ਆਮ ਖਬਰਾਂ

61ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਨੇ ਓਵਰ ਆਲ ਤੀਜਾ ਸਥਾਨ ਹਾਸਲ ਕੀਤਾ

June 30, 2016 | By

109 ਸੋਨੇ, 139 ਚਾਂਦੀ ਤੇ 140 ਕਾਂਸੀ ਦੇ ਤਮਗਿਆਂ ਨਾਲ ਕੁੱਲ 388 ਤਮਗੇ ਜਿੱਤ ਤੇ ਕੀਤਾ ਸਰਵੋਤਮ ਪ੍ਰਦਰਸ਼ਨ

ਚੰਡੀਗੜ੍ਹ: ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਵੱਲੋਂ ਦਿਖਾਏ ਨਿਰੰਤਰ ਵਧੀਆ ਪ੍ਰਦਰਸ਼ਨ ਸਦਕਾ ਸੂਬੇ ਨੇ ਓਵਰ ਆਲ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਪੁਜੀਸ਼ਨ ਸੁਧਾਰੀ ਹੈ। ਸੈਸ਼ਨ 2015-16 ਦੌਰਾਨ ਹੋਈਆਂ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਖੇਡਾਂ ਦੀਆਂ ਹੋਈਆਂ 61ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਸਕੂਲੀ ਖਿਡਾਰੀਆਂ ਨੇ 109 ਸੋਨੇ, 139 ਚਾਂਦੀ ਅਤੇ 140 ਕਾਂਸੀ ਤਮਗਿਆਂ ਨਾਲ ਕੁੱਲ 388 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ ਦਿੱਲੀ ਤੇ ਮਹਾਂਰਾਸ਼ਟਰ ਤੋਂ ਬਾਅਦ ਓਵਰ ਆਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਨੇ ਤਮਗਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ ਅਤੇ ਇਸ ਸਾਲ ਪੰਜਾਬ ਨੇ ਹਰਿਆਣਾ ਨੂੰ ਪਛਾੜ ਕੇ ਤੀਜਾ ਸਥਾਨ ਹਾਸਲ ਕਰ ਲਿਆ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਮੇਵਾ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

61ਵੀਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਤੀਜੇ ਸਥਾਨ ’ਤੇ ਰਹਿਣ ਉਤੇ ਮਿਲੀ ਟਰਾਫੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸੌਂਪਦੇ ਹੋਏ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਮੇਵਾ ਸਿੰਘ ਸਿੱਧੂ

61ਵੀਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਤੀਜੇ ਸਥਾਨ ’ਤੇ ਰਹਿਣ ਉਤੇ ਮਿਲੀ ਟਰਾਫੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸੌਂਪਦੇ ਹੋਏ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਮੇਵਾ ਸਿੰਘ ਸਿੱਧੂ

ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (ਐਸ.ਜੀ.ਐਫ.ਆਈ.) ਦੀ ਸਾਲਾਨਾ ਮੀਟਿੰਗ ਦੌਰਾਨ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਤੀਜੇ ਸਥਾਨ ਦੀ ਮਿਲੀ ਟਰਾਫੀ ਅੱਜ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸੌਂਪਦਿਆਂ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਨੇ ਦੱਸਿਆ ਕਿ ਪੰਜਾਬ ਦਾ ਇਸ ਸਾਲ ਪਿਛਲੇ ਸਾਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਰਿਹਾ ਅਤੇ ਸੋਨ ਤਮਗਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਣ ਕਰ ਕੇ ਪੰਜਾਬ ਚੌਥੇ ਤੋਂ ਤੀਜੇ ਸਥਾਨ ’ਤੇ ਆ ਗਿਆ। ਪਿਛਲੇ ਸਾਲ 60ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਨੇ 63 ਸੋਨੇ, 128 ਚਾਂਦੀ ਅਤੇ 153 ਕਾਂਸੀ ਤਮਗਿਆਂ ਨਾਲ ਕੁੱਲ 344 ਤਮਗੇ ਜਿੱਤੇ ਸਨ। ਇਸ ਸਾਲ ਪੰਜਾਬ ਦਾ ਪ੍ਰਦਰਸ਼ਨ ਪਿਛਲੇ ਸਾਲਾਂ ਮੁਕਾਬਲੇ ਵਧੀਆ ਰਿਹਾ ਹੈ।

