ਨ ਮਨਾਉਣ ਦਾ ਕੋਈ ਕਾਰਨ ਨਹੀਂ ਹੈ”।

ਉਨ੍ਹਾਂ ਕਿਹਾ ਕਿ ਸਿੱਖਾਂ ਵਲੋਂ ਪੰਜਾਬ ਦੀ ਅਜ਼ਾਦੀ ਲਈ ਕੀਤਾ ਜਾ ਰਿਹਾ ਮੌਜੂਦਾ ਸੰਘਰਸ਼ ਭਾਰਤ ਦੇ ਆਗੂਆਂ ਵਲੋਂ ਵੰਡ ਦੇ ਸਮੇਂ ਸਿੱਖਾਂ ਦੇ ਬਜ਼ੁਰਗਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਮੁਕਰ ਜਾਣ ਦਾ ਸਿੱਟਾ ਹੈ। ਉਨ੍ਹਾਂ ਕਿਹਾ “ਸਾਨੂੰ ਵੱਡੇ ਸੁਪਨੇ ਵਿਖਾ ਕੇ ਭਾਰਤ ਨਾਲ ਜੋੜਿਆ ਗਿਆ, ਪਰ ਬਦਕਿਸਮਤੀ ਨਾਲ ਭਾਰਤੀ ਆਗੂ ਆਪਣੇ ਵਾਅਦੇ ਪੂਰੇ ਕਰਨ ਤੋਂ ਮੁਨਕਰ ਹੋ ਗਏ ਅਤੇ ਸਾਡੀ ਕੌਮ ਨਾਲ ਵੱਡਾ ਧੋਖਾ ਕੀਤਾ। 1947 ਤੋਂ ਹੀ ਸਿੱਖ ਰਾਜਨੀਤਿਕ ਧੋਖੇ, ਭਾਰਤੀ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ ਤੇ ਸਾਡੇ ਮਨੁੱਖੀ, ਆਰਥਿਕ ਅਤੇ ਰਾਜਨੀਤਿਕ ਹੱਕਾਂ ਨੂੰ ਲਗਾਤਾਰ ਲੁਟਿਆ ਜਾ ਰਿਹਾ ਹੈ”।

ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਲੁਧਿਆਣਾ ਦੇ ਜਗਰਾਉਂ ਪੁਲ ‘ਤੇ ਹੋਣ ਵਾਲਾ ਰੋਸ ਮੁਜ਼ਾਹਰਾ ਬਿਲਕੁਲ ਸ਼ਾਂਤਮਈ ਅਤੇ ਅਨੁਸ਼ਾਸਨ ਵਾਲਾ ਹੋਵੇਗਾ। ਉਨ੍ਹਾਂ ਸਾਫ ਕੀਤਾ ਕਿ ਇਸ ਦੌਰਾਨ ਆਵਾਜਾਈ ਨੂੰ ਨਹੀਂ ਰੋਕਿਆ ਜਾਵੇਗਾ। “ਸਾਡਾ ਮਕਸਦ ਭਾਰਤ ਤੋਂ ਅਜ਼ਾਦੀ ਲਈ ਆਪਣੀ ਚਾਹਤ ਅਤੇ ਇਰਾਦੇ ਦਾ ਪ੍ਰਗਟਾਵਾ ਕਰਨਾ ਹੈ”।

ਦਲ ਖ਼ਾਲਸਾ ਆਗੂ ਨੇ ਹਿੰਦੂਤਵ ਤਾਕਤਾਂ ਵਲੋਂ ਦਲਿਤਾਂ ਤੇ ਕੀਤੇ ਜਾ ਰਹੇ ਦੁਰਵਿਹਾਰ ਪ੍ਰਤੀ ਗਹਿਰੀ ਚਿੰਤਾ ਅਤੇ ਦੁੱਖ ਪ੍ਰਗਟਾਇਆ। ਦਲਿਤਾਂ ‘ਤੇ ਹੋ ਰਹੇ ਅੱਤਿਆਚਾਰਾਂ ਦੇ ਮਾਮਲੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਰਮਨਾਕ ਚੁੱਪ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਚ ਦਲਿਤ ਅਤੇ ਹੋਰ ਘੱਟਗਿਣਤੀਆਂ ਖਤਰਨਾਕ ਪੱਖਪਾਤ ਦਾ ਸਾਹਮਣਾ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਅਖੌਤੀ ਗਾਂ-ਰੱਖਿਆ ਦਲ ਅਰਾਜਕਤਾ ਫੈਲਾ ਰਹੇ ਹਨ ਅਤੇ ਜਿਹੜੇ ਲੋਕ ਹਿੰਦੁਤਵ ਦੀ ਵਿਚਾਰਧਾਰ ਨੂੰ ਨਹੀਂ ਮੰਨਦੇ ਉਨ੍ਹਾਂ ਅੰਦਰ ਡਰ ਪੈਦਾ ਕਰ ਰਹੇ ਹਨ। ਮਾੜੀ ਗੱਲ ਇਹ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਵੀ ਇਨ੍ਹਾਂ ਅਨਸਰਾਂ ਨੂੰ ਸ਼ਹਿ ਦੇਣ ਦੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਲਾਏ ਗਏ ਗਾਂ-ਟੈਕਸ ਦਾ ਵੀ ਵਿਰੋਧ ਕੀਤਾ। ਇਸ ਮੌਕੇ ਸੁਰਜੀਤ ਸਿੰਘ ਖਾਲਸਤਾਨੀ, ਜਗਜੀਤ ਸਿੰਘ ਖੋਸਾ, ਡਾ. ਕੁਲਜੀਤ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,