ਖਾਸ ਲੇਖੇ/ਰਿਪੋਰਟਾਂ

ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ : ਮੁੱਢ ਕਿੱਥੇ ਪਿਆ ਹੈ ?

April 20, 2023 | By

ਇੱਕ ਗੈਰ ਪੰਜਾਬੀ ਬੀਬੀ ਦੁਆਰਾ ਆਪਣਾ ਮੂੰਹ ਰੰਗ ਕੇ ਦਰਬਾਰ ਸਾਹਿਬ ਵਿਚ ਜਾਣ ਦੀ ਕੋਸ਼ਿਸ਼ ਕਰਨ ਦਾ ਮਸਲਾ ਸੋਸ਼ਲ ਮੀਡੀਆ ਅਤੇ ਇੰਡਿਅਨ ਮੁੱਖ ਧਾਰਾ ਮੀਡੀਆ ਵਿੱਚ ਲਗਾਤਾਰ ਦਿਖਾਇਆ ਅਤੇ ਪ੍ਰਚਾਰਿਆ ਜਾ ਰਿਹਾ ਹੈ। ਇਸ ਮਸਲੇ ਉਤੇ ਲਗਾਤਰ ਲੋਕਾਂ ਵਲੋਂ ਆਪਣੇ ਵਿਚਾਰ ਦਿੱਤੇ ਜਾ ਰਹੇ ਹਨ ਅਤੇ ਇੱਕ ਦੂਜੇ ਉਤੇ ਇਲਜ਼ਾਮਬਾਜ਼ੀ ਚੱਲ ਰਹੀ ਹੈ। ਖ਼ਬਰ ਸੀਸ਼ੇ (ਮੋਬਾਈਲ) ਰਾਹੀਂ ਆਈ ਅਤੇ ਲੋਕਾਂ ਤੱਕ ਪਹੁੰਚੀ ਹੈ ਅਤੇ ਇਸ ਤੋਂ ਅੱਗੇ ਦਿੱਲੀ ਪੱਖੀ ਮੀਡੀਆ ਨੇ ਇਸਨੂੰ ਵੱਡਾ ਮਸਲਾ ਬਣਾ ਲਿਆ ਹੈ। ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ: ਧਾਮੀ ਵਲੋਂ ਵੀ ਬਿਆਨ ਆ ਗਿਆ ਹੈ। ਇਸ ਸਾਰੇ ਮਸਲੇ ਦੇ ਵਿਚ ਜੇ ਕਿਧਰੇ ਸ਼ੀਸ਼ਾ (ਮੋਬਾਈਲ) ਨਾ ਹੁੰਦਾ ਤਾਂ ਗੱਲ ਦਾ ਖਿਲਾਰਾ ਘੱਟ ਪੈਣਾ ਸੀ। ਮੌਕੇ ਉਪਰ ਆਪਸੀ ਸਹਿਮਤੀ ਅਤੇ ਆਲੇ ਦੁਆਲੇ ਦੀ ਸੰਗਤ ਦੇ ਸਮਝਾਉਣ ਨਾਲ ਗੱਲ ਠੰਡੀ ਪੈ ਜਾਣੀ ਸੀ। ਜੇਕਰ ਸੈਰ ਸਪਾਟੇ ਅਤੇ ਆਪਣੀ ਹਉਮੈ ਦੇ ਖਿਆਲ ਨੂੰ ਤਿਆਗ ਕੇ ਆਏ ਹੋਣ ਤਾਂ ਉਸ ਬੀਬੀ ਅਤੇ ਉਸ ਦੇ ਪਰਿਵਾਰ ਨੇ ਦਰਸ਼ਨ ਦੀਦਾਰੇ ਕਰਕੇ ਚਿੱਤ ਵਿੱਚ ਸ਼ਾਂਤੀ ਲੈ ਕੇ ਜਾਣੀ ਸੀ। ਪਰ ਹੁਣ ਤੱਕ ਦੀ ਜੋ ਗੱਲ ਨਿਕਲ ਕੇ ਆਈ ਹੈ, ਉਸ ਮੁਤਾਬਕ ਉਹਨਾਂ ਦਾ ਇਰਾਦਾ ਹਲੇਮੀ ਨਾਲ ਦਰਸ਼ਨ ਕਰਨ ਦਾ ਨਹੀਂ ਸੀ ਲੱਗਦਾ।

