ਲੇਖ

ਖ਼ਾਲਸੇ ਦੀ ਸਿਰਜਣਾ: ਸ਼ਬਦ-ਗੁਰੂ ਦਾ ਰਾਜਨੀਤਕ ਪ੍ਰਕਾਸ਼ (ਵਿਸਾਖੀ ਉੱਤੇ ਵਿਸ਼ੇਸ਼)

April 13, 2011 | By

– ਕਰਮਜੀਤ ਸਿੰਘ

ਖ਼ਾਲਸਾ-ਰਾਜਨੀਤਕ ਵਿਆਕਰਣ ਦਾ ਹੁਸੀਨ ਪ੍ਰਤੀਕ ਹੈ ਜੋ ਸਦਾ ਰੰਗੀਲਾ ਹੈ, ਲਾਲ ਪਿਆਰਾ ਹੈ ਅਤੇ ਨਿਤਾਣਿਆਂ, ਨਿਓਟਿਆਂ ਤੇ ਨਿਆਸਰਿਆਂ ਦਾ ਪਹਿਰੇਦਾਰ ਹੈ। ਖ਼ਾਲਸਾ ਜਾਗਤ-ਜੋਤ ਦਾ ਨਿਸ-ਬਾਸਰ ਜਾਪ ਕਰਦਾ ਹੈ। ਦੂਜੇ ਸ਼ਬਦਾਂ ਵਿਚ ਉਹ ਜਾਗਤ-ਜੋਤ ਦੀ ਰੌਸ਼ਨੀ ਵਿਚ ਹੀ ਚੀਜ਼ਾਂ, ਘਟਨਾਵਾਂ ਤੇ ਵਰਤਾਰਿਆਂ ਨੂੰ ਵੇਖਦਾ, ਪਰਖਦਾ ਤੇ ਆਪਣਾ ਰਾਹ ਚੁਣਦਾ ਹੈ। 1699 ਦੀ ਸ਼ਗਨਾਂ ਭਰੀ ਵਿਸਾਖੀ ਨੂੰ ਨੀਲੇ ਘੋੜੇ ਦੇ ਸ਼ਾਹਸਵਾਰ ਨੇ ਇਸ ਨਿਰਾਲੇ ਪੰਥ ਨੂੰ ਸਾਡੀ ਧਰਤੀ ’ਤੇ ਪ੍ਰਗਟ ਕੀਤਾ ਸੀ ਅਤੇ ਇੰਜ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲੇ ‘ਰੂਹਾਨੀ ਲਾਲੋਆਂ’ ਦਾ ਪਹਿਲਾ ਰਾਜਸੀ ਇਨਕਲਾਬ ਦੁਨੀਆਂ ਨੇ ਵੇਖਿਆ। ਸਭਿਅਤਾਵਾਂ ਦੇ ਇਤਿਹਾਸ ਦੀ ਰੂਹ ਦੇ ਹਾਣੀ ਅਤੇ ਸੰਸਾਰ ਪ੍ਰਸਿੱਧ ਇਤਿਹਾਸਕਾਰ ਆਰਨਲਡ ਟਾਇਨਬੀ ਨੂੰ ਇਸ ਬੁਝਾਰਤ ਦੀ ਸਭ ਤੋਂ ਪਹਿਲਾਂ ਸਮਝ ਲੱਗੀ ਸੀ ਕਿ ਕਿਰਤੀਆਂ-ਕਾਮਿਆਂ ਦਾ ਪਹਿਲਾ ਇਨਕਲਾਬ 1917 ਨੂੰ ਰੂਸ ਦੀ ਧਰਤੀ ਨੂੰ ਨਹੀਂ ਸੀ ਨਸੀਬ ਹੋਇਆ ਸਗੋਂ ਤਕਦੀਰ ਨੇ ਇਹ ਤਾਜ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਖ਼ਾਲਸੇ ਦੇ ਸਿਰ ’ਤੇ ਸਜਾਇਆ ਸੀ। ਦਸਮ ਪਿਤਾ ਦੀ ਇਸ ਵੱਡੀ ਦੇਣ ਦੀ ਵਿਆਖਿਆ ਲਈ ਢੁੱਕਵੇਂ ਸ਼ਬਦਾਂ ਦਾ ਰੁੱਸ ਜਾਣਾ ਸੁਭਾਵਿਕ ਹੀ ਹੈ ਕਿਉਂਕਿ ਇਹ ਇਤਿਹਾਸਕ ਘਟਨਾ, ਵਿਸਮਾਦ-ਦਰਸ਼ਨ ਦੇ ਵਰਗ ਵਿਚ ਆ ਜਾਂਦੀ ਹੈ। ਇਸੇ ਲਈ ਦਸਮ ਪਾਤਸ਼ਾਹ ਨੇ ਗਵਾਹੀ ਦਿੱਤੀ ਹੈ ਕਿ ਖ਼ਾਲਸਾ ਅਕਾਲ ਪੁਰਖ ਦੀ ਮੌਜ ਵਿਚੋਂ ਪ੍ਰਗਟ ਹੋਇਆ।

