ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੁੜ ਮਹੰਤਾਂ-ਮਸੰਦਾਂ ਦੇ ਰਾਹ ਪਈਆਂ (ਲੇਖ)

October 14, 2017 | By

ਲੇਖਕ: ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਲੇਖਕ: ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਗੁਰੂ ਘਰਾਂ ਤੇ ਗੁਰ ਸੰਗਤ ਵਲੋਂ ਭੇਟਾਵਾਂ ਦੀ ਸਾਂਭ ਸੰਭਾਲ ਤੇ ਪਰਬੰਧ ਲਈ ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸਥਾਪਤ ਕੀਤੀ ਸੀ ਜੋ ਕਿ ਦੁਨਿਆਵੀ ਪ੍ਰਬੰਧ ਕਰਨ ਦੀ ਇਕ ਪ੍ਰਣਾਲੀ ਸੀ ਅਤੇ ਸਮਾਂ ਪੈ ਕੇ ਇਸ ਵਿਚ ਭ੍ਰਿਸ਼ਟਾਚਾਰ ਭਾਰੂ ਹੋ ਗਿਆ ਤਾਂ ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਇਸ ਪ੍ਰਥਾ ਦਾ ਅੰਤ ਕਰ ਦਿੱਤਾ ਅਤੇ ਭ੍ਰਿਸ਼ਟ ਤੇ ਵਿਭਚਾਰੀ ਮਸੰਦਾਂ ਨੂੰ ਤੇਲ ਵਿਚ ਪਾ ਕੇ ਸਾੜਿਆ ਗਿਆ। 18ਵੀਂ ਸਦੀ ਵਿਚ ਸਿੰਘ ਜੰਗਲਾਂ ਵਿਚ ਚਲੇ ਗਏ ਤਾਂ ਗੁਰੂ ਘਰਾਂ ਦਾ ਪ੍ਰਬੰਧ ਨਿਰਮਲੇ ਤੇ ਉਦਾਸੀ ਸੰਪਰਦਾਵਾਂ ਕੋਲ ਚਲਾ ਗਿਆ ਪਰ ਸਮਾਂ ਪੈਂਦਿਆਂ ਉਹਨਾਂ ਵਿਚ ਵੀ ਭ੍ਰਿਸ਼ਟਾਚਾਰ ਪੈਦਾ ਹੋ ਗਿਆ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਇਕ ਵਾਰ ਫਿਰ ਪ੍ਰਬੰਧਕਾਂ (ਮਹੰਤਾਂ) ਨੂੰ ਮੂੰਹ ਦੀ ਖਾਣੀ ਪਈ ਅਤੇ ਇਸ ਵਾਰ ਪ੍ਰਬੰਧ ਅੰਗਰੇਜ਼ੀ ਸਿਸਟਮ ਮੁਤਾਬਕ ਪ੍ਰਧਾਨ, ਸਕੱਤਰ, ਖਜ਼ਾਨਚੀ ਵਾਲਾ ਬਣ ਗਿਆ ਤੇ ਕੁਝ ਚਿਰ ਤਾਂ ਇਹ ਠੀਕ ਚੱਲਿਆ ਪਰ ਹੌਲੀ-ਹੌਲੀ ਇਸ ਵਿਚ ਵੀ ਭ੍ਰਿਸ਼ਟਾਚਾਰ ਤੇ ਹੁਣ ਹੱਦ ਦਰਜ਼ੇ ਤੱਕ ਵਿਭਚਾਰਤਾ ਆ ਚੁੱਕੀ ਹੈ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਗੁਰੂ ਦਾ ਭੈਅ-ਸਤਿਕਾਰ ਖਤਮ ਹੋ ਗਿਆ ਤੇ ਦੁਨਿਆਵੀ ਕਾਨੂੰਨੀ ਲੜਾਈਆਂ ਤੇ ਇਕ ਧੜਾ ਦੂਜੇ ਧੜੇ ਦੀ ਅਜਾਰੇਦਾਰੀ ਖਤਮ ਕਰਕੇ ਆਪਣੀ ਅਜਾਰੇਦਾਰੀ ਕਾਇਮ ਕਰਨ ਲਈ ਜਾਂ ਸਥਾਪਤ ਧੜਾ ਆਪਣੀ ਅਜਾਰੇਦਾਰੀ ਜਾਰੀ ਰੱਖਣ ਲਈ ਮਨ ਆਏ ਫੈਸਲੇ ਕਰ ਰਹੇ ਹਨ। ਕਿਸੇ ਪਾਠੀ-ਗ੍ਰੰਥੀ-ਅਰਸਾਈਏ ਜਾਂ ਕੀਰਤਨੀਏ ਸਿੰਘ ਦੀ ਕੋਈ ਇੱਜ਼ਤ ਨਹੀ, ਜਦੋਂ ਮਰਜ਼ੀ ਬਦਲ ਦਿਓ, ਹਟਾ ਦਿਓ ਜਾਂ ਮਾਨਸਿਕ ਜ਼ਲੀਲ ਕਰ ਦਿਓ, ਚਪੜਾਸੀ ਤੋਂ ਵੱਧ ਕੇ ਕਿਸੇ ਦੀ ਔਕਾਤ ਨਹੀਂ ਸਮਝੀ ਜਾਂਦੀ। ਅਜਿਹਾ ਪੰਥ ਦੇ ਸਿਰਮੌਰ ਗੁਰੂ-ਘਰਾਂ ਤੋਂ ਲੈ ਕੇ ਪਿੰਡ-ਮਹੱਲਾ ਪੱਧਰ ਉਪਰ ਸਥਾਪਤ ਗੁਰੂ-ਘਰਾਂ ਵਿਚ ਹੋ ਰਿਹਾ ਹੈ। ਪੰਥ ਦਰਦੀਆਂ ਦਾ ਮਨ ਭਾਰੀ ਪੀੜਾ ਵਿਚੋਂ ਗੁਜ਼ਰ ਰਿਹਾ ਹੈ।

