April 19, 2016 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਕੁਝ ਪੰਥਕ ਧਿਰਾਂ ਵੱਲੋਂ 10 ਨਵੰਬਰ 2016 ਨੂੰ ਸੱਦੇ ਜਾ ਰਹੇ ਸਰਬੱਤ ਖਾਲਸਾ ਨੂੰ ਗੈਰ ਸਿਧਾਂਤਕ ਕਹਿਣ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਗੈਰ ਮਾਨਤਾ ਪ੍ਰਾਪਤ ਚੁਣੀ ਗਈ ਸ਼੍ਰੋਮਣੀ ਕਮੇਟੀ ਜਾਂ ਉਸਦੇ ਲਿਫਾਫਾ ਮਾਰਕਾ ਪ੍ਰਧਾਨ ਨੂੰ ਕੋਈ ਨਹੀਂ ਕਿ ਉਹ ਕੌਮ ਦੇ ਬਿਨ੍ਹਾਂ ਤੇ ਸਰਬੱਤ ਖਾਲਸਾ ਸੱਦ ਸਕਣ ਜਾਂ 10 ਨਵੰਬਰ 2015 ਨੂੰ 7 ਲੱਖ ਦੇ ਸਿੱਖਾਂ ਦੇ ਇੱਕਠ ਵਲੋਂ ਬਣਾਏ ਗਏ ਤਖਤਾਂ ਦੇ ਜੱਥੇਦਾਰ ਸਾਹਿਬਾਨ ਦੇ ਅਧਿਕਾਰਾਂ ਅਤੇ ਹੱਕਾਂ ਨੂੰ ਚੁਣੌਤੀ ਦੇ ਸਕਣ ।
ਸ੍ਰ. ਮਾਨ ਨੇ ਕਿਹਾ ਕਿ ਸਿੱਖ ਕੌਮ ਵਲੋਂ ਸਰਬੱਤ ਖਾਲਸਾ ਰਾਹੀਂ ਚੁਣੇ ਗਏ ਜੱਥੇਦਾਰ ਸਾਹਿਬਾਨਾਂ ਨੂੰ , ਨਾਂ ਮੋਦੀ ਹਕੂਮਤ, ਨਾ ਆਰਐਸਐਸ, ਨਾ ਬਾਦਲ ਦਲ ਜਾਂ ਬਾਦਲਖ਼ਬੀਜੇਪੀ ਸਰਕਾਰ ਅਤੇ ਲਿਫਾਫਿਆਂ ਵਿਚੋਂ ਨਿੱਕਲੇ ਮੱਕੜ ਵਰਗੇ ਪ੍ਰਧਾਨ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਦੇਣ ਦਾ ਹੱਕ ਰੱਖਦੇ ਹਨ ।
10 ਨਵੰਬਰ 2015 ਵਾਲੇ ਹੋਏ ਸਰਬੱਤ ਖਾਲਸਾ ਨੇ ਵੀ ਆਪਣੇ ਕੌਮੀ ਟੀਚੇ ਨੂੰ ਪ੍ਰਾਪਤ ਕੀਤਾ ਅਤੇ 10 ਨਵੰਬਰ 2016 ਨੂੰ ਹੋਣ ਜਾ ਰਿਹਾ ਸਰਬੱਤ ਖਾਲਸਾ ਵੀ ਕੌਮ ਦੀ ਸਹੀ ਦਿਸਾ ਵੱਲ ਦ੍ਰਿੜਤਾ ਨਾਲ ਅਗਵਾਈ ਕਰੇਗਾ । ਬਾਦਲ ਹਕੂਮਤ ਜਾਂ ਮੱਕੜ ਵਰਗੇ ਪੰਥ ਦੋਖੀ ਕੌਮੀ ਫੈਸਲਿਆਂ ਵਿੱਚ ਨਾ ਪਹਿਲੇ ਰੁਕਾਵਟ ਪਾ ਸਕੇ ਹਨ ਅਤੇ ਨਾਂ ਹੀ ਆਉਣ ਵਾਲੇ ਸਮੇਂ ਵਿੱਚ ਅਜਿਹਾ ਕਰ ਸਕਣਗੇ” ।
ਉਨਾਂ ਕਿਹਾ ਕਿ ਬੀਜੇਪੀ, ਆਰਐਸਐਸ, ਬਾਦਲ ਹਕੂਮਤ ਅਤੇ ਮੱਕੜ ਵਰਗੇ ਪੰਥ ਦੋਖੀ ਸਿੱਖ ਧਰਮ ਨੂੰ ਨੀਵਾਂ ਦਿਖਾਉਣ ਦੇ ਜੋ ਅਮਲ ਕਰਦੇ ਆ ਰਹੇ ਹਨ, ਉਸਨੂੰ ਸਿੱਖ ਕੌਮ ਨੇ ਨਾਂ ਤਾਂ ਪਹਿਲਾਂ ਕਦੇ ਪ੍ਰਵਾਨ ਕੀਤਾ ਹੈ ਅਤੇ ਨਾਂ ਹੀ ਹੁਣ ਕੌਮ ਅਜਿਹਾ ਬਰਦਾਸਤ ਕਰੇਗੀ ।
ਉਨ੍ਹਾਂ ਅੱਗੇ ਆਖਿਆ ਕਿ ਨੰਵਬਰ 2016 ਦਾ ਸਰਬੱਤ ਖਾਲਸਾ ਹਰ ਕੀਮਤ ਤੇ ਹੋ ਕੇ ਰਹੇਗਾ ਅਤੇ ਕੌਮ ਸਰਬੱਤ ਖਾਲਸਾ ਦੇ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਮੌਹਰੀ ਹੋ ਕੇ ਭੂਮਿਕਾ ਨਿਭਾਏਗੀ ।
Related Topics: Avtar Singh Makkar, Sarbat Khalsa, Shiromani Gurdwara Parbandhak Committee (SGPC), Simranjeet Singh Mann