ਗੁਰੂ ਨਾਨਕ ਦੇਵ ਜੀ ਨੇ ਸ਼ਬਦ-ਸੁਰਤਿ ਦੀ ਨੀਂਹ ’ਤੇ ਇਕ ਨਵੇਂ ਮਾਰਗ ਦੀ ਸਿਰਜਣਾ ਕੀਤੀ ਸੀ। ਪਹਿਲੇ ਨੌਂ ਗੁਰੂ ਇਸੇ ਨੀਂਹ ਨੂੰ ਮਜ਼ਬੂਤ ਕਰਨ ਵਿਚ ਦਿਨ-ਰਾਤ ਲੱਗੇ ਰਹੇ। ਉਨ੍ਹਾਂ ਨੇ ਇਸ ਨੀਂਹ ਦੇ ਵੱਖ-ਵੱਖ ਰੰਗਾਂ ਨੂੰ ਖਿੜਾਇਆ ਅਤੇ ਉਨ੍ਹਾਂ ਰੰਗਾਂ ਦੀ ਵਿਆਖਿਆ ਕੀਤੀ। ਇਨ੍ਹਾਂ ਸਾਰੇ ਰੰਗਾਂ ਦੇ ਦੀਦਾਰ ਗੁਰੂ ਸਾਹਿਬਾਨ ਦੇ ਆਪਣੇ ਜੀਵਨ ਵਿਚ ਵੀ ਅਤੇ ਉਨ੍ਹਾਂ ਦੇ ਸਿੱਖਾਂ ਵਿਚ ਵੀ ਅਮਲਾਂ ’ਚ ਉਤਰਦੇ ਦੇਖੇ ਗਏ। 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਸ਼ਬਦ-ਗੁਰੂ ਦਾ ਰਾਜਨੀਤਕ ਪ੍ਰਕਾਸ਼ ਹੋਇਆ।

ਖ਼ਾਲਸਾ ਪੰਥ ਦੀ ਸਿਰਜਣਾ ਕੋਈ ਅਚਨਚੇਤ ਵਰਤਾਰਾ ਨਹੀਂ ਸੀ ਜਾਂ ਦਸਮ ਪਿਤਾ ਵੱਲੋਂ ਕਾਹਲ ਵਿਚ ਚੁੱਕਿਆ ਕੋਈ ਕਦਮ ਨਹੀਂ ਸੀ ਸਗੋਂ ਸਹਿਜ ਦੇ ਪ੍ਰਵਾਹ ਵਿਚੋਂ ਇਸ ਪੰਥ ਦਾ ਜਨਮ ਹੋਇਆ। ‘ਸਹਿਜੇ ਰਚਿਓ ਖ਼ਾਲਸਾ’ ਦੇ ਗਹਿਰ-ਗੰਭੀਰ, ਰੂੜ੍ਹੇ-ਗੂੜ੍ਹੇ ਤੇ ਡੂੰਘੇ ਅਰਥ ਇਹੋ ਹੀ ਹਨ। ਸਹਿਜ ਦਾ ਇਹ ਲਗਾਤਾਰ ਪ੍ਰਵਾਹ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਤਕ ਚੱਲਦਾ ਰਿਹਾ। ਸ਼ਬਦ-ਗੁਰੂ ਇਨਸਾਨ ਦੀ ਤਰਜ਼-ਏ-ਜ਼ਿੰਦਗੀ ਦਾ ਇਕ ਮਹਾਨ ਸੰਕਲਪ ਹੈ ਅਤੇ ਇਸ ਸੰਕਲਪ ਨੂੰ ਲੋਕਾਂ ਦੇ ਮਨਾਂ ਦਾ ਹਿੱਸਾ ਬਣਾਉਣ ਲਈ ਢਾਈ ਸਦੀਆਂ ਦਾ ਸਫ਼ਰ ਤਹਿ ਕੀਤਾ ਗਿਆ।