ਸਬੰਧਤ ਖ਼ਬਰ:

ਮੋਗਾ ਵਿਖੇ ਗੁਰਦੁਆਰੇ ਦੀ ਪ੍ਰਧਾਨਗੀ ਲਈ ਦੋ ਧੜਿਆਂ ‘ਚ ਟਕਰਾਅ, ਕਈ ਜ਼ਖਮੀ …

ਜੂਨ 1984 ਵਿਚ ਭਾਰਤੀ ਫੌਜ ਵਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅਮੁੱਲਾ ਖਜ਼ਾਨਾ ਕੁਝ ਸਾੜ ਦਿੱਤਾ ਗਿਆ ਤੇ ਕੁਝ ਜਬਤ ਕਰ ਲਿਆ ਗਿਆ। ਇਹ ਕਿ ਆਮ ਵਰਤਾਰਾ ਹੈ ਕਿ ਸਾਲ ਵਿਚ ਇਕ-ਦੋ ਵਾਰ ਸਿੱਖ ਆਗੂ ਕਹਿੰਦੇ ਹਨ ਕਿ ਸਾਡਾ ਚੁੱਕਿਆ ਖਜ਼ਾਨਾ ਵਾਪਸ ਕਰੋ, ਇਹ ਬਸ ਅਖਬਾਰੀ ਬਿਆਨਾਂ ਤੱਕ ਸਿੱਖ ਜਜ਼ਬਾਤਾਂ ਨੂੰ ਟੁੰਬਣ ਲਈ ਹੀ ਕਿਹਾ ਜਾਂਦਾ ਹੈ ਜਦ ਕਿ ਅਸਲ ਸੱਚਾਈ ਹੈ ਕਿ ਵੱਖ-ਵੱਖ ਸਮੇਂ ‘ਤੇ ਭਾਰਤ ਸਰਕਾਰ ਵਲੋਂ ਕਈ ਹਿੱਸਿਆਂ ਵਿਚ ਕਈ ਕੁਝ ਵਾਪਸੀ ਵੀ ਕੀਤੀ ਗਈ ਹੈ ਜਿਸਨੂੰ ਪ੍ਰਬੰਧਕਾਂ ਨੇ ਸੰਗਤਾਂ ਸਾਹਮਣੇ ਨਹੀਂ ਆਉਣ ਦਿੱਤਾ ਅਤੇ ਗੁਰ-ਸੰਗਤਾਂ ਨਾਲ ਧ੍ਰੋਹ ਕਮਾ ਕੇ ਮਾਇਆ ਦੀ ਖਾਤਰ ਦੁਰਲੱਭ ਵਸਤਾਂ ਵੇਚੀਆਂ ਵੀ ਗਈਆਂ ਅਤੇ ਗੁਰੂ ਨਿਸ਼ਾਨੀਆਂ ਵਿਚ ਹੇਰ-ਫੇਰ ਵੀ ਕੀਤਾ ਗਿਆ ਤੇ ਮੌਜੂਦਾ ਨਿਸ਼ਾਨੀਆਂ ਦੀ ਸਾਂਭ-ਸੰਭਾਲ ਵਿਚ ਵੀ ਹੱਦ ਦਰਜ਼ੇ ਦੀ ਲਾਪਰਵਾਹੀ ਵਰਤੀ ਜਾ ਰਹੀ ਹੈ। ਇਹ ਸਾਰਾ ਕੁਝ ਮੌਜੂਦਾ ਪ੍ਰਬੰਧਕਾਂ ਦੇ ਭ੍ਰਿਸ਼ਟ ਤੇ ਵਿਭਚਾਰੀ ਹੋਣ ਦੇ ਕਾਰਨ ਹੀ ਹੋ ਰਿਹਾ ਹੈ।

