ਸਿੱਖ ਖਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਅਕਸ ਨੂੰ ਸਾਜਿਸ਼ ਤਹਿਤ ਵਿਗਾੜਿਆ ਜਾ ਰਿਹਾ ਹੈ: ਰਜਿਸਟਰਾਰ

March 10, 2016 | By

ਫਤਹਿਗੜ੍ਹ ਸਾਹਿਬ: ( 9 ਫਰਵਰੀ, 2016): ਸ੍ਰੀ ਗੁਰੂ ਗ੍ਰੰਥ ਸਾਹਿਬ  ਯੂਨੀਵਰਸਿਟੀ ਵਿਚ ਆਯੋਜਿਤ 12ਵੇਂ ਖ਼ਾਲਸਾਈ ਖੇਡ ਉਤਸਵ ਦੇ ਉਦਘਾਟਨੀ ਸਮਾਗਮ ਵਿਚ ਪਤਿਤ ਨੌਜਵਾਨਾਂ ਦੀ ਸ਼ਮੁਲੀਅਤ ਨੂੰ ਲੈਕੇ ਯੁਨੀਵਰਸਿਟੀ ਅਤੇ ਸ਼੍ਰੋਮਣੀ ਕਮੇਟੀ ਖਿਲਾਫ ਕੀਤੀ ਨਾਹਰੇਬਾਜ਼ੀ ਦੀ ਘਟਨਾ ‘ਤੇ ਯੁਨੀਵਰਸਿਟੀ ਨੇ ਸਪੱਸ਼ਟੀ ਕਰਨ ਦਿੰਦਿਆਂ ਕਿਹਾ ਕਿ ਇਕ ਗੁੰਮਰਾਹਕੁਨ ਨੌਜਵਾਨ ਵੱਲੋਂ ਕੀਤੀ ਨਾਹਰੇਬਾਜ਼ੀ ਨੂੰ ਪ੍ਰੈੱਸ ਦੇ ਇੱਕ ਹਿੱਸੇ ਵੱਲੋਂ ਵਧਾ ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਾਇਆ।

ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨੂੰ ਭੇਜੇ ਬਿਆਨ ਵਿੱਚ ਕਿਹਾ ਕਿ ਇਹ ਸ਼ਰਾਰਤੀ ਅਨਸਰਾਂ ਦੀ ਗਿਣੀ ਮਿੱਥੀ ਸਾਜਿਸ਼ ਹੈ ਤਾਂ ਜੋ ਯੂਨੀਵਰਸਿਟੀ ਦਾ ਅਕਸ ਵਿਗਾੜਿਆ ਜਾਵੇ।

