ਖਾਸ ਖਬਰਾਂ » ਸਿੱਖ ਖਬਰਾਂ

ਸਾਡੇ ਕੋਲੋਂ ਮਾਫੀ ਮੰਗ ਕੇ ਗਿਆਨੀ ਗੁਰਮੁਖ ਸਿੰਘ ਮੁੜ ਅਕਾਲ ਤਖਤ ਸਾਹਿਬ ‘ਤੇ ਬਹਾਲ ਹੋਇਆ: ਗੋਬਿੰਦ ਸਿੰਘ ਲੌਂਗੋਵਾਲ

August 27, 2018 | By

ਅੰਮ੍ਰਿਤਸਰ:  (ਨਰਿੰਦਰ ਪਾਲ ਸਿੰਘ) ਸਾਲ 2015 ਵਿੱਚ ਤਖਤਾਂ ਦੇ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਬਾਦਲਾਂ ਦੇ ਹੁਕਮ ਤੇ ਦਿੱਤੀ ਮੁਆਫੀ ਦਾ ਇੰਕਸ਼ਾਫ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਦੀ ਘਰ ਵਾਪਸੀ ਤੋਂ ਕਮੇਟੀ ਪ੍ਰਧਾਨ ਨੇ ਇਹ ਕਹਿਕੇ ਪਰਦਾ ਚੱੁਕ ਦਿੱਤਾ ਹੈ ਕਿ ਗੁਰਮੁਖ ਸਿੰਘ ਨੇ ਆਪਣੀ ਕੀਤੀ ਭੁੱਲ ਦੀ ਮੁਆਫੀ ਮੰਗ ਲਈ ਹੈ ।ਕਮੇਟੀ ਪ੍ਰਧਾਨ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਉਹ ਸਾਡਾ ਮੁਲਾਜਮ ਹੈ ਤੇ ਮੁਲਾਜਮ ਹੋਣ ਦੇ ਨਾਤੇ ਮੈਂ ਉਸਦੀ ਤਬਦੀਲੀ ਵਾਪਸ ਅਕਾਲ ਤਖਤ ਤੇ ਕਰ ਦਿੱਤੀ ਹੈ ।

ਗਿਆਨੀ ਗੁਰਮੁਖ ਸਿੰਘ

ਗਿਆਨੀ ਗੁਰਮੁਖ ਸਿੰਘ ਦੀ ਵਾਪਸੀ ਬਾਰੇ ਇਹ ਖੁਲਾਸਾ ਇੱਕ ਅੰਗਰੇਜੀ ਅਖਬਾਰ(ਇੰਡੀਅਨ ਐਕਸਪ੍ਰੈਸ) ਵਿੱਚ ਗੋਬਿੰਦ ਸਿੰਘ ਲੋਂਗੋਵਾਲ ਦੀ ਛਪੀ ਇੰਟਰਵਿਊ ਤੋਂ ਹੋਇਆ ਹੈ । ਅੰਗਰੇਜੀ ਅਖਬਾਰ ਦੀ ਖ਼ਬਰ ਅਨੁਸਾਰ ਲੋਂਗੋਵਾਲ ਦਸ ਰਹੇ ਹਨ ਕਿ ਕਮੇਟੀ ਨੇ ਪਹਿਲੇ ਦਿਨ ਤੋਂ ਹੀ ਗਿਆਨੀ ਗੁਰਮੁਖ ਸਿੰਘ ਨੂੰ ਦੱਸ ਦਿੱਤਾ ਸੀ ਕਿ ਉਹ ਜੋ ਦੋਸ਼ ਬਾਦਲ ਪਰਿਵਾਰ ਤੇ ਲਗਾ ਰਿਹਾ ਹੈ ਉਹ ਸਰਾਸਰ ਝੂਠੇ ਹਨ ।ਜਦੋਂ ਉਹ ਨਾ ਮੰਨਿਆਂ ਤਾਂ ਉਸਦੀ ਤਬਦੀਲੀ ਹਰਿਆਣਾ ਸਥਿਤ ਗੁ:ਧਮਧਾਨ ਸਾਹਿਬ ਵਿਖੇ ਕਰ ਦਿੱਤੀ ਗਈ ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਲੋਂਗੋਵਾਲ ਦੱਸਦੇ ਹਨ ਕਿ ਗਿਆਨੀ ਗੁਰਮੁਖ ਸਿੰਘ ਨੇ ਆਪਣੀ ਕੀਤੀ ਭੁਲ ਦੀ ਗਲਤੀ ਮੰਨੀ ਹੈ। ਉਸਨੇ ਲੋਂਗੋਵਾਲ ਪਾਸ ਲਿਖਤੀ ਬੇਨਤੀ ਕੀਤੀ ਸੀ ਕਿ ਉਸਦਾ ਪਰਿਵਾਰ ਅੰਮ੍ਰਿਤਸਰ ਵਿਖੇ ਰਹਿ ਰਿਹਾ ਹੈ ਇਸ ਕਰਕੇ ਮੁਸ਼ਕਿਲਾਂ ਤਾਂ ਦਰਪੇਸ਼ ਹਨ। ਲੋਂਗੋਵਾਲ ਦਾ ਕਹਿਣਾ ਹੈ ਕਿ ਕਮੇਟੀ ਦਾ ਮੁਲਾਜਮ ਹੋਣ ਨਾਤੇ ਮੈਂ ਉਸਦੀ ਤਬਦੀਲੀ ਵਾਪਿਸ ਅਕਾਲ ਤਖਤ ਸਾਹਿਬ ਵਿਖੇ ਕਰ ਦਿੱਤੀ ਹੈ।

ਕਮੇਟੀ ਪਰਧਾਨ ਲੋਂਗੋਵਾਲ ਵਲੋਂ ਗਿਆਨੀ ਗੁਰਮੁਖ ਸਿੰਘ ,ਜੋ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਵੇਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ ਤੇ ਹੁਣ ਅਕਾਲ ਤਖਤ ਦੇ ਹੈਡ ਗ੍ਰੰਥੀ ਲਗਾਏ ਗਏ ਹਨ, ਨੂੰ ਸ਼ਰੇਆਮ ਕਮੇਟੀ ਮੁਲਾਜਮ ਦੱਸਣ ਨਾਲ ਪੰਥਕ ਧਿਰਾਂ ਵਲੋਂ ਉਠਾਏ ਜਾ ਰਹੇ ਖਦਸ਼ਿਆਂ ਤੇ ਮੋਹਰ ਲਗਾ ਦਿੱਤੀ ਹੈ ਕਿ ਸ਼੍ਰੋਮਣੀ ਕਮੇਟ ਪ੍ਰਬੰਧ ਹੇਠਲੇ ਤਖਤਾਂ ਦੇ ਜਥੇਦਾਰ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਜਥੇਦਾਰ ਨਹੀ ਬਲਕਿ ਕਮੇਟੀ ਦੇ ਤਨਖਾਹਦਾਰ ਮੁਲਾਜਮ ਹਨ ਜਿਨ੍ਹਾਂ ਨੁੰ ਕਮੇਟੀ ਜਾਂ ਇਸਦੇ ਸਿਆਸੀ ਆਕਾ ਜਦੋਂ ਚਾਹੁਣ ਜਿਵੇਂ ਮਰਜੀ ਚਾਹੁਣ ਫੈਸਲੇ ਕਰਵਾ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,