ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਮਨਪ੍ਰੀਤ ਸਿੰਘ ਬਾਦਲ ਨੂੰ ਜਾਣਭੁੱਝ ਕੇ ਭੁੱਲਣ ਦੀ ਹੋਈ ਬੀਮਾਰੀ: ਸ਼੍ਰੋਮਣੀ ਅਕਾਲੀ ਦਲ

July 1, 2016 | By

“ਅਮਰਿੰਦਰ ਦਾ ਚਮਚਾ ਬਣਨ ਦੀ ਹੱਦ ਤੱਕ ਉਤਰਿਆ ਮਨਪ੍ਰੀਤ ਬਾਦਲ”: ਡਾ. ਚੀਮਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਇਹ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਕਿ ਮਨਪ੍ਰੀਤ ਬਾਦਲ ਵਰਗਾ ਵਿਅਕਤੀ, ਜਿਸ ਨੇ ਕਿ ਪਹਿਲਾਂ ਕ੍ਰਾਂਤੀਕਾਰੀਆਂ ਦੇ ਆਦਰਸ਼ਾਂ ਉਪਰ ਚੱਲਣ ਦੀਆਂ ਝੂਠੀਆਂ ਸੌਹਾਂ ਖਾ ਕੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ, ਹੁਣ ਕਾਂਗਰਸ ਵਿੱਚ ਪੈਰ ਜਮਾਉਣ ਲਈ ਚਮਚਾਗਿਰੀ ਉਤੇ ਉਤਰ ਆਇਆ ਹੈ।

ਡਾ. ਦਲਜੀਤ ਸਿੰਘ ਚੀਮਾ ਅਤੇ ਮਨਪ੍ਰੀਤ ਬਾਦਲ {ਫਾਈਲ ਫੋਟੋ}

ਡਾ. ਦਲਜੀਤ ਸਿੰਘ ਚੀਮਾ ਅਤੇ ਮਨਪ੍ਰੀਤ ਬਾਦਲ {ਫਾਈਲ ਫੋਟੋ}

ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਨਪ੍ਰੀਤ ਨੇ ਆਪਣੇ ਬੀਤੇ ਦਿਨ ਦੇ ਕਾਰਿਆਂ ਰਾਹੀਂ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਖੁਸ਼ਨੂਦੀ ਹਾਸਲ ਕਰਨ ਲਈ ਆਪਣੇ ਸਵੈਮਾਣ ਨੂੰ ਵੀ ਛਿੱਕੇ ਟੰਗ ਸਕਦਾ ਹੈ। ਡਾ. ਚੀਮਾ ਨੇ ਅੱਗੇ ਕਿਹਾ ਕਿ ਨਹੀਂ ਤਾਂ ਮਨਪ੍ਰੀਤ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਦਾਗ ਐਲਾਨ ਕੇ ਸਾਰੇ ਨੈਤਿਕ ਅਸੂਲਾਂ ਦੀ ਕੁਰਬਾਨੀ ਦੇਣ ਦੀ ਕੀ ਵਜ੍ਹਾ ਹੋ ਸਕਦੀ ਹੈ।

ਡਾ. ਚੀਮਾ ਨੇ ਮਨਪ੍ਰੀਤ ਬਾਦਲ ਨੂੰ ਲੋਕਾਂ ਸਾਹਮਣੇ ਇਸ ਗੱਲ ਦਾ ਜੁਆਬ ਦੇਣ ਲਈ ਕਿਹਾ ਕਿ ਕਿਉਂ ਉਸ ਨੂੰ ਪਹਿਲਾਂ ਦੇ ਸਮੇਂ ਵਿੱਚ ਅਮਰਿੰਦਰ ਬੇਦਾਗ ਨਹੀਂ ਦਿਸਿਆ। ਅਕਾਲੀ ਆਗੂ ਨੇ ਅੱਗੇ ਕਿਹਾ ਕਿ ਅਜਿਹਾ ਇਸ ਕਰਕੇ ਹੈ ਕਿ ਤੁਸੀਂ ਹੁਣ ਆਪਣੇ ਆਪ ਨੂੰ ਕਾਂਗਰਸ ਪਾਰਟੀ ਦੇ ਚਮਚਾਗਿਰੀ ਵਾਲੇ ਰੰਗ ਵਿੱਚ ਰੰਗਣ ਦਾ ਫੈਸਲਾ ਕਰ ਲਿਆ ਹੈ? ਕੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਮਨਪ੍ਰੀਤ ਜੋ ਕਿ ਸ਼ਹੀਦ ਭਗਤ ਸਿੰਘ ਵਰਗੇ ਸੂਰਬੀਰਾਂ ਦੀ ਸਹੁੰ ਖਾਂਦਾ ਹੁੰਦਾ ਸੀ, ਹੁਣ ਸਿਰਫ ਇੱਕ ਚਮਚਾ ਬਣ ਕੇ ਰਹਿ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨਕੁੰਨ ਗੱਲ ਹੈ ਕਿ ਮਨਪ੍ਰੀਤ ਵਰਗਾ ਪੜ੍ਹਿਆ ਲਿਖਿਆ ਬੰਦਾ, ਜੋ ਕਿ ਅਖਬਾਰਾਂ ਵਿੱਚੋਂ ਮਿਸਾਲਾਂ ਦੇਣ ਦਾ ਸ਼ੌਕੀਨ ਸੀ, ਕੈਪਟਨ ਅਮਰਿੰਦਰ ਖਿਲਾਫ ਹਾਲ ਹੀ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਖੁਲ਼ਾਸਿਆਂ ਬਾਰੇ ਖਬਰ ਨਹੀਂ ਰੱਖ ਸਕਿਆ। ਡਾ. ਚੀਮਾ ਨੇ ਹੋਰ ਕਿਹਾ ਕਿ ਜੇਕਰ ਤੁਸੀਂ ਅਜਿਹਾ ਕੀਤਾ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਬੇਦਾਗ ਆਗੂ ਅਤੇ ਉਸਦੇ ਪਰਿਵਾਰ ਨੇ ਵਿਦੇਸ਼ਾਂ ਵਿੱਚ ਖਾਤੇ ਅਤੇ ਟਰੱਸਟ ਖੋਲ਼੍ਹ ਕੇ ਪੈਸਾ ਜਮ੍ਹਾ ਕੀਤਾ ਹੈ। ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਇਸ ਬਾਰੇ ਪਤਾ ਨਾ ਹੋਵੇ ਪਰ ਤੁਹਾਡੀ ਭੁੱਲਣ ਦੀ ਆਦਤ ਨੂੰ ਮੁਆਫ ਕੀਤਾ ਜਾ ਸਕਦਾ ਹੈ ਕਿਉਂ ਜੋ ਤੁਹਾਡੀ ਭੂਮਿਕਾ ਅਮਰਿੰਦਰ ਦੇ ਕਾਰਿਆਂ ਦਾ ਪਰਦਾ ਕੱਜਣ ਦੀ ਹੀ ਰਹਿ ਗਈ ਹੈ।