ਉਸ ਦਿਨ ਇਕ ਹੋਰ ਚਮਤਕਾਰ ਹੀ ਹੋਇਆ। ਉਸ ਦਿਨ ਗੁਰੂ ਤੇ ਚੇਲਾ ਇਕ-ਦੂਜੇ ਵਿਚ ਘੁੱਲ-ਮਿਲ ਗਏ, ਰਚ-ਮਿਚ ਗਏ ਜਾਂ ਸਭਿਆਚਾਰ ਦੀ ਭਾਸ਼ਾ ਵਿਚ ਖੰਡ-ਖੀਰ ਹੋ ਗਏ। ਦਸਮ ਪਿਤਾ (ਰੱਬ ਕਰੇ! ਉਨ੍ਹਾਂ ਦੀ ਯਾਦ ਸਾਡੇ ਦਿਲਾਂ ਵਿਚ ਸਦਾ ਜਗਦੀ ਤੇ ਜਗਾਉਂਦੀ ਰਹੇ) ਨੇ ਕਿਸੇ ਅਨੰਤ ਖ਼ੁਸ਼ੀ ਵਿਚ ਖ਼ਾਲਸੇ ਦੇ ਭਵਿੱਖ ਦਾ ਰਾਜਨੀਤਕ ਏਜੰਡਾ ਤੈਅ ਕਰਨ ਲਈ ਇਹ ਚਮਤਕਾਰ ਖ਼ੁਦ ਕੀਤਾ। ਉਸ ਦਿਨ ਬੁੱਝਣ ਵਾਲਿਆਂ ਨੇ ਬੁੱਝ ਲਿਅ ਸੀ ਕਿ ਉਹ ਸੁਲੱਖਣੀ ਘੜੀ ਆਉਣ ਵਾਲੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਵਿਚ ਦਸ ਗੁਰੂਆਂ ਦੇ ਅਭੇਦ ਹੋਣ ਦਾ ਐਲਾਨ ਕੀਤਾ ਜਾਵੇਗਾ ਅਤੇ ਇਤਿਹਾਸ ਦੇ ਫ਼ੈਸਲਾਕੁੰਨ ਪਲਾਂ ਵਿਚ ਇਸ ਗ੍ਰੰਥ ਦੀ ਤਾਬਿਆ ਬੈਠ ਕੇ ਅਤੇ ਇਸ ਦੀ ਪਾਵਨ ਰੌਸ਼ਨੀ ਵਿਚ ਖ਼ਾਲਸਾ ਵੀ ਗੁਰੂ ਦੀ ਪਦਵੀ ਹਾਸਲ ਕਰ ਸਕੇਗਾ। ਦੂਜੇ ਸ਼ਬਦਾਂ ਵਿਚ ਖ਼ਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਦ-ਜਾਗਤ ਹਾਜ਼ਰੀ ਵਿਚ ਦੇਹਧਾਰੀ ਗੁਰੂ ਦੀ ਪਦਵੀ ਹਾਸਲ ਹੋ ਸਕਦੀ ਹੈ। ਇਸ ਸੂਖਮ ਭੇਦ ਦੀਆਂ ਅਨੰਤ ਪਰਤਾਂ ਖੋਲ੍ਹਣ ਲਈ ਵਿਦਵਾਨਾਂ, ਪ੍ਰਚਾਰਕਾਂ ਅਤੇ ਸਿਆਸਤਦਾਨਾਂ ’ਤੇ ਮਿਹਰ ਦੀ ਬਾਰਸ਼ ਅਜੇ ਹੋਣੀ ਹੈ।

ਖ਼ਾਲਸਾ ਇਕੋ ਸਮੇਂ ਇਕਵਚਨ ਵੀ ਹੈ ਤੇ ਬਹੁਵਚਨ ਵੀ। ਇਸ ਵਿਚ ¦ਿਗ ਤੇ ਪੁ¦ਿਗ ਦਾ ਵੀ ਕੋਈ ਭੇਤ ਨਹੀਂ। ਇਸਤਰੀਆਂ ਦੇ ਇਕੱਠ ਨੂੰ ਵੀ ਖ਼ਾਲਸਾ ਕਿਹਾ ਜਾ ਸਕਦੈ ਤੇ ਮਰਦਾਂ ਦੇ ਇਕੱਠ ਨੂੰ ਵੀ। ਅਤੇ ਦੋਵਾਂ ਦੇ ਸੁਮੇਲ ਨੂੰ ਵੀ ਖ਼ਾਲਸਾ ਆਖ ਸਕਦੇ ਹਾਂ। ਇੰਜ ਮਰਦ ਤੇ ਔਰਤ ਦੀ ਬਰਾਬਰੀ ਦਾ ਸਿਧਾਂਤਕ ਪੱਖ ਅਮਲਾਂ ਵਿਚ ਉਤਰਦਾ ਵੇਖਿਆ ਗਿਆ।

