ਲੇਖ

ਪੰਜਾਬ ਦਾ ਜਲ ਸੰਕਟ : ਹੁਸ਼ਿਆਰਪੁਰ ਜਿਲ੍ਹੇ ਦੀ ਸਥਿਤੀ

December 9, 2022 | By

ਕੁਦਰਤ ਨੇ ਸਾਨੂੰ ਬੇਅੰਤ ਨਿਆਮਤਾਂ ਨਾਲ ਨਿਵਾਜਿਆ ਹੈ। ਇਹਨਾਂ ਵਿੱਚੋਂ ਸੱਭ ਤੋਂ ਮਹੱਤਵਪੂਰਨ ਪਾਣੀ ਹੈ। ਸਾਡੀ ਹਰ ਜਰੂਰਤ ਵਿਚ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਪਾਣੀ ਦੀ ਭੂਮਿਕਾ ਹੈ। ਪਰ ਸਾਡੇ ਕੋਲ ਬੇਅੰਤ ਮਾਤਰਾ ਵਿਚ ਮੌਜੂਦ ਹੋਣ ਦੇ ਬਾਵਜੂਦ ਵੀ ਅਸੀਂ ਇਸ ਨੂੰ ਸਾਂਭਣ ਤੋਂ ਖੁੰਝ ਰਹੇ ਹਾਂ।

ਹੁਸ਼ਿਆਰਪੁਰ ਜ਼ਿਲ੍ਹੇ ਦੀ ਸਥਿਤੀ:
ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਕਾਫੀ ਠੀਕ ਹਨ ਪਰ ਫਿਰ ਵੀ ਸਾਰਾ ਜ਼ਿਲ੍ਹਾ ਸੁਰੱਖਿਅਤ ਸ਼੍ਰੇਣੀ ਵਿਚ ਨਹੀਂ ਆਉਂਦਾ। ਜੇਕਰ ਪਾਣੀ ਦੇ ਅਧਾਰ ਤੇ ਜ਼ਿਲ੍ਹੇ ਨੂੰ 10 ਭਾਗਾਂ ਵਿੱਚ ਵੰਡ ਲਈਏ ਤਾਂ ਚਾਰ ਹਿੱਸੇ ਬਹੁਤ ਹੀ ਗੰਭੀਰ ਹਾਲਤ ਵਿੱਚ ਹਨ ਅਤੇ 3 ਹਿੱਸੇ
ਮੁਸ਼ਕਿਲ ਹਾਲਾਤ ਵਿਚ ਆਉਂਦੇ ਹਨ। ਇਸ ਦੇ 3 ਹਿੱਸੇ ਸੁਰੱਖਿਅਤ ਹਨ ਕਿਉਂਕਿ ਇਸਦਾ ਕਾਫੀ ਹਿੱਸਾ ਪਹਾੜੀ ਖੇਤਰ ਵਿਚ ਆਉਂਦਾ ਹੈ ਜਿਸ ਕਰਕੇ ਧਰਤੀ ਹੇਠੋਂ ਪਾਣੀ ਕੱਢਣਾ ਔਖਾ ਹੈ। ਹੇਠਾਂ ਦਿੱਤੇ ਅੰਕੜਿਆਂ ਤੋਂ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਿਵੇਂ ਕਿ-
2017(%) 2020(%)
ਹੁਸ਼ਿਆਰਪੁਰ-II 68 79
ਭੁੰਗਾ 70 58
ਦਸੂਹਾ 123 116
ਗੜ੍ਹਸ਼ੰਕਰ 131 164
ਹਾਜੀਪੁਰ 69 65
ਹੁਸ਼ਿਆਰਪੁਰ-I 147 141
ਮਾਹਿਲਪੁਰ 70 81
ਮੁਕੇਰੀਆਂ 86 83
ਤਲਵਾੜਾ 81 53
ਟਾਂਡਾ 183 137

ਸਾਰੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਹਾਲਤ ਇਕਸਾਰ ਨਹੀਂ ਹੈ। ਇਸਦੇ 3 ਹਿੱਸਿਆਂ ਵਿੱਚੋਂ ਪਾਣੀ ਕੱਢਣ ਦੀ ਦਰ ਵਿੱਚ ਵਾਧਾ ਹੋਇਆ ਹੈ ਤੇ ਬਾਕੀ 7 ਹਿੱਸਿਆਂ ਵਿੱਚ ਪਾਣੀ ਕੱਢਣ ਦੀ ਦਰ ਵਿੱਚ ਕਮੀ ਆਈ ਹੈ। ਦਸੂਹਾ ਖੇਤਰ ਵਿੱਚ 116%, ਗੜ੍ਹਸ਼ੰਕਰ ਵਿੱਚ 164%, ਹੁਸ਼ਿਆਰਪੁਰ-I ਵਿੱਚ 141% ਅਤੇ ਟਾਂਡਾ ਵਿੱਚ 137% ਪਾਣੀ ਕੱਢਿਆ ਜਾ ਰਿਹਾ ਹੈ।