ਇਹ ਗੱਲ ਪਹਿਲਾਂ ਵੀ ਬਹੁਤ ਵਾਰ ਦੁਹਰਾਈ ਹੈ ਕਿ ਲੋਕ ਅਸਲੀਅਤ ਤੋਂ ਉਨ੍ਹੇ ਪ੍ਰਭਾਵਿਤ ਨਹੀਂ, ਜਿੰਨੇ ਕਿ ਸ਼ੀਸ਼ੇ ਤੋਂ ਪ੍ਰਭਾਵਿਤ ਹਨ। ਇਸ ਦੇ ਬਾਰੇ ਸਮੁੱਚੇ ਸਿੱਖ ਜਗਤ ਨੂੰ ਸੋਚਣਾ ਪਵੇਗਾ ਕਿ ਬਗਾਨੇ ਸੰਦਾਂ ਦੇ ਸਹਾਰੇ ਆਪਣੇ ਕਾਜ ਠੀਕ ਨਹੀਂ ਕਰ ਹੋਣੇ। ਇਸਨੂੰ ਵਰਤਣ ਅਤੇ ਇਸ ਤੋਂ ਕੁਝ ਦੇਖਣ ਜਾਂ ਗ੍ਰਹਿਣ ਕਰਨ ਲੱਗਿਆ ਸੌ ਵਾਰ ਸੋਚਣਾ ਜ਼ਰੂਰੀ ਹੈ। ਇਸ ਨਾਲ ਬੰਦੇ ਦਾ ਚੰਗਾ ਜਾਂ ਮਾੜਾ ਕਾਰਨ ਦੀ ਸਮਰੱਥਾ ਵਧੀ ਹੈ। ਪਹਿਲਾਂ ਕਲੇਸ਼ੀ ਲੋਕ ਉੱਚੀ ਉੱਚੀ ਰੌਲਾ ਪਾ ਕੇ ਲੋਕਾਂ ਦਾ ਧਿਆਨ ਖਿੱਚਦੇ ਸੀ, ਘਰ ਦੀਆਂ ਲੜਾਈਆਂ ਗਲੀਆਂ ਵਿਚ ਆ ਕੇ ਲੜਦੇ ਸੀ, ਪਰ ਹੁਣ ਸ਼ੀਸ਼ੇ ਦੇ ਸਹਾਰੇ ਕਲੇਸ਼ ਕਿੰਨੇ ਲੋਕਾਂ ਵਿਚ ਖਿੱਚ ਕੇ ਲਿਜਾਣਾ ਹੈ, ਉਹ ਵਿਅਕਤੀ ਦੀ ਸਮਰੱਥਾ ਦੇ ਅਧਾਰਤ ਹੈ। ਧਾਰਮਿਕ ਸਥਾਨਾਂ ‘ਤੇ ਆ ਕੇ ਵੀ ਕਲੇਸ਼ੀ ਬੰਦਿਆਂ ਦੀ ਬਿਰਤੀ ਨਹੀਂ ਬਦਲਦੀ। ਮਰਿਯਾਦਾ ਦਾ ਪਾਲਣ ਕਰਵਾਉਂਣਾ ਜ਼ਰੂਰੀ ਹੈ ਪਰ ਕਲੇਸ਼ ਵਿਚ ਪੈਣ ਤੋਂ ਬਚਣਾ ਚਾਹੀਦਾ ਹੈ।