ਅੱਜ 2011 ਹੈ ਪਰ 1699 ਦੀ ਵਿਸਾਖੀ ਦੀਆਂ ਸਿਧਾਂਤਕ ਯਾਦਾਂ ਸਾਡੇ ਅਮਲਾਂ ਵਿਚੋਂ ਵਿਸਰ ਗਈਆਂ ਹਨ ਜਾਂ ਵਿਸਰਦੀਆਂ ਜਾ ਰਹੀਆਂ ਹਨ। ਠੀਕ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ। ਇਹ ਵੀ ਠੀਕ ਹੈ ਕਿ ਦੋ ਵਾਰ ਇਸ ਧਰਤੀ ’ਤੇ ਸਾਡੇ ਨਿਸ਼ਾਨ ਝੁੱਲੇ ਹਨ ਲੇਕਿਨ ਫਿਰ ਵੀ ਸਾਨੂੰ ਖੁੱਲ੍ਹੇ ਦਿਲ ਨਾਲ ਪਰ ਉਦਾਸ ਹੋ ਕੇ ਇਹ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਅੰਦਰੋਂ ਤੇ ਬਾਹਰੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਾਂ। ਜਦੋਂ ਅਸੀਂ ਅੰਦਰੋਂ ਤੇ ਬਾਹਰੋਂ ਟੁੱਟਣ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੀ ਸ਼ਬਦ ਨਾਲ ਪ੍ਰੀਤ ਬਾਰੇ ਪੂਰੀ ਤਰ੍ਹਾਂ ਬੇਵਫ਼ਾਈ ਹੈ ਅਤੇ ਸਾਡੇ ਧਾਰਮਿਕ, ਸਿਆਸੀ ਤੇ ਸਭਿਆਚਾਰਕ ਰਹਿਬਰ ਇਸ ਬੇਵਫ਼ਾ-ਕਲਚਰ ਦੀ ਅਗਵਾਈ ਕਰ ਰਹੇ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਕੋਈ ਅਚੇਤ ਰੂਪ ਵਿਚ ਕਰ ਰਿਹਾ ਹੈ ਤੇ ਕੋਈ ਸਚੇਤ ਰੂਪ ਵਿਚ ਇਸ ਬੇਵਫ਼ਾਈ ਦੀ ਕਮਾਈ ਕਰ ਰਿਹਾ ਹੈ। ਕੋਈ ਵਿਰਲਾ-ਟਾਵਾਂ ‘ਹਰਿਓ ਬੂਟ’ ਨਜ਼ਰ ਆਉਂਦਾ ਹੈ ਅਤੇ ਇਹ ਰੌਸ਼ਨ ਦਿਮਾਗ਼ ਰੂਹਾਂ ਵੀ ਸ਼ਖ਼ਸੀ ਆਜ਼ਾਦੀ ਤਾਂ ਮਾਣ ਰਹੀਆਂ ਹਨ ਅਤੇ ਪੰਥਕ ਜਜ਼ਬਾ ਵੀ ਰੱਖਦੀਆਂ ਹਨ। ਪਰ ਇਸ ਜਜ਼ਬੇ ਨੂੰ ਵਿਸ਼ਾਲ ਲਹਿਰ ਵਿਚ ਬਦਲਣ ਲਈ ਇਹ ਹਸਤੀਆਂ ਅੱਗੇ ਨਹੀਂ ਆਉਂਦੀਆਂ। ਨਤੀਜਾ ਇਹ ਹੈ ਕਿ ਸਾਡੇ ਅੰਦਰ ਇਕ ਅਜੀਬੋ-ਗ਼ਰੀਬ ਖੜੋਤ ਹੈ ਜਾਂ ਇੰਜ ਕਹਿ ਲਵੋ ਕਿ ਇਕ ਭਿਆਨਕ ਸੁੰਝ ਵਰਤ ਰਹੀ ਹੈ।

