ਖਾਸ ਖਬਰਾਂ » ਮਨੁੱਖੀ ਅਧਿਕਾਰ

ਨਹਿਰਾਂ ਦੇ ਕੰਕਰੀਟ ਕਰਨ ਦੇ ਵਿਰੋਧ ਚ ਹੋਏ ਇਕੱਠ ਚ ਐਲਾਨੇ ਗਏ ਮਤੇ

January 16, 2023 | By

ਚੰਡੀਗੜ੍ਹ :- ਹਰੀਕੇ ਤੋਂ ਨਿੱਕਲਦੀਆਂ ਜੌੜੀਆਂ ਨਹਿਰਾਂ, ਇੰਦਰਾ ਗਾਂਧੀ/ਰਾਜਸਥਾਨ ਨਹਿਰ ਅਤੇ ਸਰਹੰਦ ਫੀਡਰ ਨਹਿਰਾਂ ਨੂੰ ਮੋਟੀ ਤਰਪਾਲ ਅਤੇ ਸੀਮਿੰਟ-ਬਜਰੀ ਨਾਲ ਪੱਕਿਆਂ ਕਰਨ ਵਿਰੁਧ 15 ਜਨਵਰੀ 2023 ਨੂੰ ਫਿਰੋਜ਼ਸ਼ਾਹ (ਮੋਗਾ-ਫਿਰੋਜ਼ਪੁਰ) ਸੜਕ ਵਿਖੇ ਇਕ ਸਾਂਝਾ ਇਕੱਠ ਸੱਦਿਆ ਗਿਆ। ਇਸ ਇਕੱਠ ਮਿਸਲ ਸਤਲੁਜ ਦੇ ਹੋਕੇ ਉੱਤੇ ਹੋਇਆ। ਇਸ ਵਿਚ ਸਥਾਨਕ ਪਿੰਡਾਂ ਦੇ ਲੋਕਾਂ, ਸਮਾਜਕ, ਧਾਰਮਿਕ, ਰਾਜਸੀ, ਵਾਤਾਵਰਣ ਪ੍ਰੇਮੀ ਅਤੇ ਕਿਰਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਨਹਿਰਾਂ ਦੇ ਕੰਕਰੀਟੀਕਰਨ ਨਾ ਕਰਨ ਦੇਣ ਸਮੇਤ ਕਈ ਅਹਿਮ ਮਤੇ ਪ੍ਰਵਾਣ ਕੀਤੇ ਗਏ। ਇਸ ਇਕੱਠ ਨੂੰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਬੁਲਾਰਿਆਂ ਨੇ ਸੰਬੋਧਨ ਕੀਤਾ।

ਇਸ ਮੌਕੇ ਐਲਾਨੇ ਗਏ ਮਤੇ ਇਸ ਅਨੁਸਾਰ ਹਨ:-

1) ਅੱਜ ਦਾ ਇਹ ਇੱਕਠ ਐਲਾਨ ਕਰਦਾ ਹੈ ਕਿ ਪੰਜਾਬ ਦਾ ਦਰਿਆਈ ਪਾਣੀ ਦਾ ਪੰਜਾਬ ਕੁਦਰਤੀ ਅਤੇ ਵਾਹਿਦ ਮਾਲਿਕ ਹੈ। ਪੰਜਾਬ ਦੇ ਦਰਿਆਵਾਂ ਦੇ ਸਾਰੇ ਬੰਨ੍ਹਾਂ ਅਤੇ ਦਰਿਆਈ ਜਲ ਪ੍ਰਬੰਧਾਂ ਤੇਪਣ ਬਿਜਲੀ ਪ੍ਰਬੰਧਾਂ (ਭਾਵ ਡੈਮਾਂ, ਹੈਡਵਰਕਸ ਅਤੇ ਹਾਈਡਰੋ ਪਾਵਰ ਪ੍ਰੋਜੈਟਸ) ਦਾ ਪ੍ਰਬੰਧ (ਕੰਟਰੋਲ) ਪੰਜਾਬ ਸਰਕਾਰ ਆਵਦੇ ਹੱਥਾਂ ਵਿੱਚ ਲਵੇ।