ਧਰਤੀ ਹੇਠਲੇ ਜਲ ਭੰਡਾਰ ਦੀ ਸਥਿਤੀ:
ਮਿਣਤੀ ਦੇ ਪੱਖੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 2018 ਦੇ ਅੰਕੜਿਆਂ ਅਨੁਸਾਰ ਤਿੰਨਾਂ ਪੱਤਣਾਂ ਨੂੰ ਮਿਲਾ ਕੇ 252.7 ਲੱਖ ਏਕੜ ਫੁੱਟ ਪਾਣੀ ਹੈ। ਇਸ ਦੇ ਪਹਿਲੇ ਪੱਤਣ ਵਿੱਚ 137.68 ਲੱਖ ਏਕੜ ਫੁੱਟ, ਦੂਜੇ ਪੱਤਣ ਵਿੱਚ 62.65 ਲੱਖ ਏਕੜ ਫੁੱਟ ਅਤੇ ਤੀਜੇ ਪੱਤਣ ਵਿੱਚ 52.1 ਲੱਖ ਏਕੜ ਫੁੱਟ ਪਾਣੀ ਬਚਿਆ ਹੈ। ਇਸ ਜ਼ਿਲ੍ਹੇ ਵਿਚ ਜਿਆਦਾਤਰ ਬਲਾਕਾਂ ਵਿੱਚ ਪਾਣੀ ਕੱਢਣ ਦੀ ਦਰ ਵਿਚ ਗਿਰਾਵਟ ਆਈ ਹੈ। ਇਸ ਲਈ ਇਸ ਜ਼ਿਲ੍ਹੇ ਦੇ ਹਾਲਾਤ ਬਾਕੀ ਸਾਰੇ ਜ਼ਿਲ੍ਹਿਆਂ ਨਾਲੋਂ ਸੰਤੋਖਜਨਕ ਹਨ ਪਰ ਆਉਣ ਵਾਲੇ ਸਮੇਂ ਵਿਚ ਹੋਰ ਧਿਆਨ ਦੇਣ ਦੀ ਲੋੜ ਹੈ।
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜੰਗਲਾਤ ਹੇਠ ਰਕਬਾ:

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 21.18% ਜੰਗਲਾਤ ਹੇਠ ਰਕਬਾ ਹੈ। ਮਾਹਿਰਾਂ ਅਨੁਸਾਰ ਲਗਪਗ 33% ਧਰਤੀ ਉੱਤੇ ਜੰਗਲ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹਾ ਜ਼ਰੂਰੀ ਅੰਕੜੇ ਤੋਂ ਦੂਰ ਹੈ ਪਰ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਬਹੁਤ ਚੰਗੀ ਸਥਿਤੀ ਵਿਚ ਹੈ।

ਸੰਭਾਵੀ ਹੱਲ:
ਨਿੱਜੀ ਪੱਧਰ ਉੱਤੇ ਕੀਤੇ ਜਾ ਸਕਣ ਵਾਲੇ ਕਾਰਜ ਇਸ ਪ੍ਰਕਾਰ ਹਨ-
ਜਿਲ੍ਹੇ ਵਿਚ ਤਿੰਨ ਫਸਲੀ ਚੱਕਰ ਨੂੰ ਤੋੜ ਕੇ ਖੇਤੀਬਾੜੀ ਵਿੱਚ ਵਿੰਭਿੰਨਤਾ ਲਿਆਉਣੀ ਬਹੁਤ ਜਰੂਰੀ ਹੈ।
ਝੋਨੇ ਹੇਠ ਰਕਬਾ ਘਟਾਉਣ ਲਈ ਵਿਦੇਸ਼ਾਂ ਵਿਚ ਰਹਿੰਦੇ ਜੀਅ ਆਪਣੀ ਜਮੀਨ ਦਾ ਠੇਕਾ ਝੋਨਾ ਨਾ ਲਾਉਣ ਦੀ ਸ਼ਰਤ ਉੱਤੇ ਘਟਾ ਕੇ ਆਪਣੇ ਜਿਲ੍ਹੇ ਦੀ ਸਥਿਤੀ ਵਿਚ ਸੁਧਾਰ ਲਈ ਉੱਦਮ ਕਰ ਸਕਦੇ ਹਨ।
ਨਿਜੀ ਪੱਧਰ ‘ਤੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਮੀਂਹ ਦੇ ਪਾਣੀ ਨੂੰ ਵਰਤਣ ਦੇ ਯੋਗ ਢੰਗ ਅਪਨਾਉਣੇ ਚਾਹੀਦੇ ਹਨ।
ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿੱਜੀ ਅਤੇ ਸਮਾਜਿਕ ਪੱਧਰ ‘ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।
ਪੰਚਾਇਤੀ ਅਤੇ ਹੋਰ ਸਾਂਝੀਆਂ ਜਮੀਨਾਂ ਦੀ ਵਰਤੋਂ ਇਸ ਮਕਸਦ ਲਈ ਕੀਤੀ ਜਾ ਸਕਦੀ ਹੈ।
ਇੱਥੇ ਇਹ ਦੱਸਣ ਯੋਗ ਹੈ ਕਿ ਕਾਰਸੇਵਾ ਖਡੂਰ ਸਾਹਿਬ ਵੱਲੋਂ “ਗੁਰੂ ਨਾਨਕ ਯਾਦਗਾਰੀ ਜੰਗਲ” (ਝਿੜੀ) ਲਗਾਏ ਜਾਂਦੇ ਹਨ। ਇਹ ਛੋਟਾ ਜੰਗਲ ਲਾਉਣ ਲਈ ਘੱਟੋ-ਘੱਟ ਦਸ ਮਰਲੇ ਥਾਂ ਲੋੜੀਂਦੀ ਹੁੰਦੀ ਹੈ। ਇਹ ਜੰਗਲ ਕਾਰਸੇਵਾ ਖਡੂਰ ਸਾਹਬ ਵੱਲੋਂ ਬਿਨਾਂ ਕੋਈ ਖਰਚ ਲਏ ਲਗਾਈ ਜਾਂਦੀ ਹੈ। ਇਸ ਵਾਸਤੇ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਅਤੇ ਵਾਤਾਵਰਨ ਜਾਗਰੁਕਤਾ ਕੇਂਦਰ ਨਾਲ ਜਾਂ ਸਿੱਧੇ ਤੌਰ ਉੱਤੇ ਕਾਰਸੇਵਾ ਖਡੂਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,