ਇਸ ਕਲੇਸ਼ ਵਿਚ ਆਪਣਾ ਪੱਖ ਰੱਖਣ ਦੇ ਨਾਲ-ਨਾਲ ਸੰਗਤ ਨੂੰ ਇਸ ਦੇ ਅਣਦਿਸਦੇ ਕਾਰਨਾਂ ਦੀ ਵੀ ਘੋਖ ਕਰਨੀ ਚਾਹੀਦੀ ਹੈ। ਜਿੰਨੇ ਲੋਕਾਂ ਵਿਚ ਗੱਲ ਜਾਣੀ ਚਾਹੀਦੀ ਹੈ, ਸ਼ਾਇਦ ਚਲੀ ਗਈ ਹੈ। ਲੋਕਾਂ ਨੇ ਉਸ ਮੁਤਾਬਕ ਨਤੀਜੇ ਕੱਢ ਕੇ ਆਪਣੀਆਂ ਪੁਜੀਸ਼ਨਾਂ ਲੈ ਲਈਆਂ ਹਨ। ਹੁਣ ਗੱਲ ਸਿੱਖਾਂ ਅਤੇ ਕੇਂਦਰ ਵਿਚ ਟਕਰਾਓ ਵਾਲੀ ਚੱਲ ਰਹੀ ਹੈ। ਗੱਲ ਦੱਸਣ ਅਤੇ ਫੈਲਾਉਣ ਦੀ ਜਿੰਨੀ ਸਮਰੱਥਾ ਦਿੱਲੀ ਦਰਬਾਰ ਦੀ ਹੈ, ਉਨੀ ਸਿੱਖਾਂ ਦੀ ਨਹੀਂ ਹੈ। ਨਾ ਇਹ ਬਣ ਸਕੇ, ਇਹ ਗੱਲ ਮੰਨ ਲੈਣੀ ਚਾਹੀਦੀ ਹੈ। ਜਿਥੇ ਸਾਡੀ ਕਮਜ਼ੋਰੀ ਹੈ, ਸੋ ਹੈ। ਸਾਡਾ ਤਕੜਾ ਪੱਖ ਕਿਹੜਾ ਹੈ, ਉਥੇ ਉਸਾਰੂ ਗੱਲਬਾਤ ਹੋਣੀ ਚਾਹੀਦੀ ਹੈ।

ਦਰਬਾਰ ਸਾਹਿਬ ਵਿੱਚ ਪਿਛਲੇ ਸਮਿਆਂ ਵਿਚ ਦਰਸ਼ਨ ਕਰਨ ਵਾਲੇ ਸਰਧਾਲੂਆਂ ਦੀ ਗਿਣਤੀ ਕਾਫੀ ਵਧੀ ਹੈ। ਸੂਬਾ ਸਰਕਾਰਾਂ ਦੁਆਰਾ ਅਤੇ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਮੇਲੇ ਵਾਲਾ ਮਾਹੌਲ ਬਣਾਇਆ ਹੋਇਆ ਹੈ। ਸੋ ਜਿਸ ਤਰ੍ਹਾਂ ਦੇ ਲੋਕਾਂ ਨੂੰ ਸਰਕਾਰ ਅਤੇ ਕਮੇਟੀ ਪਿਛਲੇ ਕਾਫ਼ੀ ਸਾਲਾਂ ਤੋਂ ਖਿੱਚਣ ਦੀ ਕੋਸ਼ਿਸ ਕਰ ਰਹੇ ਹਨ, ਉਹ ਲੋਕ ਆ ਰਹੇ ਹਨ ਅਤੇ ਨਤੀਜਾ ਸਾਹਮਣੇ ਹੈ। ਜਿਸ ਵਿਚ ਸਰਕਾਰ ਦਾ ਤਾਂ ਕੱਖ ਨਹੀਂ ਵਿਗੜਨ ਵਾਲਾ ਪਰ ਸਿੱਖਾਂ ਅਤੇ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਦਰਬਾਰ ਦੇ ਖ਼ਬਰਖਾਨੇ ਨੇ ਨਿਸ਼ਾਨੇ ’ਤੇ ਰੱਖ ਲਿਆ ਹੈ।

ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ। ਇਸ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ ਸਿੱਖਾਂ ਨੇ ਲੱਖਾਂ ਦੀ ਗਿਣਤੀ ਦੇ ਵਿਚ ਕੁਰਬਾਨੀਆਂ ਕੀਤੀਆਂ ਹਨ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਮੁਗਲ ਹਕੂਮਤ ਨੇ ਇਸ ਅਸਥਾਨ ਦੇ ਦਰਸ਼ਨ ਇਸਨਾਨ ਮਹਿੰਗੇ ਕਰ ਦਿੱਤੇ ਸਨ ਅਤੇ ਸਿੱਖਾਂ ਨੂੰ ਇਸਦੇ ਦਰਸ਼ਨ ਇਸਨਾਨਾਂ ਬਦਲੇ ਆਪਣੀ ਜਾਨ ਦੇਣੀ ਪੈਂਦੀ ਸੀ। ਪਰ ਹੁਣ ਸਾਡੀਆਂ ਸੰਸਥਾਵਾਂ ਨੇ ਦਰਸ਼ਨ ਖੁਦ ਬੇਹੱਦ ਸਸਤੇ ਕਰ ਲਏ ਹਨ। ਸਾਡੇ ਜੋੜ ਮੇਲਿਆਂ ਦੇ ਵਿੱਚ ਮਰਿਯਾਦਾ ਪੱਖੋਂ ਢਿੱਲ ਵੱਧ ਰਹੀ ਹੈ ਅਤੇ ਮਨ ਨੂੰ ਚੰਚਲ ਕਰਨ ਦੇ ਸਾਧਨ ਵੱਧ ਰਹੇ ਹਨ। ਹਲਕੇ ਕਿਰਦਾਰਾਂ ਵਾਲੇ ਲੋਕਾਂ ਦਾ ਬੋਲਬਾਲਾ ਵੱਧ ਗਿਆ ਹੈ, ਖਾਲਸਾ ਜੀ ਕੇ ਬੋਲਬਾਲੇ ਦੀ ਗੱਲ ਸਿੱਖ ਖੁਦ ਵਿਸਾਰ ਰਹੇ ਹਨ। ਅੱਜ ਗੁਰਧਾਮਾਂ ਦੇ ਆਲੇ ਦੁਆਲੇ ਬਣ ਰਹੇ ਅਪਵਿਤ੍ਰਤਾ ਦੇ ਮਾਹੌਲ ਨੂੰ ਠੱਲ ਪਾਉਣ, ਗੁਰਧਾਮਾਂ ਦੀ ਮਰਿਯਾਦਾ ਬਹਾਲੀ ਅਤੇ ਸਤਿਕਾਰ ਨੂੰ ਕਾਇਮ ਰੱਖਣ ਲਈ ਇਕੱਤਰ ਹੋ ਕੇ ਸੋਚਣਾ ਪਵੇਗਾ ਅਤੇ ਸਾਰੇ ਪੰਥ ਨੂੰ ਗੁਰਮਤੇ ਰਾਹੀਂ ਫੈਸਲਾ ਕਰਨਾ ਪਵੇਗਾ।

ਦਰਬਾਰ ਸਾਹਿਬ ਸਮੇਤ ਦੁਨੀਆਂ ਦਾ ਹਰੇਕ ਗੁਰੂਘਰ ਸਾਂਝੀਵਾਲਤਾ ਦੀ ਗਵਾਹੀ ਦਿੰਦਾ ਹੈ, ਜਿਥੇ ਕੋਈ ਵੀ ਵਿਅਕਤੀ ਕਿਸੇ ਵੀ ਦੇਸ਼, ਭੇਸ ਜਾਂ ਧਰਮ ਦਾ ਆਵੇ, ਕਿਸੇ ਨੂੰ ਕੋਈ ਰੋਕ ਨਹੀਂ। ਪਰ ਗੁਰਦੁਆਰੇ ਦੀ ਆਪਣੀ ਮਰਿਯਾਦਾ ਹੈ। ਜਿਥੇ ਤਹਿਜ਼ੀਬ ਵਾਲੇ ਲੋਕ ਦੁਨੀਆਂ ਵਿਚ ਕਿਸੇ ਵੀ ਸਭਿਆਚਾਰ ਵਿੱਚ ਜਾਣ ਵੇਲੇ, ਉਸ ਦੇਸ਼ ਮੁਤਾਬਕ ਆਪਣਾ ਯੋਗ ਭੇਸ ਬਦਲ ਲੈਂਦੇ ਅਤੇ ਸਭ ਤੋਂ ਜ਼ਰੂਰੀ ਉਹਨਾਂ ਦੀਆਂ ਪਵਿੱਤਰ ਚੀਜ਼ਾਂ ਦਾ ਸਤਿਕਾਰ ਕਰਦੇ ਹਨ, ਗੁਰਦੁਆਰੇ ਵਿਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਤੋਂ ਸਿੱਖ ਉਮੀਦ ਕਰਦੇ ਹਨ ਕਿ ਉਹ ਤਹਿਜ਼ੀਬ ਦਾ ਪੱਲਾ ਨਾ ਛੱਡਣ। ਜਦੋਂ ਕੋਈ ਵਿਅਕਤੀ ਆਪਣੇ ਸਭਿਆਚਾਰ ਤੋਂ ਬਾਹਰ ਕਿਸੇ ਦੂਸਰੇ ਸਭਿਆਚਾਰ ਵਿਚ ਵਿਚਰਦਾ ਹੈ, ਤਾਂ ਉਹ ਆਪਣੇ ਸਭਿਆਚਾਰ ਦੀ ਪ੍ਰਤੀਨਿਧਤਾ ਕਰਦਾ ਹੈ। ਸਿੱਖ ਕਿਸੇ ਦੂਸਰੇ ਤੋਂ ਉਸਦੇ ਸਭਿਆਚਾਰ ਦੀਆਂ ਚੰਗੀਆਂ ਗੱਲਾਂ ਸਿੱਖਣੀਆਂ ਚਾਹੁਣਗੇ, ਜੇਕਰ ਉਹ ਗੁਰਦੁਆਰੇ ਆ ਕੇ ਆਪਣੇ ਗੁਣ ਦੀ ਸਾਂਝ ਪਾਉਣ ਤਾਂ !