ਲੋਕਲ ਕਮੇਟੀਆਂ ਦੀ ਜੇ ਹਾਲਤ ਦੇਖੀਏ ਤਾਂ ਪਿਛਲੇ ਦਿਨੀਂ ਲੁਧਿਆਣੇ ਦੀ ਕਲੋਨੀ ਪਾਲਮ ਵਿਹਾਰ, ਪਿੰਡ ਦਾਦ ਦੀ ਕਮੇਟੀ ਵਲੋਂ ਗੁਰੂ-ਘਰ ਦੇ ਭਾਈ ਸਾਹਿਬ ਨੂੰ ਸੇਵਾ ਤੋਂ ਜਵਾਬ ਦੇ ਦਿੱਤਾ ਅਤੇ ਤੁਰੰਤ ਗੁਰਦੁਆਰਾ ਸਾਹਿਬ ਛੱਡ ਜਾਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ। ਭਾਈ ਸੁਰਿੰਦਰ ਸਿੰਘ ਪਿਛਲੇ ਲੰਮੇਂ ਸਮੇਂ ਤੋਂ ਬੜੀ ਇਮਾਨਦਾਰੀ ਤੇ ਗੁਰਮਤਿ ਸਿਧਾਤਾਂ ਨਾਲ ਗੁਰੂ ਘਰ ਦੀ ਸੇਵਾ ਨਿਭਾ ਰਹੇ ਸਨ। ਉਹਨਾਂ ਦਾ ਕਸੂਰ ਇਹੀ ਸੀ ਕਿ ਉਹ ਕਮੇਟੀ ਮੈਂਬਰਾਂ ਦੀ ਹਊਮੈਂ ਨੂੰ ਪੱਠੇ ਨਹੀਂ ਸਨ ਪਾਉਂਦੇ। ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਅਜਿਹੀਆਂ ਹੰਕਾਰੀਆਂ ਕਮੇਟੀਆਂ ਸਾਡੇ ਧੁਰਿਆਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਕਾਬਜ਼ ਹਨ ਅਤੇ ਸਭ ਗੁਰੂ-ਘਰਾਂ ਵਿਚ ਅਜਿਹੇ ਦੀ ਹਾਲਾਤ ਹਨ। ਕਿਸੀ ਭਲੀ ਗੁਰਮੁਖ ਰੂਹ ਨਾਲ, ਕਿਸੇ ਸੰਤ ਆਤਮਾ ਨਾਲ ਵੈਰ ਕਮਾ ਕੇ, ਆਪਣੇ ਹੰਕਾਰ ਕਰਕੇ ਗੁਰੂ-ਘਰ ਦੀ ਸੇਵਾ ਤੋਂ ਜਬਰੀ ਹਟਾ ਦੇਣਾ ਠੀਕ ਨਹੀਂ ਹੈ। ਭਾਈ ਸੁਰਿੰਦਰ ਸਿੰਘ ਨੂੰ ਸਤਿਗੁਰੂ-ਪਤਾਸ਼ਾਹ ਕਿਤੇ ਸੇਵਾ ਦੇ ਹੀ ਦੇਣਗੇ ਪਰ ਇਹਨਾਂ ਹੰਕਾਰੀਆਂ ਪ੍ਰਬੰਧਕ ਕਮੇਟੀਆਂ ਨੂੰ ਕਿੱਥੇ ਢੋਈ ਮਿਲੇਗੀ?