2) ਇੰਦਿਰਾ ਗਾਂਧੀ ਨਹਿਰ ਰਾਹੀਂ ਰਾਜਸਥਾਨ ਨੂੰ ਜਾਂਦਾ ਪਾਣੀ ਗੈਰ-ਕੁਦਰਤੀ ਹੈ ਅਤੇ ਪੰਜਾਬ ਦੇ ਹੱਕਾਂ ਤੇ ਗੈਰ-ਕਾਨੂੰਨੀ ਡਾਕਾ ਹੈ। ਇਸ ਕਰਕੇ ਪੰਜਾਬ ਦੀ ਆਰਥਿਕਤਾ ਅਤੇ ਵਾਤਾਵਰਣ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਇਹ ਭਾਰਤ ਅਤੇ ਦੁਨੀਆਂ ਦੀ ਖਾਦ ਸੁਰੱਖਿਆਂ ਲਈ ਵੀ ਬਹੁਤ ਵੱਡਾ ਖਤਰਾ ਹੈ। ਰਾਜਸਥਾਨ ਨੂੰ ਦਿੱਤਾ ਜਾ ਰਿਹਾ ਪੰਜਾਬ ਦਾ ਦਰਿਆਈ ਪਾਣੀ ਬੰਦ ਕੀਤਾ ਜਾਵੇ,ਅਤੇ ਰਾਜਸਥਾਨ ਲਈ ਪਾਣੀ ਦਰਿਆਈ ਪਾਣੀ ਦੀ ਬਹੁਤਾਤ ਵਾਲੇ ਗੰਗਾ-ਯਮੁਨਾ ਬੇਸਿਨ ਤੋਂ ਦਿੱਤਾ ਜਾਵੇ।ਓਨੀ ਦੇਰ ਤੱਕ ਰਾਜਸਥਾਨ ਨਹਿਰ ਵਿਚੋਂ ਪੰਜਾਬ ਵਿਚ ਪਾਣੀ ਵਰਤਣ ਦੀ ਖੁੱਲ੍ਹ ਦਿੱਤੀ ਜਾਵੇ।

3) ਪੰਜਾਬ ਦੇ ਦਰਿਆਈ ਪਾਣੀਆਂ ਦੀ ਗੈਰ ਕਾਨੂੰਨੀ ਅਤੇ ਗੈਰ ਕੁਦਰਤੀ ਲੁੱਟ ਕਰਕੇ ਪੰਜਾਬ ਦਾ ਵਡੇ ਪੱਧਰ ਤੇ ਆਰਥਿਕ ਪੱਖੋਂ ਅਤੇ ਲੋਕਾਂ ਦਾ ਸੇਹਿਤ ਪੱਖੋਂ ਨੁਕਸਾਨ ਹੋਇਆ ਹੈ । ਪੰਜਾਬ ਦੇ ਵਾਤਾਵਰਨ ਤੇ ਵੀ ਬਹੁਤ ਮਾੜਾ ਅਸਰ ਪਿਆ ਹੈ। ਇਸ ਦਾ ਬਨੰਦਾ ਮਾਲੀ ਹਰਜਾਨੇ ਦਾ ਆਂਕਲਨ ਕਰ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਦਿੱਤਾ ਜਾਵੇ।

4) ਪੰਜਾਬ ਦੇ ਹਰ ਖੇਤ, ਘਰ ਅਤੇ ਸਨਅਤ ਲਈ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ।