ਇੰਡੀਆ ਖੁਦ ਕੀ ਹੈ, ਇਹ ਉਸਦੇ ਅਮਲਾਂ ਤੋਂ ਸਾਬਤ ਹੋਵੇਗਾ, ਨਾਂ ਕਿ ਉਹ ਕਿ ਸੰਵਿਧਾਨ ਵਿਚ ਕੀ ਲਿਖਿਆ ਹੈ। ਦਿੱਲੀ ਦਰਬਾਰ ਅਤੇ ਉਸਦਾ ਮੀਡੀਆ, ਸਿੱਖਾਂ ਦੀ ਪਛਾਣ, ਉਸਦੀਆਂ ਕਦਰਾਂ ਕੀਮਤਾਂ ਅਤੇ ਮਰਿਯਾਦਾ ਦਾ ਕਿੰਨਾ ਕੁ ਸਤਿਕਾਰ ਕਰਦਾ ਹੈ ਇਹ ਗੱਲ ਵੀ ਦਿੱਲੀ ਦਰਬਾਰ ਦੇ ਅਮਲਾਂ ਤੋਂ ਲੋਕ ਸਮਝ ਅਤੇ ਬੁਝ ਰਹੇ ਹਨ ਕਿ ਆਪਣੇ ਆਪ ਨੂੰ ਵੱਖ ਵੱਖ ਪਛਾਣਾਂ ਅਤੇ ਸਭਿਆਚਾਰਾਂ ਦਾ ਦੇਸ਼ ਕਹਾਉਣਾ ਮਹਿਜ ਇੱਕ ਦਿਖਾਵਾ ਹੈ। ਦਿਖਾਵੇ ਦੇ ਅਮਲ ਤੋਂ ਅਲਹਿਦਾ ਸਿੱਖਾਂ ਨੂੰ ਅਸਲ ਅਮਲ ਦੇ ਰਸਤੇ ਪੈਣਾ ਪਵੇਗਾ, ਜੇਕਰ ਗੁਰੂ ਦੀ ਬਖਸ਼ਿਸ ਲੈਣੀ ਹੈ। ਦਿਖਾਵਾ ਨਾ ਗੁਰੂ ਨੂੰ ਪਸੰਦ ਹੈ, ਨਾ ਇਸਦੇ ਵਿਚ ਖਾਲਸੇ ਦੇ ਨਿਆਰੇਪਨ ਦੀ ਕੋਈ ਗੱਲ ਹੈ। ਸਿੱਖ ਅਮਲ ਨਾਲ ਹੈ।


ਉਪਰੋਕਤ ਲਿਖਤ ਕੌਮਾਂਤਰੀ ਅੰਮਿ੍ਰਤਸਰ ਟਾਈਮਜ਼ ਅਖਬਾਰ ਵਿਚੋਂ ਲਈ ਗਈ ਹੈ, ਇੱਥੇ ਅਸੀ ਮੁੜ ਪਾਠਕਾ ਲਈ ਸਾਂਝਾਂ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,