ਸਿੱਖਿਆ ਮੰਤਰੀ ਡਾ.ਚੀਮਾ ਨੇ ਸਮੁੱਚੇ ਖਿਡਾਰੀਆਂ, ਕੋਚਾਂ ਤੇ ਵਿਭਾਗ ਨੂੰ ਦਿੱਤੀ ਮੁਬਾਰਕਬਾਦ

ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਸਕੂਲ ਖਿਡਾਰੀਆਂ ਦੀ ਕੌਮੀ ਪੱਧਰ ’ਤੇ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਖਿਡਾਰੀਆਂ, ਉਨ੍ਹਾਂ ਦੇ ਕੋਚਾਂ, ਸਕੂਲ ਸਟਾਫ ਅਤੇ ਖੇਡ ਵਿੰਗ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਪੰਜਾਬ ਸਦਾ ਹੀ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਰਿਹਾ ਹੈ ਅਤੇ ਸਕੂਲੀ ਖੇਡ ਮੁਕਾਬਲੇ ਖੇਡਾਂ ਦੀ ਨੀਂਹ ਹਨ। ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਨਿਰੰਤਰ ਨਿਖਾਰ ਆਇਆ ਹੈ ਅਤੇ ਇਸ ਸਾਲ ਪੰਜਾਬ ਨੇ ਪਿਛਲੇ ਸਾਲ ਨਾਲੋਂ ਬਿਹਤਰ ਪ੍ਰਦਰਸ਼ਨ ਦਿਖਾ ਕੇ ਤਮਗਾ ਸੂਚੀ ਵਿੱਚ ਆਪਣੀ ਪੁਜੀਸ਼ਨ ਵਿੱਚ ਵੀ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਮੁਕਾਬਲਿਆਂ ਦੇ ਜੇਤੂ ਖਿਡਾਰੀ ਸੂਬੇ ਦੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਹਨ। ਉਨ੍ਹਾਂ ਆਸ ਕੀਤੀ ਕਿ 62ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦਾ ਪ੍ਰਦਰਸ਼ਨ ਹੋਰ ਵੀ ਵਧੀਆ ਰਹੇਗਾ ਜਿਸ ਲਈ ਵਿਭਾਗ ਵੱਲੋਂ ਹੁਣੇ ਤੋਂ ਹੀ ਤਿਆਰੀ ਕੀਤੀ ਜਾ ਰਹੀ ਹੈ।

ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਸਿੱਧੂ ਨੇ ਇਹ ਵੀ ਦੱਸਿਆ ਕਿ ਐਸ.ਜੀ.ਐਫ.ਆਈ. ਦੀ ਸਾਲਾਨਾ ਮੀਟਿੰਗ ਵਿੱਚ 62ਵੀਆਂ ਕੌਮੀ ਸਕੂਲ ਖੇਡਾਂ ਲਈ ਸਾਰੀਆਂ ਖੇਡਾਂ ਲਈ ਮੇਜ਼ਬਾਨ ਸਥਾਨਾਂ ਦਾ ਫੈਸਲਾ ਹੋ ਗਿਆ ਅਤੇ ਪੰਜਾਬ ਨੂੰ ਹਾਕੀ, ਨੈਟਬਾਲ, ਕਬੱਡੀ ਸਰਕਲ ਸਟਾਈਲ ਅਤੇ ਗੱਤਕਾ ਖੇਡਾਂ ਦੀ ਮੇਜ਼ਬਾਨੀ ਮਿਲੀ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਅਤੇ ਐਸ.ਜੀ.ਐਫ.ਆਈ. ਦੇ ਸੰਯੁਕਤ ਸਕੱਤਰ ਸਰਬਜੀਤ ਸਿੰਘ ਤੂਰ ਨੇ ਵੀ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,