ਬਾਹਰਲੀ ਟੁੱਟ-ਭੱਜ ਵੀ ਆਪਣੇ ਭਰ ਜੋਬਨ ਵਿਚ ਹੈ। ਸਾਨੂੰ ਖ਼ਬਰ ਹੀ ਨਹੀਂ ਕਿ ਦੁਨੀਆਂ ਵਿਚ ਕੀ ਹੋ ਰਿਹਾ ਹੈ। ਕਿਹੜੇ-ਕਿਹੜੇ ਖਿੱਤਿਆਂ ਦੇ ਲੋਕ ਰਾਜਨੀਤਕ ਅੰਗੜਾਈਆਂ ਲੈ ਰਹੇ ਹਨ ਅਤੇ ਆਪਣੀ ਹੋਂਦ ਜਤਲਾ ਰਹੇ ਹਨ। ਵਿਸ਼ਵ ਰਾਜਨੀਤੀ ਵਿਚ ਉਥਲ-ਪੁਥਲ ਦੇ ਸਾਡੇ ਲਈ ਕੀ ਅਰਥ ਹੋ ਸਕਦੇ ਹਨ ਅਤੇ ਇਨ੍ਹਾਂ ਉਤਰਾਵਾਂ-ਚੜ੍ਹਾਵਾਂ ਵਿਚ ਅਸੀਂ ਕਿੱਥੇ ਖੜ੍ਹੇ ਹਾਂ? ਇਸ ਬਾਰੇ ਕੋਈ ਵੀ ਜਾਇਜ਼ਾ ਜਾਂ ਗੰਭੀਰ ਵਿਸ਼ਲੇਸ਼ਣ ਸਾਡੇ ਸਾਹਮਣੇ ਨਹੀਂ ਆ ਰਿਹਾ। ਅੰਕੜੇ ਦੱਸਦੇ ਹਨ ਕਿ 25 ਲੱਖ ਤੋਂ ਉਪਰ ਸਿੱਖ ਬਾਹਰਲੇ ਦੇਸ਼ਾਂ ਵਿਚ ਵਸੇ ਹੋਏ ਹਨ। ਸਾਡੇ ਬਹੁਤ ਨੌਜਵਾਨ ਉਨ੍ਹਾਂ ਯੂਨੀਵਰਸਿਟੀਆਂ ਵਿਚ ਉਚੀਆਂ ਪੜ੍ਹਾਈਆਂ ਕਰ ਰਹੇ ਹਨ ਜਿਥੇ ਮਨੁੱਖ ਦੀ ਅੰਤਰੀਵ ਪਿਆਸ ਨੂੰ ਜਾਣਨ, ਬੁੱਝਣ ਤੇ ਦਿਸ਼ਾ ਦੇਣ ਲਈ ਵਿਦਵਾਨ ਸਿਰ ਜੋੜ ਕੇ ਵਿਚਾਰਾਂ ਕਰਦੇ ਹਨ ਅਤੇ ਰਾਜਨੀਤਕ ਸੱਤਾ ਦੇ ਵਰਾਂਡੇ ਉਨ੍ਹਾਂ ਨੂੰ ‘ਜੀ ਆਇਆਂ’ ਕਹਿੰਦੇ ਹਨ। ਪਰ ਇਹ ਨੌਜਵਾਨ ਉਨ੍ਹਾਂ ਮੁਲਕਾਂ ਦੇ ਆਜ਼ਾਦ ਤੇ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿਚ ਇਹੋ ਜਿਹੀ ਪਿਆਸ ਬੁਝਾਉਣ ਲਈ ਆਪਣੇ ਫ਼ਰਜ਼ਾਂ ਤੋਂ ਅਵੇਸਲੇ ਕਿਉਂ ਹਨ? ਜਾਂ ਉਨ੍ਹਾਂ ਦੀਆਂ ਪ੍ਰਾਪਤੀਆਂ, ਜੇ ਉਹ ਹਨ ਤਾਂ ਉਨ੍ਹਾਂ ਦਾ ਲੇਖਾ-ਜੋਖਾ ਸਾਡੀਆਂ ਜ਼ਿੰਦਗੀਆਂ ਵਿਚ ਰੌਣਕਾਂ ਕਿਵੇਂ ਲਿਆ ਸਕਦਾ ਹੈ?