ਡਾ. ਚੀਮਾ ਨੇ ਇਹ ਵੀ ਕਿਹਾ ਕਿ ਮਨਪ੍ਰੀਤ ਦਾ ਦਾਅਵਾ ਕਿ ਕਾਂਗਰਸ ਪਾਰਟੀ ਪੰਜਾਬ ਮਾਮਲਿਆਂ ਦੀ ਨਵੀਂ ਇੰਚਾਰਜ ਆਸ਼ਾ ਕੁਮਾਰੀ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਦੇ ਸਾਫ ਅਕਸ ਦੀ ਮਦਦ ਨਾਲ ਅੱਗੇ ਵਧੇਗੀ, ਇਸ ਗੱਲ ਦਾ ਸੂਚਕ ਹੈ ਕਿ ਉਸ ਨੂੰ ਜਾਣਬੁੱਝ ਕੇ ਭੁੱਲਣ ਦੀ ਬੀਮਾਰੀ ਹੈ। ਉਨ੍ਹ੍ਹਾਂ ਕਿਹਾ ਕਿ ਹੋਰ ਕੋਈ ਕਾਰਨ ਨਹੀਂ ਕਿ ਮਨਪ੍ਰੀਤ ਵੱਲੋਂ ਅਮਰਿੰਦਰ ਦੇ ਲੁਧਿਆਣਾ ਸਿਟੀ ਸੈਂਟਰ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਅਤੇ ਇੰਟਰਾਨੈ¤ਟ ਘੁਟਾਲਿਆਂ ਤੋਂ ਇਲਾਵਾ ਵਿਦੇਸ਼ੀ ਬੈਂਕਾਂ ਅਤੇ ਟਰੱਸਟਾਂ ਵਿਚਲੇ ਖਾਤਿਆਂ ਨੂੰ ਭੁਲਾ ਦਿੱਤਾ ਜਾਂਦਾ।

ਮਨਪ੍ਰੀਤ ਸਿੰਘ ਬਾਦਲ ਨੂੰ ਹਮੇਸ਼ਾ ਆਪਣੀ ਹੀ ਪਾਰਟੀ ਖਿਲਾਫ ਕੰਮ ਕਰਨ ਵਾਲਾ ਸ਼ਖ਼ਸ ਗਰਦਾਨਦੇ ਹੋਏ ਡਾ. ਚੀਮਾ ਨੇ ਕਿਹਾ ਕਿ ਇਹ ਹੀ ਕਾਰਨ ਸੀ ਕਿ ਮਨਪ੍ਰੀਤ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਹੀ ਵਜ੍ਹਾ ਸੀ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਮਨਪ੍ਰੀਤ ਖਿਲਾਫ ਬਗਾਵਤ ਉਤੇ ਉਤਰ ਆਈ ਤੇ ਉਸ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਮਜਬੂਰ ਹੋਣਾ ਪਿਆ। ਕਾਂਗਰਸ ਵਿੱਚ ਵੀ ਉਹ ਇਸ ਪਾਰਟੀ ਨੂੰ ਪੰਜਾਬ ਵਿੱਚ ਤਬਾਹ ਹੋਣ ਵੱਲ ਹੀ ਲਿਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਪ੍ਰਤੀ ਆਪਣੀ ਵਫਾਦਾਰੀ ਸਾਬਤ ਕਰਨ ਲਈ ਮਨਪ੍ਰੀਤ ਸਿੰਘ ਬਾਦਲ ਨੂੰ ਨੈਤਿਕ ਅਸੂਲਾਂ ਦੀ ਹੱਤਿਆ ਨਾ ਕਰਨ ਦੀ ਤਾੜਨਾ ਕਰਦੇ ਅਕਾਲੀ ਆਗੂ ਨੇ ਉਸ ਨੂੰ ਪੰਜਾਬ ਸਰਕਾਰ ਵਿੱਚ ਬਤੌਰ ਕੈਬਨਿਟ ਮੰਤਰੀ ਉਸ ਦੇ ਦਿਨ ਚੇਤੇ ਕਰਵਾਏ ਜਦੋਂ ਉਹ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਖਤ ਸ਼ਬਦਾਂ ਵਿਚ ਬੋਲਦਾ ਹੁੰਦਾ ਸੀ ਅਤੇ ਸਾਬਕਾ ਮੁੱਖ ਮੰਤਰੀ ਉਤੇ ਸਵਾਲ ਖੜ੍ਹੇ ਕਰਦਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,