ਉਦਘਾਟਨੀ ਸਮਾਗਮ ਦੀਆਂ ਯੂਨੀਵਰਸਿਟੀ ਪ੍ਰਬੰਧਕਾਂ ਵਾਲੋਂ ਜਾਰੀ ਕੀਤੀਆਂ ਤਸਵੀਰਾਂ

ਉਦਘਾਟਨੀ ਸਮਾਗਮ ਦੀਆਂ ਯੂਨੀਵਰਸਿਟੀ ਪ੍ਰਬੰਧਕਾਂ ਵਾਲੋਂ ਜਾਰੀ ਕੀਤੀਆਂ ਤਸਵੀਰਾਂ

ਡਾ. ਸਿੰਘ ਨੇ ਕਿਹਾ ਕਿ ਇਸ ਨਿੱਕੀ ਜਿਹੀ ਤੁਕਹੀਣ ਘਟਨਾ ਨੂੰ ਖ਼ਬਰਾਂ ਵਿਚ ਬੇਲੋੜੀ ਤੂਲ ਦਿੱਤੀ ਗਈ ਹੈ। ਖ਼ਾਲਸਾਈ ਖੇਡ ਉਤਸਵ ਨੂੰ ਆਯੋਜਿਤ ਕਰਨ ਦਾ ਮੰਤਵ ਨੌਜਵਾਨਾਂ ਨੂੰ ਖੇਡ ਸਭਿਆਚਾਰ ਤੇ ਸਿਹਤਮੰਦ ਜੀਵਨ ਜਾਂਚ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਇਹ ਵਿਦਿਆਰਥੀ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਸਕਣ। ਅਜਿਹੀਆਂ ਬੇਲੋੜੀਆਂ ਸਾਜਿਸ਼ਾਂ ਸਾਡੀ ਇਸ ਸੱਚੀ-ਸੁੱਚੀ ਭਾਵਨਾ ਨੂੰ ਰੋਕ ਨਹੀਂ ਸਕਦੀਆਂ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਾਹੇ ਪਏ ਨੌਜਵਾਨਾਂ ਨੂੰ ਸਿੱਖੀ ਦੇ ਉਤਮ ਜੀਵਨ ਮਾਰਗ ’ਤੇ ਲੈ ਕੇ ਆਉਣ ਲਈ ਖ਼ਾਲਸਾਈ ਖੇਡ ਉਤਸਵ ਵਰਗੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ ਸਦਾ ਪ੍ਰਤਿਬੱਧ ਹੈ।

ਉਦਘਾਟਨੀ ਸਮਾਗਮ ਦੀਆਂ ਯੂਨੀਵਰਸਿਟੀ ਪ੍ਰਬੰਧਕਾਂ ਵਾਲੋਂ ਜਾਰੀ ਕੀਤੀਆਂ ਤਸਵੀਰਾਂ

ਉਦਘਾਟਨੀ ਸਮਾਗਮ ਦੀਆਂ ਯੂਨੀਵਰਸਿਟੀ ਪ੍ਰਬੰਧਕਾਂ ਵਾਲੋਂ ਜਾਰੀ ਕੀਤੀਆਂ ਤਸਵੀਰਾਂ

ਸ਼ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਵਿਦਿਆਰਥੀਆਂ ਨੂੰ ਨਸ਼ੇ ਅਤੇ ਪਤਿਤਪੁਣੇ ਤੋਂ ਠੱਲਣ ਲਈ ਅਨੇਕ ਯਤਨ ਕਰ ਰਹੇ ਹਨ ਜਿਨ੍ਹਾਂ ਵਿਚ ਖ਼ਾਲਸਾਈ ਖੇਡ ਉਤਸਵ ਵੀ ਸ਼ਾਮਲ ਹੈ। ਡਾ. ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਤੇ ਹੋਰ ਸੰਸਥਾਵਾਂ ਨੂੰ ਸੱਦਾ-ਪੱਤਰ ਭੇਜੇ ਗਏ ਸਨ ਅਤੇ ਨਾਲ ਹੀ ਯੂਨੀਵਰਸਿਟੀ ਵੱਲੋਂ ਨਿੱਜੀ ਤੌਰ ’ਤੇ ਸਾਰਿਆਂ ਨੂੰ ਸੁਨੇਹੇ ਲਾਏ ਗਏ।

ਉਨ੍ਹਾਂ ਕਿਹਾ ਕਿ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੁਖੀ ਅਤੇ ਪ੍ਰਤਿਨਿਧ ਉਥੇ ਹਾਜ਼ਰ ਸਨ। ਇਸ ਮੌਕੇ ਪੁੱਜੇ ਹੋਏ ਪਤਵੰਤੇ ਮਹਿਮਾਨਾਂ ਨੇ ਯੂਨੀਵਰਸਿਟੀ ਵੱਲੋਂ ਇਸ ਖੇਡ ਉਤਸਵ ਦੇ ਉਦਘਾਟਨੀ ਸਮਾਗਮ ਸਮੇਂ ਕੀਤੇ ਪ੍ਰਬੰਧਾਂ ਦੀ ਅਤੇ ਮਾਰਚ ਪਾਸਟ ਵਿਚ ਸ਼ਾਮਲ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਜਿਸ ਬਾਰੇ ਜਾਣਕਾਰੀ ਪਹਿਲਾਂ ਪ੍ਰੈੱਸ ਵਿਚ ਦਿੱਤੀ ਜਾ ਚੁੱਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,