5) ਕਿਸੇ ਵੀ ਨਹਿਰ ਵਿੱਚ ਮੋਮੀ ਪਰਤ (ਪਲਾਸਟਿਕ ਸ਼ੀਟ) ਨਹੀਂ ਪਾਉਣ ਦਿੱਤੀ ਜਾਵੇਗੀ ਅਤੇ ਨਾ ਹੀ ਪੰਜਾਬ ਤੋਂ ਬਾਹਰ ਪਾਣੀ ਲੈਕੇ ਜਾਂਦੀਆਂ ਨਹਿਰਾਂ ਨੂੰ ਸੀਮੰਟ-ਬਜਰ (ਕੰਕਰੀਟ) ਨਾਲ ਪੱਕਾ ਕਰਨ ਦਿੱਤਾ ਜਾਵੇਗਾ।ਪੰਜਾਬ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਇਸ ਯੋਜਨਾ ਨੂੰ ਸਿਰੇ ਚਾੜ੍ਹਨ ਤੋਂ ਬਾਜ ਆਵੇ ਅਤੇ ਕੇਂਦਰ ਦੀ ਹੱਥ ਠੋਕਾ ਨਾ ਬਣੇ।

6) ਮਿਸਲ ਸਤਲੁਜ ਤੇ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਸਿੰਜਾਈ ਮਾਹਰਾਂ ਨਾਲ ਤਾਲਮੇਲ ਕਰਕੇ ਪੰਜਾਬ ਲਈ ਢੁਕਵੇਂ ਸਿੰਚਾਈ ਢਾਂਚੇ ਬਾਰੇ ਰਿਪੋਰਟ ਪੇਸ਼ ਕਰਨਗੇ।

7) ਅੱਜ ਦਾ ਇਹ ਇਕੱਠ “ਜ਼ੀਰਾ ਸਾਂਝਾ ਮੋਰਚਾ” ਦੀ ਹਿਮਾਇਤ ਕਰਦਾ ਹੈ ਅਤੇ ਇਲਾਕੇ ਦਾ ਪਾਣੀ ਦੂਸ਼ਿਤ ਕਰਨ ਵਾਲੀ ਮੈਲਬਰੋਸ ਫੈਕਟਰੀ ਬੰਦ ਕਰਨ ਦੀ ਮੰਗ ਕਰਦਾ ਹੈ। ਪੰਜਾਬ ਵਿਚ ਇਥੇ ਦੇ ਕੁਦਰਤੀ ਸਾਧਨਾਂ ਅਨੁਸਾਰੀ ਵਾਤਾਵਰਣ ਪੱਖੀ ‘ਹਰੀ ਸ਼੍ਰੇਣੀ’ ਇੰਡਸਟਰੀ ਲੱਗਣੀ ਚਾਹੀਦੀ ਹੈ ਅਤੇ ਪੜਾਅਵਾਰ ਤਰੀਕੇ ਨਾਲ ਵਾਤਾਵਰਣ ਲਈ ਘਾਤਕ ‘ਲਾਲ ਸ਼੍ਰੇਣੀ’ ਦੀ ਇੰਡਸਟਰੀ ਬੰਦ ਕੀਤੀ ਜਾਵੇ।

8) ਇਹਨਾਂ ਮਤਿਆਂ ਅਤੇ ਟੀਚਿਆਂ ਦੀ ਪੂਰਤੀ ਲਈ ਮਿਸਲ ਸਤਲੁਜ ਪੰਜਾਬ ਪ੍ਰਸਤ ਧਿਰਾਂ ਅਤੇ ਸਖਸ਼ੀਅਤਾਂ ਨਾਲ ਮਿਲਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਭਰ ਵਿਚ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗੀ ਅਤੇ ਸੰਘਰਸ਼ ਲਈ ਲਾਮਬੰਦੀ ਕਰੇਗੀ।

ਮਿਤੀ: 2 ਮਾਘ 554 (15 ਜਨਵਰੀ 2023)
ਸਥਾਨ: ਜੌੜੀਆਂ ਨਹਿਰਾਂ, ਨੇੜੇ ਐਂਗਲੋ ਸਿੱਖ ਜੰਗੀ ਯਾਦਗਾਰ, ਫਿਰੋਜਸ਼ਾਹ, ਫਰੋਜ਼ਪੁਰ-ਮੋਗਾ ਸੜਕ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,