ਸਬੰਧਤ ਖ਼ਬਰ:

ਪਿੰਡ ਮੱਲਣ, ਗਿੱਦੜਬਾਹਾ ਵਿੱਚ ਗੁਰਦੁਆਰੇ ’ਤੇ ਕਬਜ਼ੇ ਲਈ ਲੜਾਈ; ਤਿੰਨ ਮੌਤਾਂ, ਕਈ ਜ਼ਖਮੀ …

ਮੌਜੂਦਾ ਪ੍ਰਬੰਧ ਵਿਚ ਇਕ ਗੱਲ ਹੋਰ ਖਾਸ ਹੈ ਕਿ ਦਿਸਦੇ ਪ੍ਰਬੰਧਕ ਆਪ ਆਪਣੀ ਅਕਲ ਮੁਤਾਬਕ ਫੈਸਲੇ ਨਹੀਂ ਲੈਂਦੇ ਸਗੋਂ ਇਹਨਾਂ ਪਿੱਛੇ ਮਾਇਆਧਾਰੀ, ਸਮਾਜਿਕ ਜਾਂ ਰਾਜਸੀ ਸ਼ਕਤੀ ਵਾਲੇ ਲੋਕ ਹੁੰਦੇ ਹਨ ਜੋ ਧਰਮ ਨੂੰ ਆਪਣੀ ਰਾਜਨੀਤੀ, ਆਰਥਿਕਤਾ ਜਾਂ ਚੌਧਰ ਵਧਾਉੱਣ ਲਈ ਵਰਤਦੇ ਹਨ ਅਤੇ ਇਸ ਲਈ ਉਹ ਗੁਰੂ-ਘਰਾਂ ਦੇ ਪ੍ਰਬੰਧ ਵਿਚ ਵੀ ਆਪਣੀਆਂ ਦੁਕਾਨਾਂ ਜਾਂ ਧੰਦਿਆਂ ਵਾਂਗ ਨਫਾ ਹੀ ਲੋਚਦੇ ਹਨ ਉਹਨਾਂ ਵਲੋਂ ਬਾਹਰੀ ਵਿਖਾਵੇ ਲਈ ਬਹੁਤ ਕੁਝ ਕੀਤਾ ਜਾਂਦਾ ਹੈ ਪਰ ਗੁਰੂ ਦਾ ਭੈਅ ਤੇ ਭਾਓ ਉਹਨਾਂ ਵਿਚੋਂ ਲਗਭਗ ਖਤਮ ਹੀ ਹੋ ਚੁੱਕਾ ਹੈ। ਉਹਨਾਂ ਦੀ ਕਹਿਣੀ ਤੇ ਕਰਣੀ ਵਿਚ ਢੇਰ ਅੰਤਰ ਆ ਚੁੱਕਾ ਹੈ। ਜਦੋਂ ਉਹ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਤਾਂ ਉਹਨਾਂ ਦੀਆਂ ਅੱਖਾਂ ਉਹਨਾਂ ਦਾ ਸਾਥ ਨਹੀਂ ਦਿੰਦੀਆਂ ਸਪੱਸ਼ਟ ਨਜ਼ਰ ਆਉਂਦੀਆਂ ਹਨ। ਮੈਂ ਸਮਝਦਾ ਹਾਂ ਕਿ ਅਜਿਹੇ ਪ੍ਰਬੰਧਕਾਂ ਨੇ ਇਤਿਹਾਸ ਤਾਂ ਜ਼ਰੂਰ ਪੜ੍ਹਿਆ ਹੋਵੇਗਾ ਕਿ ਸੱਚ ਦੀ ਹੀ ਹਮੇਸ਼ਾ ਜਿੱਤ ਹੁੰਦੀ ਆਈ ਹੈ ਪਰ ਬਿੱਖ ਖਾ-ਖਾ ਕੇ ਇਹਨਾਂ ਦੀਆਂ ਅੱਖਾਂ ਅੱਗੇ ਅਜਿਹਾ ਪਰਦਾ ਪੈ ਚੁੱਕਿਆ ਹੈ ਕਿ ਇਹਨਾਂ ਨੂੰ ਭਵਿੱਖ ਨਜ਼ਰੀਂ ਨਹੀਂ ਪੈਂਦਾ।