ਆਪਣੀ ਗੱਲ ਕਹਿਣ ਲਈ ਤੇ ਸੰਗਤਾਂ ਦੇ ਵਿਸ਼ਾਲ ਹਿੱਸਿਆਂ ਤਕ ਉਸ ਗੱਲ ਨੂੰ ਪਹੁੰਚਾਉਣ ਲਈ ਇਹੋ ਜਿਹਾ ਮੀਡੀਆ ਚਾਹੀਦਾ ਹੈ ਜੋ ‘ਸਾਡਾ ਆਪਣਾ’ ਹੋਵੇ। ‘ਸਾਡਾ ਆਪਣਾ’ ਤੋਂ ਮਤਲਬ ਇਹ ਹੈ ਕਿ ਉਹ ਮੀਡੀਆ ਜਿਹੜਾ ਇਕ ਪਾਸੇ ਆਪਣੇ ਸਰ-ਸਬਜ਼ ਚਸ਼ਮੇ ਗੁਰੂ ਗੁਰੂ ਗ੍ਰੰਥ ਨਾਲ ਜੁੜਿਆ ਹੋਵੇ ਅਤੇ ਇਸ ਧੁਰੇ ਦੇ ਅੰਦਰ ਰਹਿ ਕੇ ਖ਼ਾਲਸਾ ਪੰਥ ਦੇ ਸਾਰੇ ਹਿੱਸਿਆਂ ਬਾਰੇ ਖ਼ਬਰ ਰੱਖੇ, ਉਨ੍ਹਾਂ ਹਿੱਸਿਆਂ ਨੂੰ ਧੁਰੇ ਨਾਲ ਜੋੜਨ ਨਾਲ ਪ੍ਰੇਰਨਾ ਦਾ ਸੋਮਾ ਬਣੇ ਅਤੇ ਦੂਜੇ ਪਾਸੇ ਉਨ੍ਹਾਂ ਹਿੱਸਿਆਂ ਨੂੰ ਵੀ ਜ਼ਮੀਰ ਦੇ ਸਨਮੁਖ ਕਰਨ ਲਈ ਕੋਈ ਕਸਰ ਨਾ ਛੱਡੇ ਜੋ ਆਪਣੇ ਨਿੱਕੇ-ਨਿੱਕੇ ਸਵਾਰਥਾਂ ਤੇ ਫ਼ਾਇਦਿਆਂ ਕਾਰਨ ਅੱਜ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਅਖ਼ਬਾਰਾਂ ਤੇ ਮੈਗਜ਼ੀਨਾਂ ਤੋਂ ਇਲਾਵਾ ਮੀਡੀਆ ਵਿਚ ਟੀ.ਵੀ., ਇੰਟਰਨੈ¤ਟ, ਫ਼ੇਸਬੁੱਕ, ਟਵਿੱਟਰ, ਸੋਸ਼ਲ ਨੈ¤ਟਵਰਕਿੰਗ, ਸੈ¤ਲਫ਼ੋਨ ਵਗ਼ੈਰਾ ਸਾਡੀਆਂ ਜ਼ਿੰਦਗੀਆਂ ਵਿਚ ਦਾਖ਼ਲ ਹੋ ਚੁੱਕੇ ਹਨ। ਵੀਡੀਓ ਤੇ ਆਡੀਓ ਕਾਰਾਂ, ਘਰਾਂ, ਦਫ਼ਤਰਾਂ ਤੇ ਜਹਾਜ਼ਾਂ ਵਿਚ ਆ ਗਏ ਹਨ। ਇਹ ਕਹਾਵਤ ‘ਸਭ ਕੁਝ ਸਭ ਥਾਵਾਂ ਉਤੇ’ ਹਰ ਘਰ ਵਿਚ ਸੁਣੀ ਜਾਂਦੀ ਹੈ। ਪਰ ਅਜੇ ਤਕ ਸਾਡੇ ਕੋਲ ਇਕ ਵੀ ਅਖ਼ਬਾਰ ਨਹੀਂ ਜਿਸ ਨੂੰ ਅਸੀਂ ਸਿਧਾਂਤ ਦੇ ਵੱਡੇ ਘੇਰੇ ਵਿਚ ਰਹਿ ਕੇ ਆਪਣਾ ਆਖ ਸਕੀਏ। ਇਕ ਵੀ ਚੈਨਲ ਨਹੀਂ ਜਿਥੇ ਅਸੀਂ ਆਪਣੀ ਗੱਲ ਨੂੰ ਨਵੀਆਂ ਤਕਨੀਕਾਂ ਦੀ ਵਰਤੋਂ ਕਰ ਕੇ ਆਪਣੇ ਇਤਿਹਾਸ ਦੀ ਰੌਸ਼ਨੀ ਵਿਚ ਅੱਜ ਦੇ ਮੁਹਾਵਰੇ ਮੁਤਾਬਕ ਪੇਸ਼ ਕਰ ਸਕੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,