ਪੰਥ ਨੇ ਆਪਣੇ ਇਤਿਹਾਸਕ ਗੁਰੂਧਾਮਾਂ ਨੂੰ ਮਸੰਦਾਂ-ਮਹੰਤਾਂ ਤੋਂ ਛੁਡਵਾ ਕੇ ਜੋ ਪ੍ਰਬੰਧ ਚਲਾਇਆ ਅੱਜ ਉਹ ਦੁਬਾਰਾ ਗੰਧਲਾ ਹੋ ਗਿਆ ਅਤੇ ਨਾਲ ਹੀ ਲੋਕਲ ਪਿੰਡਾਂ-ਸ਼ਹਿਰਾਂ ਵਿਚ ਵੀ ਕਮੇਟੀਆਂ ਦਾ ਸੁਭਾ ਵੀ ਮਸੰਦਾਂ-ਮਹੰਤਾਂ ਜਿਹਾ ਹੋ ਗਿਆ ਹੈ। ਇਸ ਲਈ ਧੜੇਬੰਦੀਆਂ ਤੋਂ ਉਪਰ ਉੱਠ ਕੇ ਖਾਸ ਕਰ ਸਿੱਖ ਨੌਜਵਾਨਾਂ ਨੂੰ ਗੁਰੂ-ਲਿਵ ਵਿਚ ਜੁੜ ਕੇ ਗੁਰਮਤਿ ਰਾਹ ਮੁਤਾਬਕ ਗੁਰੂ-ਘਰਾਂ ਦੇ ਮੌਜੂਦਾ ਹੰਕਾਰੀ, ਭ੍ਰਿਸ਼ਟ ਤੇ ਵਿਭਚਾਰੀ ਮਹੰਤਾਂ-ਮਸੰਦਾਂ ਨੂੰ ਬਦਲਣ ਦਾ ਸੰਘਰਸ਼ ਵਿੱਢਣਾ ਚਾਹੀਦਾ ਹੈ। ਨੀਲੇ ਦਾ ਸ਼ਾਹ ਅਸਵਾਰ ਆਪ ਸਹਾਈ ਹੋਵੇਗਾ।

ਲੇਖਕ: ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ
98554-01843

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,